Posts Uploaded By ਬੱਚਿਆਂ ਦੀਆਂ ਕਹਾਣੀਆਂ

Sub Categories

ਪਾਰਕ ਦੇ ਚੱਕਰ ਲਾ ਕੇ ਜਦੋਂ ਨੁੱਕਰ ਵਾਲੇ ਬੈਂਚ ਤੇ ਸਾਹ ਲੈਣ ਬੈਠਦਾ ਤਾਂ ਉਹ ਦੋਵੇਂ ਮੈਨੂੰ ਲਾਗੇ ਹੀ ਲਾਏ ਕੂੜੇ ਦੇ ਢੇਰ ਵਿਚੋਂ ਪਲਾਸਟਿਕ ਚੁਗਦੀਆਂ ਹੋਈਆਂ ਅਕਸਰ ਹੀ ਦਿਸ ਪਿਆ ਕਰਦੀਆਂ..!
ਹੌਲੀ ਜਿਹੀ ਉਮਰ ਵਾਲੀ ਦਾ ਨਾਮ “ਭੋਲੀ” ਸੀ ਤੇ ਦੂਜੀ ਸ਼ਾਇਦ “ਹਰਨਾਮੋੰ”..ਉਮਰ ਚਾਲੀ ਕੂ ਸਾਲ..!

ਇੱਕ ਦਿਨ ਹਰਨਾਮੋ ਕੋਲ ਖਲੋਤੀ ਭੋਲੀ ਨੂੰ ਆਖਣ ਲੱਗੀ..
“ਅੜੀਏ ਜੇ ਕਿਧਰੇ ਕੋਈ ਮੂੰਹ-ਮੱਥੇ ਲੱਗਦੀ ਚਾਹ ਵਾਲੀ ਥਰਮਸ ਦਿਸ ਪਵੇ ਤਾਂ ਵੱਖਰੀ ਕਰ ਕੇ ਰੱਖ ਲਵੀਂ..ਵੱਡੇ ਨੂੰ ਚਾਹੀਦੀ ਏ..ਦਸਵੀਂ ਦੇ ਪੇਪਰਾਂ ਦੀ ਤਿਆਰੀ ਕਰਦਾ ਘੜੀ-ਘੜੀ ਚਾਹ ਗਰਮ ਕਰ ਕਰ ਕਮਲਾ ਹੋ ਜਾਂਦਾ ਏ..ਇੱਕ ਵਾਰ ਇੱਕਠੀ ਬਣਾ ਕੇ ਧਰ ਆਇਆ ਕਰਾਂਗੀ”

ਮੈਂ ਸੋਚਣ ਲੱਗਾ ਕੇ ਆਪਣੇ ਘਰੇ ਕਈ ਥਰਮਸਾਂ ਵਾਧੂ ਤਾਂ ਪਈਆਂ ਹੀ ਨੇ..ਇੱਕ ਲਿਆ ਕੇ ਦੇ ਦੇਵਾਂਗਾ..
ਫੇਰ ਖਿਆਲ ਆਇਆ ਕੇ ਜੇ ਕਿਸੇ ਤੰਗ ਨਜਰੀਏ ਵਾਲੇ ਨੇ ਇੰਝ ਕਰਦਿਆਂ ਵੇਖ ਲਿਆ ਤਾਂ ਪਤਾ ਨੀ ਕੀ ਸੋਚੇ..
ਉੱਤੋਂ ਕਈ ਵਾਰ ਸਵੈ-ਮਾਣ ਦੇ ਲੋਰ ਵਿਚ ਆਏ ਹੋਏ ਇਹ ਮਿਹਨਤਕਸ਼ ਲੋਕ ਏਦਾਂ ਦਿੱਤੀ ਹੋਈ ਚੀਜ ਦਾ ਬੁਰਾ ਵੀ ਮਨਾ ਲਿਆ ਕਰਦੇ ਨੇ..!

ਅਗਲੇ ਦਿਨ ਮੂੰਹ-ਹਨੇਰੇ ਨਵੀਂ ਨਕੋਰ ਥਰਮਸ ਲਫਾਫੇ ਵਿਚ ਪਾਈ ਤੇ ਓਹਲੇ ਜਿਹੇ ਨਾਲ ਆ ਕੂੜੇ ਦੇ ਢੇਰ ਤੇ ਰੱਖ ਦਿੱਤੀ..
ਫੇਰ ਮਨ ਹੀ ਮਨ ਅਰਦਾਸ ਕਰਨ ਲੱਗਾ ਕੇ ਭੋਲੀ ਤੇ ਹਰਨਾਮੋੰ ਦੀ ਜੋੜੀ ਤੋਂ ਪਹਿਲਾਂ ਕੋਈ ਹੋਰ ਹੀ ਨਾ ਆ ਕੇ ਚੁੱਕ ਲੈ ਜਾਵੇ..!
ਫੇਰ ਘੜੀ ਕੂ ਮਗਰੋਂ ਭੋਲੀ ਤਾਂ ਦਿਸ ਪਈ..ਪਰ ਹਰਨਾਮ ਕੌਰ ਕਿਧਰੇ ਵੀ ਨਜਰ ਨਾ ਆਈ..!
ਫੇਰ ਅਚਾਨਕ ਕੂੜਾ ਫਰੋਲਦੀ ਭੋਲੀ ਨੇ ਓਥੇ ਰੱਖੀ ਉਹ ਥਰਮਸ ਵੇਖੀ..
ਬਿੰਦ ਕੂ ਲਈ ਏਧਰ ਓਧਰ ਵੇਖਿਆ..ਕੁਝ ਸੋਚਿਆ ਅਤੇ ਫੇਰ ਛੇਤੀ ਨਾਲ ਚੁੱਕ ਝੋਲੇ ਵਿਚ ਪਾ ਲਈ..!

ਮੈਨੂੰ ਆਪਣੀ ਬਣੀ ਬਣਾਈ ਸਕੀਮ ਤੇ ਪਾਣੀ ਫਿਰਦਾ ਨਜਰ ਆਉਣ ਲੱਗਾ..!

ਮਨ ਹੀ ਮਨ ਸੋਚਣ ਲੱਗਾ ਕੇ ਜਿਸਦੀ ਅਮਾਨਤ ਸੀ..ਪਤਾ ਨੀ ਉਸ ਕੋਲ ਪੁੱਜਦੀ ਵੀ ਹੈ ਕੇ ਨਹੀਂ..
ਖੈਰ ਮੇਰੇ ਬੈਠਿਆਂ-ਬੈਠਿਆਂ ਹੀ ਹਰਨਾਮੋੰ ਵੀ ਓਥੇ ਆ ਗਈ..ਭੋਲੀ ਨੇ ਝੱਟਪੱਟ ਹੀ ਉਹ ਥਰਮਸ ਆਪਣੇ ਝੋਲੇ ਵਿਚੋਂ ਕੱਢ ਉਸਦੇ ਹਵਾਲੇ ਕਰ ਦਿੱਤੀ..ਆਪਸ ਵਿਚ ਕੁਝ ਗੱਲਾਂ ਕੀਤੀਆਂ ਤੇ ਫੇਰ ਦੋਵੇਂ ਖਿੜ-ਖਿੜਾ ਕੇ ਹੱਸ ਪਈਆਂ..!

ਥਰਮਸ ਫੜਦੀ ਹੋਈ ਹਰਨਾਮ ਕੌਰ ਦੇ ਚੇਹਰੇ ਦੇ ਭਾਵ ਕੁਝ ਏਦਾਂ ਦੇ ਸਨ ਜਿੱਦਾਂ ਉਸਨੂੰ ਕੋਈ ਕੋਹੇਨੂਰ ਹੀਰਾ ਲੱਭ ਗਿਆ ਹੋਵੇ..!

ਕਾਫੀ ਅਰਸੇ ਮਗਰੋਂ ਇੱਕ ਦਿਨ ਖੁਸ਼ੀ ਵਿਚ ਖੀਵੀ ਹੁੰਦੀ ਹੋਈ ਹਰਨਾਮ ਕੌਰ ਨੂੰ ਜਦੋਂ ਇਹ ਆਖਦਿਆਂ ਸੁਣਿਆ ਕੇ “ਪੁੱਤ ਦੀ ਮਿਹਨਤ ਰੰਗ ਲਿਆਈ ਏ” ਤਾਂ ਇੰਝ ਮਹਿਸੂਸ ਹੋਇਆ ਜਿੱਦਾਂ ਉਸਦਾ ਮੁੰਡਾ ਹੀ ਨਹੀਂ ਸਗੋਂ ਮੈਂ ਖੁਦ ਵੀ ਜਿੰਦਗੀ ਦੇ ਕਿਸੇ ਔਖੇ ਜਿਹੇ ਇਮਤਿਹਾਨ ਵਿਚੋਂ ਪੂਰੇ ਨੰਬਰ ਲੈ ਕੇ ਪਾਸ ਹੋ ਗਿਆ ਹੋਵਾਂ..

