ਨਿੱਕੇ ਹੁੰਦਿਆਂ ਛੁੱਟੀਆਂ ਵਿੱਚ ਕਾਦੀਆਂ ਲਾਗੇ ਨਾਨਕਾ ਪਿੰਡ ਮੇਰੇ ਲਈ ਸਵਰਗ ਹੋਇਆ ਕਰਦਾ..ਮੈਂ ਆਪਣੀ ਮਾਮੀ ਕਦੇ ਵੀ ਨਹੀਂ ਸੀ ਵੇਖੀ..ਬਹੁਤ ਪਹਿਲਾਂ ਦੂਜੇ ਪੁੱਤ ਦੇ ਜਣੇਪੇ ਵੇਲੇ ਖਤਮ ਹੋ ਗਈ ਸੀ..!
ਬਰਾਦਰੀ ਰਿਸ਼ਤੇਦਾਰੀ ਬੜਾ ਜ਼ੋਰ ਪਾਇਆ ਪਰ ਮਾਮੇ ਨੇ ਦੂਜਾ ਵਿਆਹ ਨਹੀਂ ਸੀ ਕਰਵਾਇਆ..!
ਦੋ ਬੱਚੇ ਮੇਰੀ ਨਾਨੀ ਨੇ ਹੀ ਪਾਲੇ ਸਨ..ਮਾਮਾ ਮੇਰਾ ਬੜਾ ਹੀ ਜਿਆਦਾ ਚਾਅ ਕਰਿਆ ਕਰਦਾ..ਜਦੋਂ ਵੀ ਨਾਨਕੇ ਰਹਿਣ ਜਾਂਦੀ ਤਾਂ ਰੋਟੀ ਪਾਣੀ ਗੰਨੇ ਗੁੜ ਤਿਲਾਂ ਵਾਲੇ ਲੱਡੂ,ਸਰੋਂ ਦਾ ਸਾਗ ਮੱਕੀ ਦੀ ਰੋਟੀ ਗਜਰੇਲਾ ਮਿਠਿਆਈਆਂ ਅਤੇ ਲੀੜੇ ਕੱਪੜੇ..ਹੋਰ ਵੀ ਕਿੰਨਾ ਕੁਝ..ਤੁੰਨ ਤੁੰਨ ਮੇਰੇ ਮੂੰਹ ਵਿੱਚ ਪਾਉਂਦਾ..ਆਖਦਾ ਮੇਰੀ ਕੱਲੀ ਕੱਲੀ ਸਰਫ਼ੇ ਦੀ ਭਾਣਜੀ..!
ਮੁੜ ਸਮੇਂ ਦਾ ਚੱਕਰ ਚੱਲਿਆ..ਫੇਰ ਹੋਸਟਲ..ਚੰਡੀਗੜ..ਦਿੱਲੀ ਤੇ ਅਖੀਰ ਕਨੇਡਾ..ਕਿੰਨੇ ਵਰੇ ਨਾਨਕਿਆਂ ਨਾਲ ਰਾਬਤਾ ਨਾ ਰੱਖ ਸਕੀ..ਮੇਰੀ ਮਾਂ ਜਾਂਦੀ ਵੇਰ ਆਖ ਗਈ ਸੀ ਕੇ ਮਾਮੇ ਨੂੰ ਮਿਲਦੀ ਗਿਲਦੀ ਰਹੀਂ..!
ਇੱਕ ਵੇਰ ਕੱਲੀ ਪੰਜਾਬ ਆਈ ਤਾਂ ਇੱਕ ਰਾਤ ਨਾਨਕੇ ਰਹਿਣ ਚਲੀ ਗਈ..ਓਹੀ ਘਰ..ਓਹੀ ਵੇਹੜਾ..ਓਹੀ ਮਾਹੌਲ ਪਰ ਪਿੰਡ ਹੁਣ ਸ਼ਹਿਰ ਬਣ ਗਿਆ ਸੀ..!
ਹੁਣ ਮਾਮਾ ਵੀ ਕੱਲਾ ਹੀ ਰਹਿ ਗਿਆ ਸੀ..ਇੱਕ ਮੁੰਡਾ ਬਾਹਰ ਅਤੇ ਦੂਜਾ ਸਿਆਸਤਾਂ ਦੀ ਭੇਂਟ ਚੜ ਗਿਆ ਸੀ..!
ਪੂਰੇ ਦੋ ਦਿਨ ਰਹੀ..ਅਤੀਤ ਵਰਤਮਾਨ ਬਣ ਗਿਆ..ਕਮਜ਼ੋਰ ਹੋ ਗਿਆ ਮਾਮਾ ਹੁਣ ਡੰਡੇ ਨਾਲ ਤੁਰਦਾ..ਆਰਥਿਕ ਹਾਲਾਤ ਵੀ ਕੋਈ ਬਹੁਤੀ ਚੰਗੀ ਨਹੀਂ ਦਿਸੀ..ਫੇਰ ਵੀ ਦਿੱਲ ਦੀ ਕੋਈ ਗੱਲ ਨਾ ਦੱਸੀ..ਵਾਰ ਵਾਰ ਬੱਸ ਏਹੀ ਆਖੀ ਜਾਂਦਾ ਕੇ ਧੀਏ...
