Posts Uploaded By ਪੰਜਾਬੀ ਕਹਾਣੀਆਂ

Sub Categories

ਸਿੱਖ ਕੌਮ ਨੂੰ ਗੁਰੂ ਨਾਨਕ ਦੇਵ ਸਾਹਿਬ ਤੋਂ ਕਿਰਤ ਕਰਨ,ਵੰਡ ਛਕਣ ਤੇ ਨਾਮ ਜਪਣ ਦੀ ਸਿੱਖਿਆ ਮਿਲੀ ਹੈ, ਜਿਸ ਕਾਰਣ ਸਿੱਖ ਕੌਮ ਚਾਹੇ ਉਸਦੇ ਆਪਣੇ ਘਰ ਦਾ ਗੁਜਾਰਾ ਮੁਸ਼ਕਿਲ ਨਾਲ ਚਲਦਾ ਹੋਵੇ ਪਰ ਉਹ ਉਸ ਵਿੱਚੋਂ ਵੀ ਵੰਡਣ ਦਾ ਦਿਲ ਰੱਖਦਾ ਹੈ।
ਇਹ 2019 ਦੀ ਯੂ ਪੀ ਦੀ ਇਕ ਸੱਚੀ ਘਟਨਾ ਹੈ। ਇਕ 60 ਕੁ ਸਾਲਾਂ ਦੇ ਬਜੁਰਗ ਨੂੰ ਗੁਰੂ ਅਰਜਨ ਸਾਹਿਬ ਦੇ ਸ਼ਹੀਦੀ ਦਿਹਾੜੇ ਤੇ ਛਬੀਲ ਦੀ ਸੇਵਾ ਕਰਦਿਆਂ ਨੂੰ ਕੂਲਹਿ ਦੀ ਹੱਡੀ ਟੁੱਟ ਗਈ। ਉਨ੍ਹਾਂ ਦੀ ਤਿੰਨ ਧੀਆਂ ਜੋ ਵਿਆਹੀਆਂ ਹੋਈਆਂ ਸਨ ਪਰ ਉਹ ਵੀ ਬਹੁਤ ਗਰੀਬ ਸਨ ਅਤੇ ਪਤਨੀ ਵੀ ਦਿਮਾਗੀ ਮਰੀਜ ਸੀ। ਘਰ ਪੁੱਤਰ ਵੀ ਨਹੀਂ ਸੀ। ਕਿਸੇ ਤਰ੍ਹਾਂ ਸਿੱਖ ਸੰਗਤਾਂ ਨੇ ਦਸਵੰਤ ਦੇ ਕੇ ਉਨ੍ਹਾਂ ਦਾ ਇਲਾਜ ਕਰਵਾਇਆ ਅਤੇ ਉਨ੍ਹਾਂ ਦੀ ਪਤਨੀ ਅਤੇ ਉਨ੍ਹਾਂ ਨੂੰ ਇੱਕ ਅਨਾਥਾਸ਼੍ਰਮ ਵਿਚ ਰਹਿਣ ਦਾ ਪ੍ਰਬੰਧ ਕੀਤਾ।ਸਰਕਾਰ ਵੱਲੋਂ ਦਿੱਤੀ ਜਾਉਣ ਵਾਲੀ ਬੁੱਢਾਪਾ ਪੇਨਸ਼ਨ ਲਈ ਵੀ ਕੋਸ਼ਿਸ਼ ਕੀਤੀ।ਜਰੂਰਤ ਲਈ ਉਨ੍ਹਾਂ ਨੂੰ ਕੁਛ ਪੈਸੇ ਵੀ ਸੰਗਤਾਂ ਨੇ ਦਸਵੰਤ ਤੋਂ ਦਿੱਤੇ ਕਿ ਕਿਸੇ ਜਰੂਰਤ ਅਤੇ ਦਵਾ ਦਾਰੂ ਦੀ ਪਰੇਸ਼ਾਨੀ ਨਾ ਹੋਵੇ।ਇਨ੍ਹਾਂ ਹਾਲਾਤਾਂ ਦੇ ਚਲਦਿਆਂ ਵੀ ਉਨ੍ਹਾਂ ਦੀ ਸੇਵਾ ਕਰਨ ਦੀ ਭਾਵਨਾ ਘਟ ਨਹੀਂ ਸੀ ਹੋਈ। ਗੁਰੂ ਨਾਨਕ ਦੇਵ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਦੇ ਆਪਣੀ ਬੇਟੀ ਨੂੰ ਕਹਿੰਦੇ ਕਿ ਮੇਰੇ ਤੋਂ ਕੁਛ ਪੈਸੇ ਲੈ ਕੇ ਕੁਛ ਫਲ ਯਾ ਨਗਰ ਕੀਰਤਨ ਵਿੱਚ ਵੰਡਣ ਲਈ ਕੁਛ ਸਮਾਨ ਲੈ ਅਾਈਂ ਮੈ ਸੇਵਾ ਕਰਨਾ ਚਾਹੁੰਦਾ ਹਾਂ ਗੁਰੂ ਸਾਹਿਬ ਦਾ ਪ੍ਰਕਾਸ਼ ਪੁਰਬ ਹੈ ਮੇਰੇ ਤੋਂ ਰਿਹਾ ਨਹੀਂ ਜਾਉਂਦਾ । ਕੁਛ ਵੰਡਣ ਨੂੰ ਦਿਲ ਕਰਦਾ ਹੈ।
ਉਨ੍ਹਾਂ ਦੀ ਬੇਟੀ ਨੇ ਜਦੋਂ ਮੈਨੂੰ ਇਹ ਗੱਲ ਦੱਸੀ ਕਿ ਬਾਪੂ ਜੀ ਇਸ ਤਰ੍ਹਾਂ ਦੀ ਜਿਦ ਕਰ ਰਹੇ ਹਨ ਜਾਣ ਕੇ ਹੈਰਾਨੀ ਵੀ ਹੋਈ ਅਤੇ ਖੁਸ਼ੀ ਵੀ ਹੋਈ ਸਿੱਖ ਦੀ ਵੰਡ ਛਕਣ ਦੀ ਪਰਵਰਤੀ ਨੂੰ ਉਸਦੇ ਹਾਲਾਤ ਵੀ ਡੋਲਣ ਨਹੀਂ ਦਿੰਦੇ। ਉਹ ਹਰ ਪਰਿਸਥਿਤੀ ਵਿਚ ਵੀ ਗੁਰੂ ਸਾਹਿਬ ਦੇ ਦਿਖਾਏ ਮਾਰਗ ਤੋਂ ਡੋਲਦਾ ਨਹੀਂ ਹੈ।

Submitted By:- ਸਤਨਾਮ ਕੌਰ

...
...

ਸਕੂਲੋਂ ਪਰਤਦੇ ਹੋਏ ਨੂੰ ਰੋਜ ਪੰਡ ਪੱਠਿਆਂ ਦੀ ਚੁੱਕ ਘਰੇ ਲਿਆਉਣੀ ਪੈਂਦੀ..
ਇੱਕ ਵਾਰ ਹਾਲਤ ਏਨੇ ਮਾੜੇ ਹੋ ਗਏ ਕੇ ਪੱਠੇ ਮੁੱਲ ਵੀ ਨਾ ਲਏ ਗਏ..ਫੇਰ ਸੜਕ ਕੰਢੇ ਉੱਗਿਆ ਮੈਣਾ ਅਤੇ ਜੰਗਲੀ ਘਾਹ ਵੱਢ ਕੇ ਲਿਆਉਣਾ ਪਿਆ ਕਰਦਾ..ਜਦੋਂ ਮਾੜੀ ਬੂਟੀ ਕਾਰਨ ਡੰਗਰ ਪੱਠਿਆਂ ਨੂੰ ਮੂੰਹ ਨਾ ਲਾਉਂਦੇ ਤਾਂ ਬੜਾ ਗੁੱਸਾ ਆਉਂਦਾ!

ਉਸ ਦਿਨ ਪੰਡ ਟੋਕੇ ਤੇ ਕੁਤਰ ਕੇ ਮੂੰਹ ਹੱਥ ਧੋ ਮਾਂ ਕੋਲੋਂ ਰੋਟੀ ਮੰਗੀ..

ਆਖਣ ਲੱਗੀ ਸ਼ਹਿਰ ਕਰਫਿਊ ਲੱਗ ਗਿਆ ਤੇ ਸੁਵੇਰ ਦਾ ਮੀਂਹ ਵੀ ਪਈ ਜਾਂਦਾ..
ਤੇਰੇ ਪਿਓ ਦੀ ਦਿਹਾੜੀ ਨਹੀਂ ਲੱਗੀ..

ਬਾਹਰ ਸਾਈਕਲ ਦੀ ਚੈਨ ਚੜਾਉਂਦੇ ਹੋਏ ਮੇਰੇ ਬਾਪ ਨੇ ਸ਼ਾਇਦ ਜਾਣ ਬੁਝ ਕੇ ਹੀ ਮੇਰੇ ਵੱਲ ਪਿੱਠ ਕਰ ਰੱਖੀ ਸੀ..

ਭੁੱਖ ਸਿਖਰ ਤੇ ਸੀ ਤੇ ਨਾਲ ਨਾਲ ਮੇਰਾ ਗੁੱਸਾ ਵੀ..ਜੋੜੀ ਰਲਾਉਂਦਿਆਂ ਨੇ ਏਨੇ ਨਿਆਣੇ ਕਿਓਂ ਜੰਮ ਧਰੇ..
ਪਰ ਖਾਲੀ ਪੇਟ ਮੇਰਾ ਦਿਮਾਗ ਹੋਰ ਵੀ ਤੇਜ ਹੋ ਗਿਆ..ਫੇਰ ਹੌਲੀ ਜਿਹੀ ਬਾਹਰ ਨੂੰ ਨਿੱਕਲ ਸਿੱਧਾ ਨਹਿਰ ਦੇ ਪੁਲ ਤੇ ਅੱਪੜ ਗਿਆ..

ਆਥਣ ਵੇਲੇ ਦੇ ਘੁਸਮੁਸੇ ਵਿਚ ਨਾ ਕੋਈ ਮੈਨੂੰ ਵੇਖ ਸਕਦਾ ਸੀ ਤੇ ਨਾ ਹੀ ਮੈਂ ਕਿਸੇ ਨੂੰ..
ਫਰਲਾਂਘ ਦੀ ਵਿੱਥ ਤੇ ਟਾਹਲੀ ਕੋਲ ਉੱਗੇ ਵੱਡੇ ਸਾਰੇ ਪਿੱਪਲ ਕੋਲੋਂ ਦਿਨੇ ਵੀ ਡਰ ਆਇਆ ਕਰਦਾ ਸੀ..
ਨਾਲਦੇ ਅਕਸਰ ਆਖਿਆ ਕਰਦੇ ਕੇ ਇਥੇ ਡੁੱਬ ਕੇ ਮਰਿਆਂ ਦੀ ਰੂਹ ਭਟਕਦੀ ਏ..ਭੂਤ ਰਹਿੰਦੇ ਉਥੇ..

ਪਰ ਉਸ ਦਿਨ ਮੈਨੂੰ ਕੋਈ ਡਰ ਨਹੀਂ ਸੀ ਲੱਗਾ..
ਮੈਨੂੰ ਚੰਗੀ ਤਰਾਂ ਪਤਾ ਸੀ ਕੇ ਨਹਿਰੋਂ ਪਾਰਲੇ ਕੰਢੇ ਬੂਝਿਆਂ ਕੋਲ ਉੱਗੇ ਝਾਲਿਆਂ ਵਿਚ ਅਕਸਰ ਹੀ ਰੁੜੇ ਆਉਂਦੇ ਕਿੰਨੇ ਸਾਰੇ ਨਾਰੀਅਲ ਦੇ ਖੋਪੇ ਆ ਕੇ ਫਸ ਜਾਇਆ ਕਰਦੇ..!

ਪਰ ਉਸ ਦਿਨ ਕਿਸਮਤ ਚੰਗੀ ਸੀ..ਨਾਰੀਅਲ ਦੇ ਖੋਪਿਆਂ ਦੇ ਨਾਲ ਨਾਲ ਪਟੜੀ ਤੇ ਰੰਗ ਵਾਲੇ ਮਿੱਠੇ ਚੌਲਾਂ ਦੀ ਪੋਟਲੀ..ਮੋਤੀ ਚੂਰ ਦੇ ਕਿੰਨੇ ਸਾਰੇ ਲੱਡੂ..ਕਰੇਲਿਆਂ ਦੀ ਸਬਜੀ ਤੇ ਹੋਰ ਵੀ ਕਿੰਨਾ ਸਾਰਾ ਨਿੱਕ ਸੁੱਕ ਪਿਆ ਸੀ..!
ਛੇਤੀ ਨਾਲ ਪੱਥਰ ਤੇ ਮਾਰ ਗਿਰੀ ਤੋੜ ਸੁੱਟੀ..ਕੁਝ ਪਾਣੀ ਥੱਲੇ ਵਗ ਗਿਆ ਤੇ ਕੁਝ ਪੀ ਲਿਆ..ਫੇਰ ਗਿਰੀ ਖਾਦੀ..ਫੇਰ ਬਾਕੀ ਸ਼ੈਆਂ ਤੇ ਵੀ ਘੜੀ ਲਾਈ..