ਨਾਲ ਹੀ ਕੁੜੇ ਦਿਆਂ ਢੇਰਾਂ ਤੇ ਵੱਡੀ ਸਾਰੀ ਕਬੀਲਦਾਰੀ ਦੇ ਸੁਫ਼ਨੇ ਬੁਣਦੀਆਂ ਦੋ ਸੋਨ-ਪਰੀਆਂ ਵੇਖ ਸੰਤ ਰਾਮ ਉਦਾਸੀ ਦੇ ਇਹ ਬੋਲ ਵੀ ਚੇਤੇ ਆ ਗਏ ਕੇ “ਮੱਘਦਾ ਰਹੀਂ ਵੇ ਸੂਰਜਾ ਕੰਮੀਆਂ ਦੇ ਵੇਹੜੇ”..

ਹਰਪ੍ਰੀਤ ਸਿੰਘ ਜਵੰਦਾ

...
...

ਪੂਰੇ ਅਠਾਰਾਂ ਵਰੇ ਪਹਿਲਾਂ..
ਚੰਗੀ ਤਰਾਂ ਯਾਦ ਹੈ ਅੱਧੀ ਰਾਤ ਨੂੰ ਡਾਕਟਰਾਂ ਤੇ ਨਰਸਾਂ ਦੀਆਂ ਅਵਾਜਾਂ ਗੂੰਜ ਰਹੀਆਂ ਸਨ..
“ਬੱਸ ਥੋੜੀ ਦੇਰ ਹੋਰ..ਹਿੰਮਤ ਰੱਖ ਧੀਏ”
ਫੇਰ ਵੱਡਾ ਸਾਰਾ ਜਵਾਰਭਾਟਾ ਆਇਆ ਤੇ ਅਗਲੇ ਹੀ ਪਲ ਇਹ ਮੇਮਣਾ ਮੇਰੇ ਸਾਮਣੇ ਅਚੇਤ ਪਿਆ ਸੀ..!

ਮੈਂ ਪੀੜਾਂ ਦੇ ਸਮੁੰਦਰ ਵਿਚੋਂ ਬਾਹਰ ਆ ਚੁਕੀ ਸਾਂ..ਬੈੱਡ ਕੋਲ ਪਏ ਸ਼ੀਸ਼ੇ ਦੇ ਬਕਸੇ ਵਿਚ ਵੱਡੇ ਸਾਰੇ ਬਲਬ ਦੀ ਗਰਮੀ ਹੇਠ ਸਥਿਰ ਪਿਆ ਉਹ ਪਤਾ ਨਹੀਂ ਰੋ ਕਿਓਂ ਨਹੀਂ ਸੀ ਰਿਹਾ?

ਮੈਨੂੰ ਬੇਅਕਲੀ ਨੂੰ ਏਨਾ ਵੀ ਨਹੀਂ ਸੀ ਪਤਾ ਕੇ ਇਹ ਵਾਕਿਆ ਹੀ ਖਤਰੇ ਵਾਲੀ ਗੱਲ ਸੀ..
ਕੋਲ ਹੀ ਹੁੰਦੀ ਨੱਸ ਭੱਜ ਦੇ ਦੌਰਾਨ ਬਾਹਰੋਂ ਮਾਂ ਦੇ ਰੋਣ ਦੀ ਅਵਾਜ ਕੰਨੀ ਪਈ..ਮੇਰਾ ਵੀ ਰੋਣ ਨਿੱਕਲ ਗਿਆ..ਪੱਕਾ ਕੋਈ ਅਣਹੋਣੀ ਹੋ ਗਈ ਹੋਣੀ!

ਫੇਰ ਵਾਹਿਗੁਰੂ ਦੀ ਮੇਹਰ ਹੋਈ..ਉਹ ਸਤਮਹਿਆਂ ਜੰਮ ਪਿਆ ਅਚਾਨਕ ਹੀ ਉਚੀ ਸਾਰੀ ਰੋ ਪਿਆ ਤੇ ਬਾਕੀ ਸਾਰੀਆਂ ਦੀ ਜਾਨ ਵਿਚ ਜਾਨ ਆ ਪਈ..!

ਮੈਂ ਸਾਰੀ ਰਾਤ ਰੋਂਦੇ ਹੋਏ ਨੂੰ ਸੁਣ ਸੁਖਾਂ ਮੰਗਦੀ ਰਹੀ..ਅਰਦਾਸਾਂ ਕਰਦੀ ਰਹੀ..ਪਰ ਸ਼ਰਮ ਦੀ ਮਾਰੀ ਉਸਨੂੰ ਘੜੀ ਪਲ ਲਈ ਵੀ ਆਪਣੀ ਝੋਲੀ ਪਾਉਣ ਲਈ ਮੰਗ ਨਾ ਸਕੀ..!

ਫੇਰ ਦਿਨ ਚੜੇ ਜਦੋਂ ਮਾਂ ਨੇ ਉਸਨੂੰ ਹੌਲੀ ਜਿਹੀ ਮੇਰੇ ਨਾਲ ਪਾਇਆ ਤਾਂ ਇੰਝ ਲੱਗਾ ਜਿੱਦਾਂ ਸੱਤਾਂ ਜਹਾਨਾਂ ਦੀਆਂ ਸਾਰੀਆਂ ਖੁਸ਼ੀਆਂ ਮੇਰੇ ਵਜੂਦ ਵਿਚ ਸਮੋ ਗਈਆਂ ਹੋਣ!

ਫੇਰ ਛੇਵੀਂ ਜਮਾਤ ਤੱਕ ਉਸਨੂੰ ਮੇਰੇ ਢਿਡ੍ਹ ਤੇ ਹੱਥ ਰੱਖੇ ਬਗੈਰ ਨੀਂਦਰ ਨਹੀਂ ਸੀ ਪਿਆ ਕਰਦੀ..
ਮੈਨੂੰ ਵੀ ਉਸਦੇ ਪੋਲੇ ਜਿਹੇ ਹੱਥ ਦੀ ਆਦਤ ਜਿਹੀ ਪੈ ਗਈ..
ਫੇਰ ਇੱਕ ਦਿਨ ਕਿਸੇ ਗੱਲੋਂ ਅੱਗੋਂ ਬੋਲ ਪਿਆ..ਗੁੱਸਾ ਆਇਆ..ਚੰਡ ਕੱਢ ਮਾਰੀ..ਫੇਰ ਆਪਣੇ ਆਪ ਤੇ ਗੁੱਸਾ ਆਇਆ..ਅਖੀਰ ਮਹਿਸੂਸ ਹੋਇਆ ਕੇ ਹੁਣ ਵੱਡਾ ਹੋ ਰਿਹਾ ਏ..

ਪੂਰੇ ਅਠਾਰਾਂ ਸਾਲ ਬਾਅਦ ਅੱਜ ਪਹਿਲੀ ਵਾਰ ਪੜਨ ਲਈ ਸਾਥੋਂ ਕਿੰਨੀ ਦੂਰ ਸੱਤ ਸਮੁੰਦਰ ਪਾਰ ਜਾ ਰਿਹਾ ਸੀ..

ਕਦੇ ਕਦੇ ਦਿਲ ਚੋਂ ਹੂਕ ਜਿਹੀ ਉੱਠਦੀ ਏ ਤਾਂ ਬੁਰਾ ਹਾਲ ਹੋ ਜਾਂਦਾ..
ਫੇਰ ਉਸਦੀ ਅਲਮਾਰੀ,ਭਾਂਡੇ,ਜੁੱਤੀਆਂ,ਕਿਤਾਬਾਂ,ਕੱਪੜੇ ਤੇ ਕਮਰੇ ਵਿਚ ਪਿਆ ਉਂਝ ਦਾ ਉਂਝ ਖਲਾਰਾ ਦੇਖ ਕਲੇਜਾ ਮੂੰਹ ਨੂੰ ਆਉਂਦਾ ਏ!

ਪਤਾ ਨੀ ਕਿਓਂ ਲੱਗਦਾ ਕੇ ਕਾਲਜ ਜਾ ਕੇ ਬਦਲ ਜਿਹਾ ਗਿਆ ਸੀ..
ਸਾਰਾ ਦਿਨ ਬੱਸ ਸੈੱਲ ਫੋਨ..ਕਦੇ ਹੱਸ ਪਿਆ ਕਰਦਾ ਤੇ ਕਦੀ ਸੀਰੀਅਸ..ਕਦੀ ਕਦੀ ਸ਼ੱਕ ਜਿਹਾ ਪੈਂਦਾ..ਕੋਈ ਗਰਲ-ਫ੍ਰੇਂਡ ਹੀ ਨਾ ਬਣਾ ਲਈ ਹੋਵੇ?

ਜਿਊਣ-ਜੋਗਾ ਜਾਣ ਲਗਿਆਂ ਚੱਜ ਨਾਲ ਮਿਲ ਕੇ ਵੀ ਤਾਂ ਨਹੀਂ ਸੀ ਗਿਆ..
ਕਹਿੰਦਾ ਮੰਮਾ ਕੋਈ ਫਿਕਰ ਨਾ ਕਰ..ਸਭ ਕੁਸ਼ ਠੀਕ ਹੋ ਜੂ..ਫੋਨ ਕਰਿਆ ਕਰੂੰ ਰੋਜ..!

ਪਰ ਜਦੋਂ ਹੌਲੇ ਪੈ ਗਏ ਦਿਲ ਕੋਲੋਂ ਵਿਛੋੜਾ ਹੋਰ ਨਹੀਂ ਸਿਹਾ ਜਾਂਦਾ ਤਾਂ ਅਕਸਰ ਹੀ ਅੱਖਾਂ ਪੂੰਝਦੀ ਬਾਹਰ “ਮਣੀ-ਪਲਾਂਟ” ਦੀ ਲੰਮੀਂ ਹੁੰਦੀ ਜਾਂਦੀ ਵੇਲ ਕੋਲ ਆਣ ਬਹਿੰਦੀ ਹਾਂ..
ਫੇਰ ਆਪਣੇ ਆਪ ਨੂੰ ਤਸੱਲੀਆਂ ਦਿੰਦੀ ਹਾਂ ਕੇ ਇਸ ਦੁਨੀਆ ਵਿਚ ਅੱਗੇ ਵਧਣ ਵਾਸਤੇ ਆਪਣੀਂ ਜੜਾਂ ਤੋਂ ਤਾਂ ਦੂਰ ਹੋਣਾ ਹੀ ਪੈਂਦਾ ਇੱਕ ਦਿਨ..
ਫੇਰ ਕਿ ਹੋਇਆ ਜੇ ਅੱਜ ਚਲਾ ਗਿਆ..ਅਖੀਰ ਇੱਕ ਦਿਨ ਤੇ ਜਰੂਰ ਮੋੜਾ ਪਾਊ!

ਫੇਰ ਗੁਆਂਢ ਵਾਲੇ ਰੰਧਾਵਾ ਸਾਬ ਚੇਤੇ ਆ ਜਾਂਦੇ..
ਸਾਰੀ ਦਿਹਾੜੀ ਲੰਮੇ ਪਏ ਬੱਸ ਇੱਕਟੱਕ ਗੇਟ ਵੱਲ ਤੱਕਦੇ ਹੋਏ ਪਤਾ ਨੀ ਕਿਸਨੂੰ ਹਾਕਾਂ ਮਾਰਦੇ ਰਹਿੰਦੇ..
ਓਹਨਾ ਵਾਲਾ ਵੀ ਤਾਂ ਇੱਕ ਦਿਨ ਏਹੀ ਕੁਝ ਹੀ ਆਖ ਕੇ ਗਿਆ ਸੀ..
ਮੁੜ ਆਵਾਂਗਾ..ਫਿਕਰ ਨਾ ਕਰਿਓ..ਪਰ ਨਾ ਅੱਜ ਤੱਕ ਆਪ ਮੁੜਿਆ ਤੇ ਨਾ ਓਹਨਾ ਨੂੰ ਹੀ ਆਪਣੇ ਕੋਲ ਬੁਲਾਇਆ..
ਕਈਂ ਵਾਰ ਅੱਧੀ ਰਾਤ ਨੌਕਰ ਨੂੰ ਜਗਾ ਕੇ ਗੇਟ ਖੋਲਣ ਘੱਲਦੇ ਹੋਏ ਮੈ ਖੁਦ ਆਪ ਦੇਖੇ..ਸ਼ਾਇਦ ਕੋਈ ਝਉਲਾ ਪੈਂਦਾ ਹੋਣਾ”

ਮੈਂ ਫੇਰ ਉਦਾਸੀਆਂ ਦੇ ਡੂੰਘੇ ਸਮੁੰਦਰ ਵਿਚ ਜਾ ਡੁੱਬਦੀ ਹਾਂ..ਪਤਾ ਨੀ ਕਿਹੋ ਜਿਹਾ ਰਿਸ਼ਤਾ ਬਣਾਇਆ ਏ ਬਣਾਉਣ ਵਾਲੇ ਨੇ..ਸਿੱਧਾ ਆਂਦਰਾਂ ਨੂੰ ਹੀ ਖੋਰੀ ਜਾਂਦਾ ਏ..ਦੁਨੀਆ ਸਾਹਵੇਂ ਹੱਸਦਾ ਹੋਇਆ ਅੰਦਰੋਂ-ਅੰਦਰੀ ਚੱਤੇ ਪਹਿਰ ਹੰਝੂਆਂ ਦੀ ਝੜੀ ਲਾਈ ਰੱਖਦਾ..ਅੱਧੀ ਰਾਤ ਦੇ ਤੌਖਲੇ..ਫਿਕਰਾਂ ਦੇ ਪੰਧ..ਮਾਏ ਨੀ ਮੈ ਕਿੰਨੂੰ ਆਖਾਂ ਦਰਦ ਵਿਛੋੜੇ ਦਾ ਹਾਲ ਨੀ..!

ਫੇਰ ਵੋਟਾਂ ਮੰਗਦੀ ਗੰਦੀ ਸਿਆਸਤ ਦੇ ਬਦਸੂਰਤ ਮੋਹਰੇ ਅਤੇ ਨਪੁੰਸਕ ਸਰਕਾਰਾਂ ਦੇ ਖੋਖਲੇ ਵਾਅਦੇ ਚੇਤੇ ਆ ਜਾਂਦੇ..
ਨਾ ਇਹ ਇਹੋ ਜਿਹੇ ਹਾਲਾਤ ਪੈਦਾ ਕਰਦੀਆਂ ਤੇ ਨਾ ਹੀ ਅਣਗਿਣਤ ਜਿਗਰ ਦੇ ਟੋਟੇ ਅੱਖੋਂ ਓਹਲੇ ਕਰਨੇ ਪੈਂਦੇ..!

ਕੰਧਾਂ ਕੋਠੇ ਟੱਪਦਾ..ਗਿਆ ਸਮੁੰਦਰ ਟੱਪ..ਜਿੰਨੀ ਵੱਡੀ ਛਾਲ ਸੀ..ਓਨੀ ਵੱਡੀ ਸੱਟ

ਹਰਪ੍ਰੀਤ ਸਿੰਘ ਜਵੰਦਾ

...
...

ਬੇਬੇ ਆਪਣੇ ਪੁੱਤ ਜੈਬੇ ਨੂੰ ਵਾਰ-ਵਾਰ ਕਹਿ ਰਹੀ ਸੀ,ਕਿ ਪਿਛਲੇ ਕੁਝ ਦਿਨਾਂ ਤੋਂ ਮੀਂਹ ਪੈਣ ਕਰਕੇ ਅਪਣਾ ਸਾਰਾ ਘਰ ਚੋਅ ਰਿਹਾ ਹੈ।ਕਿਸੇ ਦੀ ਟਰਾਲੀ ਉਧਾਰੀ ਮੰਗ ਕੇ ਕੌਠਿਆਂ ਤੇ ਮਿੱਟੀ ਪਾ ਲਵੇ,ਪਰ ਜੈਬਾ ਸੁਣ ਕੇ ਇਗਨੋੌਰ ਕਰ ਦਿੰਦਾ, ਜਾਂ ਮੇਰੇ ਕੋਲ ਟਾਈਮ ਨਹੀ ਕਹਿ ਕੇ ਬਾਹਰ ਚਲਾ ਜਾਦਾ।ਕੁਝ ਦਿਨ ਇੰਝ ਹੀ ਚਲਦਾ ਰਿਹਾ ।ਜੈਬਾ’ਬੇਬੇ ਦੀ ਗੱਲ ਕਦੇ ਨਾ ਸੁਣਦਾ।ਹੁਣ ਬੇਬੇ ਨੇ ਥੱਕ ਹਾਰ ਕੇ ਆਪ ਹੀ ਔਖੇ ਸੋਖੇ ਲੋਕਾਂ ਦੇ ਘਰਾਂ’ਚੋ ਗੋਹਾ ਇਕੱਠਾ ਕੀਤਾ, ਤੇ ਕਿਸੇ ਟਿੱਬੇ ਚੋ ਬੱਠਲਾਂ(ਤਾਂਸਲੇ) ਨਾਲ ਮਿੱਟੀ ਘਰੇ ਢੋਈਂ। ਫਿਰ ਬੜੀ ਹੀ ਮੁਸ਼ਕਿਲ ਨਾਲ ਬੇਬੇ ਨੇ ਪੌੜੀ ਚੜ ਕੇ ਕੋਠੇ ਲਿੱਪੇ,ਪਰ ਥੱਲੇ ਉਤਰਦੀ ਦਾ ਪੌੜੀ ਤੋ ਪੈਰ ਤਿਲਕ ਗਿਆ , ਅਤੇ ਬੇਬੇ ਵਿਚਾਰੀ ਨੇ ਉਸ ਹਾਦਸੇ ‘ਚ ਆਪਣੀ ਇੱਕ ਲੱਤ ਗੁਆ ਲਈ।ਕਰਮੇ ਨੂੰ ਅਪਣੀ ਬੇਬੇ ਦੇ ਨਾਲ ਹਾਲੇ ਵੀ ਕੋਈ ਅਫ਼ਸੋਸ ਨਹੀ ਸੀ।ਉਹ ਸਾਰਾ ਦਿਨ ਆਪਣੇ ਵਿਹਲੜ ਯਾਰਾਂ ਨਾਲ ਹੀ ਘਰ ਤੋਂ ਬਾਹਰ ਰਹਿਦਾ।।ਬੇਬੇ ਨੂੰ ਪਿੰਡ ਚੋ ਕੁਝ ਕੁ ਔਰਤਾਂ ਸਵੇਰੇ ਸ਼ਾਮ ਦੀ ਰੋਟੀ ਦੇ ਜਾਇਆ ਕਰਦੀਆ,ਪਰ ਘਰ ‘ਚ ਬੇਬੇ ਨੂੰ ਇਕੱਲੀ ਹੋਣ ਕਰਕੇ ਬੜੀਆਂ ਮੁਸ਼ਕਿਲਾਂ ਦਾ ਸਾਹਮਣਾਂ ਕਰਨਾ ਪੈਦਾ।।ਸਮਾਂ ਆਪਣੀ ਰਫ਼ਤਾਰ ਨਾਲ ਬੀਤਦਾ ਗਿਆ।ਇੱਕ ਸਾਲ ਬਾਅਦ ਬੇਬੇ ਪੂਰੀ ਤਰ੍ਹਾਂ ਠੀਕ ਹੋ ਗਈ।ਇੱਕ ਦਿਨ ਪਿੰਡ ਦੇ ਗੁਰੂ ਘਰ ਵਿੱਚ ਇੱਕ ਅਨਾਉਸਮੈੰਟ ਹੁੰਦੀ ਹੈ, ਕਿ ਪਿੰਡ ਦੇ ਨੌਜ਼ਵਾਨ ਜਿੰਨਾ ਕੋਲ ਆਪਣਾ ਟਰੈਕਟਰ ਟਰਾਲ਼ੀ ਹੈ,ਲੈ ਕੇ ਗੁਰੂਦੁਆਰੇ ਪਹੁੰਚ ਜਾਣ ਤਾਂਕਿ ਮਿੱਟੀ ਦੀ ਢੌਆ-ਢੁਆਈਂ ਸ਼ੁਰੂ ਕਰਕੇ ਗੁਰੂਦੁਆਰੇ ਦੀ ਇਮਾਰਤ ਦਾ ਕੰਮ ਸ਼ੁਰੂ ਕੀਤਾ ਜਾ ਸਕੇ।ਇੰਨਾ ਸੁਣਦੇ ਹੀ ਜੈਬਾ ਘਰ ‘ਚ ਪਏ ਕਣਕ ਵਾਲੇ ਢੋਲ ਚੋ ਕਣਕ ਕੱਡ ਕੇ ਵੇਚ ਆਇਆ , ਅਤੇ ਆਪਣੀ ਫੋਕੀ ਟੌਹਰ ਬਣਾਉਣ ਲਈ ਬਾਹਰ ਕਿਰਾਏ ਤੇ ਟਰੈਕਟਰ ਲੈਣ ਲਈ ਚਲਾ ਗਿਆ।

ਲਿਖ਼ਤ-ਮਮਤਾ ਸ਼ਰਮਾਂ

...
...

ਜੀਤੇ ਦਾ ਬਾਪੂ ਦੁਨੀਆ ਤੋ ਕੂਚ ਕਰ ਗਿਆ ਸੀ, ਅਤੇ ਪਿੱਛੇ ਤਿੰਨ ਧੀਆਂ ਤੇ ਇੱਕ ਪੁੱਤ ਛੱਡ ਗਿਆ।ਲੋਕਾ ਦੇ ਖੇਤਾਂ ਵਿੱਚ ਦਿਹਾੜੀਦਾਰ ਹੋਣ ਕਰਕੇ ਪੱਲੇ ਕੁਝ ਜੋੜ ਤਾ ਨਹੀ ਸਕਿਆ ਸੀ। ਪਰ ਦਿਨ ਰਾਤ ਇੱਕ ਕਰਕੇ ਮਾਲਕ ਤੀਵੀਂ ਆਪਣੇ ਧੀਆਂ ਪੁੱਤ ਪੜਾ ਜਰੂਰ ਰਹੇ ਸੀ।ਜੀਤੇ ਦੇ ਬਾਪੂ ਦੇ ਅਚਾਨਕ ਜਾਣ ਨਾਲ ਸਾਰੀ ਕਬੀਲਦਾਰੀ ਜੀਤੇ ਦੀ ਬੇਬੇ ਦੇ ਗਲ ਆਣ ਪਈ।ਬੇਬੇ ਹੁਣ ਘਰ ਵਿੱਚ ਇਕੱਲੀ ਕਮਾਉਣ ਵਾਲੀ ਰਹਿ ਗਈ ਸੀ,ਤੇ ਘਰ ਦਾ ਗੁਜ਼ਾਰਾ ਕਰਨਾ ਬਹੁਤ ਔਖਾ ਸੀ।ਜਿਸ ਕਰਕੇ ਉਸਨੇ ਖੇਤਾਂ ਵਿੱਚ ਦਿਹਾੜੀ ਕਰਨ ਦੇ ਨਾਲ-ਨਾਲ ਲੋਕਾਂ ਦੇ ਘਰਾਂ ਵਿੱਚ ਕੰਮ ਕਰਨਾ ਵੀ ਸ਼ੁਰੂ ਕਰ ਦਿੱਤਾ ਸੀ।ਖੇਤਾਂ ‘ਚ ਦਿਹਾੜੀ ਜਾਣ ਤੋ ਪਹਿਲਾ ਤੜਕੇ ਸਾਜਰੇ ਹੀ ਉਹ ਲੋਕਾਂ ਦੇ ਘਰਾਂ ‘ਚ ਕੰਮ ਨਬੇੜ ਆਇਆ ਕਰਦੀ।ਸਾਰਾ ਦਿਨ ਮੰਜੇ ਤੇ ਢੂਹੀ ਨਾ ਲੱਗਣ ਕਾਰਨ ਉਹ ਥੱਕ ਵੀ ਜਾਇਆ ਕਰਦੀ ਸੀ।ਜੀਤਾ ਸਾਰਾ ਦਿਨ ਆਪਣੀ ਕਾਲਜ ਦੀ ਪੜਾਈ ਵਿੱਚ ਹੀ ਰੁੱਝਾ ਰਹਿੰਦਾ ਸੀ, ਕਿਉਕਿ ਉਹ ਆਪਣੀ ਮਾਂ ਦੀ ਹਾਲਤ ਤੇ ਛੋਟੀਆਂ ਭੈਣਾਂ ਦੀ ਜਿੰਮੇਵਾਰੀ ਤੋ ਚੰਗੀ ਤਰਾਂ ਵਾਕਫ਼ ਸੀ।ਜੀਤੇ ਨੂੰ ਕਾਲਜ ਵਿੱਚ ਮੁੰਡੇ ਕੁੜੀਆਂ ਗਰੀਬ ਘਰ ਦਾ ਹੋਣ ਕਰਕੇ ਬਹੁਤਾ ਬੁਲਾਉਣਾ ਪਸੰਦ ਨਹੀ ਕਰਦੇ ਸੀ,ਅਤੇ ਉਸ ਦਾ ਆਏ ਦਿਨ ਬਹਾਨੇ ਸਿਰ ਕੋਈ ਨਾ ਕੋਈ ਮਜ਼ਾਕ ਬਣਾਉਦੇ ਰਹਿੰਦੇ।ਇੱਕ ਦਿਨ ਤਾਂ ਜਾਣੋ ਹੱਦ ਹੀ ਹੋ ਗਈ।ਜੀਤਾ ਆਪਣਾ ਲੈਕਚਰ ਲਗਾਉਣ ਲਈ ਕਲਾਸ ਰੂਮ ਵੱਲ ਨੂੰ ਜਾ ਹੀ ਰਿਹਾ ਸੀ, ਕਿ ਕੁਝ ਸ਼ਰਾਰਤੀ ਅਨਸਰਾਂ ਨੇ ਉਸ ਨੂੰ ਘੇਰ ਕੇ ਜਲੀਲ ਕਰਨਾ ਸ਼ੁਰੂ ਕਰ ਦਿੱਤਾ, ਕੋਈ ਕਹਿ ਰਿਹਾ ਸੀ ਕਿ ਇਹਦੀ ਮਾਂ ਖੇਤਾਂ ‘ਚ ਜਾ ਧੰਦਾ ਕਰਦੀ ਹੈ,ਤੇ ਕੋਈ ਕਹਿ ਰਿਹਾ ਸੀ,ਕਿ ਤੇਰੀਆਂ ਭੈਣਾਂ ਵੀ ਬਹੁਤ ਸੋਹਣੀਆ ਨੇ,ਸਾਡੀ ਉਹਨਾਂ ਨਾਲ ਗੱਲ ਹੀ ਕਰਾ ਦੇ,ਨਹੀ ਦੱਸ ਇੱਕ ਰਾਤ ਦਾ ਕਿੰਨੇ ‘ਚ ਸੌਦਾ ਕਰਦੀਆਂ ਨੇ,ਤੇਰਾ ਤਾਂ ਘਰੇ ਹੀ ਸਰ ਜਾਦਾ ਹੋਣਾ!ਇੰਨਾਂ ਸੁਣਦੇ ਹੀ ਜੀਤੇ ਨੇ ਗੁੱਸੇ ਨਾਲ ਦਹਾੜਦੇ ਨੇ ਹੱਥ ‘ਚ ਪਾਇਆ ਕੜਾ ਇੱਕ ਦੇ ਮੂੰਹ ਤੇ ਮਾਰਿਆ, ਮੂੰਹ ਛੱਲੀ ਹੋ ਗਿਆ ਤੇ ਨੱਕ ਦੀ ਨਕਸੀਰ ਛੁੱਟ ਗਈ।ਬਾਕੀ ਦੇ ਸਭ ਤਾਂ ਖੰਭ ਲਾ ਕੇ ਪਤਾ ਹੀ ਨੀ ਲੱਗਾ ਕਿੱਧਰ ਨੂੰ ਤਿੱਤਰ ਗਏ ।ਉਸ ਤੋ ਬਾਅਦ ਕੁਝ ਦਿਨ ਜੀਤਾ ਘਰੇ ਹੀ ਉਦਾਸ ਜਿਹਾ ਹੋ ਕੇ ਰਹਿਣ ਲੱਗਾ।ਬੇਬੇ ਦੇ ਬਾਰ-ਬਾਰ ਪੁੱਛਣ ਤੇ ਸਿਰ ਦਰਦ ਦਾ ਬਹਾਨਾ ਲਗਾ ਕੇ ਟਾਲ ਦਿੰਦਾ।ਮਾਂ ਤਾ ਮਾਂ ਹੀ ਹੁੰਦੀ ਹੈ।ਸਾਰੀ ਸਾਰੀ ਰਾਤ ਬੇਬੇ ਦਾ ਦਿਲ ਕਾਹਲ਼ੇ ਪਈ ਜਾਦਾਂ।ਲੱਖ ਕੌਸ਼ਿਸ਼ਾਂ ਦੇ ਬਾਵਜੂਦ ਨੀੰਦ ਨਾ ਆਉਦੀ। ਜਦੋ ਧੀ ਪੁੱਤ ਦੁੱਖੀ ਹੋਵੇ ਫ਼ਿਰ ਨੀਂਦ ਆਉਂਦੀ ਵੀ ਕਿੱਥੇ ਹੈ।ਇੱਕ ਰਾਤ ਬੇਬੇ ਉਠ ਕੇ ਅੰਦਰ ਜੀਤੇ ਦੇ ਕਮਰੇ ਵਿੱਚ ਚਲੀ ਗਈ।ਅੱਗੋਂ ਜੀਤਾ ਇੱਕ ਹੱਥ ਵਿੱਚ ਪਾਣੀ ਦਾ ਗਿਲਾਸ ਤੇ ਦੂਜੇ ਹੱਥ ਵਿੱਚ ਫ਼ਰਨੈਲ ਦੀਆ ਗੋਲੀਆ ਚੁੱਕੀ ਖੜਾ ਸੀ।ਐਨਾ ਦੇਖਦੇ ਹੀ ਬੇਬੇ ਦੀ ਭੁੱਬ ਨਿਕਲ ਜਾਦੀ ਹੈ, ਤੇ ਭੱਜ ਜੇ ਉਸਦੇ ਹੱਥ ਪਟਕਾ ਦਿੰਦੀ ਦੀ ਹੈ।