ਤੇ ਜਦੋਂ ਅਸੀਂ ਭੂਤ ਬਣੇ……
ਭੂਤਾਂ ਬਾਰੇ ਅਕਸਰ ਹੀ ਹਰ ਕਿਸੇ ਨੇ ਵੱਖ-ਵੱਖ ਕਿੱਸੇ-ਕਹਾਣੀਆਂ ਸੁਣੀਆਂ ਹੋਣਗੀਆਂ। ਇਨ੍ਹਾਂ ’ਚ ਕੁਝ ਕਹਾਣੀਆਂ ਬੇਹੱਦ ਡਰੌਣੀਆਂ ਅਤੇ ਕੁਝ ਬੇਹੱਦ ਰਹੱਸਮਈ ਅਤੇ ਦਿਲਚਸਪ ਹੁੰਦੀਆਂ ਹਨ। ਹਾਲਾਂਕਿ ਮੈਂ ਆਪਣੀ ਜ਼ਿੰਦਗੀ ਵਿੱਚ ਕਦੀ ਵੀ ਭੂਤ ਨਹੀਂ ਦੇਖੇ ਪਰ ਮੈਂਨੂੰ ਇੱਕ ਵਾਰ ਖੁਦ ਭੂਤ ਬਣਨ ਦਾ ਮੌਕਾ ਜਰੂਰ ਮਿਲਿਆ ਹੈ।
ਗੱਲ 15 ਕੁ ਸਾਲ ਪੁਰਾਣੀ ਹੈ। ਸਾਡੇ ਪਿੰਡ ਹਰਪੁਰਾ ਦੇ ਖੇਡ ਮੈਦਾਨ ਵਿਖੇ ਉਸ ਸ਼ਾਮ ਨੂੰ ਕੀਰਤਨ ਦਰਬਾਰ ਚੱਲ ਰਿਹਾ ਸੀ। ਸਾਡੇ ਪਿੰਡ ਅਤੇ ਆਸ ਪਾਸ ਦੇ ਪਿੰਡਾਂ ਦੀ ਸੰਗਤ ਕੀਰਤਨ ਦਰਬਾਰ ਵਿੱਚ ਹਾਜ਼ਰੀ ਭਰਨ ਪਹੁੰਚੀ ਹੋਈ ਸੀ। ਠੰਡੀ-ਮਿੱਠੀ ਰੁੱਤ ਸੀ ਅਤੇ ਸ਼ਾਮ ਦਾ ਸੂਰਜ ਡੁੱਬ ਚੁੱਕਾ ਸੀ ਅਤੇ ਸਾਰੇ ਪਾਸੇ ਹਨੇਰਾ ਪੱਸਰ ਰਿਹਾ ਸੀ। ਜਿਉਂ-ਜਿਉਂ ਹਨੇਰਾ ਗੂੜ੍ਹਾ ਹੁੰਦਾ ਜਾ ਰਿਹਾ ਸੀ, ਜੁਗਨੂੰਆਂ ਦੀ ਰੌਸ਼ਨੀ ਹੋਰ ਚਮਕਦਾਰ ਅਤੇ ਤੇਜ਼ ਹੁੰਦੀ ਜਾ ਰਹੀ ਸੀ। ਕੀਰਤਨ ਦਰਬਾਰ ਵਿੱਚ ਰਾਗੀ ਸਿੰਘਾਂ ਵਲੋਂ ਕੀਤਾ ਜਾ ਰਿਹਾ ਇਲਾਹੀ ਬਾਣੀ ਦਾ ਕੀਰਤਨ ਫਿਜ਼ਾ ਵਿੱਚ ਇਲਾਹੀ ਰਸ ਘੋਲ ਰਿਹਾ ਸੀ।
ਮੈਂ ਅਤੇ ਮੇਰੇ ਦੋਸਤ ਜੋ ਆਏ ਤਾਂ ਕੀਰਤਨ ਦਰਬਾਰ ਵਿੱਚ ਸੀ, ਪਰ ਅਸੀਂ ਪਿੰਡ ਤੋਂ ਬਾਹਰਵਾਰ ਨੂੰ ਜਾਂਦੇ ਕੱਚੇ ਰਸਤੇ ਵੱਲ ਨੂੰ ਹੋ ਤੁਰੇ। ਪਿੰਡ ਤੋਂ ਅੱਧਾ-ਪੌਣਾ ਕੁ ਕਿਲੋਮੀਟਰ ਅੱਗੇ ਜਾ ਕੇ ਇਸ ਰਸਤੇ ਉੱਪਰ ਪਿੰਡ ਦਾ ਸ਼ਮਸ਼ਾਨਘਾਟ (ਮੜ੍ਹੀਆਂ) ਸੀ। ਅਸੀਂ ਤੁਰਦੇ ਤੁਰਦੇ ਸ਼ਮਸ਼ਾਨਘਾਟ ਕੋਲ ਪਹੁੰਚ ਗਏ। ਮੜ੍ਹੀਆਂ ਨੂੰ ਸਾਹਮਣੇ ਦੇਖ ਕੇ ਅਸੀਂ ਥੋੜਾ ਜਿਹਾ ਡਰੇ ਵੀ, ਪਰ ਫਿਰ ਦੋਸਤਾਂ ਦਾ ਸਾਥ ਹੋਣ ਕਰਕੇ ਜੋਸ਼ ਜਿਹੇ ਵਿੱਚ ਆ ਗਏ। ਅਸੀਂ ਆਪਸ ਵਿੱਚ ਗੱਲਾਂ ਕਰਨ ਲੱਗ ਪਏ ਕਿ ਤੁਹਾਡੇ ’ਚੋਂ ਕੌਣ ਸ਼ਮਸ਼ਾਨਘਾਟ ਵਿੱਚ ਜਾ ਸਕਦਾ ਹੈ……। ਸਾਰੇ ਕਹਿਣ ਲੱਗੇ ਕਿ ਮੈਂ ਜਾ ਸਕਦਾ ਹਾਂ, ਮੈਂ ਜਾ ਸਕਦਾ ਹਾਂ। ਅਸੀਂ ਸਾਰਿਆਂ ਸਲਾਹ ਕੀਤੀ ਕਿ ਅਸੀਂ ਤਾਂ ਹੁਣ ਇਥੇ ਪਹੁੰਚ ਹੀ ਗਏ ਹਾਂ ਸਾਡੇ ’ਚੋਂ ਕਿਸੇ ਨੇ ਨਹੀਂ ਡਰਨਾ, ਕਿਉਂ ਨਾ ਕਿਸੇ ਹੋਰ ਨੂੰ ਡਰਾਇਆ ਜਾਵੇ। ਅਸੀਂ ਦੋਸਤਾਂ ਨੇ ਸਲਾਹ ਕੀਤੀ ਕਿ ਮੈਂ ਅਤੇ ਮੇਰਾ ਦੋਸਤ ਬੰਟੀ ਸ਼ਮਸ਼ਾਨਘਾਟ ਵਿੱਚ ਲੁੱਕ ਕੇ ਬੈਠਣਗੇ ਅਤੇ ਬਾਕੀ ਦੇ ਦੋਸਤ ਪਿੰਡ ਜਾ ਕਿ ਕਿਸੇ ਹੋਰ ਨੂੰ ਗੱਲਾਂ-ਬਾਤਾਂ ਵਿੱਚ ਲਗਾ ਕੇ ਇਥੇ ਲਿਆਉਣਗੇ ਅਤੇ ਫਿਰ ਉਸ ਨਾਲ ਸ਼ਰਤ ਲਗਾ ਕੇ ਮੜ੍ਹੀਆਂ ਵਿੱਚ ਜਾਣ ਲਈ ਕਹਿਣਗੇ।
ਸਾਰੀ ਗੱਲ-ਬਾਤ ਤਹਿ ਕਰਕੇ ਮੇਰੇ ਦੋਸਤ ਪਿੰਡ ਨੂੰ ਚਲੇ ਗਏ ਅਤੇ ਮੈਂ ਤੇ ਬੰਟੀ ਸ਼ਮਸ਼ਾਨਘਾਟ ਵਿੱਚ ਰੁਕ ਕੇ ਉਨ੍ਹਾਂ ਦਾ ਇੰਤਜ਼ਾਰ ਕਰਨ ਲੱਗ ਪਏ। ਸ਼ਮਸ਼ਾਨਘਾਟ ਵਿੱਚ ਹਨੇਰਾ ਪਸਰਿਆ ਹੋਇਆ ਸੀ ਅਤੇ ਕੀਟ-ਪਤੰਗਿਆਂ ਦੀਆਂ ਅਵਾਜ਼ਾਂ ਮਹੌਲ ਨੂੰ ਡਰਾਉਣਾ ਬਣਾ ਰਹੀਆਂ ਸਨ। ਮੈਂ ਤੇ ਬੰਟੀ ਕਿਨ੍ਹਾਂ ਚਿਰ ਗੱਲਾਂ-ਬਾਤਾਂ ਕਰਦੇ ਰਹੇ ਕਿ ਸਾਡਾ ਧਿਆਨ ਇਸ ਗੱਲ ਵੱਲ ਨਾ ਆਵੇ ਕਿ ਅਸੀਂ ਮੜ੍ਹੀਆਂ ਵਿੱਚ ਬੈਠੇ ਹਾਂ।...