ਫੇਰ ਮਾਂ ਤੇ ਬਾਕੀ ਦੇ ਜੀਆਂ ਦਾ ਚੇਤਾ ਆ ਗਿਆ ਤੇ ਬਾਕੀ ਦੀਆਂ ਸ਼ੈਆਂ ਪਰਨੇ ਵਿਚ ਬੰਨ ਘਰ ਨੂੰ ਹੋ ਤੁਰਿਆ..ਘਰੇ ਅੱਪੜਿਆਂ ਤਾਂ ਰਗ ਰਗ ਤੋਂ ਵਾਕਿਫ ਮਾਂ ਤੋਂ ਕੁਝ ਵੀ ਲੁਕਾਇਆ ਨਾ ਗਿਆ..ਉਹ ਥੋੜੀ ਨਰਾਜ ਤਾਂ ਲੱਗੀ ਪਰ ਚੁੱਪ ਸੀ..!

ਪਲੇਠੀ ਦਾ ਪੁੱਤ..ਟੂਣਾ ਸਿਰ ਚੜ ਕੇ ਹੀ ਨਾ ਬੋਲਣ ਲੱਗ ਪਵੇ..ਛੇਤੀ ਨਾਲ ਚੋਂਕੇ ਖੜ ਮੇਰੇ ਸਿਰ ਤੋਂ ਮਿਰਚਾਂ ਵਾਰੀਆਂ ਤੇ ਫੇਰ ਕੁਝ ਸੋਚਦੀ ਨੇ ਮੈਨੂੰ ਆਪਣੀ ਬੁੱਕਲ ਚ ਲੁਕੋ ਲਿਆ..!

ਘੜੀ ਕੂ ਮਗਰੋਂ ਹੌਕਿਆਂ ਦੀ ਵਾਜ ਸੁਣ ਹੌਲੀ ਜਿਹੀ ਬੁੱਕਲ ਚੋਂ ਮੂੰਹ ਬਾਹਰ ਕੱਢਿਆ ਤੇ ਉਸਦੀ ਚੁੰਨੀ ਦੇ ਕਿਨਾਰੇ ਨਾਲ ਉਸਦੇ ਅਥਰੂ ਪੂੰਝ ਸੁੱਟੇ..
ਫੇਰ ਹੌਲੀ ਜਿਹੀ ਆਖਿਆ ਘਬਰਾ ਨਾ ਮਾਂ..ਦੁਨੀਆਂ ਦਾ ਕੋਈ ਭੂਤ ਜਾਂ ਟੂਣਾ ਭੁੱਖ ਨਾਲੋਂ ਜਿਆਦਾ ਤਾਕਤਵਰ ਨਹੀਂ ਹੁੰਦਾ!

ਹਰਪ੍ਰੀਤ ਸਿੰਘ ਜਵੰਦਾ

...
...

ਇੱਕ ਵਾਰੀ ਜੰਗਲ ਵਿੱਚ ਸਾਰੇ ਜਾਨਵਰਾਂ ਨੇ ਇਕੱਠ ਕੀਤਾ ਕਿ ਆਪਣੇ ਜੰਗਲ ਦਾ ਵਾਤਾਵਰਨ ਕੁੱਝ ਸ਼ਰਾਰਤੀ ਜਾਨਵਰ ਖਰਾਬ ਕਰ ਰਹੇ ਹਨ। ਆਪਾਂ ਨੂੰ ਇਸ ਪ੍ਰਤੀ ਗੰਭੀਰ ਹੋਣ ਦੀ ਲੋੜ ਹੈ। ਨਹੀਂ ਤਾਂ ਸਾਡਾ ਰਹਿਣਾ ਇੱਥੇ ਮੁਸ਼ਕਲ ਹੋ ਜਾਵੇਗਾ। ਸਾਡੇ ਵਿੱਚੋਂ ਕਿਸੇ ਇੱਕ ਤਾਕਤਵਾਰ ਜਾਨਵਰ ਨੂੰ ਇਸ ਜੰਗਲ ਦੀ ਕਮਾਂਡ ਸੋਂਪ ਦੇਣੀ ਚਾਹੀਦੀ ਹੈ ਜੋ ਸ਼ਰਾਰਤੀ ਅਨਸਰਾਂ ਨੂੰ ਮਿਲ ਕੇ ਠੱਲ੍ਹ ਪਾਵੇਗਾ। ਪਰ ਮੁਖੀ ਦੀ ਚੋਣ ਸ਼ਕਤੀ ਪ੍ਰਦਰਸ਼ਨ ਦੇ ਆਧਾਰ ਤੇ ਹੋਵੇਗੀ। ਸਭ ਤੋਂ ਪਹਿਲਾਂ ਸ਼ੇਰ ਨੂੰ ਸੱਦਾ ਦਿੱਤਾ ਗਿਆ। ਸ਼ੇਰ ਕਹਿੰਦਾ ਕਿ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਮੈਂ ਸਭ ਤੋਂ ਵੱਧ ਤਾਕਤਵਰ ਹਾਂ। ਮੈਨੂੰ ਮੁਖੀ ਬਣਨ ਦਾ ਅਵਸਰ ਦਿੱਤਾ ਜਾਵੇ। ਪਰ ਜੰਗਲੀ ਮੱਝਾਂ ਮਿਲ ਕੇ ਮੈਨੂੰ ਡਰਾ ਦਿੰਦੀਆਂ ਹਨ, ਪਹਿਲਾਂ ਇਹਨਾਂ ਨੂੰ ਰੋਕਿਆ ਜਾਵੇ। ਸਭ ਸ਼ੇਰ ਦੀ ਕਮਜੋਰੀ ਸਮਝ ਕੇ ਚੀਤੇ ਨੂੰ ਅੱਗੇ ਆਉਣ ਲਈ ਕਹਿਣ ਲੱਗੇ। ਚੀਤੇ ਨੇ ਵੀ ਆਪਣੀ ਤਾਕਤ ਦੀ ਨੁਮਾਇਸ਼ ਕੀਤੀ ਪਰ ਸਾਰਿਆਂ ਦੀ ਸਹਿਮਤੀ ਨਾ ਬਣੀ। ਇਸੇ ਤਰ੍ਹਾਂ ਸੱਪ,ਭਾਲੂ,ਗੇਡਾਂ,ਮਗਰਮੱਛ,ਕੁੱਤੇ ਤੇ ਹੋਰ ਵੱਡੇ-ਛੋਟੇ ਜਾਨਵਰਾਂ ਨੇ ਆਪਣੀ ਤਾਕਤ ਜਤਾਈ। ਅਖੀਰ ਵਿੱਚ ਇੱਕ ਹੰਕਾਰਿਆ ਹਾਥੀ ਚਿੱਕੜ ਨਾਲ ਲੱਥਪੱਥ ਆਪਣੇ ਲੇਟ ਆਉਣ ਦਾ ਕਾਰਨ ਦੱਸ ਕੇ ਆਪਣੀ ਦਾਅਵੇਦਾਰੀ ਜਿਤਾਉਣ ਲੱਗਿਆ ਕਿ ਮੈਂ ਵੱਡੇ-ਵੱਡੇ ਦਰੱਖਤਾਂ ਨੂੰ ਜੜ੍ਹੋਂ ਉਖਾੜ ਸਕਦਾ ਹਾਂ ਤੇ ਇਹਨਾਂ ਜੰਗਲੀ ਜਾਨਵਰਾਂ ਦੀ ਮੇਰੇ ਸਾਹਮਣੇ ਕੀ ਹਸਤੀ ਹੈ? ਮੈਨੂੰ ਜੰਗਲ ਦਾ ਮੁਖੀ ਬਣਾਇਆ ਜਾਵੇ। ਸਾਰੇ ਪਾਸੇ ਸੰਨਾਟਾ ਤੇ ਚੁੱਪ ਪਸਰ ਗਈ। ਕੋਈ ਵੀ ਬੋਲਣ ਨੂੰ ਤਿਆਰ ਨਹੀਂ ਸੀ। ਕਾਫੀ ਚਿਰ ਬਾਅਦ ਇੱਕ ਛੋਟਾ ਜਿਹਾ ਸਿਆਣਾ ਖਰਗੋਸ਼ ਬੋਲਿਆ ਕਿ ਜੇ ਤੂੰ ਐਡਾ ਹੀ ਤਾਕਤਵਾਰ ਹੈ ਤਾਂ ਉਹ ਦੂਰ ਖੜ੍ਹੇ ਦੋ ਸੌ ਸਾਲ ਪੁਰਾਣੇ ਦੂਰ ਤੱਕ ਫੈਲੇ ਹੋਏ ਬੋਹੜ ਦੇ ਵੱਡੇ ਸਾਰੇ ਦਰੱਖਤ ਨੂੰ ਪੁੱਟ ਕੇ ਵਿਖਾ। ਛੋਟੇ ਖਰਗੋਸ਼ ਦੀ ਗੱਲ ਸੁਣ ਕੇ ਹਾਥੀ ਪਸੀਨੋ ਪਸੀਨੀ ਹੋ ਗਿਆ। ਅਸਮਾਨ ਤੇ ਬੱਦਲ ਛਾਏ ਹੋਏ ਸਨ। ਦੁਚਿੱਤੀ ਵਿੱਚ ਪਿਆ ਹਾਥੀ ਜਦੋਂ ਬੋਹੜ ਦੇ ਦਰੱਖਤ ਵੱਲ ਨੂੰ ਜਾਣ ਲੱਗਿਆ ਤਾਂ ਸਾਰੇ ਜੰਗਲੀ ਜਾਨਵਰ ਹੈਰਾਨ ਸਨ ਤੇ ਹਾਥੀ ਤੋਂ ਤੁਰਿਆ ਨਹੀਂ ਜਾ ਰਿਹਾ ਸੀ। ਹਾਥੀ ਤੇ ਦੂਜੇ ਜਾਨਵਰਾਂ ਨੇ ਬੋਹੜ ਦੇ ਦਰੱਖਤ ਬਾਰੇ ਆਪਣੇ ਬਜ਼ੁਰਗਾਂ ਤੋਂ ਸੁਣਿਆ ਸੀ ਕਿ ਇਹ ਸਾਡੇ ਤੋਂ ਵੀ ਬਹੁਤ ਪਹਿਲਾਂ ਦਾ ਹੈ ਤੇ ਇਸਦੇ ਫੈਲਾਅ ਬਾਰੇ ਕਿਸੇ ਨੂੰ ਵੀ ਨਹੀਂ ਪਤਾ ਕਿ ਇਹ ਕਿੰਨਾਂ ਵੱਡਾ ਹੈ? ਹਾਥੀ ਅੰਦਰੋਂ ਆਪਣੀ ਹਾਰ ਮੰਨ ਚੁੱਕਾ ਸੀ ਤੇ ਘਬਰਾਹਟ ਵਿੱਚ ਸੀ। ਸਾਰਿਆਂ ਨੂੰ ਪਤਾ ਸੀ ਕਿ ਇਹ ਹਾਥੀ ਦੇ ਵੱਸ ਦੀ ਗੱਲ ਨਹੀ। ਅਚਾਨਕ ਪਰਮਾਤਮਾ ਦੀ ਕੁਦਰਤੀ ਸ਼ਕਤੀ ਅਸਮਾਨੀ ਬਿਜਲੀ ਗੜਗੜ ਕਰਕੇ ਬੋਹੜ ਦੇ ਦਰੱਖਤ ਤੇ ਡਿੱਗੀ ਤੇ ਸਾਰਾ ਬੋਹੜ ਪਲ ਵਿੱਚ ਢੈਅ ਢੇਰੀ ਕਰ ਦਿੱਤਾ। ਸਾਰੇ ਜਾਨਵਰ ਬਿਜਲੀ ਦੇ ਖੜਾਕ ਸੁਣ ਕੇ ਭੱਜੇ ਜਾ ਰਹੇ ਤੇ ਕੁਦਰਤ ਦੇ ਬਲਵਾਨ ਹੋਣ ਦੀ ਦੁਹਾਈ ਪਾ ਰਹੇ ਸਨ।
ਸੋ ਪਿਆਰੇ ਸਾਥੀਓ, ਕਹਾਣੀ ਵਿਚਲਾ ਜੰਗਲ ਅਸਲ ਵਿੱਚ ਸਾਡਾ ਸੰਸਾਰ ਹੈ ਤੇ ਵੱਖ-ਵੱਖ ਜਾਨਵਰ ਤੇ ਹੋਰ ਪ੍ਰਾਣੀ ਆਦਿ ਸਾਡੇ ਦੇਸ਼ ਹਨ ਜੋ ਹਾਉਮੈਂ ਵੱਸ ਆਪਣੇ ਆਪ ਨੂੰ ਤਾਕਤਵਰ ਦੱਸ ਰਹੇ ਹਨ ਤੇ ਸਾਡੇ ਸੁੰਦਰ ਵਾਤਾਵਰਨ ਨੂੰ ਪਲੀਤ ਕਰ ਰਹੇ ਹਨ। ਆਪਣੇ ਹੰਕਾਰ ਵਿੱਚ ਆਏ ਗੈਰ ਮਨੁੱਖੀ ਕਾਰਜ ਕਰ ਰਹੇ ਹਨ। ਅਸਲ ਵਿੱਚ ਸਾਡੇ ਸਮਾਜਿਕ ਜੀਵਨ ਵਿੱਚ ਵੀ ਇਹੀ ਵਰਤਾਰਾ ਚੱਲ ਰਿਹਾ ਹੈ। ਹਰ ਕੋਈ ਇੱਕ ਦੂਜੇ ਨੂੰ ਨੀਵਾਂ ਵਿਖਾ ਰਿਹਾ ਹੈ। ਪਰ ਜਦੋਂ ਮਨੁੱਖ ਆਪਣੇ ਸੁਆਰਥ ਲਈ ਚੰਗਾ ਮੰਦਾ ਨਹੀਂ ਵੇਖਦਾ ਤਾਂ ਪਰਮਾਤਮਾ ਦੀ ਕੁਦਰਤ ਇਸਤੇ ਕਹਿਰ ਬਣ ਕੇ ਡਿੱਗਦੀ ਹੈ ਤੇ ਮਨੁੱਖ ਨੂੰ ਫਿਰ ਕੁੱਝ ਵੀ ਨਹੀਂ ਸੁੱਝਦਾ ਤੇ ਮਨੁੱਖ ਕੁਦਰਤ ਅੱਗੇ ਆਪਣੇ ਗੋਡੇ ਟੇਕ ਦਿੰਦਾ ਹੈ। ਸੋ ਆਓ ਦੋਸਤੋ, ਆਪਾਂ ਹਾਉਮੈਂ ਵੱਸ ਕਰਤਾ ਬਣਨ ਦੀ ਕੋਸ਼ਿਸ਼ ਨਾ ਕਰੀਏ ਤੇ ਨਿਮਾਣੇ ਬਣ ਕੇ ਰਹੀਏ। ਨਹੀਂ ਤਾਂ ਕਰੋਨਾ ਵਰਗੀਆਂ ਅਲਾਮਤਾਂ ਸਾਨੂੰ ਹਮੇਸ਼ਾ ਪਰੇਸ਼ਾਨ ਕਰਦੀਆਂ ਰਹਿਣਗੀਆਂ।
ਸਰਬਜੀਤ ਸਿੰਘ ਜਿਉਣ ਵਾਲਾ,ਫਰੀਦਕੋਟ
ਮੋਬਾਇਲ -9464412761

