ਹਫ਼ਤਾਵਾਰੀ PHD 🔎: ਵਿਚਾਰਿਆਂ ਦੀਆਂ ਕਿਸਮਾਂ ।
ਸਾਰੀ ਉਮਰ ਹਮਦਰਦੀ ਦੀ ਰੋਟੀ ਖਾਣ ਵਾਲਿਆਂ ਨੂੰ ਵਿਚਾਰੇ ਕਿਹਾ ਜਾਂਦਾ ਹੈ। ਇਹ ਬਹੁਤ ਸਾਰੀਆਂ ਕਿਸਮਾਂ ਦੇ ਹੁੰਦੇ ਹਨ ਪਰ ਅੱਜਕਲ੍ਹ ਟਰੈਂਡਿੰਗ ਕਿਸਮਾਂ ਪੰਜ ਹਨ ।
ਮੀਣੇ ਵਿਚਾਰੇ: – ਇਹ ਵਿਚਾਰਿਆਂ ਦੀ ਸਭ ਤੋਂ ਖਤਰਨਾਕ ਕਿਸਮ ਹੁੰਦੀ ਹੈ । ਇਹਨਾਂ ਦਾ ਆਪਣਾ ਇੱਕ ਵੱਖਰਾ ਪੈਰਾਮੀਟਰ ਹੁੰਦਾ ਹੈ ਤੇ ਉਸੇ ਮੁਤਾਬਿਕ ਇਹਨਾਂ ਕਿਸੇ ਨੂੰ “ਵੱਢਣਾ” ਹੁੰਦਾ ਹੈ । ਇਹਨਾਂ ਕੋਲੋਂ ਐਕਸੀਡੈਂਟਲੀ ਹੀ ਭਾਂਵੇ ਕਿਸੇ ਦਾ ਭਲਾ ਭਾਂਵੇ ਹੋ ਜਾਵੇ ਪਰ ਇਹ ਹਮੇਸ਼ਾ ਆਪਣਾ ਫਾਇਦਾ ਤੇ ਨੁਕਸਾਨ ਝਾਕ ਕੇ ਹੀ ਕੋਈ ਕੰਮ ਕਰਦੇ ਹਨ । ਇਹਨਾਂ ਕੋਲ ਕੋਈ ਹੁਨਰ ਨਹੀਂ ਹੁੰਦਾ ਇਹ ਕਿਸੇ ਦੇ ਹੁਨਰ ਨੂੰ ਯੂਜ ਕਰਦੇ ਹੋਏ ਕੰਮ ਚਲਾਈ ਜਾਂਦੇ ਹਨ । ਇਹ ਸਲਾਹ ਹਰ ਇੱਕ ਦੀ ਲੈਂਦੇ ਹਨ ਪਰ ਕਰਦੇ ਉਹ ਹਨ ਜਿਸ ਚੀਜ ਵਿੱਚ ਜੁਗਾੜ ਹੋਵੇ । ਇਹਨਾਂ ਦੇ ਦਿਲ ਦੀ ਗੱਲ ਤੁਸੀਂ ਨਹੀਂ ਕਢਵਾ ਸਕਦੇ ਪਰ ਇਹ ਤੁਹਾਡੀ ਹਰ ਗੱਲ ਵਾਇਰਲ ਕਰਨ ਵੇਲੇ ਇਹ ਜਰੂਰ ਕਹਿੰਦੇ ਹਨ ਕਿ ਤੈਨੂੰ ਮੈਂ ਦੱਸ ਦੇਂਦਾਂ ਪਰ ਮੇਰਾ ਨਾਮ ਨਾ ਲਵੀਂ ।99% ਕੁੜੀਆਂ ਦੇ ਠੇਕੇਦਾਰ ਏਸੇ ਕੈਟੇਗਿਰੀ ਵਿੱਚ ਫਾਲ ਕਰਦੇ ਹਨ ।