ਟਿੰਮ-ਹਾਰਟਨ ਸਾਮਣੇ ਇੱਕ ਜੋੜਾ ਬੈਠਾ ਸੀ..ਕਿਸੇ ਗੱਲੋਂ ਬਹਿਸ ਰਹੇ ਸਨ..ਬੀਬੀ ਇੱਕ ਗੱਲ ਕਰਦੀ ਉਹ ਅੱਗਿਉਂ ਕਿੰਨੀਆਂ ਸੁਣਾ ਦਿੰਦਾ!
ਅਚਾਨਕ ਜਿਸਨੇ ਮਿਲਣ ਆਉਣਾ ਸੀ ਉਸਦਾ ਫੋਨ ਆ ਗਿਆ ਕੇ ਬਾਹਰ ਪਾਰਕਿੰਗ ਵਿਚ ਹੀ ਹਾਂ..ਮੈਂ ਕੱਪ ਚੁੱਕ ਬਾਹਰ ਆ ਗਿਆ..ਪਰ ਉਹ ਕਿਧਰੇ ਨਹੀਂ ਦਿਸਿਆ..ਸੋਚਿਆ ਫੇਰ ਫੋਨ ਕਰ ਲਵਾਂ..ਹੱਥ ਫੜਿਆ ਕਾਫੀ ਦਾ ਕੱਪ ਮੈਂ ਸਾਮਣੇ ਖਲੋਤੇ ਪਿੱਕ-ਅੱਪ ਟਰੱਕ ਦੇ ਡਾਲੇ ਤੇ ਦਿਸਦੀ ਥੋੜੀ ਜਿਹੀ ਥਾਂ ਤੇ ਰੱਖ ਦਿੱਤਾ!
ਅਚਾਨਕ ਅੰਦਰੋਂ ਓਸੇ ਭਾਈ ਦੀ ਅਵਾਜ ਆਈ..ਇਹ ਟਰੱਕ ਮੇਰਾ ਏ ਇਥੋਂ ਆਪਣਾ ਗੰਦਾ ਕੱਪ ਹੁਣੇ ਚੁੱਕ ਲੈ..ਉਸਦੇ ਬੋਲਾਂ ਨਾਲੋਂ ਉਸਦੀਆਂ ਤਿੱਖੀਆਂ ਨਜਰਾਂ ਮੈਨੂੰ ਜਿਆਦਾ ਕੁਸੈਲੀਆਂ ਲੱਗੀਆਂ..ਮੈਂ ਮੁਆਫੀ ਮੰਗੀ.ਤੇ ਝੱਟ ਕੱਪ ਚੁੱਕ ਲਿਆ..!
ਪਰ ਉਹ ਫੇਰ ਵੀ ਕਿੰਨੀ ਦੇਰ ਮਗਰੋਂ ਤੱਕ ਵੀ ਮੈਨੂੰ ਵੇਖਦਾ ਰਿਹਾ..ਗੁੱਸੇ ਭਰੀਆਂ...
ਨਜਰਾਂ ਨਾਲ..!
ਨਾਨੀ ਆਖਿਆ ਕਰਦੀ ਸੀ ਪੁੱਤਰ ਕੁਝ ਲੋਕ ਮੋਢਿਆਂ ਨਾਲੋਂ ਰੂਹਾਂ ਤੇ ਜਿਆਦਾ ਭਾਰ ਚੁੱਕੀ ਫਿਰਦੇ ਨੇ..ਪਰ ਜਦੋਂ ਇਹ ਭਾਰ ਕਿਸੇ ਅਣਜਾਣੀ ਨਫਰਤ ਦਾ ਹੋਵੇ ਤਾਂ ਇਹ ਪੰਡ ਹੋਰ ਵੀ ਭਾਰੀ ਲੱਗਦੀ..!
ਵਿਓਪਾਰੀ ਦੇ ਖੋਤੇ ਦੀ ਪਿੱਠ ਤੇ ਰੱਖ ਦਿੱਤੀ ਰੂੰ ਦੀ ਉਸ ਪੰਡ ਵਾਂਙ ਜੋ ਉਸਨੇ ਲੂਣ ਦੇ ਭੁਲੇਖੇ ਜਾਣ ਬੁਝ ਕੇ ਹੀ ਰਾਹ ਵਿਚ ਪੈਂਦੀ ਨਹਿਰ ਟੱਪਣ ਲੱਗਿਆਂ ਪਾਣੀ ਵਿਚ ਡੋਬ ਦਿੱਤੀ ਸੀ ਕੇ ਸ਼ਾਇਦ ਖੁਰ ਕੇ ਥੋੜੀ ਹੌਲੀ ਹੋ ਜਾਵੇ!
ਹਰਪ੍ਰੀਤ ਸਿੰਘ ਜਵੰਦਾ