...
...

ਜਦੋਂ ਕੋਈ ਸਵਾਲ ਕਿਸੇ ਤੋਂ ਨਾ ਨਿੱਕਲਿਆ ਕਰਦਾ ਤਾਂ ਮੇਰੇ ਕੋਲ ਲਿਆਂਦਾ ਜਾਂਦਾ..ਮੈਂ ਮਿੰਟਾਂ-ਸਕਿੰਟਾਂ ਵਿਚ ਹੀ ਉਸਦਾ ਹੱਲ ਕੱਢ ਅਗਲੇ ਦੇ ਅੱਗੇ ਕਰ ਦਿਆ ਕਰਦੀ..

ਇੱਕ ਦਿਨ ਆਥਣ ਵੇਲੇ ਸਕੂਲੋਂ ਵਾਪਿਸ ਆ ਬਾਹਰ ਲਾਅਨ ਵਿਚ ਬੈਠੀ ਚਾਹ ਪੀ ਰਹੀ ਸਾਂ ਕੇ ਕੋਠੀ ਅਤੇ ਸੜਕ ਵਿਚਕਾਰ ਛੱਡੀ ਖਾਲੀ ਜਗਾ ਤੇ ਡੰਗਰ ਚਾਰਦੀ ਹੋਈ ਇੱਕ ਨਿੱਕੀ ਜਿਹੀ ਕੁੜੀ ਦਿਸ ਪਈ..ਵਾਜ ਮਾਰ ਉਸਨੂੰ ਕੋਲ ਸੱਦ ਲਿਆ..!

“ਬਰਸਾਤਾਂ ਦਾ ਮੌਸਮ ਤੇ ਗਿੱਠ-ਗਿੱਠ ਲੰਮਾ ਘਾਹ..ਸੋ ਸੱਪ ਕੀੜੇ ਪਤੰਗੇ..ਤੂੰ ਨੰਗੇ ਪੈਰੀਂ..ਡਰ ਨੀ ਲੱਗਦਾ ਤੈਨੂੰ”?..ਮੈਂ ਪੁੱਛ ਲਿਆ

“ਨਹੀਂ ਲੱਗਦਾ ਜੀ..ਆਦਤ ਪੈ ਗਈ ਏ ਹੁਣ ਤਾਂ..ਹੱਸਦੀ ਹੋਈ ਨੇ ਅੱਗੋਂ ਜੁਆਬ ਦਿੱਤਾ
“ਸਕੂਲੇ ਨਹੀਂ ਜਾਂਦੀ..ਤੇ ਤੇਰਾ ਨਾਮ ਕੀ ਏ”?
“ਸ਼ੱਬੋ ਏ ਮੇਰਾ ਨਾਮ ਤੇ ਮੈਂ ਸਰਕਾਰੀ ਸਕੂਲੇ ਛੇਵੀਂ ਵਿਚ ਪੜ੍ਹਦੀ ਹਾਂ ਜੀ..ਸਕੂਲੋਂ ਆ ਕੇ ਡੰਗਰ ਚਾਰਨੇ ਪੈਂਦੇ ਨੇ..ਪੱਠਿਆਂ ਜੋਗੇ ਪੈਸੇ ਨੀ ਹੁੰਦੇ ਮੇਰੀ ਬੇਬੇ ਕੋਲ..”
“ਤੇ ਪਿਓ”?
“ਉਹ ਸ਼ਰਾਬ ਪੀ ਕੇ ਮਰ ਗਿਆ ਸੀ ਪਿਛਲੇ ਸਾਲ”

ਏਡੀ ਵੱਡੀ ਗੱਲ ਵੀ ਉਸਨੇ ਹੱਸਦੀ ਹੋਈ ਨੇ ਇੰਝ ਹੀ ਸਹਿ-ਸੁਬਾ ਆਖ ਦਿੱਤੀ ਕੇ ਮੇਰਾ ਵਜੂਦ ਅੰਦਰੋਂ ਝੰਜੋੜਿਆ ਗਿਆ..

“ਮੇਰੇ ਕੋਲ ਕੁਝ ਪੂਰਾਣੀਆਂ ਜੁੱਤੀਆਂ ਚੱਪਲਾਂ ਨੇ..ਕਿਤੇ ਜਾਵੀਂ ਨਾ..ਮੈਂ ਹੁਣੇ ਲੈ ਕੇ ਆਉਂਦੀ ਹਾਂ ਤੇਰੇ ਜੋਗੀਆਂ”
ਮੈਨੂੰ ਅੰਦਰ ਘੜੀ ਲੱਗ ਗਈ..
ਬਾਹਰ ਆਈ ਤਾਂ ਹੋਰ ਵੀ ਕਿੰਨੇ ਸਾਰੇ ਨੰਗੇ ਪੈਰੀ ਬਿਨ ਜੁੱਤੀਓਂ ਤੁਰੇ ਫਿਰਦੇ ਬੱਚਿਆਂ ਦੀ ਭੀੜ ਜਿਹੀ ਲੱਗ ਗਈ…
ਮੈਂ ਸਾਰੇ ਜੋੜੇ ਓਹਨਾ ਅੱਗੇ ਢੇਰੀ ਕਰ ਦਿੱਤੇ..
ਉਹ ਮਿੰਟਾਂ ਸਕਿੰਟਾਂ ਵਿਚ ਹੀ ਆਪੋ-ਆਪਣੇ ਮੇਚੇ ਆਉਂਦੀਆਂ ਪਾ ਕੇ ਹਰਨ ਹੋ ਗਏ..

ਪਰ ਉਹ ਅਜੇ ਵੀ ਪਿੱਛੇ ਜਿਹੇ ਖਲੋਤੀ ਸੀ..
ਮੈਂ ਪੁੱਛਿਆ ਕੇ ਤੂੰ ਕਿਓਂ ਨਹੀਂ ਲਈ ਆਪਣੇ ਜੋਗੀ?
ਅੱਗੋਂ ਆਖਣ ਲੱਗੀ “ਜੀ ਉਹ ਵੀ ਤਾਂ ਸਾਰੇ ਆਪਣੇ ਹੀ ਨੇ..”

ਮੈਂ ਛੇਤੀ ਨਾਲ ਅੰਦਰ ਜਾ ਕੇ ਆਪਣੀ ਨਿੱਕੀ ਧੀ ਵਾਸਤੇ ਲਿਆਂਦਾ ਨਵਾਂ ਨਕੋਰ ਜੋੜਾ ਬਾਹਰ ਲੈ ਆਂਦਾ ਤੇ ਉਸਦੇ ਪੈਰੀ ਪੁਆ ਦਿੱਤਾ..
ਮਨ ਵਿਚ ਸੋਚਿਆ ਬੜਾ ਖੁਸ਼ ਹੋਵੇਗੀ ਪਰ ਉਸ ਨੇ ਉਹ ਵੀ ਲਾਹ ਕੇ ਮੈਨੂੰ ਵਾਪਿਸ ਕਰ ਦਿੱਤਾ ਤੇ ਆਖਣ ਲੱਗੀ “ਜੀ ਕੋਈ ਇਸਤੋਂ ਛੋਟਾ ਵੀ ਹੈ ਤੇ ਦੇ ਦੇਵੋ..”?

“ਉਸਦਾ ਕੀ ਕਰੇਂਗੀ..ਉਹ ਤਾਂ ਤੇਰੇ ਮੇਚ ਵੀ ਨੀ ਆਉਣਾ”..ਮੈਂ ਹੈਰਾਨ ਹੋ ਕੇ ਪੁੱਛਿਆ

“ਜੀ ਮੇਰਾ ਨਿੱਕਾ ਵੀਰ..ਉਸਨੂੰ ਡੰਗਰ ਚਾਰਦੇ ਹੋਏ ਨੂੰ ਤਿੱਖੀਆਂ ਸੂਲਾਂ ਅਤੇ ਲੰਮੇ ਕੰਡੇ ਬੜੇ ਹੀ ਜਿਆਦਾ ਚੁੱਬਦੇ ਨੇ”

ਨਿੰਮਾ-ਨਿੰਮਾ ਹੱਸਦੀ ਹੋਈ ਉਹ ਇੱਕ ਐਸਾ “ਗੁੰਝਲਦਾਰ ਸੁਆਲ” ਬਣ ਮੇਰੇ ਸਾਮਣੇ ਅਡੋਲ ਖਲੋਤੀ ਹੋਈ ਸੀ ਜਿਸਦਾ ਜੁਆਬ ਲੱਭਦੀ ਹੋਈ ਨੂੰ ਸ਼ਾਇਦ ਅੱਜ ਪਹਿਲੀ ਵਾਰ ਇਹ ਇਹਸਾਸ ਹੋਇਆ ਕੇ ਸਕੂਲੋਂ ਬਾਹਰ ਵੱਸਦੀ ਵੱਡੀ ਸਾਰੀ ਦੁਨੀਆ ਨੂੰ ਚਲਾਉਣ ਵਾਲਾ ਕਈ ਵਾਰ ਕਿੱਡੇ ਔਖੇ ਪਰਚੇ ਪਾ ਦਿਆ ਕਰਦਾ ਏ..!

ਹਰਪ੍ਰੀਤ ਸਿੰਘ ਜਵੰਦਾ

...
...

