ਕੁਦਰਤ

6

ਇੱਕ ਵਾਰੀ ਜੰਗਲ ਵਿੱਚ ਸਾਰੇ ਜਾਨਵਰਾਂ ਨੇ ਇਕੱਠ ਕੀਤਾ ਕਿ ਆਪਣੇ ਜੰਗਲ ਦਾ ਵਾਤਾਵਰਨ ਕੁੱਝ ਸ਼ਰਾਰਤੀ ਜਾਨਵਰ ਖਰਾਬ ਕਰ ਰਹੇ ਹਨ। ਆਪਾਂ ਨੂੰ ਇਸ ਪ੍ਰਤੀ ਗੰਭੀਰ ਹੋਣ ਦੀ ਲੋੜ ਹੈ। ਨਹੀਂ ਤਾਂ ਸਾਡਾ ਰਹਿਣਾ ਇੱਥੇ ਮੁਸ਼ਕਲ ਹੋ ਜਾਵੇਗਾ। ਸਾਡੇ ਵਿੱਚੋਂ ਕਿਸੇ ਇੱਕ ਤਾਕਤਵਾਰ ਜਾਨਵਰ ਨੂੰ ਇਸ ਜੰਗਲ ਦੀ ਕਮਾਂਡ ਸੋਂਪ ਦੇਣੀ ਚਾਹੀਦੀ ਹੈ ਜੋ ਸ਼ਰਾਰਤੀ ਅਨਸਰਾਂ ਨੂੰ ਮਿਲ ਕੇ ਠੱਲ੍ਹ ਪਾਵੇਗਾ। ਪਰ ਮੁਖੀ ਦੀ ਚੋਣ ਸ਼ਕਤੀ ਪ੍ਰਦਰਸ਼ਨ ਦੇ ਆਧਾਰ ਤੇ ਹੋਵੇਗੀ। ਸਭ ਤੋਂ ਪਹਿਲਾਂ ਸ਼ੇਰ ਨੂੰ ਸੱਦਾ ਦਿੱਤਾ ਗਿਆ। ਸ਼ੇਰ ਕਹਿੰਦਾ ਕਿ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਮੈਂ ਸਭ ਤੋਂ ਵੱਧ ਤਾਕਤਵਰ ਹਾਂ। ਮੈਨੂੰ ਮੁਖੀ ਬਣਨ ਦਾ ਅਵਸਰ ਦਿੱਤਾ ਜਾਵੇ। ਪਰ ਜੰਗਲੀ ਮੱਝਾਂ ਮਿਲ ਕੇ ਮੈਨੂੰ ਡਰਾ ਦਿੰਦੀਆਂ ਹਨ, ਪਹਿਲਾਂ ਇਹਨਾਂ ਨੂੰ ਰੋਕਿਆ ਜਾਵੇ। ਸਭ ਸ਼ੇਰ ਦੀ ਕਮਜੋਰੀ ਸਮਝ ਕੇ ਚੀਤੇ ਨੂੰ ਅੱਗੇ ਆਉਣ ਲਈ ਕਹਿਣ ਲੱਗੇ। ਚੀਤੇ ਨੇ ਵੀ ਆਪਣੀ ਤਾਕਤ ਦੀ ਨੁਮਾਇਸ਼ ਕੀਤੀ ਪਰ ਸਾਰਿਆਂ ਦੀ ਸਹਿਮਤੀ ਨਾ ਬਣੀ। ਇਸੇ ਤਰ੍ਹਾਂ ਸੱਪ,ਭਾਲੂ,ਗੇਡਾਂ,ਮਗਰਮੱਛ,ਕੁੱਤੇ ਤੇ ਹੋਰ ਵੱਡੇ-ਛੋਟੇ ਜਾਨਵਰਾਂ ਨੇ ਆਪਣੀ ਤਾਕਤ ਜਤਾਈ। ਅਖੀਰ ਵਿੱਚ ਇੱਕ ਹੰਕਾਰਿਆ ਹਾਥੀ ਚਿੱਕੜ ਨਾਲ ਲੱਥਪੱਥ ਆਪਣੇ ਲੇਟ ਆਉਣ ਦਾ ਕਾਰਨ ਦੱਸ ਕੇ ਆਪਣੀ ਦਾਅਵੇਦਾਰੀ ਜਿਤਾਉਣ ਲੱਗਿਆ ਕਿ ਮੈਂ ਵੱਡੇ-ਵੱਡੇ ਦਰੱਖਤਾਂ ਨੂੰ ਜੜ੍ਹੋਂ ਉਖਾੜ ਸਕਦਾ ਹਾਂ ਤੇ ਇਹਨਾਂ ਜੰਗਲੀ ਜਾਨਵਰਾਂ ਦੀ ਮੇਰੇ ਸਾਹਮਣੇ ਕੀ ਹਸਤੀ ਹੈ? ਮੈਨੂੰ ਜੰਗਲ ਦਾ ਮੁਖੀ ਬਣਾਇਆ ਜਾਵੇ। ਸਾਰੇ ਪਾਸੇ ਸੰਨਾਟਾ ਤੇ ਚੁੱਪ ਪਸਰ ਗਈ। ਕੋਈ ਵੀ ਬੋਲਣ ਨੂੰ ਤਿਆਰ ਨਹੀਂ ਸੀ। ਕਾਫੀ ਚਿਰ ਬਾਅਦ ਇੱਕ ਛੋਟਾ ਜਿਹਾ ਸਿਆਣਾ ਖਰਗੋਸ਼ ਬੋਲਿਆ ਕਿ ਜੇ ਤੂੰ ਐਡਾ ਹੀ ਤਾਕਤਵਾਰ ਹੈ ਤਾਂ ਉਹ ਦੂਰ ਖੜ੍ਹੇ ਦੋ ਸੌ ਸਾਲ ਪੁਰਾਣੇ ਦੂਰ ਤੱਕ ਫੈਲੇ ਹੋਏ ਬੋਹੜ ਦੇ ਵੱਡੇ ਸਾਰੇ ਦਰੱਖਤ ਨੂੰ ਪੁੱਟ ਕੇ ਵਿਖਾ। ਛੋਟੇ ਖਰਗੋਸ਼ ਦੀ ਗੱਲ ਸੁਣ ਕੇ ਹਾਥੀ ਪਸੀਨੋ ਪਸੀਨੀ ਹੋ ਗਿਆ। ਅਸਮਾਨ ਤੇ ਬੱਦਲ ਛਾਏ ਹੋਏ ਸਨ। ਦੁਚਿੱਤੀ ਵਿੱਚ ਪਿਆ...