ਸ਼ਾਇਦ ਜਦੋਂ ਦੂਜੀ ਵੇਰ ਆਵੇਂ ਤਾਂ ਮੈਂ ਨਾ ਹੋਵਾਂ..!
ਤੁਰਨ ਲੱਗੀ ਤਾਂ ਕਿੰਨਾ ਸਾਰਾ ਪਿਆਰ ਅਤੇ ਇੱਕਵੰਜਾ ਰੁਪਈਏ ਦਿੱਤੇ..ਨਾਲ ਹੰਜੂ ਵੀ ਆ ਗਏ..ਸ਼ਾਇਦ ਮੇਰੀ ਤੇ ਜਾਂ ਫੇਰ ਆਪਣੀ ਮਾਂ ਨੂੰ ਚੇਤੇ ਕਰ ਭਾਵੁਕ ਹੋ ਪਿਆ ਸੀ..ਆਪਣੇ ਅੰਞਾਣਿਆਂ ਦੀ ਮਾਂ ਨੂੰ ਤਾਂ ਅਕਸਰ ਅੰਦਰ ਵੜ ਹੀ ਯਾਦ ਕਰ ਲਿਆ ਕਰਦਾ ਸੀ..!
ਤੁਰਨ ਲੱਗੀ ਤਾਂ ਸ਼ਹਿਰ ਬੱਸ ਅੱਡੇ ਤੋਂ ਤਿੰਨ ਪੱਗਾਂ ਦੋ ਕੁੜਤੇ ਸੂਟ ਚੁੰਨੀਆਂ ਅਤੇ ਹੋਰ ਵੀ ਕਿੰਨਾ ਕੁਝ ਲੈ ਲਿਆ..ਲੈ ਤਾਂ ਅੰਮ੍ਰਿਤਸਰੋਂ ਵੀ ਸਕਦੀ ਸਾਂ ਪਰ ਇਹ ਸਭ ਕੁਝ ਕਾਦੀਆਂ ਵਾਲੇ ਮੋਮੀ ਲਫਾਫੇ ਵਿੱਚ ਹੀ ਚਾਹੀਦਾ ਸੀ..!
ਕਨੇਡਾ ਅੱਪੜ ਸਭ ਕੁਝ ਬੜੇ ਹੀ ਚਾਅ ਨਾਲ ਵਿਖਾਇਆ..ਦੱਸਿਆ ਕੇ ਇਹ ਸਾਰਾ ਕੁਝ ਨਾਨਕਿਆਂ ਤੋਂ ਮਿਲਿਆ..ਮਾਮੇ ਨੇ ਦਿੱਤਾ..ਏਨੀ ਗੱਲ ਸੁਣ ਕੁਝ ਖੁਸ਼ ਹੋਏ ਤੇ ਕੁਝ ਚੁੱਪ ਜਿਹੇ ਕਰ ਗਏ..!
ਮਾਂ ਅਕਸਰ ਹੀ ਆਖਿਆ ਕਰਦੀ ਸੀ ਕੇ ਧੀਆਂ ਨੂੰ ਢੱਕਣ ਢੱਕਣੇ ਅਤੇ ਛਾਵਾਂ ਕਰਨੀਆਂ ਆਉਣੀਆਂ ਚਾਹੀਦੀਆਂ..ਉਹ ਵੀ ਓਦੋ ਜਦੋਂ ਸਾਂਝਾਂ ਵਾਲੇ ਵੇਹੜੇ ਦੀ ਹਿੱਕ ਤੇ ਉੱਗੇ ਵਡੇ ਰੁੱਖ ਵੱਢ ਦਿੱਤੇ ਗਏ ਹੋਣ ਅਤੇ ਤਿੱਖੀਆਂ ਧੁੱਪਾਂ ਨੂੰ ਵਜੂਦ ਅਤੇ ਦਿੱਲ ਸਾੜਨ ਦੀ ਆਦਤ ਪੈ ਗਈ ਹੋਵੇ!
ਹਰਪ੍ਰੀਤ ਸਿੰਘ ਜਵੰਦਾ
MANJINDER Mani
Boht vdeea, heart touching story
Davinder Singh
ਨਾਨਕੇ ਸ਼ਬਦ ਕਿੰਨਾ ਪਿਆਰਾ ਤੇ ਵਧੀਆ। ਸੁਣਦੇ ਸਾਰ ਹੀ ਅੱਖਾਂ ਅੱਗੇ ਓਹੀ ਘਰ ਓਹੀ ਵਿਹੜਾ ਮੇਰਾ ਬਾਅ ਮੇਰੀ ਬੀਬੀ ਸੱਭ ਆ ਜਾਂਦੇ। ਸਾਡਾ ਸਮਾਂ ਵਧੀਆ ਸੀ ਜੌ ਅਸੀਂ ਓਹ ਵੇਲਾ ਮਾਣਿਆ ਪਰ ਅਫਸੌਸ ਆਣ ਵਾਲੀਆਂ ਨਸਲਾਂ ਲਈ ਇਹ ਸੱਭ ਕਿੱਸੇ ਕਹਾਣੀਆਂ ਜਾਂ ਬੁਝਾਰਤਾਂ ਹੀ ਬਣ ਕੇ ਰਹਿ ਜਾਣਾਂ।