ਬੇਬੇ ਜੀਤੇ ਉੱਪਰ ਥੋੜਾ ਗੁੱਸੇ ਹੋਣ ਤੋ ਬਾਅਦ, ਜਦੋ ਪਿਆਰ ਨਾਲ ਉਸਦੇ ਚੁੱਕੇ ਇਸ ਕਦਮ ਬਾਰੇ ਪੁੱਛਦੀ ਹੈ, ਤਾਂ ਜੀਤਾ ਬੇਬੇ ਦੇ ਗਲ਼ ਲੱਗ ਕੇ ਫੁੱਟ-ਫੁੱਟ ਰੌਣ ਲੱਗਦਾ ਹੈ, ਅਤੇ ਖ਼ੁਦ ਨਾਲ ਬੀਤੀ ਸਾਰੀ ਘਟਨਾ ਦੱਸਦਾ ਹੈ,ਤੇ ਨਾਲ ਇਹ ਵੀ ਆਖਦਾ ਹੈ ਕਿ ਹੁਣ ਕਦੇ ਵੀ ਉਹ ਕਾਲਜ ਨਹੀ ਜਾਵੇਗਾ।ਬੇਬੇ ਸਾਰੀ ਗੱਲ ਸੁਣ ਕੇ ਉਸ ਨੂੰ ਬੜੇ ਪਿਆਰ ਨਾਲ ਸਮਝਾਉਦੀ ਹੈ ਕਿ ਪੁੱਤ ਲੋਕਾ ਦਾ ਕੰਮ ਹੀ ਇਹੋ ਹੁੰਦਾ ਹੈ ।ਅੱਗੇ ਵੱਧਦੇ ਨੂੰ ਤਾ ਕੋਈ ਰਾਜੇ ਰਾਮਾਂ ਨੂੰ ਨੀ ਜਰਦਾ ਆਪਾਂ ਤਾ ਫ਼ਿਰ ਦੋ ਡੰਗ ਦੀ ਕਰਕੇ ਖਾਣ ਵਾਲੇ ਹੁੰਦੇ ਹਾ।ਜੇ ਮੈਂ ਐਨੀ ਲੋਕਾਂ ਦੀ ਪਰਵਾਹ ਕਰਦੀ ਹੁੰਦੀ, ਫ਼ਿਰ ਮੈਂ ਤਾ ਕਦੋਂ ਦੀ ਮਰ ਜਾਣਾ ਸੀ।ਬੇਬੇ ਦੇ ਮਸਾਂ ਲੱਖ ਸਮਝਾਉਣ ਤੇ ਜੀਤਾ ਅਗਲੇ ਦਿਨ ਤਿਆਰ ਹੋ ਕਾਲਜ ਨੂੰ ਜਾਦਾ ਹੈ।ਪਰ ਉੱਥੇ ਉਹਨਾਂ ਵੱਡੇ ਘਰਾਂ ਦੇ ਮਸਟੰਡਿਆ ਦੀ ਪਿ੍ੰਸੀਪਲ ਨਾਲ ਸੈਟਿੰਗ ਹੋਣ ਕਰਕੇ ਉਸਨੂੰ ਪਿੱਛਲੀ ਲੜਾਈ ਹੋਣ ਦਾ ਕਾਰਨ ਦੱਸਦੇ ਹੋਏ , ਧੱਕੇ ਮਾਰ ਕਾਲਜ ‘ਚੋ ਕੱਢਿਆ ਜਾਦਾ ਹੈ।ਥਾਣੇ ਕਚਿਹਰੀਆ ਜਾ ਕੇ ਵੀ ਕੀ ਕਰਦੇ,ਜਦੋ ਗਰੀਬ ਦੀ ਕੋਈ ਸੁਣਦਾ ਹੀ ਨਹੀ।ਜੀਤੇ ਨੇ ਹੁਣ ਥੱਕ ਹਾਰ ਕੇ ਇੱਟਾਂ ਵਾਲੇ ਭੱਠੇ ਉੱਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ।ਆਪਣੀ ਬੇਬੇ ਨੂੰ ਵੀ ਉਸਨੇ ਬਹੁਤ ਕੰਮ ਕਰ ਲਿਆ,ਹੁਣ ਆਰਾਮ ਕਰੇ ਕਹਿ ਕੇ ਕੰਮ ਤੋ ਮੁਕਤ ਕਰ ਦਿੱਤਾ ਸੀ।ਤੇ ਬੱਸ ਹੁਣ ਆਪਣੀਆਂ ਭੈਣਾਂ ਨੂੰ ਚੰਗਾ ਪੜਾ ਲਿਖਾ ਕੇ ਆਪਣਾ ਸੁਪਣਾ ਉਹਨਾਂ ਵਿੱਚ ਦੀ ਪੂਰਾ ਕਰਨਾ ਚਾਹੁੰਦਾ ਸੀ।ਇੱਕ ਦਿਨ ਜੀਤਾ ਦੇਰ ਰਾਤ ਨੂੰ ਕੰਮ ਤੋ ਘਰ ਵਾਪਿਸ ਪਰਤ ਰਿਹਾ ਸੀ।ਰਸਤੇ ‘ਚ ਜ਼ੋਰਦਾਰ ਝੱਖੜ ਹਨੇਰੀ ਚੱਲੀ ਕੁਝ ਕੁ ਮਿੰਟਾਂ ਬਾਅਦ ਹੀ ਲਿਸ਼ਕਦੀ ਹੋਈ ਬਿਜਲੀ ਗਰਜੀ ਤੇ ਤੇਜ਼ ਧਾਰ ਮੀੰਹ ਵਰਨ ਲੱਗਾ। ਇੰਨੇ ਖਰਾਬ ਮੌਸਮ ਵਿੱਚ ਸਾਇਕਲ ਚਲਾਉਣਾ ਵੀ ਔਖਾ ਸੀ।ਜੀਤਾ ਅਪਣੇ ਪਿੰਡ ਤੋਂ ਛੇ ਕੁ ਪੈਡੇੰ ਦੀ ਦੁੁੂਰੀ ਤੇ ਪੈਦੇੰ ਕਿਸੇ ਪਿੰਡ ਪਹੁੰਚਿਆ। ਬਹੁਤੇ ਲੋਕਾਂ ਦੇ ਘਰਾਂ ਦੇ ਬੂਹੇ ਖੜਕਾਏ , ਪਰ ਕਿਸੇ ਨੇ ਵੀ ਜ਼ਮਾਨਾ ਖ਼ਰਾਬ ਹੈ,ਕਹਿ ਕੇ ਮੱਦਦ ਲਈ ਬੂਹਾ ਨਾ ਖੋਲਿਆ।ਨਿਰਾਸ਼ ਹੋ ਜੀਤਾ ਸਾਇਕਲ ਰੇੜਦਾ ਹੋਇਆ ਠੇਡੇ ਖਾਦਾ,ਆਪਣੇ ਪਿੰਡ ਵੱਲ ਨੂੰ ਹੀ ਟੁਰ ਪਿਆ।ਰਸਤੇ ਵਿੱਚ ਪੈਂਦੇ ਵੱਡੀ ਸੜਕ ਦੇ ਮੌੜ ਤੇ ਇੱਕ ਟਰੱਕ ਤੇਜ਼ ਰਫਤਾਰ ਆਇਆ ਤੇ ਜੀਤੇ ਨੂੰ ਸੜਕ ਨਾਲ ਚੇਪਦਾ ਹੋਇਆ ਛੂ ਕਰਦਾ ਅੱਗੇ ਨੂੰ ਵੱਧ ਗਿਆ।ਜੇ ਅਪਣੇ ਅਧੂਰੇ ਚਾਅ ਮਾਰ ਕੇ ਜੀਤਾ ਪਰਿਵਾਰ ਲਈ ਕੁਝ ਕਰਨ ਲੱਗਾ ਸੀ ਤਾ ਸ਼ਾਇਦ ਰੱਬ ਨੂੰ ਕੁਝ ਹੋਰ ਹੀ ਮਨਜ਼ੂਰ ਸੀ। ਜੀਤਾ ਪੁੱਤ ਅੱਜ ਵਾਹਲਾ ਹੀ ਲੇਟ ਹੋ ਗਿਆ ਕਹਿੰਦੀ ਹੋਈ,ਬੇਬੇ ਤੇ ਉਸਦੀਆ ਧੀਆਂ ਮੀਂਹ ਵਿੱਚ ਹੀ ਬੂਹੇ ਅੱਗੇ ਖੜ ਜੀਤੇ ਦੀ ਉਡੀਕ ਕਰਨ ਲੱਗੀਆ।ਉਹਨਾਂ ਨੂੰ ਕੀ ਪਤਾ ਸੀ, ਕਿ ਹੁਣ ਤਿੰਨ ਭੈਣਾਂ ਦਾ ਭਾਈ ਤੇ ਬੇਬੇ ਦਾ ਇਕਲੌਤਾ ਜਵਾਨ ਪੁੱਤ ਜਿਉਦਾ ਜੀ ਕਦੇ ਵਾਪਸ ਨੀ ਆਉਗਾ।