ਇਹ ਘਰਵਾਲਿਆਂ ਨੂੰ ਮਰਨ ਦੀਆਂ ਧਮਕੀਆਂ ਵੀ ਬਹੁਤ ਦੇਂਦੇ ਹਨ । ਇਹ ਜੇਬ ਵਿੱਚੋ ਇੱਕ ਪੈਸਾ ਨਹੀਂ ਕੱਢਦੇ । ਸਾਰਾ ਕੁੱਝ ਸਟੈਲਡਾਉਨ ਹੋਣ ਤੱਕ ਵਿਚਾਰੇ ਬਣੇ ਰਹਿੰਦੇ ਹਨ । ਤੇ ਜਦੋਂ ਇਹਨਾਂ ਦੇ ਇਹਨਾਂ ਦੀ ਸੋਚ ਮੁਤਾਬਿਕ ਕੰਮ ਲੋਟ ਹੋ ਜਾਵੇ ਤਾਂ ਕਹਿਣਗੇ ਮੈਂ ਕੀ ਲੈ ਲਿਆ ਤੁਹਾਡਾ ਤੇ ਤਸਬੀਹ ਦੇਣ ਵੇਲੇ ਪਿੰਡ ਜਾਂ ਸ਼ਹਿਰ ਦੇ ਕਿਸੇ ਗਲੇ ਮਰੂਦ ਬੰਦੇ ਦੀ ਐਕਜੈਂਪਲ ਜਰੂਰ ਦੇਣਗੇ ।ਮਾਂ ਦੇ ਗਹਿਣੇ ਤੇ ਪਿਓ ਦਾ ਜੀ ਪੀ ਫੰਡ ,ਪੁਰਖਿਆ ਦੀ ਜਾਇਦਾਦ ਇਹਨਾਂ ਉਂਗਲਾਂ ਤੇ ਗਿਣੀ ਹੁੰਦੀ ਹੈ ।
ਆਸ਼ਕ ਵਿਚਾਰੇ : ਇਹਨਾਂ ਨੂੰ ਪਤਾ ਵੀ ਹੁੰਦਾ ਕਿ ਕੁੜੀ ਸਾਨੂੰ ਲਾਇਕ ਨਹੀਂ ਕਰਦੀ ਪਰ ਫਿਰ ਵੀ ਇਹ ਉਮਰਾਂ ਕੱਢ ਦੇਂਦੇ ਹਨ । ਇਹ ਐਸੀ ਜਜ਼ਬਾਤੀ ਪਾਗਲ ਨਸਲ ਹੁੰਦੀ ਜਿਹੜੀ ਸਾਰੀ ਉਮਰ ਵਿਚਾਰੇ ਜਿਹੇ ਬਣਕੇ ਭੈਣਾਂ ਹੀ ਬਣਾਈ ਜਾਂਦੇ ਹਨ । ਇਹ ਕੋਈ ਕੰਮ ਕਾਰ ਨਹੀਂ ਕਰਦੇ ਪੱਠੇ ਵੱਢਣ ਵੀ ਭੇਜੋ ਤਾਂ ਦਾਤਰੀ ਮਰਾਕੇ ਘਰੇ ,ਇਹ ਰੋਟੀਆਂ ਬਹੁਤ ਖਾਂਦੇ ਹਨ । ਮਾਵਾਂ ਦੇ ਲਾਡਲੇ ਤੇ ਪਿਓ ਨੂੰ ਮੂਰਖ ਬਣਾਉਣ ਦੇ ਮਾਹਰ ਹੁੰਦੇ ਹਨ ।ਇਹਨਾਂ ਨੂੰ ਕੋਈ ਨਿੱਕੀ ਮੋਟੀ ਬਿਮਾਰੀ ਵੀ ਜਰੂਰ ਹੁੰਦੀ ਹੈ ।ਇਹ ਤੁਹਾਨੂੰ ਹਰ ਵਿਆਹ ,ਹਰ ਮੇਲੇ ਤੇ, ਇਹ ਜਾਗੋ ਦੇ ਬਹੁਤ ਸ਼ੌਕੀਨ ਹੁੰਦੇ ਹਨ । ਇਹ ਸ਼ਕਲੋਂ ਸ਼ਰੀਫ ਲੱਗਦੇ ਹਨ । ਬੋਲੀ ਮਿੱਠੀ ਕਰਕੇ ਵਿਚਾਰਾਪਣ ਭੰਗ ਨਹੀਂ ਹੋਣ ਦਿੰਦੇ ।
ਕੁੰਢੀ ਗਰੀਬ ਵਿਚਾਰੇ : ਇਹ ਉਹ ਵਿਚਾਰੇ ਹੁੰਦੇ ਹਨ ਜਿਹੜੇ ਨੀਤ ਦੇ ਗਰੀਬ ਹੁੰਦੇ ਹਨ । ਕਿਸੇ ਤੋਂ ਲੈਣ ਵੇਲੇ ਵੀ ਗਰੀਬ ਤੇ ਦੇਣ ਵੇਲੇ ਵੀ ਗਰੀਬ। ਇਹ...