ਅਸੀਂ ਇੱਕ ਦੂਜੇ ਨੂੰ ਕਿਹਾ ਕਿ ਜੇ ਸੱਚੀਂ ਭੂਤ ਆ ਗਿਆ ਤਾਂ ਫਿਰ……? ਅਸੀਂ ਵੀ ਅੰਦਰੋਂ ਡਰੇ ਤੇ ਸਹਿਮੇ ਹੋਏ ਸਾਂ ਅਤੇ ਕਹਿ ਰਹੇ ਸਾਂ ਕਿ ਅਜੇ ਤੱਕ ਉਹ ਆਏ ਕਿਉਂ ਨਹੀਂ। ਖੈਰ ਅੱਧੇ ਕੁ ਘੰਟੇ ਬਾਅਦ ਸਾਨੂੰ ਆਪਣੇ ਦੋਸਤਾਂ ਦੇ ਆਉਂਦਿਆਂ ਦੀ ਅਵਾਜ਼ ਸੁਣੀ। ਅਸੀਂ ਆਪਣੀ ਭੂਤ ਬਣਨ ਦੀ ਤਿਆਰੀ ਕਰਨ ਲੱਗ ਪਏ। ਮੜ੍ਹੀਆਂ ਵਿੱਚ ਜਿਸ ਜਗ੍ਹਾ ਮੁਰਦੇ ਨੂੰ ਸਾੜਦੇ ਹਨ ਉਥੇ ਇੱਕ ਕੁੱਜਾ ਪਿਆ ਹੋਇਆ ਸੀ, ਮੈਂ ਉਸ ਕੁੱਜੇ ਨੂੰ ਚੁੱਕ ਲਿਆ। ਮੇਰਾ ਦੋਸਤ ਮੜ੍ਹੀਆਂ ਵਿਚਲੇ ਪਿੱਪਲ ਦੇ ਦਰੱਖਤ ਉੱਪਰ ਚੜ੍ਹ ਗਿਆ ਅਤੇ ਮੈਂ ਉਸ ਪਿੱਪਲ ਦੇ ਪਿੱਛੇ ਲੁੱਕ ਗਿਆ।
ਮੇਰੇ ਦੋਸਤਾਂ ਨੇ ਪਿੰਡੋਂ ਲਿਆਂਦੇ ਦੋ ਮੁੰਡਿਆਂ ਨਾਲ ਸ਼ਰਤ ਲਗਾਈ ਕਿ ਉਹ ਮੜ੍ਹੀਆਂ ਵਿੱਚ ਜਾ ਸਕਦੇ ਨੇ……? ਉਹ ਦੋ ਭੂਤਰੇ ਹੋਏ ਮੁੰਡੇ ਇਹ ਕਹਿਣ ਲੱਗੇ ਕਿ ਅਸੀਂ ਦੋਵੇਂ ਇਕੱਠੇ ਜਾ ਸਕਦੇ ਹਾਂ। ਸ਼ਰਤ ਲੱਗ ਗਈ ਕਿ ਜਿਥੇ ਮੁਰਦੇ ਨੂੰ ਫੂਕਦੇ ਹਨ ਉਸ ਥਾਂ ਨੂੰ ਹੱਥ ਲਗਾ ਕੇ ਆਉਣਾ ਹੈ। ਉਹ ਦੋਵੇਂ ਮੁੰਡੇ ਇੱਕ ਦੂਜੇ ਦਾ ਸਾਥ ਹੋਣ ਕਰਕੇ ਬੜੀ ਬਹਾਦਰੀ ਨਾਲ ਮੜ੍ਹੀਆਂ ਵਿੱਚ ਦਾਖਲ ਹੋਏ ਅਤੇ ਆਪਣੀ ਸ਼ਰਤ ਨੂੰ ਪੂਰੀ ਕਰਨ ਲਈ ਅੱਗੇ ਵੱਧਣ ਲੱਗੇ। ਜਿਉਂ ਹੀ ਉਹ ਮੜ੍ਹੀਆਂ ਦੇ ਪਿੱਪਲ ਲਾਗੇ ਪਹੁੰਚੇ ਤਾਂ ਮੇਰਾ ਦੋਸਤ ਬੰਟੀ ਜੋ ਕਿ ਪਿੱਪਲ ਉੱਪਰ ਚੜ੍ਹਿਆ ਹੋਇਆ ਸੀ, ਉਹ ਪਿੱਪਲ ਦੇ ਟਾਹਣੇ ’ਤੇ ਪੁੱਠਾ ਲਮਕ ਗਿਆ ਅਤੇ ਡਰਾਉਣੀਆਂ ਅਵਾਜ਼ਾ ਕੱਢਣ ਲੱਗਾ। ਜਿਉਂ ਹੀ ਬੰਟੀ ਪੁੱਠਾ ਲਮਕਿਆ ਤਾਂ ਮੈਂ ਕੁੱਜੇ ਨੂੰ ਜ਼ਮੀਨ ਉੱਪਰ ਮਾਰ ਕੇ ਤੋੜ ਦਿੱਤਾ ਅਤੇ ਭੂਤੀਆ ਮਹੌਲ ਜਿਹਾ ਬਣਾ ਦਿੱਤਾ। ਜਦੋਂ ਇਹ ਸਭ ਕੁਝ ਬੜੀ ਤੇਜ਼ੀ ਨਾਲ ਵਾਪਰ ਗਿਆ ਤਾਂ ਉਹ ਦੋਵੇਂ ਮੁੰਡੇ ਡਰਦੇ ਹੋਏ ਚੀਕਾਂ ਮਾਰਦੇ ਵਾਪਸ ਭੱਜ ਗਏ। ਉਹ ਏਨੇ ਡਰ ਗਏ ਸਨ ਕਿ ਉਹ ਦੌੜਦੇ ਹੋਏ ਕਈ ਵਾਰ ਡਿੱਗ ਵੀ ਪਏ। ਉਨ੍ਹਾਂ ਪਿੰਡ ਤੱਕ ਭੱਜੇ ਜਾਂਦਿਆਂ ਨੇ ਪਿੱਛੇ ਮੁੜ ਕੇ ਨਾ ਦੇਖਿਆ।
ਅਸੀਂ ਜਿਥੇ ਆਪਣੇ ਇਸ ਸ਼ੁਗਲ ਉੱਪਰ ਹੱਸ ਰਹੇ ਸਾਂ ਉਥੇ ਇਹ ਵੀ ਡਰ ਤੇ ਪਛਤਾਅ ਰਹੇ ਸਾਂ ਕਿ ਉਹ ਏਨ੍ਹਾਂ ਡਰ ਗਏ ਸੀ ਕਿ ਜੇ ਉਨ੍ਹਾਂ ਨੂੰ ਕੁਝ ਹੋ ਜਾਂਦਾ ਤਾਂ……। ਖੈਰ ਭੂਤ ਬਣਨ ਦਾ ਸਾਡਾ ਇਹ ਤਜ਼ਰਬਾ ਰੌਚਕ ਰਿਹਾ ਸੀ ਅਤੇ ਉਹ ਮੜ੍ਹੀਆਂ ਵਿੱਚ ਭੂਤ ਬਣ ਕੇ ਗੁਜ਼ਾਰੇ ਉਹ ਪਲ ਹੁਣ ਵੀ ਬਿਲਕੁਲ ਤਾਜ਼ੇ ਹਨ। ਅਸੀਂ ਅੱਜ ਵੀ ਸਾਰੇ ਦੋਸਤ ਉਹ ਭੂਤ ਬਣਨ ਦੀ ਗੱਲ ਨੂੰ ਯਾਦ ਕਰਕੇ ਖੁਸ਼ ਹੋ ਜਾਈਦਾ ਹੈ।
-ਇੰਦਰਜੀਤ ਸਿੰਘ ਹਰਪੁਰਾ,
ਬਟਾਲਾ (ਗੁਰਦਾਸਪੁਰ)
98155-77574