ਮਮਤਾ ਸ਼ਰਮਾਂ

ਈਮੇਲ- mamta03089@gmail.com

ਇੰਸਟਾਗ੍ਰਾਮ- mamta89740

...
...

ਪਾਰਕ ਵਿਚ ਰੋਜ ਸ਼ਾਮ ਬਾਬਿਆਂ ਦੀ ਢਾਣੀ ਵਿਚ ਬੈਠਾ ਹੋਇਆ ਗੁਰਮੁਖ ਸਿੰਘ ਜਦੋਂ ਅਕਸਰ ਹੀ ਏਨੀ ਗੱਲ ਆਖ ਉੱਠਦਾ ਕੇ “ਹੇ ਸੱਚੇ-ਪਾਤਸ਼ਾਹ ਹਰੇਕ ਨੂੰ ਤੀਜੀ ਰੋਟੀ ਤੋਂ ਕਦੀ ਵਾਂਝਿਆਂ ਨਾ ਕਰੀਂ” ਤਾਂ ਚਾਰੇ ਪਾਸੇ ਹਾਸਾ ਜਿਹਾ ਪੈ ਜਾਇਆ ਕਰਦਾ..!

ਕੋਈ ਪੁੱਛਦਾ “ਕੀ ਗੱਲ ਗੁਰਮੁਖ ਸਿਆਂ ਘਰੋਂ ਸਿਰਫ ਦੋ ਹੀ ਮਿਲਦੀਆਂ ਨੇ”?

ਕੋਈ ਆਖਦਾ “ਤੀਜੀ ਖਾਣ ਸਾਡੇ ਵੱਲ ਆ ਜਾਇਆ ਕਰ”

ਕੋਈ ਸਵਾਲ ਕਰਦਾ ਇਹ ਤੀਜੀ ਰੋਟੀ ਦਾ ਚੱਕਰ ਅਖੀਰ ਹੈ ਕੀ ਏ..?

ਉਹ ਅੱਗੋਂ ਹੱਸ ਛੱਡਿਆ ਕਰਦਾ..!

ਉਸ ਦਿਨ ਵੀ ਅਜੇ ਮਹਿਫ਼ਿਲ ਜੰਮਣੀ ਸ਼ੁਰੂ ਹੀ ਹੋਈ ਸੀ ਕੇ ਹਰ ਪਾਸੇ ਸੰਨਾਟਾ ਜਿਹਾ ਛਾ ਗਿਆ..
ਮਹਿਫ਼ਿਲ ਦੀ ਸ਼ਾਨ ਨੁੱਕਰ ਵਾਲੀ ਕੋਠੀ ਵਾਲੇ ਖੰਨਾ ਸਾਬ ਓਲ੍ਡ ਏਜ ਹੋਮ ਵਿਚ ਭਰਤੀ ਹੋਣ ਜਾ ਰਹੇ ਸਨ..!
ਕਨੇਡੀਅਨ ਮੁੰਡੇ ਦਾ ਆਖਣਾ ਸੀ ਕੇ ਭਾਪਾ ਜੀ ਦੀ ਸਿਹਤ ਠੀਕ ਨਹੀਂ ਰਹਿੰਦੀ..!

ਫੇਰ ਕੁਝ ਘੜੀਆਂ ਦੀ ਸੁੰਨ-ਸਾਨ ਮਗਰੋਂ ਉਦਾਸ ਬੈਠੇ ਖੰਨਾ ਸਾਬ ਨੂੰ ਕਲਾਵੇ ਵਿਚ ਲੈਂਦੇ ਹੋਏ ਗੁਰਮੁਖ ਸਿੰਘ ਨੇ ਆਖਣਾ ਸ਼ੁਰੂ ਕੀਤਾ..ਆਜੋ ਦੋਸਤੋ ਅੱਜ ਤੁਹਾਨੂੰ ਆਪਣੀ “ਤੀਜੀ ਰੋਟੀ” ਦਾ ਰਾਜ ਦੱਸਦਾ ਹਾਂ..

“ਪਹਿਲੀ ਰੋਟੀ ਉਹ ਜਿਹੜੀ ਜੰਮਣ ਵਾਲੀ ਜਵਾਕ ਨੂੰ ਆਪਣੀ ਬੁੱਕਲ ਵਿਚ ਬਿਠਾ ਕੇ ਖਵਾਇਆ ਕਰਦੀ ਏ..ਉਸ ਨਾਲ ਢਿਡ੍ਹ ਤਾਂ ਭਰ ਜਾਂਦਾ ਪਰ ਜੀ ਕਰਦਾ ਕੇ ਅਜੇ ਹੋਰ ਖਾਈ ਜਾਈਏ..”

“ਦੂਜੀ ਉਹ ਜਿਹੜੀ ਨਾਲਦੀ ਵੱਲੋਂ ਵੇਲੇ ਹੋਏ ਪੇੜੇ ਨਾਲ ਬਣਾਈ ਜਾਂਦੀ ਏ..ਜਿਸ ਵਿੱਚ ਅੰਤਾਂ ਦਾ ਪਿਆਰ ਅਤੇ ਆਪਣਾ ਪਣ ਭਰਿਆ ਹੁੰਦਾ ਏ ਤੇ ਜਿਸ ਵਿਚੋਂ ਨਿੱਕਲੇ ਮੁੱਹਬਤ ਦੇ ਝਰਨੇ ਨਾਲ ਅਕਸਰ ਹੀ ਅੱਖਾਂ ਬੰਦ ਹੋ ਜਾਇਆ ਕਰਦੀਆਂ..”