ਜਪੁਜੀ ਖਹਿਰਾ ਅਤੇ ਹਰਭਜਨ ਮਾਨ ਦੀ “ਮਿੱਟੀ ਵਾਜਾਂ ਮਾਰਦੀ”
ਪਤਾ ਨੀ ਉਸ ਦਿਨ ਉਹ ਪਹਿਲਾ ਸ਼ੋ ਸੀ ਕੇ ਦੂਜਾ..
ਅਮ੍ਰਿਤਸਰ ਰਿਆਲਟੋ ਸਿਨੇਮੇ ਦੋ ਟਿਕਟਾਂ ਬੁੱਕ ਕਰਵਾ ਦਿੱਤੀਆਂ..!
ਇਹ ਥੋੜਾ ਨਰਾਜ ਹੋਏ ਅਖ਼ੇ ਮੈਨੂੰ ਪੁੱਛ ਲੈਣਾ ਸੀ..ਪਰ ਮੈਂ ਪ੍ਰਵਾਹ ਨਾ ਕੀਤੀ..ਇਹਨਾਂ ਦਾ ਬਿਜਨਸ ਅਤੇ ਡੀਲਾਂ ਤੇ ਏਦਾਂ ਹੀ ਚੱਲਦੀਆਂ ਰਹਿਣੀਆਂ..!
ਮਿੱਥੇ ਟਾਈਮ ਆਥਣ ਵੇਲੇ ਅੱਪੜ ਸਿਨੇਮੇ ਦੇ ਬਾਹਰ ਮੋਹਨ ਹੋਟਲ ਵਾਲੇ ਪਾਸੇ ਗੱਡੀ ਖੜੀ ਕਰ ਦਿੱਤੀ..!
ਟਿਕਟਾਂ ਵਾਲੀ ਬਾਰੀ ਅਜੇ ਬੰਦ ਸੀ..ਫੇਰ ਵੀ ਕਿੰਨੀ ਸਾਰੀ ਭੀੜ..!

ਕੋਲ ਹੀ ਗੋਲਗੱਪਿਆ ਦੀ ਰੇਹੜੀ ਤੇ ਸਕੂਟਰ ਖਲਿਆਰੀ ਇੱਕ ਨਵਾਂ ਵਿਆਹਿਆ ਜੋੜਾ ਗੋਲਗੱਪੇ ਘੱਟ ਤੇ ਗੱਲਾਂ ਜਿਆਦਾ ਕਰ ਰਿਹਾ ਸੀ..
ਨਾਲਦੀ ਹੌਲੀ ਜਿਹੀ ਕੁਝ ਆਖਦੀ ਤੇ ਫੇਰ ਖਿੜ-ਖਿੜਾ ਕੇ ਹੱਸ ਪਿਆ ਕਰਦੀ..ਕੁਝ ਗੱਲਾਂ ਸਾਫ ਸਾਫ ਸੁਣਾਈ ਦੇ ਰਹੀਆਂ ਸਨ!

ਮੈਨੂੰ ਆਪਣਾ ਵੇਲਾ ਚੇਤੇ ਆ ਗਿਆ..
ਕਦੀ ਡਲਹੌਜੀ ਕਦੀ ਧਰਮਸ਼ਾਲਾ ਤੇ ਕਦੀ ਸ਼ਿਮਲੇ..ਪਤਾ ਹੀ ਨਹੀਂ ਛੇ ਮਹੀਨੇ ਕਿੱਦਾਂ ਨਿੱਕਲ ਗਏ ਸਨ..ਤੇ ਫੇਰ ਮੁੜਕੇ ਕਦੇ ਵੀ ਨਹੀਂ ਆਏ..!
ਮੈਨੂੰ ਮੂੰਹ ਜਿਹਾ ਬਣਾ ਕੇ ਕੋਲ ਬੈਠੇ ਇਹਨਾਂ ਵੱਲ ਵੇਖ ਗੁੱਸਾ ਜਿਹਾ ਚੜੀ ਜਾ ਰਿਹਾ ਸੀ ਅਤੇ ਗੱਲ ਗੱਲ ਤੇ ਹੱਸਦੀ ਹੋਈ ਹਾਸਿਆਂ ਦੀ ਉਸ ਛਹਿਬਰ ਨਾਲ ਥੋੜੀ ਜੈਲਸੀ ਜਿਹੀ ਹੋਣ ਲੱਗ ਪਈ..

ਮਨ ਹੀ ਮਨ ਸੋਚਣ ਲੱਗੀ ਕੇ ਕਿਤੇ ਆਪਣੇ ਕੋਲ ਹੀ ਨਾ ਬੈਠ ਜਾਣ..ਬਕ-ਬਕ ਕਰ ਮਜਾ ਖਰਾਬ ਕਰ ਦੇਣਾ ਸਾਰੀ ਫਿਲਮ ਦਾ..!

ਫੇਰ ਉਸਦੇ ਨਾਲਦੇ ਨੂੰ ਅਚਾਨਕ ਇੱਕ ਫੋਨ ਆਇਆ..
ਉਹ ਚੁੱਪ ਹੋ ਗਿਆ..ਪਰ ਉਹ ਅਜੇ ਵੀ ਬੋਲੀ ਜਾ ਰਹੀ ਸੀ..ਲਗਾਤਾਰ ਹੱਸੀ ਜਾ ਰਹੀ ਸੀ..!
ਉਸਨੂੰ ਚੁੱਪ ਵੇਖ ਪੁੱਛਣ ਲੱਗੀ..”ਕੀ ਹੋਇਆ”..?

ਆਖਣ ਲੱਗਾ ਭੈਣ ਤੇ ਜੀਜਾ..ਕੱਲ ਸੁਵੇਰੇ ਵਾਲੀ ਗੱਡੀ..ਬੀਜੀ ਦਾ ਫੋਨ ਸੀ ਸੌਦਾ ਲੈ ਆਉਣਾ..ਪਰ ਆਪਣੇ ਕੋਲ ਤੇ ਬੱਸ ਏਹੀ ਹਜਾਰ ਰੁਪਈਏ..ਕਿੱਦਾਂ ਕਰੀਏ..ਵੇਖੀਏ ਕੇ ਰਹਿਣ ਦੇਈਏ..?
ਉਹ ਬਿੰਦ ਕੂ ਲਈ ਉਦਾਸ ਹੋ ਗਈ ਪਰ ਫੇਰ ਅਗਲੇ ਹੀ ਪਲ ਪਹਿਲੇ ਵਾਲੇ ਰੋਂ ਵਿਚ ਆਉਂਦੀ ਹੋਈ ਆਖਣ ਲੱਗੀ ਕੋਈ ਨੀ ਫੇਰ ਸਹੀ..ਇਹ ਕਿਹੜੀ ਹਟ ਜਾਣੀ..
ਪਰ ਪਰਤਣ ਤੋਂ ਪਹਿਲਾਂ ਉਸ ਰੇਹੜੀ ਤੋਂ ਚਾਟ ਦੀ ਇੱਕ ਇੱਕ ਪਲੇਟ ਹੋਰ ਹੋ ਜਾਵੇ..

ਨਾਲ ਹੀ ਚੇਹਰੇ ਤੇ ਆਣ ਵਰੇ ਹਾਸੇ ਦੇ ਇੱਕ ਹੋਰ ਜ਼ੋਰਦਾਰ ਛਰਾਟੇ ਨਾਲ ਢਲਦੇ ਸੂਰਜ ਦੀ ਲਾਲੀ ਵਿਚ ਉਸਦਾ ਰੰਗ ਹੋਰ ਵੀ ਗੁਲਾਬੀ ਜਿਹਾ ਹੋ ਗਿਆ..!

ਪਤਾ ਨੀ ਮੇਰੇ ਦਿਲ ਵਿਚ ਕੀ ਆਈ..ਫੋਨ ਕੀਤਾ ਤੇ ਨਾਲ ਹੀ ਡਰਾਈਵਰ ਨੂੰ ਅੰਦਰ ਘੱਲ ਦਿੱਤਾ..!
ਫੇਰ ਚਾਟ ਖਾਂਦਿਆਂ ਓਹਨਾ ਦੋਹਾ ਕੋਲ ਅੱਪੜ ਕੇ ਬੁਲਾ ਲਿਆ ਤੇ ਆਖਣ ਲੱਗੀ ਕੇ “ਆਹ ਦੋ ਟਿਕਟਾਂ ਵਾਧੂ ਨੇ ਆਪਣੇ ਕੋਲ..ਕਿਸੇ ਜੋਗੀਆਂ ਲਈਆਂ ਸਨ ਓਹਨਾ ਦਾ ਕੈਂਸਲ ਹੋ ਗਿਆ..ਜੇ ਤੁਸੀਂ ਵੇਖਣੀ ਏ ਤਾਂ ਲੈ ਲਵੋ..ਵੈਸੇ ਵੀ ਵੇਸ੍ਟ ਹੀ ਜਾਣੀਆਂ..”
ਪਹਿਲੋਂ ਪਹਿਲ ਅਚਾਨਕ ਮਿਲ਼ੀ ਇਸ ਸੌਗਾਤ ਨੂੰ ਵੇਖ ਥੋੜਾ ਜਿਹਾ ਝਿਝਕੇ ਫੇਰ ਅੱਖਾਂ ਹੀ ਅੱਖਾਂ ਵਿਚ ਆਪਸੀ ਰੈ ਜਿਹੀ ਰਲਾਈਂ ਤੇ ਮੁੜ ਚੁੱਪ-ਚੁਪੀਤਾ ਜਿਹਾ ਮਤਾ ਪਕਾ ਦੋਵੇਂ ਟਿਕਟਾਂ ਫੜ ਲਈਆਂ..!

ਯਕੀਨ ਮਨਿਓਂ ਸਾਰੀ ਫਿਲਮ ਦੌਰਾਨ ਪਰਦੇ ਤੇ ਤੁਰੇ ਫਿਰਦੇ “ਜਪੁਜੀ ਖਹਿਰਾ” ਅਤੇ “ਹਰਭਜਨ ਮਾਨ” ਦਿਆਂ ਗੀਤਾਂ ਨਾਲੋਂ ਕੋਲ ਬੈਠੇ ਓਹਨਾ ਦੋਹਾਂ ਦੀਆਂ ਆਪਸੀ ਗੱਲਾਂ ਮੈਨੂੰ ਕਿਤੇ ਵੱਧ ਰੋਮਾਂਟਿਕ ਅਤੇ ਮਿਠੀਆਂ ਲੱਗੀਆਂ..!

ਹਰਪ੍ਰੀਤ ਸਿੰਘ ਜਵੰਦਾ

...
...

ਮੈਂ ਛੱਤ ਤੇ ਪਿਆ ਕਿੰਨੀ ਦੇਰ ਉਪਰ ਤਾਰਿਆਂ ਵੱਲ ਵੇਖਦਾ ਰਹਿੰਦਾ..
ਡੈਡ ਆਖਦਾ ਹੁੰਦਾ ਸੀ ਕੇ ਇਥੋਂ ਜਾਣ ਮਗਰੋਂ ਇਨਸਾਨ ਤਾਰਾ ਬਣ ਜਾਇਆ ਕਰਦਾ..
ਮਾਂ ਦੇ ਨੰਗੇ ਢਿੱਡ ਤੇ ਹੱਥ ਰੱਖ ਮੈਨੂੰ ਝੱਟ ਨੀਂਦ ਆ ਜਾਂਦੀ..
ਪਰ ਜਿੰਨੀ ਦੇਰ ਜਾਗਦਾ ਬੱਸ ਇਹੀ ਸੋਚਦਾ ਰਹਿੰਦਾ..ਘੱਟੋ ਘੱਟ ਇਹ ਤੇ ਮੇਰੇ ਕੋਲ ਹੈ ਹੀ..
ਉਹ ਵੀ ਕੋਲੇ ਪਈ ਚੁੱਪ ਚਾਪ ਸੋਚਦੀ ਰਹਿੰਦੀ..ਪਰ ਮੂਹੋਂ ਕੁਝ ਨਾ ਬੋਲਦੀ!

ਫੇਰ ਇੱਕ ਦਿਨ ਉਸ ਨੇ ਵਿਆਹ ਕਰ ਲਿਆ…
ਕੇ ਪਤਾ ਨੀ ਕਰਾ ਦਿੱਤਾ ਗਿਆ..ਪਰ ਮੈਨੂੰ ਬੜਾ ਗੁੱਸਾ ਚੜਿਆ..
ਪੁੱਤ ਦੇ ਪਿਆਰ ਦੇ ਹੁੰਦਿਆਂ ਉਸਨੂੰ ਬੇਗਾਨੇ ਇਨਸਾਨ ਦੀ ਕੀ ਲੋੜ..!