ਪੰਜ ਮਿੰਟ ਵਿੱਚ ਪੰਦਰਾਂ ਵੀਹ ਮਜਬੂਰੀਆਂ ਗਿਣਾ ਸਕਦੇ ਹਨ । ਇਹ ਉਹ ਵਿਚਾਰੇ ਹੁੰਦੇ ਹਨ ਜਿੰਨਾਂ ਨੇ ਸਾਰੀ ਗਰੀਬੀ ਦਾ ਭਾਂਡਾ ਪਿਓ ਸਿਰ ,ਦਾਦੇ ਸਿਰ ,ਚਾਚੇ ਸਿਰ ,ਵੱਡੇ ਭਰਾ ਸਿਰ ,ਜਾਂ ਆਪਣੀ ਜਨਾਨੀ ,ਜਾਂ ਧੀ ਪੁੱਤ ਸਿਰ ਭੰਨਿਆਂ ਹੁੰਦਾ ਹੈ ।ਇਹ ਸਭ ਨੂੰ ਇਮੋਸ਼ਨਲ ਕਰਨ ਲਈ ਐਕਟਿੰਗ ਵੇਲੇ ਜੀਨਤ ਅਮਾਨ ਨੂੰ ਵੀ ਕੱਟ ਜਾਂਦੇ ਹਨ ।ਇਹ ਉੱਠਦੇ ਵੀ ਲੇਟ ਹਨ ਤੇ ਸੌ ਵੀ ਵੇਲੇ ਨਾਲ ਜਾਂਦੇ ਹਨ। ਇਹਨਾਂ ਨੂੰ ਦਵਾਈ ਵੀ ਕੋਈ ਪੱਕੀ ਲੱਗੀ ਹੁੰਦੀ ਹੈ । ਇਹ ਜਨਾਨੀਆਂ ਵਾਲੇ ਸੀਰੀਅਲ ਵੀ ਬਹੁਤ ਵੇਖਦੇ ਹਨ । ਬਾਬਿਆਂ ,ਮੱਸਿਆ,ਸੰਗਰਾਦਾਂ ਵੀ ਇਹੀ ਲੋਕ ਭਰਦੇ ਹਨ ।ਘਰ ਦੀ ਵੰਡ ਵਡਾਈ ਵੇਲੇ ਵੀ ਇਹ ਵਿਚਾਰੇ ਦੂਜਿਆਂ ਭੈਣਾ ਭਰਾਵਾਂ ਨਾਲੋਂ ਜਿਆਦਾ ਹਿੱਸਾ ਵੀ ਲੈ ਜਾਂਦੇ ਹਨ ਤੇ ਰਿਸ਼ਤੇਦਾਰ ਫਿਰ ਕਹੀ ਜਾਣਗੇ ਇਹ ਵਿਚਾਰਾ ਕੀ ਕਰੇ ,ਇਹਦੇ ਨਾਲ ਧੱਕਾ ਨਾ ਕਰੋ ,ਇਹਨਾਂ ਦੀ ਪਛਾਣ ਓਸ ਸੀਨ ਵੇਲੇ ਹੁੰਦੀ ਹੈ ਇਹ ਬਿਲਕੁੱਲ ਚੁੱਪ ਕਰਕੇ ਜੁਗਾੜ ਲਾ ਜਾਂਦੇ ਹਨ ।
ਕੰਮ ਚੋਰ ਵਿਚਾਰੇ :- ਏਸ ਕੈਟੇਗਿਰੀ ਵਿੱਚ ਉਹ ਜਨਾਨੀਆਂ ਫਾਲ ਕਰਦੀਆਂ ਹਨ ਜਿਹੜੀਆਂ ਫੌਨ ਤੇ ਦੂਜੀ ਨੂੰ ਇਹ ਕਹਿ ਰਹੀਆਂ ਹੁੰਦੀਆਂ “ਅੱਛਾ ਫਿਰ ਕਿੱਥੋਂ ਚੱਲਦੀ ਦਵਾਈ ਤੁਹਾਡੀ”? ਮੈਂ ਤੇ ਚਾਰ ਮਹੀਨੇ ਖਾਧੀ ਡਾਕਟਰ ਲੱਖੇ ਤੋਂ ਮੈਨੂੰ ਤੇ ਕੋਈ ਫਰਕ ਨਹੀਂ ਪਿਆ। ਇਹ ਉਹ ਕੈਟੇਗਿਰੀ ਹੈ ਜਿਸਤੇ ਵੱਡੇ ਵੱਡੇ ਗ੍ਰੰਥ ਲਿਖੇ ਗਏ ਹਨ । ਇਹ ਪੇਕੇ ਪਿੰਡ ਬਿਲਕੁੱਲ ਮੇਲੇ ਵਿਆਹ ਵੇਖਦੀਆਂ ਆਈਆਂ ਹੁੰਦੀਆਂ ਪਰ ਜਦੋਂ ਦੀਆਂ ਸੌਹਰੇ ਘਰ ਆ ਗਈਆਂ ਇਹਨਾਂ ਨੂੰ ਦੋ ਟਾਇਮ ਦਿਹਾੜੀ ਵਿੱਚ ਪੀੜ ਹੁੰਦੀ ਹੈ ਭਾਵ ਰੋਟੀਆਂ ਲਾਹੁਣ ਦੇ ਟਾਇਮ ।ਸੱਸ ਵੀ ਕਹਿ ਦੇਂਦੀ ਉਹ ਕੀ ਕਰੇ ਵਿਚਾਰੀ ਉਹ ਤਾਂ ਠੀਕ ਨਹੀਂ ਰਹਿੰਦੀ ।
ਇਹ ਕਿਸਮ ਦਿਨੇ ਮਾਰਕੀਟ ਵਿੱਚ ਵੜ ਜਾਵੇ ਤਾਂ ਬਾਹਰ ਓਦੋਂ ਨਿਕਲਦੀ ਜਦੋਂ ਜਾਂ ਤੇ ਪੈਸੇ ਸਿਰਫ ਵਾਪਸੀ ਕਿਰਾਇਆ ਦੇਣ ਯੋਗੇ ਰਹਿ ਜਾਣ ਤੇ ਜਾਂ ਦੁਕਾਨ ਵਾਲਾ ਫੌਨ ਵਿਖਾ ਵਿਖਾ ਕਹੀ ਜਾਵੇ ” ਆ ਵੇਖੋ ਭੈਣ ਜੀ ,ਘਰੋਂ ਆਹ ਚੌਥੀ ਕਾਲ ਆਗੀ ਸ਼ਰੂਤੀ ਦੇ ਮਾਇਕੇ ਜਾਨਾ ,ਅੱਜ ਰਾਤ ਦੀ ਸ਼ਾਦੀ ਹੈ “। ਇਹ ਵਿਚਾਰੀ ਨਸਲ ਕੋਈ ਵਰਕ ਆਊਟ ਨਹੀਂ ਕਰਦੀ ,ਭਾਰ 80Kg ਤੋਂ ਜਿਆਦਾ ਜਾਂ 47Kg ਤੋਂ ਘੱਟ। ਖੁਰਾਕ ਪੂਰੀ । ਮੋਟੇ ਹੋ ਜਾਣ ਦਾ ਸਾਰਾ ਦੋਸ਼ ਮੁੰਡੇ ਦੇ ਜਨਮ ਵੇਲੇ ਹੋਇਆ ਸਿਜੇਰੀਅਨ ਓਪਰੇਸ਼ਨ। ਇਹ ਵਿਚਾਰੀਆਂ ਦੀ ਮੰਥਲੀ ਇੰਨਕਮ ਵੀ ਪਤਾ ਲੈਣ ਆਇਆਂ ਤੋਂ ਜਾਂ ਦਿਵਾਈ ਵਿੱਚ ਵਾਧ ਘਾਟ ਨਾਲ ਚੱਲਦੀ ਰਹਿੰਦੀ ਹੈ । ਗਿੱਧੇ ਵਿੱਚ ਚਾਰਲੀ ਡਾਂਸ ਵਿੱਚ ਸਭ ਤੋਂ ਅੱਗੇ ,ਫੇਵਰਟ ਰੰਗ ਪੀਲਾ ।
🖋#Avtar Dhaliwal