“ਤੀਜੀ ਉਹ ਜਿਹੜੀ ਨੂੰਹ ਦੇ ਰੂਪ ਵਿਚ ਘਰੇ ਲਿਆਂਧੀ ਧੀ ਦੇ ਹੱਥਾਂ ਦੀ ਪੱਕੀ ਹੁੰਦੀ ਏ..ਜਿਸ ਵਿਚ ਸਵਾਦ ਵੀ ਹੁੰਦਾ..ਤਸੱਲੀ ਅਤੇ ਸਿਦਕ ਵੀ ਝਲਕਦਾ ਏ ਤੇ ਜਿਹੜੀ ਬੁਢਾਪੇ ਨੂੰ ਠੰਡੀ ਹਵਾ ਦੇ ਬੁੱਲੇ ਨਾਲ ਹਮੇਸ਼ਾਂ ਹੀ ਸ਼ਰਸ਼ਾਰ ਕਰ ਦਿਆ ਕਰਦੀ ਏ..”

ਤੇ ਚੋਥੀ ਉਹ ਹੁੰਦੀ ਜਿਹੜੀ ਤਨਖਾਹ ਤੇ ਰੱਖੀ ਨੌਕਰਾਣੀ ਵੱਲੋਂ ਕਾਹਲੀ ਕਾਹਲੀ ਗੁੰਨੇ ਹੋਏ ਕੱਚੇ-ਪੱਕੇ ਆਟੇ ਦੀ ਬਣਾਈ ਹੋਈ ਹੁੰਦੀ ਏ..ਜਿਸ ਵਿਚ ਨਾ ਤੇ ਸਵਾਦ ਹੀ ਹੁੰਦਾ ਤੇ ਨਾ ਹੀ ਸਿਦਕ..ਇਹ ਐਸੀ ਰੋਟੀ ਹੁੰਦੀ ਏ ਜਿਸਨੂੰ ਖਾਂਦਿਆਂ ਤੀਜੇ ਥਾਂ ਵਾਲੀ ਬੜੀ ਹੀ ਚੇਤੇ ਆਉਂਦੀ ਏ”

ਏਨੀ ਗੱਲ ਸੁਣਦਿਆਂ ਹੀ ਸਾਰਿਆਂ ਦੇ ਹੱਥ ਆਪਣੇ ਆਪ ਹੀ “ਤੀਜੀ ਰੋਟੀ” ਦੀ ਅਰਦਾਸ ਵਿਚ ਜੁੜ ਗਏ..!

ਹਰਪ੍ਰੀਤ ਸਿੰਘ ਜਵੰਦਾ

...
...