ਫੇਰ ਸਾਲ ਬਾਅਦ ਮੇਰੀ ਇੱਕ ਭੈਣ ਹੋਈ..
ਥੋੜੀ ਜਿਹੀ ਮੇਰੇ ਵਰਗੀ ਪਰ ਜਦੋਂ ਮਾਂ ਉਸਨੂੰ ਆਪਣਾ ਦੁੱਧ ਚੁੰਗਾਉਂਦੀ ਤਾਂ ਮੈਨੂੰ ਗੁੱਸਾ ਚੜ ਜਾਂਦਾ..

ਇੱਕ ਵਾਰ ਨਿੱਕੀ ਜਿਹੀ ਦੇ ਚੂੰਡੀ ਵੱਡ ਦਿੱਤੀ..
ਉਹ ਬੜਾ ਰੋਈ..ਮਾਂ ਆਖੇ ਕੋਈ ਕੀੜੀ ਵਗੈਰਾ ਲੜ ਗਈ ਹੋਣੀ..!
ਉਸ ਦਾ ਬਾਪ ਮੇਰੀ ਮਾਂ ਨੂੰ ਝਿੜਕਾਂ ਮਾਰਦਾ ਰਹਿੰਦਾ..ਤੈਥੋਂ ਖਿਆਲ ਨਹੀਂ ਰਖਿਆ ਜਾਂਦਾ..ਲਾਪਰਵਾਹ ਸਿਰੇ ਦੀ..!

ਮੈਂ ਵੀ ਅੰਦਰੋਂ ਅੰਦਰੀ ਵਿੱਸ ਘੋਲਦਾ ਰਹਿੰਦਾ..ਉਸਦੀ ਸਿੱਧੀ ਗੱਲ ਦਾ ਵੀ ਪੁੱਠਾ ਜਿਹਾ ਜੁਆਬ ਦਿੰਦਾ..!

ਅਖੀਰ ਇੱਕ ਦਿਨ ਆਪਣੇ ਪੈਰਾਂ ਸਿਰ ਹੋਇਆ ਤਾਂ ਉਸਦੀ ਦੁਨੀਆ ਛੱਡਣ ਦਾ ਮਨ ਬਣਾ ਲਿਆ..
ਸਿੱਧਾ ਨਹੀਂ ਆਖਿਆ ਬੱਸ ਉਸਨੂੰ ਪਤਾ ਲੱਗ ਗਿਆ..
ਉਹ ਬੜਾ ਰੋਈ..ਕਹਿੰਦੀ ਮੇਰਾ ਕੋਈ ਕਸੂਰ ਨਹੀਂ ਸੀ ਇਸ ਸਾਰੇ ਵਿਚ..!
ਪਰ ਮੈਂ ਉਸਦੀ ਇੱਕ ਨਾ ਸੁਣੀ..!

ਅੱਜ ਏਨੇ ਵਰ੍ਹਿਆਂ ਬਾਅਦ ਜਦੋਂ ਖੁਦ ਮੇਰੀ ਨਾਲਦੀ ਨਿੱਕੀ ਜਿਹੀ ਨੂੰ ਛੱਡ ਪੜਨ ਵਿਦੇਸ਼ ਉਡਾਰੀ ਮਾਰ ਗਈ ਤਾਂ ਥੋੜਾ ਅਜੀਬ ਜਿਹਾ ਮਹਿਸੂਸ ਹੋਇਆ..

ਫੇਰ ਉਸਨੇ ਫੋਨ ਕਰਨਾ ਬੰਦ ਕਰ ਦਿੱਤਾ ਤੇ ਫੇਰ ਬਾਹਰੋਂ ਆ ਗਏ ਤਲਾਕ ਦੇ ਪੇਪਰ..!

ਫੇਰ ਜਦੋਂ ਇੱਕਲੇਪਨ ਦਾ ਇਹਸਾਸ ਵੱਡ ਵੱਡ ਖਾਣ ਲੱਗਾ ਤਾਂ ਇੱਕ ਦਿਨ ਚੁੱਪ ਚੁਪੀਤੇ ਹੀ ਇੱਕ ਹੋਰ ਨੂੰ ਸਮੇ ਦਾ ਹਾਣੀ ਮੰਨ ਆਪਣੇ ਵੇਹੜੇ ਆਣ ਬਿਠਾਇਆ..

ਪਰ ਇਸ ਵਾਰ ਮੇਰੇ ਮੋਢੇ ਨਾਲ ਲੱਗੀ ਹੋਈ ਨੇ ਕੋਈ ਗੁੱਸਾ ਨਾ ਕੀਤਾ..
ਉਹ ਬੱਸ ਉੱਪਰ ਵੱਲ ਨੂੰ ਹੀ ਤੱਕਦੀ ਰਹੀ..ਸ਼ਾਇਦ ਤਾਰਿਆਂ ਦੇ ਝੁੰਡ ਵਿਚੋਂ ਕਿਸੇ ਜਿਉਂਦੇ ਜਾਗਦੇ ਆਪਣੇ ਨੂੰ ਲੱਭਦੀ ਹੋਈ..!

ਅੱਜ ਏਨੇ ਵਰ੍ਹਿਆਂ ਬਾਅਦ ਸੈੱਲ ਫੋਨ ਦੀ ਕੰਟੈਕਟ ਲਿਸਟ ਤੇ ਉਂਗਲ ਫੇਰਦਿਆਂ ਮੇਰਾ ਹੱਥ ਪਤਾ ਨਹੀਂ ਕਿਓਂ ਆਪਣੇ ਆਪ ਹੀ ਮਾਂ ਦੇ ਓਸੇ ਪੂਰਾਣੇ ਨੰਬਰ ਤੇ ਆਣ ਟਿਕਿਆ..ਵਕਤ ਨੇ ਮੈਨੂੰ ਕਿੰਨੇ ਸਾਰੇ ਸਵਾਲਾਂ ਦੇ ਜੁਆਬ ਜੂ ਦੇ ਦਿੱਤੇ ਸਨ..!

ਹੁਣ ਅੰਬਰੀ ਤਾਰਾ ਬਣ ਗਿਆ ਮੇਰਾ ਬਾਪ ਅਕਸਰ ਹੀ ਮੇਰੇ ਸੁਫਨਿਆਂ ਵਿਚ ਆ ਜਾਂਦਾ ਏ ਤੇ ਸ਼ਿਵ ਦਾ ਇਹ ਗੀਤ ਸੁਣਾ ਮੁੜ ਅਲੋਪ ਹੋ ਜਾਂਦਾ ਏ ਕੇ..”ਜੋਬਨ ਰੁੱਤੇ ਜੋ ਵੀ ਮਰਦਾ ਫੁੱਲ ਬਣੇ ਜਾਂ ਤਾਰਾ..ਜੋਬਨ ਰੁੱਤੇ ਆਸ਼ਕ ਮਰਦੇ ਜਾਂ ਕੋਈ ਕਰਮਾਂ ਵਾਲਾ”

ਫੇਰ ਮੈਂ ਕਿੰਨੀ ਕਿੰਨੀ ਦੇਰ ਬਸ ਏਹੀ ਗੱਲ ਸੋਚਦਾ ਰਹਿੰਦਾ ਹਾਂ ਕੇ ਜੋਬਨ ਰੁੱਤ ਦੀ ਇਹ ਕੈਸੀ ਆਸ਼ਕੀ ਜਿਹੜੀ ਮੇਰੇ ਵਰਗੇ ਮਗਰ ਰਹਿ ਗਿਆਂ ਨੂੰ ਸਾਰੀ ਉਮਰ ਡਾਹਢੇ ਇਮਤਿਹਾਨਾਂ ਵਿਚੋਂ ਦੀ ਹੀ ਲੰਗਾਉਂਦੀ ਰਹਿੰਦੀ ਏ

ਹਰਪ੍ਰੀਤ ਸਿੰਘ ਜਵੰਦਾ

...
...

ਪੇਕੇ ਜਾਂਦੀ ਦੀ ਬੱਸ ਨਹਿਰ ਵਿਚ ਜਾ ਪਈ ਸੀ..ਮੁੜਕੇ ਰਿਸ਼ਤੇਦਾਰੀ ਨੇ ਜ਼ੋਰ ਪਾ ਕੇ ਡੈਡੀ ਜੀ ਦਾ ਦੂਜਾ ਵਿਆਹ ਕਰ ਦਿੱਤਾ..!

ਨਵੀਂ ਲਿਆਂਧੀ ਉਮਰ ਦੀ ਛੋਟੀ ਸੀ..
ਮਸਾਂ ਵੀਹਾਂ ਦੀ..ਡੈਡ ਓਦੋ ਪੈਂਤੀ ਕੂ ਵਰ੍ਹਿਆਂ ਦਾ ਹੋਵੇਗਾ..!
ਨਵੀਂ ਵੀ ਇਥੇ ਦੂਜੇ ਥਾਂ ਹੀ ਆਈ ਸੀ..ਪਹਿਲੇ ਵਾਲਾ ਦੱਸਦੇ ਵਿਆਹ ਤੋਂ ਮਸੀ ਛੇ ਮਹੀਨੇ ਬਾਅਦ ਹੀ ਪੁਲਸ ਨੇ ਚੁੱਕ ਲਿਆ ਤੇ ਏਧਰ ਓਧਰ ਕਰ ਦਿੱਤਾ ਸੀ..!

ਮੈਨੂੰ ਲੋਕਾਂ ਬੜਾ ਡਰਾਇਆ ਪਰ ਉਹ ਸੁਬਾਹ ਦੀ ਬੜੀ ਚੰਗੀ ਸੀ..
ਪਰ ਪਤਾ ਨੀ ਕਿਓਂ ਮਗਰੋਂ ਛੇਤੀ ਹੀ ਸਾਡੇ ਘਰੇ ਕਲੇਸ਼ ਜਿਹਾ ਰਹਿਣ ਲੱਗ ਪਿਆ..
ਡੈਡੀ ਸ਼ਾਇਦ ਉਸ ਤੇ ਸ਼ੱਕ ਜਿਹਾ ਕਰਿਆ ਕਰਦਾ…
ਮੇਰੇ ਤਾਏ ਜੀ ਦੇ ਮੁੰਡੇ ਉਮਰ ਦੇ ਉਸਦੇ ਹਾਣੀ ਸਨ..ਜਦੋਂ ਵੀ ਉਹ ਕਿਸੇ ਕੰਮ ਸਾਡੇ ਘਰੇ ਆਉਂਦੇ ਤਾਂ ਉਹ ਅੰਦਰੋਂ ਨਾ ਨਿੱਕਲਦੀ..ਡੈਡ ਨੇ ਮਨਾ ਕੀਤਾ ਸੀ..!
ਡੈਡੀ ਜੀ ਕਦੀ-ਕਦੀ ਪੈਲੀਆਂ ਚੋਂ ਕੰਮ ਛੱਡ ਅਚਾਨਕ ਘਰੇ ਆ ਜਾਇਆ ਕਰਦਾ ਤੇ ਫੇਰ ਬਿਨਾ ਕੁਝ ਆਖੇ ਸਾਰੇ ਅੰਦਰ ਫਰੋਲਦਾ..ਉਹ ਓਨੀ ਦੇਰ ਮੁਲਜਮਾਂ ਵਾਂਙ ਖੂੰਜੇ ਲੱਗੀ ਰਹਿੰਦੀ..!

ਦਸਵੀਂ ਵਿਚ ਹੋਈ ਤਾਂ..ਇਹਨਾਂ ਦਾ ਲੜਾਈ ਝਗੜਾ ਵੱਧ ਗਿਆ..ਡੈਡੀ ਮੈਨੂੰ ਆਖਿਆ ਕਰਦਾ ਇਸਦਾ ਖਿਆਲ ਰੱਖਿਆ ਕਰ..
ਪੇਕੇ ਵੀ ਘੱਟ ਵੱਧ ਹੀ ਜਾਣ ਦੀਆ ਕਰਦਾ..ਮੈਨੂੰ ਕਈ ਵਾਰ ਖੂੰਜੇ ਲੱਗ ਕੇ ਰੋਂਦੀ ਤੇ ਬੜਾ ਤਰਸ ਵੀ ਆਉਂਦਾ!

ਡੈਡੀ ਅਕਸਰ ਹੀ ਆਪਣੀ ਦਾਹੜੀ ਰੰਗਿਆ ਕਰਦਾ ਪਰ ਉਸਨੂੰ ਮੂੰਹ ਤੇ ਕੁਝ ਵੀ ਨਾ ਲਾਉਣ ਦਿੰਦਾ..ਆਖਦਾ ਤੂੰ ਹਰ ਸ਼ਿੰਗਾਰ ਕਿਸਨੂੰ ਵਿਖਾਉਣੇ..!

