ਬੁਟੀਕ ਦੇ ਕੰਮ ਵਾਸਤੇ ਵੱਡੇ ਬਜਾਰ ਜਾਣਾ ਹੁੰਦਾ ਤਾਂ ਉਹ ਅੰਕਲ ਜੀ ਨੁੱਕਰ ਵਾਲੇ ਸ਼ੋ ਰੂਮ ਦੇ ਬਾਹਰ ਬੈਠੇ ਕਪੜੇ ਦੇ ਰੰਗਦਾਰ ਝੋਲੇ ਵੇਚ ਰਹੇ ਹੁੰਦੇ!
ਇਕ ਦਿਨ ਜੀ ਜਿਹਾ ਕੀਤਾ..ਓਹਨਾ ਦੇ ਕੋਲ ਜਾ ਬ੍ਰੇਕ ਮਾਰ ਲਈ..
ਕਿੰਨੀਆਂ ਗੱਲਾਂ ਕੀਤੀਆਂ..ਕਿੰਨੇ ਸਵਾਲ ਪੁੱਛੇ..ਓਹਨਾ ਹੱਸਦੇ ਹੋਏ ਜਵਾਬ ਦਿੱਤਾ..ਘੜੀ ਕੂ ਮਗਰੋਂ ਬੋਝੇ ਚੋਂ ਕੱਢ ਦਵਾਈ ਖਾਣ ਲੱਗੇ ਤਾਂ ਪਤਾ ਲੱਗਾ ਕੇ ਦਿਲ ਦੀ ਬਿਮਾਰੀ ਵੀ ਏ!
ਉਮਰ ਅੱਸੀ ਸਾਲ..
ਦੱਸਣ ਲੱਗੇ ਕੇ ਦੋ ਮੁੰਡੇ ਸਨ..ਇੱਕ ਕੁਝ ਸਾਲ ਪਹਿਲਾਂ ਐਕਸੀਡੈਂਟ ਦੀ ਭੇਂਟ ਚੜ੍ਹ ਗਿਆ ਤੇ ਦੂਜਾ ਜਮਾਂਦੂਰ ਅਪਾਹਜ..!
ਇੱਕ ਨੂੰਹ ਪੱਕੀ ਪੇਕੇ ਚਲੀ ਗਈ ਤੇ ਦੂਜੀ ਸਾਰਾ ਦਿਨ ਘਰੇ ਝੋਲੇ ਸਿਉਂਦੀ ਰਹਿੰਦੀ ਏ..ਖੁਦ ਦੀ ਨਾਲਦੀ ਦੋ ਸਾਲ ਪਹਿਲਾਂ ਹੀ ਰਵਾਨਗੀ ਪਾ ਗਈ!
ਪੁੱਛਿਆ ਦਿਹਾੜੀ ਦੇ ਕਿੰਨੇ ਕੂ ਵਿਕ ਜਾਂਦੇ..?
ਆਖਣ ਲੱਗੇ ਹੁਣ ਬਹੁਤ ਦੇਰ ਬੈਠਿਆ ਨੀ ਜਾਂਦਾ ਫੇਰ ਵੀ ਦਸ ਕੂ ਤਾਂ ਵਿਕ ਹੀ ਜਾਂਦੇ ਨੇ..ਤੀਹਾਂ ਦਾ ਇੱਕ ਤੇ ਪੰਜਾਹਾਂ ਦੇ ਦੋ ਦਿੰਨਾ ਹਾਂ..ਮਹੀਨੇ ਦਾ ਸੱਤ ਸੌ ਇਹਨਾਂ ਸ਼ੋ ਰੂਮ ਵਾਲਿਆਂ ਨੂੰ ਦੇਣਾ ਪੈਂਦਾ ਏ!
ਮਜਬੂਰੀ ਦੇ ਨਾਲ ਨਾਲ ਗੱਲਾਂ ਬਾਤਾਂ ਤੋਂ ਖੁੱਦਾਰੀ ਵੀ ਸਾਫ ਝਲਕ ਰਹੀ ਸੀ..ਮੈਂ ਸ਼ਸ਼ੋਪੰਝ ਵਿਚ ਪੈ ਗਈ..ਕਿੱਦਾਂ ਮਦਤ ਕੀਤੀ ਜਾ ਸਕਦੀ ਏ?
ਦਿਮਾਗ ਵਿਚ ਇੱਕ ਗੱਲ ਆਈ ਕੇ ਮੇਰੇ ਗ੍ਰਾਹਕ..ਔਸਤਨ ਪੰਜ ਪੰਜ ਹਜਾਰ ਦਾ ਇੱਕ ਸੂਟ..ਜੇ ਪੰਜਾਹ ਸੱਠ ਰੁਪਈਏ ਝੋਲੇ ਦੇ ਵੀ ਬਿੱਲ ਵਿਚ ਜੋੜ ਲਿਆ ਕਰਾਂਗੀ ਤਾਂ ਕਿਸਨੂੰ ਇਤਰਾਜ...