ਹਾਥੀ ਜਦੋਂ ਬੋਹੜ ਦੇ ਦਰੱਖਤ ਵੱਲ ਨੂੰ ਜਾਣ ਲੱਗਿਆ ਤਾਂ ਸਾਰੇ ਜੰਗਲੀ ਜਾਨਵਰ ਹੈਰਾਨ ਸਨ ਤੇ ਹਾਥੀ ਤੋਂ ਤੁਰਿਆ ਨਹੀਂ ਜਾ ਰਿਹਾ ਸੀ। ਹਾਥੀ ਤੇ ਦੂਜੇ ਜਾਨਵਰਾਂ ਨੇ ਬੋਹੜ ਦੇ ਦਰੱਖਤ ਬਾਰੇ ਆਪਣੇ ਬਜ਼ੁਰਗਾਂ ਤੋਂ ਸੁਣਿਆ ਸੀ ਕਿ ਇਹ ਸਾਡੇ ਤੋਂ ਵੀ ਬਹੁਤ ਪਹਿਲਾਂ ਦਾ ਹੈ ਤੇ ਇਸਦੇ ਫੈਲਾਅ ਬਾਰੇ ਕਿਸੇ ਨੂੰ ਵੀ ਨਹੀਂ ਪਤਾ ਕਿ ਇਹ ਕਿੰਨਾਂ ਵੱਡਾ ਹੈ? ਹਾਥੀ ਅੰਦਰੋਂ ਆਪਣੀ ਹਾਰ ਮੰਨ ਚੁੱਕਾ ਸੀ ਤੇ ਘਬਰਾਹਟ ਵਿੱਚ ਸੀ। ਸਾਰਿਆਂ ਨੂੰ ਪਤਾ ਸੀ ਕਿ ਇਹ ਹਾਥੀ ਦੇ ਵੱਸ ਦੀ ਗੱਲ ਨਹੀ। ਅਚਾਨਕ ਪਰਮਾਤਮਾ ਦੀ ਕੁਦਰਤੀ ਸ਼ਕਤੀ ਅਸਮਾਨੀ ਬਿਜਲੀ ਗੜਗੜ ਕਰਕੇ ਬੋਹੜ ਦੇ ਦਰੱਖਤ ਤੇ ਡਿੱਗੀ ਤੇ ਸਾਰਾ ਬੋਹੜ ਪਲ ਵਿੱਚ ਢੈਅ ਢੇਰੀ ਕਰ ਦਿੱਤਾ। ਸਾਰੇ ਜਾਨਵਰ ਬਿਜਲੀ ਦੇ ਖੜਾਕ ਸੁਣ ਕੇ ਭੱਜੇ ਜਾ ਰਹੇ ਤੇ ਕੁਦਰਤ ਦੇ ਬਲਵਾਨ ਹੋਣ ਦੀ ਦੁਹਾਈ ਪਾ ਰਹੇ ਸਨ।
ਸੋ ਪਿਆਰੇ ਸਾਥੀਓ, ਕਹਾਣੀ ਵਿਚਲਾ ਜੰਗਲ ਅਸਲ ਵਿੱਚ ਸਾਡਾ ਸੰਸਾਰ ਹੈ ਤੇ ਵੱਖ-ਵੱਖ ਜਾਨਵਰ ਤੇ ਹੋਰ ਪ੍ਰਾਣੀ ਆਦਿ ਸਾਡੇ ਦੇਸ਼ ਹਨ ਜੋ ਹਾਉਮੈਂ ਵੱਸ ਆਪਣੇ ਆਪ ਨੂੰ ਤਾਕਤਵਰ ਦੱਸ ਰਹੇ ਹਨ ਤੇ ਸਾਡੇ ਸੁੰਦਰ ਵਾਤਾਵਰਨ ਨੂੰ ਪਲੀਤ ਕਰ ਰਹੇ ਹਨ। ਆਪਣੇ ਹੰਕਾਰ ਵਿੱਚ ਆਏ ਗੈਰ ਮਨੁੱਖੀ ਕਾਰਜ ਕਰ ਰਹੇ ਹਨ। ਅਸਲ ਵਿੱਚ ਸਾਡੇ ਸਮਾਜਿਕ ਜੀਵਨ ਵਿੱਚ ਵੀ ਇਹੀ ਵਰਤਾਰਾ ਚੱਲ ਰਿਹਾ ਹੈ। ਹਰ ਕੋਈ ਇੱਕ ਦੂਜੇ ਨੂੰ ਨੀਵਾਂ ਵਿਖਾ ਰਿਹਾ ਹੈ। ਪਰ ਜਦੋਂ ਮਨੁੱਖ ਆਪਣੇ ਸੁਆਰਥ ਲਈ ਚੰਗਾ ਮੰਦਾ ਨਹੀਂ ਵੇਖਦਾ ਤਾਂ ਪਰਮਾਤਮਾ ਦੀ ਕੁਦਰਤ ਇਸਤੇ ਕਹਿਰ ਬਣ ਕੇ ਡਿੱਗਦੀ ਹੈ ਤੇ ਮਨੁੱਖ ਨੂੰ ਫਿਰ ਕੁੱਝ ਵੀ ਨਹੀਂ ਸੁੱਝਦਾ ਤੇ ਮਨੁੱਖ ਕੁਦਰਤ ਅੱਗੇ ਆਪਣੇ ਗੋਡੇ ਟੇਕ ਦਿੰਦਾ ਹੈ। ਸੋ ਆਓ ਦੋਸਤੋ, ਆਪਾਂ ਹਾਉਮੈਂ ਵੱਸ ਕਰਤਾ ਬਣਨ ਦੀ ਕੋਸ਼ਿਸ਼ ਨਾ ਕਰੀਏ ਤੇ ਨਿਮਾਣੇ ਬਣ ਕੇ ਰਹੀਏ। ਨਹੀਂ ਤਾਂ ਕਰੋਨਾ ਵਰਗੀਆਂ ਅਲਾਮਤਾਂ ਸਾਨੂੰ ਹਮੇਸ਼ਾ ਪਰੇਸ਼ਾਨ ਕਰਦੀਆਂ ਰਹਿਣਗੀਆਂ।
ਸਰਬਜੀਤ ਸਿੰਘ ਜਿਉਣ ਵਾਲਾ,ਫਰੀਦਕੋਟ
ਮੋਬਾਇਲ -9464412761

Leave A Comment!

(required)

(required)


Comment moderation is enabled. Your comment may take some time to appear.

Comments

One Response

  1. Kaka cheema

    00966583713958

Like us!