ਉਸਨੇ ਪਤਾ ਨੀ ਆਪਣੇ ਪੇਟੋਂ ਖੁਦ ਦਾ ਜਵਾਕ ਆਪ ਹੀ ਨਹੀਂ ਸੀ ਜੰਮਿਆ ਤੇ ਜਾੰ ਫੇਰ ਡੈਡੀ ਨੇ ਹੀ ਨਹੀਂ ਸੀ ਜੰਮਣ ਦਿੱਤਾ..!
ਉਹ ਮੈਨੂੰ ਤੇ ਮੇਰੇ ਨਿੱਕੇ ਵੀਰ ਨੂੰ ਕਦੀ ਵੀ ਬੇਗਾਨਾ ਨਾ ਸਮਝਦੀ..
ਜਦੋਂ ਕਦੀ ਮੇਰੀ ਪਹਿਲੀ ਮਾਂ ਦਾ ਜਿਕਰ ਛਿੜ ਜਾਂਦਾ ਤਾਂ ਵੀ ਨੱਕ-ਬੁੱਲ ਨਾ ਵੱਟਿਆ ਕਰਦੀ..
ਉਸਦੇ ਪੇਕਿਆਂ ਚੋਂ ਜਦੋਂ ਵੀ ਕੋਈ ਸਾਡੇ ਘਰੇ ਆਉਂਦਾ ਤਾਂ ਸਾਨੂੰ ਅਸਲੀਂ ਦੋਹਤੇ ਦੋਹਤੀ ਵਾਲਾ ਪਿਆਰ ਮਿਲਦਾ..!

ਅਖੀਰ ਹੌਲੀ ਹੌਲੀ ਮੈਂ ਦੋਹਾਂ ਦੇ ਝਗੜੇ ਵਿਚ ਦਖਲ ਦੇਣਾ ਸ਼ੁਰੂ ਕਰ ਦਿੱਤਾ..
ਮੈਂ ਅਕਸਰ ਹੀ ਉਸਦੇ ਵੱਲ ਦੀ ਹੀ ਗੱਲ ਕਰਦੀ ਤਾਂ ਪਿਓ ਨੂੰ ਗੁੱਸਾ ਚੜ ਜਾਂਦਾ..
ਆਖਦਾ ਤੈਨੂੰ ਇਸਦੀ ਅਸਲੀਅਤ ਨਹੀਂ ਪਤਾ..ਤੂੰ ਨਿਆਣੀ ਏ..ਮੈਂ ਅੱਗੋਂ ਦਲੀਲ ਨਾਲ ਆਖਦੀ ਕੇ ਕਾਲਜ ਪੜ੍ਹਦੀ ਹਾਂ ਮੈਨੂੰ ਚੰਗੇ ਬੂਰੇ ਸਭ ਕੁਝ ਦੀ ਸਮਝ ਏ..!
ਫੇਰ ਉਹ ਮੇਰੀ ਅਸਲ ਵਾਲੀ ਨੂੰ ਯਾਦ ਕਰ ਰੋ ਪੈਂਦਾ..ਮੈਨੂੰ ਲੱਗਦਾ ਉਹ ਮੈਨੂੰ ਜਜਬਾਤੀ ਕਰ ਮੈਨੂੰ ਆਪਣੇ ਵੱਲ ਕਰਨਾ ਲੋਚਦਾ ਹੈ..!

ਹੌਲੀ ਹੌਲੀ ਫੇਰ ਉਸਨੇ ਸ਼ਰਾਬ ਪੀਣੀ ਸ਼ੁਰੂ ਕਰ ਦਿੱਤੀ..
ਉਹ ਉਸਨੂੰ ਇੰਝ ਕਰਨੇਂ ਮੋੜਦੀ ਪਰ ਉਹ ਅੱਗਿਓਂ ਗੱਲ ਹੋਰ ਪਾਸੇ ਨੂੰ ਤੋਰ ਲਿਆ ਕਰਦਾ!
ਅਖੀਰ ਸ਼ੱਕ ਏਨਾ ਵੱਧ ਗਿਆ ਕੇ ਇੱਕ ਦਿਨ ਸਿਖਰ ਦੁਪਹਿਰੇ ਸਾਡਾ ਟਰੈਕਟਰ ਮੋੜਨ ਆਇਆ ਗਵਾਂਢੀਆਂ ਦਾ ਸੀਰੀ ਕੁੱਟ ਦਿੱਤਾ..!
ਨਾਲਦਿਆਂ ਦੀ ਮਾਤਾ ਉਚੇਚਾ ਲਾਮਾਂ ਦੇਣ ਆਈ ਕੇ ਰੇਸ਼ਮ ਸਿਆਂ ਕਮਲਾ ਹੋ ਗਿਆ ਏ ਤੂੰ..ਮੱਤ ਮਾਰੀ ਗਈ ਏ ਤੇਰੀ..!

ਅਖੀਰ ਇੱਕ ਦਿਨ ਉਸਦੀ ਵੱਖੀ ਵਿਚ ਪੀੜ ਉਠੀ..
ਸ਼ਹਿਰ ਲੈ ਗਏ..ਓਥੇ ਡਾਕਟਰਾਂ ਦੱਸਿਆ ਕੇ ਲਿਵਰ ਖਰਾਬ ਹੋ ਗਿਆ..!
ਲਾਇਲਾਜ ਬਿਮਾਰੀ ਕਰਕੇ ਮਸੀ ਮਹੀਨਾ ਹੀ ਕੱਢਿਆ ਤੇ ਫੇਰ ਓਹੀ ਹੋਇਆ ਜਿਸਦਾ ਡਰ ਸੀ..!
ਹੁਣ ਮੈਂ ਤੇ ਮੇਰੀ ਮਾਂ ਕੱਲੀਆਂ ਰਹਿ ਗਈਆਂ..ਦੂਜੀ ਮਾਂ ਵੱਲੋਂ ਬਣੀ ਨਾਨੀ ਕਿੰਨੇ ਦਿਨ ਸਾਡੇ ਕੋਲ ਰਹੀ..
ਮੈਨੂੰ ਆਪਣੀ ਅਸਲ ਨਾਨੀ ਬਿਲਕੁਲ ਵੀ ਚੰਗੀ ਨਾ ਲੱਗਦੀ..
ਹਮੇਸ਼ਾਂ ਮੇਰੇ ਕੰਨ ਪਾਉਂਦੀ ਰਹਿੰਦੀ ਕੇ ਇਹਨਾਂ ਸਾਰੀ ਜਮੀਨ ਆਪਣੇ ਪੇਕੇ ਲੈ ਜਾਣੀ ਏ ਤੇ ਤੁਹਾਨੂੰ ਭੁਖਿਆਂ ਮਾਰ ਦੇਣਾ..!
ਪਰ ਮੈਂ ਉਸਦੀ ਗੱਲ ਵੱਲ ਕੋਈ ਬਹੁਤਾ ਧਿਆਨ ਨਾ ਦਿੰਦੀ..!

ਅਖੀਰ ਜਦੋਂ ਮੇਰੇ ਵਿਆਹ ਦੀ ਗੱਲ ਚੱਲੀ ਤਾਂ ਕਿੰਨੇ ਸਾਰੇ ਰਿਸ਼ਤੇ ਆਏ..ਇੱਕ ਰਿਸ਼ਤਾ ਮੇਰੇ ਅਸਲ ਨਾਨਕੇ ਲੈ ਕੇ ਆਏ..ਮੇਰੀ ਮਾਮੀ ਦਾ ਭਤੀਜਾ..ਕੱਲਾ ਕੱਲਾ ਮੁੰਡਾ..ਕਿੰਨੀ ਸਾਰੀ ਜਾਇਦਾਤ ਸੀ..ਸ਼ੈਲਰ,ਆੜ੍ਹਤ ਅਤੇ ਜਮੀਨ ਅਤੇ ਹੋਰ ਵੀ ਬਹੁਤ ਕੁਝ..!

ਪਰ ਸੀ ਮੇਰੇ ਤੋਂ ਕਿੰਨਾ ਵੱਡਾ..ਮੇਰੀ ਦੂਜੀ ਮਾਂ ਅੜ ਗਈ ਅਖ਼ੇ ਮੇਰੀ ਧੀ ਨਾਲੋਂ ਦੱਸ ਸਾਲ ਵੱਡਾ ਏ..ਮੈਂ ਨਹੀਂ ਹੋਣ ਦੇਣਾ..
ਆਖਣ ਲੱਗੀ ਮੈਂ ਨਹੀਂ ਚਾਹੁੰਦੀ ਸ਼ੱਕ ਵਾਲਾ ਤਿੱਖਾ ਖੰਜਰ ਜਿਹੜਾ ਸਾਰੀ ਉਮਰ ਮੈਂ ਆਪਣੇ ਵਜੂਦ ਤੇ ਸਹਿੰਦੀ ਰਹੀ..ਮੇਰੀ ਧੀ ਵੀ ਸਹੇ..!
ਫੇਰ ਮੈਂ ਜਦੋਂ ਝਕਦੀ ਹੋਈ ਨੇ ਆਪਣੀ ਪਸੰਦ ਵੱਲ ਉਂਗਲ ਕਰ ਦਿੱਤੀ ਤਾਂ ਉਸਨੇ ਆਪਣੀ ਜਾਣ ਜੋਖਮ ਵਿਚ ਪਾ ਕੇ ਵੀ ਇਹ ਰਿਸ਼ਤਾ ਤੋੜ ਤੱਕ ਨਿਭਾਉਣ ਵਿਚ ਮੇਰੀ ਪੂਰੀ ਮਦਤ ਕੀਤੀ..!
ਹੁਣ ਸਾਡਾ ਰਿਸ਼ਤਾ ਮਾਂ ਧੀ ਨਾਲੋਂ ਦੋ ਸਹੇਲੀਆਂ ਅਤੇ ਵੱਡੀ-ਨਿੱਕੀ ਭੈਣ ਦਾ ਜਿਆਦਾ ਏ..!

ਸੋ ਦੋਸਤੋ ਇਸ ਦੁਨੀਆ ਵਿਚ ਤਿੜਕੇ ਘੜੇ ਵਾਂਙ ਕੱਚੇ ਦਿਸਦੇ ਕਿੰਨੇ ਸਾਰੇ ਰਿਸ਼ਤੇ ਐਸੇ ਵੀ ਹੁੰਦੇ ਨੇ ਜਿਹੜੇ ਪੱਕਿਆਂ ਨਾਲ਼ੋਂ ਵੀ ਕਿੰਨੇ ਵੱਧ ਮਜਬੂਤ ਸਾਬਤ ਸਿੱਧ ਹੁੰਦੇ ਨੇ..
ਇਹ ਪੱਕੇ ਰਿਸ਼ਤੇ ਅਤੇ ਪੱਕੀਆਂ ਸਾਂਝਾਂ ਸੱਚੇ ਰੱਬ ਵੱਲੋਂ ਉਚੇਚੇ ਤੌਰ ਤੇ ਘੜੀਆਂ ਹੁੰਦੀਆਂ..ਸਿਰਫ ਤੇ ਸਿਰਫ ਆਪਣੇ ਓਹਨਾ ਮਿੱਤਰ ਪਿਆਰਿਆਂ ਲਈ..ਜਿਹੜੇ ਨਫ਼ੇ ਨੁਕਸਾਨ ਦੀ ਪ੍ਰਵਾਹ ਕੀਤੇ ਬਗੈਰ ਹਮੇਸ਼ਾਂ ਸੱਚ ਦਾ ਸਾਥ ਦਿੰਦੇ ਨੇ!

ਹਰਪ੍ਰੀਤ ਸਿੰਘ ਜਵੰਦਾ

...
...

ਡੈਡੀ ਹੁਰਾਂ ਨੇ ਦਾਦੇ ਜੀ ਨੂੰ ਕਦੀ ਵੀ ਡੀਜਲ ਇੰਜਣ ਦੀ ਗਰਾਰੀ ਨਹੀਂ ਸੀ ਘੁਮਾਉਣ ਦਿੱਤੀ..

ਆਖਦੇ ਹਾਰਟ ਦੀ ਕਸਰ ਏ..ਜ਼ੋਰ ਪੈਂਦਾ ਏ..!

ਫੇਰ ਡੈਡੀ ਅਚਾਨਕ ਰਵਾਨਗੀ ਪਾ ਗਏ..ਇੱਕ ਦਿੰਨ ਓਹਨਾ ਮੈਨੂੰ ਦਸਾਂ ਸਾਲਾਂ ਦੀ ਨੂੰ ਉਂਗਲ ਲਾ ਪੈਲੀਆਂ ਵੱਲ ਨੂੰ ਤੋਰ ਲਿਆ..