ਹੋ ਸਕਦਾ..ਨਾਲੇ ਪਲਾਸਟਿਕ ਤੋਂ ਵੀ ਪੱਕਾ ਛੁਟਕਾਰਾ!
ਫੇਰ ਤਰੀਕੇ ਜਿਹੇ ਨਾਲ ਗੱਲ ਸ਼ੁਰੂ ਕੀਤੀ..”ਮੇਰੇ ਲਈ ਝੋਲੇ ਬਣਾਉਗੇ..ਸ਼ੁਰੂ ਵਿਚ ਹਫਤੇ ਦੇ ਸੌ ਪੀਸ..ਮਗਰੋਂ ਆਡਰ ਵਧਾ ਵੀ ਦਿਆਂਗੀ..ਇਕ ਝੋਲੇ ਦੇ ਪੰਜਾਹ ਰੁਪਈਏ”!
ਐਨਕ ਠੀਕ ਕਰਦੇ ਅੰਕਲ ਜੀ ਨੇ ਬੋਝੇ ਚੋਂ ਪੈਨ ਕੱਢਿਆ..ਡਾਇਰੀ ਵਿਚ ਕੁਝ ਹਿਸਾਬ ਕਿਤਾਬ ਜਿਹਾ ਕੀਤਾ ਤੇ ਮੁੜ ਅੱਖਾਂ ਵਿਚ ਚਮਕ ਲਿਆਉਂਦੇ ਹੋਏ ਆਖਣ ਲੱਗੇ ਠੀਕ ਏ ਬੇਟਾ..ਬਣ ਜਾਣਗੇ!
ਛੇਤੀ ਨਾਲ ਓਹਨਾ ਦੇ ਬਾਕੀ ਦੇ ਬਚੇ ਆਪਣੇ ਡਿੱਕੀ ਵਿਚ ਰੱਖ ਲਏ ਤੇ ਆਖਿਆ ਅੰਕਲ ਪੰਜਾਹ ਝੋਲਿਆਂ ਦੀ ਪੇਸ਼ਗੀ ਹੁਣੇ ਦੇ ਦਿੰਦੀ ਹਾਂ..ਮੇਰੇ ਨਾਲ ਮੇਰੀ ਦੁਕਾਨ ਵਿਚ ਚੱਲੋ!
ਅਗਲੇ ਹੀ ਪਲ ਦੋ ਕਾਰੋਬਾਰੀ ਆਪਣੇ ਨਵੇਂ ਸਫ਼ਰ ਦੀ ਤਿਆਰੀ ਲਈ ਸਕੂਟੀ ਤੇ ਚੜੇ ਵਾਹੋਦਾਹੀ ਦੌੜੇ ਜਾ ਰਹੇ ਸਨ..!
ਅਚਾਨਕ ਗਰਮ ਤਪਦੀ ਦੁਪਹਿਰ ਵਿਚ ਠੰਡੀ ਹਵਾ ਵਗਣੀ ਸ਼ੁਰੂ ਹੋ ਗਈ..ਕਿਸੇ ਉੱਪਰ ਬੈਠੇ ਨੇ ਵੀ ਸ਼ਾਇਦ ਇਸ ਡੀਲ ਦੇ ਸਿਰੇ ਚੜਨ ਦੀ ਖੁਸ਼ੀ ਵਿਚ ਠੰਡੇ ਸਾਹ ਦਾ ਇੱਕ ਮਿੱਠਾ ਜਿਹਾ ਹੌਕਾ ਲਿਆ ਲੱਗਦਾ ਸੀ..!
ਧੌਣ ਘੁਮਾ ਕੇ ਵੇਖਿਆ..ਸ਼ੋ ਰੂਮ ਵਾਲਾ ਗੁੱਸੇ ਨਾਲ ਮੇਰੇ ਵੱਲ ਵੇਖੀ ਜਾ ਰਿਹਾ ਸੀ..ਸ਼ਾਇਦ ਸੱਤ ਸੌ ਰੁਪਏ ਦਾ ਘਾਟਾ ਉਸਦੀ ਬਰਦਾਸ਼ਤ ਤੋਂ ਬਾਹਰ ਹੋ ਰਿਹਾ ਸੀ!
ਹਰਪ੍ਰੀਤ ਸਿੰਘ ਜਵੰਦਾ
Harpreet
Well done fir agge v likho
Inderjit singh saini
very good story