ਨਿੱਕਾ ਵੀਰ ਮਗਰੇ ਦੌੜਿਆ ਆਇਆ..ਦਾਦੇ ਹੁਰਾਂ ਉਸ ਨੂੰ ਵੀ ਕੁੱਛੜ ਚੁੱਕ ਲਿਆ!

ਉਸ ਵੇਲੇ ਮੈਨੂੰ ਤੁਰੀ ਜਾਂਦੀ ਨੂੰ ਇਹ ਇਹਸਾਸ ਨਹੀਂ ਸੀ ਕੇ ਬੁੱਢੇ ਹੱਡਾਂ ਨੂੰ ਹੁਣ ਮੇਰੇ ਬਾਪ ਦੇ ਫਰਜ ਵੀ ਨਿਭਾਉਣੇ ਪੈਣੇ..!

ਇੰਝਣ ਤੇ ਪੁੱਜ ਓਹਨਾ ਅੰਦਰੋਂ ਗਰਾਰੀ ਚੁੱਕ ਲਿਆਂਧੀ..

ਫੇਰ ਧੁਰੇ ਨਾਲ ਟਿਕਾਈ..ਸਾਡੇ ਦੋਹਾਂ ਵੱਲ ਵੇਖਿਆ ਤੇ ਫੇਰ ਜ਼ੋਰ ਨਾਲ ਘੁਮਾਂ ਦਿੱਤੀ..ਇੰਝਣ ਸਟਾਰਟ ਹੋ ਗਿਆ ਤੇ ਪਾਣੀ ਦੀ ਧਾਰ ਚੁੱਬਚੇ ਵਿਚ ਜਾ ਪਈ..!

ਉਸ ਦਿਨ ਮਗਰੋਂ ਮੈਨੂੰ ਮੇਰਾ ਦਾਦਾ ਜੀ ਹਮੇਸ਼ਾਂ ਖੇਤਾਂ ਵਿਚ ਮਿੱਟੀਓਂ ਮਿੱਟੀ ਹੁੰਦਾ ਦਿਸਿਆ..!

ਫੇਰ ਨਿੱਕੇ ਵੀਰ ਦੀ ਮੰਗਣੀ ਕੀਤੀ ਤਾਂ ਬੜਾ ਖੁਸ਼..

ਪੱਬ ਧਰਤੀ ਤੇ ਨਾ ਲੱਗਣ..ਇੰਝ ਲੱਗਿਆ ਜਿੱਦਾਂ ਬੜੇ ਚਿਰ ਤੋਂ ਸੁੱਕ ਗਏ ਅੰਬ ਦੇ ਬੂਟੇ ਨੂੰ ਬੂਰ ਪੈਣ ਜਾ ਰਿਹਾ ਹੋਵੇ..!

ਅਸੀਂ ਅਗਲਿਆਂ ਤੋਂ ਵਿਆਹ ਮੰਗਦੇ ਪਰ ਅਗਲੇ ਪਾਸਿਓਂ ਗੱਲ ਅਗੇ ਪਈ ਜਾਂਦੀ..ਮੇਰਾ ਵੀਰ ਅਕਸਰ ਕਿਸੇ ਗੱਲੋਂ ਪ੍ਰੇਸ਼ਾਨ ਜਿਹਾ ਦਿਸਦਾ..ਪਰ ਦੱਸਦਾ ਕੁਝ ਨਾ..!

ਫੇਰ ਜ਼ੋਰ ਪਾ ਕੇ ਵਿਆਹ ਕਰ ਦਿੱਤਾ..ਕਿੰਨੇ ਸਾਰੇ ਚਾਅ ਮਲਾਰ..

ਮਾਂ ਨੂੰ ਆਪਣੇ ਜਵਾਨੀ ਵਿਚ ਚਲੇ ਗਏ ਸਿਰ ਦੇ ਸਾਈਂ ਦਾ ਦੁੱਖ ਭੁੱਲ ਜਿਹਾ ਗਿਆ..

ਪਰ ਪਾਣੀ ਵਾਰ ਵੇਹੜੇ ਅੰਦਰ ਲਿਆਂਧੀ ਗਈ ਦੇ ਚੇਹਰੇ ਤੇ ਅਜੀਬ ਜਿਹੇ ਹਾਵ ਭਾਵ..ਹਰ ਵੇਲੇ ਬੱਸ ਗਵਾਚੀ ਗਵਾਚੀ ਜਿਹੀ..!

ਮੇਰੀ ਮਾਂ ਦਖਲ ਨਾ ਦਿੰਦੀ..ਸੋਚਦੀ ਆਪਸੀ ਮਾਮਲਾ ਏ..

ਉਸਦੀਆਂ ਸਾਰੀਆਂ ਕਾਲਾਂ ਵੀਰ ਦੇ ਸੈੱਲ ਤੇ ਆਉਂਦੀਆਂ..ਫੇਰ ਸਾਰਿਆਂ ਨੇ ਜ਼ੋਰ ਦੇ ਕੇ ਬੰਦ ਪਿਆ ਫੋਨ ਚਾਲੂ ਕਰਵਾਇਆ ਤਾਂ ਅੰਦਰੋਂ ਵਿਆਹ ਤੋਂ ਪਹਿਲਾਂ ਦੇ ਕਿੰਨੇ ਸਾਰੇ ਕਿੱਸੇ ਕਹਾਣੀਆਂ ਜਵਾਲਾ ਮੁਖੀ ਦੇ ਲਾਵੇ ਵਾਂਙ ਫੁੱਟ ਬਾਹਰ ਆਣ ਪਏ..!

ਹੁਣ ਉਸ ਕੋਲ ਮੇਰੇ ਵੀਰ ਦੇ ਕਿੰਨੇ ਸਾਰੇ ਸਵਾਲਾਂ ਦਾ ਕੋਈ ਜਵਾਬ ਨਹੀਂ ਸੀ..

ਅਖੀਰ ਤਿੰਨ ਦਿਨਾਂ ਮਗਰੋਂ ਵਾਪਿਸ ਪੇਕੇ ਚਲੀ ਗਈ..ਮੇਰੀ ਮਾਂ ਦੀਆਂ ਆਸਾਂ ਦਾ ਦੀਵਾ ਬੁਝ ਜਿਹਾ ਗਿਆ..!

ਫੇਰ ਇੱਕ ਦਿਨ ਖਬਰ ਮਿਲ਼ੀ..

ਮੈਂ ਸਿੱਧੀ ਹਸਪਤਾਲ ਪਹੁੰਚ ਗਈ..ਉਹ ਅਜੇ ਪੂਰੀ ਹੋਸ਼ ਵਿਚ ਸੀ..ਪਰ ਡਾਕਟਰ ਅੰਦਰ ਗਈ ਸਲਫਾਸ ਬਾਹਰ ਕੱਢਣ ਦੀ ਜੱਦੋਜਹਿਦ ਵਿਚ ਲੱਗੇ ਸਨ..ਮੈਂ ਇਹੋ ਗੱਲ ਪੁੱਛਦੀ ਰਹੀ ਕੇ ਤੂੰ ਇੰਝ ਕਿਓਂ ਕੀਤਾ..ਜੇ ਕੋਈ ਦਗਾ ਦੇ ਜਾਵੇ ਤਾਂ ਜਿੰਦਗੀ ਮੁੱਕ ਥੋੜੀ ਜਾਂਦੀ ਏ..”

ਪਰ ਅਗਲੇ ਦਿਨ ਸਾਨੂੰ ਧੋਖਾ ਦੇ ਗਿਆ..ਵੇਹੜੇ ਲੱਗਾ ਰੁੱਖ ਇੱਕ ਵਾਰ ਫੇਰ ਸੁੱਕ ਗਿਆ..!

ਮਾਂ ਬਹੁਤ ਜਿਆਦਾ ਰੋਈ ਨਹੀਂ ਬੱਸ ਚੁੱਪ ਜਿਹੀ ਕਰ ਗਈ..ਸ਼ਾਇਦ ਇਸ ਸਭ ਕੁਝ ਦੀ ਆਦੀ ਹੋ ਗਈ ਸੀ..

ਪਰ ਮੇਰੇ ਦਾਦੇ ਕੋਲ ਹੁਣ ਆਪਣੇ ਇੰਜਣ ਵਾਲੇ ਬੋਰ ਤੇ ਜਾਣ ਦੀ ਵੀ ਹਿੰਮਤ ਨਹੀਂ..ਬੁੱਢਾ ਹੋ ਗਿਆ ਸੀ ਸ਼ਾਇਦ ਉਹ..

ਮੰਜੇ ਤੇ ਬੇਬਸ ਹੋਇਆ ਬੈਠਾ ਬੱਸ ਅਸਮਾਨ ਤੇ ਫੈਲੇ ਤਾਰਾ ਮੰਡਲ ਵੱਲ ਨੂੰ ਹੀ ਵੇਖੀ ਜਾਂਦਾ..

ਸ਼ਾਇਦ ਸੋਚਦਾ ਸੀ “ਜੋਬਨ ਰੁੱਤੇ ਜੋ ਕੋਈ ਮਰਦਾ ਫੁਲ ਬਣੇ ਜਾਂ ਤਾਰਾ..ਜੋਬਨ ਰੁੱਤੇ ਆਸ਼ਕ ਮਰਦੇ ਜਾਂ ਕੋਈ ਕਰਮਾਂ ਵਾਲਾ”..

ਪਰ ਮੇਰਾ ਵੀਰ ਆਸ਼ਕ ਜਰੂਰ ਸੀ ਪਰ ਕਰਮਾ ਵਾਲਾ ਬਿਲਕੁਲ ਵੀ ਨਹੀਂ..ਜੇ ਹੁੰਦਾ ਤਾਂ ਇੰਝ ਨਾ ਮੁੱਕਦਾ..!

ਵੀਰ ਨੂੰ ਬਾਗਬਾਨੀ ਦਾ ਬਹੁਤ ਸ਼ੌਕ ਸੀ..

ਇੱਕ ਦਿਨ ਅੰਦਰੋਂ ਕਾਹਲੀ ਜਿਹੀ ਪਈ ਤੇ ਉਸਦੇ ਲਾਏ ਕਿੰਨੇ ਸਾਰੇ ਰੁੱਖ ਬੂਟੇ ਸਾਫ ਕਰ ਦਿੱਤੇ..

ਮਗਰੋਂ ਡੂੰਗਾ ਟੋਇਆ ਪੱਟ ਉਸਦੇ ਨਾਮ ਦਾ ਇੱਕ ਬੂਟਾ ਲਾ ਦਿੱਤਾ..ਨਾਮ ਰੱਖ ਦਿੱਤਾ ਜੱਸੀ..!

ਅੱਜ ਖੁਸ਼ ਹਾਂ ਕਿਓੰਕੇ ਜੱਸੀ ਦੀਆਂ ਕਰੂੰਬਲਾਂ ਫੁੱਟੀਆਂ ਨੇ..

ਜੱਸੀ ਦਾ ਇਹ ਮਨਪਸੰਦ ਗੀਤ ਸੁਣਦੀ ਹੋਈ ਉੱਪਰ ਵੱਲ ਨੂੰ ਤੱਕੀ ਜਾ ਰਹੀ ਹਾਂ..”ਬੀਤ ਜਾਣੀਆਂ ਰੁੱਤਾਂ ਹਾਣੀਆਂ..ਜੇ ਨਾ ਮਾਣੀਆਂ ਫੇਰ ਟੋਲਦਾ ਰਵੀਂ..”

ਅਜੇ ਵੀ ਮਨ ਹੀ ਮਨ ਆਖੀ ਜਾ ਰਹੀ ਹਾਂ ਕੇ ਕਮਲਿਆ ਕਾਹਲੀ ਕਰ ਗਿਆਂ..

ਇੱਕ ਵਾਰ ਦਿਲ ਫਰੋਲ ਲੈਂਦਾ ਤਾਂ ਤੈਨੂੰ ਇੰਝ ਕਦੇ ਵੀ ਨਾ ਜਾਣ ਦਿੰਦੀ..ਜੇ ਕੋਈ ਧੋਖਾ ਦੇ ਜਾਵੇ ਤਾਂ ਭਲਾ ਜਿੰਦਗੀ ਥੋੜਾ ਮੁੱਕ ਜਾਇਆ ਕਰਦੀ ਏ !

ਅਸਲ ਬਿਰਤਾਂਤ..ਹਰਪ੍ਰੀਤ ਸਿੰਘ ਜਵੰਦਾ

...
...

ਮੇਰੀ ਡਿਊਟੀ ਸਕਾਉਟ ਕੈਂਪ ਵਿੱਚ ਤਾਰਾਦੇਵੀ (ਸ਼ਿਮਲਾ) ਲੱਗ ਗਈ ਮੇਰੇ ਪਤੀ ਕਹਿਣ ਲੱਗੇ ਇਂਨੀ ਦੂਰ ਜਾਣਾ ਤੇਰੇ ਲਈ ਮੁਸ਼ਕਲ ਹੈ। ਤੂੰ ਨਹੀਂ ਜਾ ਸਕਦੀ। ਡਿਊਟੀ ਤਾਂ ਨਿਭਾਨੀ ਪੈਣੀ ਸੀ। ਮਨ ਵਿੱਚ ਸ਼ਿਮਲਾ ਘੁੰਮਣ ਦਾ ਚਾਅ ਵੀ ਬਹੁਤ ਸੀ। ਕੁਦਰਤ ਦੇ ਸੁੰਦਰ, ਮਨਮੋਹਕ ਨਜ਼ਾਰੇ ਅੱਖਾਂ ਸਾਹਮਣੇ ਘੁੰਮਣ ਲੱਗੇ।
ਪਤੀ ਦੀ ਅਵਾਜ਼ ਨੇ ਮੇਰਾ ਮਨ ਉਦਾਸ ਕਰ ਦਿੱਤਾ, ਤੈਨੂੰ ਪਤਾ ਨਹੀਂ ਸਕਾਉਟਸ ਦਫਤਰ ਪਹਾੜੀ ਦੀ ਗੋਦ ਵਿੱਚ ਬਹੁਤ ਉਚਾਈ ਤੇ ਹੈ। ਤੂੰ ਉੱਥੇ ਪਹੁੰਚ ਨਹੀਂ ਸਕਦੀ। ਤੈਨੂੰ ਡਿਉਟੀ ਕੈਸਲ ਕਰਵਾ ਲੈਣੀ ਚਾਹੀਦੀ ਸੀ। ਪਰ………….ਡਿਉਟੀ ਤਾਂ ਕੱਟੀ ਨਹੀਂ ਗਈ,ਹੁਣ ਜਾਣਾ ਤਾਂ ਪੈਣਾ ਹੀ ਸੀ।
ਦੂਜੇ ਸਕੂਲ ਦੀ ਟੀਚਰ ਦਾ ਫੋਨ ਆਇਆ। ਉਸ ਦੀ ਡਿਊਟੀ ਸਕਾਉਟਸ ਕੈਪ ਵਿੱਚ ਲੱਗੀ ਸੀ। ਸਾਨੂੰ ਦੋਨਾ ਨੂੰ ਇਕ ਦੂਜੇ ਦਾ ਸਹਾਰਾ ਹੋ ਗਿਆ।
ਅਸੀਂ ਤਾਰਾ ਦੇਵੀ ਬਸ ਸਟੈਡ ਪਹੁੰਚ ਗਏ। ਇਕਦਮ ਮੋਸਮ ਨੇ ਮਿਜਾਜ ਬਦਲ ਲਏ ਬਹੁਤ ਤੇਜ਼ ਮੀਂਹ ਪੈਣ ਲੱਗਾ। ਪਹਾੜ ਤੇ ਚੜ੍ਹਨ ਲੱਗੇ ਉਪਰ ਪੈਰ ਰੱਖੀਏ, ਇਵੇ ਲੱਗੇ ਹੇਠਾਂ ਫਿਸਲ ਰਹੇ ਹਾਂ ਸਾਡੇ ਭਾਰੀ ਬੈਗ ਸਾਡੇ ਚੱਲਣ ਵਿੱਚ ਰੁਕਾਵਟ ਬਣ ਰਹੇ ਸਨ। ਉਸ ਸਮੇਂ ਇਕ ਸੁੰਦਰ ਅਧਖੜ੍ਹ ਉਮਰ ਦੀ ਅੌਰਤ ਮਿਲੀ ਜੋ ਮਿੱਠੀ ਅਵਾਜ਼ ਵਿੱਚ ਬੋਲੀ “ਮੈਂ ਆਪਕੀ ਮਦੱਦ ਕਰ ਸਕਤੀ ਹੂ ਮੈਡਮ। “ਉਸ ਇਕੱਲੀ ਅੌਰਤ ਨੇ ਸਾਡੇ ਦੋਨਾਂ ਦੇ ਦੋ-ਦੋ ਬੈਗ ਚੁੱਕ ਲਏ ।ਉਹ ਸਾਡੇ ਤੋਂ ਕਾਫੀ ਅੱਗੇ ਨਿਕਲ ਗਈ ।ਅਸੀਂ ਅਵਾਜ਼ ਦੇ ਕੇ ਰੋਕਿਆ, ਸਾਡੇ ਨਾਲ -ਨਾਲ ਚੱਲੋ।
“ਮੈਂ ਦਸ ਦਸ ਬੈਗ ਲੈਂ ਕੇ ਤੇਜ਼ ਚਾਲ ਸੇ ਪਹਾੜੀਆਂ ਚੜਤੀ ਥੀ ਪੰਦਰਾਂ ਦਿਨ ਪਹਿਲੇ ਮੇਰਾ ਅਪ੍ਰਰੇਸ਼ਨ ਹੂਆ ਅਬ ਚਾਲ ਕਮ ਹੋ ਗਈ। “ਉਸਦਾ ਜੋਸ਼ ਦੇਖਕੇ ਸਾਡਾ ਜੋਸ਼ ਦੁਗਨਾ ਹੋ ਗਿਆ।
ਹਨੇਰਾ ਹੋਣ ਤੋਂ ਪਹਿਲਾਂ ਅਸੀਂ ਸਕਾਉਟਸ ਦਫਤਰ ਪਹੁੰਚ ਗਏ। ਉਸਦੇ ਬਣਦੇ ਪੈਸੇਂ ਦੇ ਕੇ ਉਸਨੂੰ ਵਿਦਾ ਕੀਤਾ। ਉਚੀਆਂ-ਉਚੀਆਂ ਸੁੰਦਰ ਮਨਮੋਹਕ ਪਹਾੜੀਆਂ ਨੇ ਮਨ ਮੋਹ ਲਿਆ।
ਮੋਬਾਇਲ ਦੀ ਬੈਲ ਵੱਜੀ। ਦੇਖਿਆ, ਮੇਰੇ ਪਤੀ ਦੇਵ ਦਾ ਫੋਨ ਸੀ।ਮੈਂ ਹਸਦੇ ਹੋਏ ਕਿਹਾ ,”ਅਸੀਂ ਪਹੁੰਚ ਗਏ।”
“ਹਾਂ ਸੱਚ! ਅੌਰਤਾਂ ਸਰੀਰਕ ਤੌਰ ਤੇ ਮਰਦਾਂ ਤੋ ਕਮਜੋਰ ਹੁੰਦੀਆਂ ਹਨ ਪਰ ਮਾਨਸਿਕ ਤੌਰ ਤੇ ਬਹੁਤ ਮਜਬੂਤ ਹੁੰਦੀਆਂ ਹਨ। ” ਕਹਿੰਦੇ, ਹਸਦੇ ਹੋਏ ਫੋਨ ਬੰਦ ਕਰ ਦਿੱਤਾ।
ਭੁਪਿੰਦਰ ਕੌਰ ਸਢੌਰਾ

...
...

ਮਾਂ ਦੇ ਭੁਲੇਖੇ*
ਭਾਂਡੇ ਮਾਂਝ ਰਹੀ ਸਾਂ ਵੇਹੜੇ ਚ ਬੈਠ ਕੇ ਬਾਹਰੋਂ ਦੋ ਬਾਲੜੀਆਂ ਦੀ ਅਵਾਜ ਆਈ । ਨੀ ਮਾਏ ਸਾਨੂੰ ਦੇ ਲੋੜੀ ਤੇਰੀ ਜੀਵੇ ਜੋੜੀ।
ਅੰਟੀ ਜੀ ਲੋਹੜੀ ਦਿਓ ! ਨਿੱਕੀਆਂ ਨਿੱਕੀਆਂ ਬੱਚੀਆਂ ਨੇ ਅਵਾਜ ਦਿੱਤੀ। ਮੈਂ ਚੁੰਨੀ ਨਾਲ ਹੱਥ ਸਾਫ਼ ਕਰਦੀ ਰਸੋਈ ਵੱਲ ਗਈ ਆਟੇ ਦੀ ਕੌਲੀ ਲਿਆ ਬੱਚੀਆਂ ਨੂੰ ਦਿੱਤੀ ਤੇ ਬੱਚੀਆਂ ਨੂੰ ਕਿਹਾ ! ਕੋਈ ਗੀਤ ਤਾਂ ਸੁਣਾਓ
ਅੰਟੀ ਕਿਹੜਾ ਸੁਣੋਗੇ। ਮੈਂ ਕਿਹਾ ਓ ਸੁਣਾਓ ਜਿਸ ਨਾਲ ਮੈਨੂੰ ਮੇਰਾ ਬਚਪਨ ਯਾਦ ਆ ਜਾਵੇ। ਚੰਗਾ ਅੰਟੀ ਸੁਣੋ
*ਮਾਏ ਨੀ ਮਾਏ*
*ਸੁਣ ਮੇਰੀਏ ਮਾਏ*
*ਤੂੰ ਮੈਥੋਂ ਦੂਰ ਨਾ ਜਾਏ*
*ਮੈਨੂੰ ਯਾਦ ਏ ਉਹ ਸਮਾਂ*
*ਕੁੱਛਰ ਚੁੱਕ ਕੇ ਲਾਡ ਲਡਾਏ*
*ਤੂੰ ਆਵੀਂ ਮੇਰੇ ਸਹੁਰੇ*
*ਤੇਰੀ ਬਹੁਤ ਯਾਦ ਸਤਾਏ*
*ਤੂੰ ਹੀ ਮੇਰਾ ਸਹਾਰਾ ਮਾਂ*
*ਆਪਣੇ ਵੀ ਹੋਏ ਪਰਾਏ*
*ਮਾਏ ਨੀ ਸੁਣ ਮੇਰੀਏ ਮਾਏ*
ਅਜੇ ਏਨਾ ਕੁ ਗਾਣਾ ਹੀ ਬੋਲਿਆ ਸੀ ਮੈਂ ਰੋਂਦੀ ਹੋਈ ਨੇ ਕਿਹਾ ਬਸ ਬਸ ਜਾਓ
ਮੇਰੀਆਂ ਧੀਆਂ ਹੁਣ !!
ਮੈਂ ਓਥੇ ਹੀ ਦਰਵਾਜੇ ਨਾਲ ਬੈਠ ਰੱਬ ਨੂੰ ਕੋਸਣ ਲੱਗੀ । ਕਿਉਂ ਮੇਰੇ ਤੋਂ ਮੇਰੀ ਮਾਂ ਖੋਹੀ ਰੱਬਾ! ਮੈਂ ਤੇਰਾ ਕੀ ਵਿਗਾੜਿਆ ਸੀ। ਕੋਈ ਮੇਰੀ ਸਾਰ ਨਹੀਂ ਲੈਂਦਾ ਭੈਣ ਭਾਈ ਖ਼ਤ ਜਰੂਰ ਭੇਜਦੇ ਪਰ ਮਿਠਾਸ ਨਹੀਂ ਸ਼ਬਦਾਂ ਅੰਦਰ ਜੋ ਮੇਰੀ ਮਾਂ ਦੇ ਸ਼ਬਦਾਂ ਅੰਦਰ ਸੀ ਜੇ ਉਹ ਜਿਉਂਦੀ ਹੁੰਦੀ ਹੁਣ ਨੂੰ ਕਦੇ ਦੀ ਬੱਸੇ ਬੈਠ ਆ ਜਾਣਾ ਸੀ ਤੂੰ ਕਿਉਂ ਖੋਹਿਆ ਮੇਰੀ ਮਾਂ ਨੂੰ ਰੱਬਾ ।
ਮੈਂ ਉਚੀ ਉਚੀ ਬੈਠ ਰੋਈ ਜਾਵਾਂ ਨਾਲ ਬਾਹਰ ਰਸਤਾ ਤੱਕੀ ਜਾਵਾਂ ਗਲੀ ਚ ਆਉਂਦੀਆਂ ਔਰਤਾਂ ਅੱਜ ਵੀ ਮੇਰੀ *ਮਾਂ ਦੇ ਭੁਲੇਖੇ* ਪਾ ਰਹੀਆਂ ਸਨ😢😢😢😢😢
ਨਵਨੀਤ ਸਿੰਘ
9646865500
ਜਿਲ੍ਹਾ ਗੁਰਦਾਸਪੁਰ

...
...

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)