ਬੜੀ ਪੱਕੀ ਯਾਰੀ ਸੀ ਬਿੱਕਰ ਤੇ ਪਾਸ਼ੇ ਦੀ। ਤੂਤਾਂ ਆਲਾ ਸਾਰਾ ਪਿੰਡ ਹਾਮੀ ਭਰਦਾ ਸੀ ਇਹਨਾ ਦੀ ਯਾਰੀ ਦੀ। ਬਿੱਕਰ ਜਾਤ ਦਾ ਜੱਟ ਜਿਮੀਦਾਰ ਸੀ ਤੇ ਪਾਸ਼ਾ ਮਜ੍ਹਬੀ ਸਿੱਖ। ਗਵਾਂਡ ਚ ਘਰ ਹੋਣ ਕਰਕੇ ਬਚਪਨ ਵੀ ਕੱਠਿਆਂ ਦਾ ਲੰਗਿਆ। ਇਕੱਠੇ ਹੀ ਪੜਨ ਲੱਗੇ ਪਰ ਪੰਜਵੀ ਬਾਅਦ ਹੱਟ ਗਏ। ਪਾਸ਼ਾ ਆਵਦੇ ਪਿਓ ਨਾਲ ਦਿਹਾੜੀ ਦੱਪੇ ਜਾਣ ਲੱਗ ਗਿਆ ਤੇ ਬਿੱਕਰ ਹੁਣ ਖੇਤ ਬੰਨੇ ਜਾ ਵੜ ਦਾ…ਵਕ਼ਤ ਆਵਦੀ ਤੋਰ ਚਲਦਾ ਗਿਆ। ਦੋਵੇ ਵਿਆਹੇ ਵੀ ਗਏ ਪਰ ਯਾਰੀ ਨਾ ਘਟੀ..ਕਹਿੰਦੇ ਪਾਸ਼ੇ ਦੀ ਭੈਣ ਦੇ ਵਿਆਹ ਵੇਲੇ ਬਾਰਾਤ ਨੂੰ ਸਾਰਾ ਰੋਟੀ ਪਾਣੀ ਬਿੱਕਰ ਨੇ ਆਵਦੇ ਘਰੋ ਕਰਿਆ ਸੀ। ਰੋਜ਼ ਦੋਵੇ ਜਾਣੇ ਸੱਥ ਅਲੀ ਥੜੀ ਤੇ ਜਰੂਰ ਹਾਜ਼ਰੀ ਭਰਦੇ। .. ਓਥੇ ਗੱਲਾਂ ਸੁਣਦੇ ਵੀ ਹੁਣ ਪੰਜਾਬੀ ਸੂਬਾ ਭਾਸ਼ਾ ਦੇ ਅਧਾਰ ਤੇ ਵੰਡਿਆ ਗਿਆ। ਨਵਾਂ ਹਰਿਆਣਾ ਕੱਡ ਤਾ ਵਿਚੋਂ। ਹੁਣ ਲੀਡਰ ਵੀ ਪਿੰਡਾਂ ਚ ਗੇੜੇ ਮਾਰਨ ਲੱਗ ਗਏ.. ਰਾਜਨੀਤੀ ਓਹ ਨਾ ਰਹੀ.. ਹੁਣ ਲੀਡਰ ਘਟੀਆ ਚਾਲਾਂ ਚੱਲਣ ਲੱਗ ਗਏ ਸੀ ਵੋਟਾ ਲਈ. ਇਕ ਨਵੀ ਚਾਲ ਜਿਹੜੀ ਸੀ ਓਹ ਸੀ ਪਿੰਡਾ ਦਿਆਂ ਲੋਕਾਂ ਵਿਚ ਜਾਤਾਂ ਦੇ ਅਧਾਰ ਤੇ ਰੌਲੇ ਪਵਾਉਣੇ ਤੇ ਕਿਸੇ ਗਰੀਬ ਜਾਤ ਦੇ ਬੰਦੇ ਨੂੰ ਕੋਈ ਰੁਤਬਾ ਦੇ ਕੇ ਓਹਦੇ ਕਬੀਲੇ ਦੀਆਂ ਸਾਰੀਆਂ ਵੋਟਾਂ ਇੱਕ ਹੱਥ ਕਰਨੀਆ.. ਤੂਤਾਂ ਆਲਾ ਪਿੰਡ ਵਾਵਾ ਵੱਡਾ ਸੀ.. ਪਿੰਡ ਵਿੱਚ ਬਾਕੀ ਜਾਤਾਂ ਦੀ ਗਿਣਤੀ ਵੀ ਜੱਟ ਜਿਮੀਦਾਰਾ ਦੇ ਬਰਾਬਰ ਸੀ.. ਪਹਿਲਾਂ ਸਾਰਾ ਪਿੰਡ ਟਕਸਾਲੀ ਆਗੂ ਸੁਰਜਨ ਸਿੰਘ ਦੇ ਮਗਰ ਸੀ.. ਜਿਥੇ ਓਹਨੇ ਕਹਿਣਾ ਪਿੰਡ ਨੇ ਓਸ ਪਾਸੇ ਉੱਲਰ ਜਾਣਾ। ਪਰ ਇਕ ਵਿਰੋਧੀ ਸੀ ਪਿੰਡ ਚ.. ਗੱਜਣ ਸਿੰਘ। ਜ਼ਮੀਨ ਜਾਇਦਾਦ ਸਭ ਤੋ ਵੱਧ ਸੀ ਪਰ ਪਿੰਡ ਦੇ ਥੋੜੇ ਘਰ ਹੀ ਓਹਦੇ ਮਗਰ ਤੁਰਦੇ ਸੀ। ਇਲਾਕੇ ਦਾ ਲੀਡਰ ਹਾਕਮ ਸਿੰਘ ਪਿੰਡ ਵਿਚ ਗੇੜੇ ਮਾਰਨ ਲੱਗ ਗਿਆ..ਓਹਨੇ ਗੱਜਣ ਨੂੰ ਆਵਦੇ ਨਾਲ ਰਲਾਇਆ ਤੇ ਰਾਜਨੀਤੀ ਦਾ ਪਹਿਲਾ ਮੋਹਰਾ ਇਹ ਸਿੱਟਿਆ ਕੇ ਓਹਨਾ ਨੇ ਪਿੰਡ ਦੇ ਗੁਰੂਘਰ ਵਿਚ ਮੁਨੀ ਦਾਸ ਮਹੰਤ ਬਿਠਾ ਦਿੱਤਾ.. ਓਹਨੇ ਹੋਲੀ ਹੋਲੀ ਆਵਦਾ ਕੰਮ ਸ਼ੁਰੂ ਕਰ ਦਿੱਤਾ। ਓਹ ਨੀਵੀਆਂ ਜਾਤਾਂ ਆਲਿਆਂ ਨੂੰ ਸੇਵਾ ਕਰਨ ਤੋ ਟੋਕਦਾ ਰਹਿੰਦਾ। ਮੱਸਿਆ ਪੁੰਨਿਆ ਤੇ ਲੜਾਈ ਹੋਣ ਲੱਗ ਗਈ। ਓਹਨੇ ਭਾਂਡੇ ਵੀ ਅੱਡ ਕਰ ਦਿੱਤੇ ਵੀ ਇਹ ਜੱਟ ਜਿਮੀਦਾਰਾਂ ਦੇ ਬਾਕੀ ਦੂਜੀਆਂ ਜਾਤਾਂ ਦੇ। ਪਿੰਡ ਦੇ ਲੋਕਾਂ ਨੇ ਵਿਰੋਧ ਕਰਨਾ ਸ਼ੁਰੂ ਕੀਤਾ ਤਾ ਲੀਡਰ ਹਾਕਮ ਨੇ ਸਰਕਾਰੇ ਦਰਬਾਰੇ ਤੋ ਧਮਕੀ ਦਵਾ ਦੇਣੀ। ਹੁਣ ਮੁਨੀ ਦਾਸ ਵੀ ਆਵਦੇ ਨਾਲ ਬੰਦੇ ਰੱਖਣ ਲੱਗ ਗਿਆ। ਦੂਜੇ ਪਾਸੇ ਹਾਕਮ ਸਿੰਘ ਨੇ ਨੀਵੀਆਂ ਜਾਤਾਂ ਆਲੇ ਕਈ ਬੰਦਿਆ ਨੂੰ ਪਿਛੇ ਲਾਇਆ ਕੀ ਮੈਂ ਤੁਹਾਡੇ ਲਈ ਨਵਾਂ ਗੁਰੂਘਰ ਬਣਾ ਕੇ ਦਿੰਨਾ। ਭੋਲੇ ਲੋਕ ਗੱਲਾਂ ਵਿਚ ਆ ਗਏ। ਹੋਰ ਵੀ ਕਈ ਸਹੂਲਤਾਂ ਦੇਣ ਲੱਗ ਗਿਆ ਤੇ ਪਿੰਡ ਵਿਚ ਹੁਣ ਦੋ ਧੜੇ ਬਣ ਗਏ।
ਪਿੰਡ ਦੇ ਸਾਂਝੇ ਥਾਵਾਂ ਦੇ ਲੜਾਈਆਂ ਸ਼ੁਰੂ ਹੋ ਗਈਆਂ। ਮਚਦੀ ਤੇ ਤੇਲ ਪਾਉਣ ਲਈ ਮੁਨੀ ਦਾਸ ਦੇ ਬੰਦਿਆ ਨੇ ਗੁਰੂਘਰ ਆਈਆਂ ਮਜ੍ਹਬੀ ਸਿਖਾਂ ਦੀਆਂ ਧੀਆਂ ਭੈਣਾ ਨਾਲ ਬਦਫੈਲੀ ਕਰ ਦਿੱਤੀ। ਲੋਕ ਸਿਆਸੀ ਭੇਦ ਨਾ ਸਮਝ ਸਕੇ ਤੇ ਸਭ ਨੂੰ ਇਹ ਜੱਟਾਂ ਦੇ ਮੁੰਡਿਆ ਦਾ ਕੰਮ ਲੱਗਿਆ ਤੇ ਲੜਾਈ ਹੋਈ ਤੇ ਦੋਹਾ ਧੜਿਆਂ ਦੇ ਕਈ ਬੰਦੇ ਵੱਡੇ ਟੁੱਕੇ ਗਏ। ਬਿੱਕਰ,ਪਾਸ਼ਾ ਤੇ ਹੋਰ ਕਈ ਬੰਦੇ ਅੱਜ ਸੱਥ ਆਲੀ ਥੜੀ ਤੇ ਬੈਠੇ ਬਲਦੇ ਹੋਏ ਪਿੰਡ ਨੂੰ ਵੇਖ ਰਹੇ ਸੀ। ਸਾਰੇ ਅੰਦਰੋ ਅੰਦਰੀ ਸਬ ਜਾਣ ਦੇ ਸਨ।
ਬਾਕੀ ਸਾਰੇ ਉਠ ਕੇ ਚਲੇ ਗਏ ਪਰ ਬਿੱਕਰ ਤੇ ਪਾਸ਼ਾ ਓਥੇ ਹੀ ਬੈਠੇ ਰਹੇ। ਜਦੋ ਰਾਤ ਗੂੜੀ ਹੋ ਗਈ ਤਾ ਪੱਕੇ ਯਾਰ ਬਿਨਾ ਬੋਲੇ ਇਕ ਦੂਜੇ ਦੇ ਦਿਲ ਦੀ ਗੱਲ ਸਮਝ ਗਏ। ਬਿੱਕਰ ਬਾਹਰਲੀ ਬੈਠਕ ਚੋ ਗੰਡਾਸਾ ਚੱਕ ਲਿਆਇਆ ਤੇ ਪਾਸ਼ਾ ਖਾਲੀ ਹੱਥ ਹੀ ਮਗਰ ਤੁਰ ਪਿਆ। ਗੁਰੂ ਘਰ ਦੀ ਬਾਹਰਲੀ ਕੰਧ ਕੋਲ ਖੜੇ ਮੁਨੀ ਦਾਸ ਦੇ ਇਕ ਚੇਲੇ ਨੂੰ ਓਦੋ ਹੀ ਪਤਾ ਲੱਗਿਆ ਜਦੋਂ ਪਾਸ਼ੇ ਨੇ ਮਗਰੋ ਜਾ ਕੇ ਜੱਫਾ ਮਾਰ ਕੇ ਸਿੱਟ ਲਿਆ। ਚੀਖ ਵੀ ਨਾ ਨਿਕਲਣ ਦਿੱਤੀ ਤੇ ਪਿੰਡ ਆਲੀ ਫਿਰਨੀ ਤੇ ਸਵੇਰੇ ਲੋਥ ਹੀ ਮਿਲੀ। ਬਥੇਰਾ ਜ਼ੋਰ ਲਾਇਆ ਪਰ ਕੋਈ ਭਿਣਕ ਨਾਂ ਲੱਗੀ ਪੁਲਸ ਨੂੰ। ਦੂਜੇ ਪਾਸੇ ਸਾਰੀਆਂ ਜਾਤਾਂ ਦੇ ਮੋਹਤਬਾਰ ਬੰਦਿਆ ਦਾ ਕੱਠ ਕੀਤਾ ਗਿਆ। ਸੁਰਜਨ ਸਿੰਘ ਨੇ ਸਿਆਸਤ ਦੇ ਦਾਅ ਪੇਚ ਸਮਝਾਏ ਲੋਕਾਂ ਨੂੰ। ਹੁਣ ਨਿੱਤ ਸੁਰਜਨ ਸਿੰਘ ਦੇਬੂ ਝਿਓਰ ਤੇ ਤੇਜਾ ਘੁਮਿਆਰ ਲੋਕਾਂ ਦੇ ਘਰੋ ਘਰੀ ਜਾਂਦੇ ਤੇ ਲੋਕਾਂ ਨੂੰ ਮੁਨੀ ਦਾਸ ਦੀਆਂ ਕਰਤੂਤਾਂ ਬਾਰੇ ਦੱਸ ਦੇ। ਹੁਣ ਪਿੰਡ ਦੇ ਲੋਕਾਂ ਨੂੰ ਵੀ ਅਸਲ ਗੱਲ ਦੀ ਸਮਝ ਆ ਗਈ। ਮਤਾ ਪੈ ਗਿਆ ਤੇ ਗੁਰੂਘਰ ਅਖੰਡ ਪਾਠ ਕਰਨ ਦਾ ਫੈਸਲਾ ਹੋਇਆ ਤੇ ਨਾਲ ਹੀ ਮੁਨੀ ਦਾਸ ਨੂੰ ਪਿੰਡ ਚੋ ਕੱਡਣ ਦਾ। ਭੋਗ ਆਲਾ ਦਿਨ ਆ ਗਿਆ। ਸਾਰਾ ਪਿੰਡ ਰਲ ਕੇ ਸੇਵਾ ਕਰ ਰਿਹਾ ਸੀ। ਸੁਰਜਨ ਸਿੰਘ, ਦੇਬੂ ਝਿਓਰ ਦਾ ਪਿਓ ਬੰਤ ਤੇ ਮਜ੍ਹਬੀ ਸਿਖਾਂ ਦਾ ਹਰਨਾਮ ਰਲ ਕੇ ਬਾਬੇ ਫਰੀਦ ਦੇ ਸਲੋਕ ਪੜਨ ਲੱਗ ਗਏ
ਜਾਪੇ ਜਿਵੇਂ ਹਵਾ ਵਿਚ ਕਿਸੇ ਨੇ ਸ਼ਹਿਦ ਹੀ ਘੋਲ ਦਿੱਤਾ ਹੋਵੇ। ਮੁਨੀ ਦਾਸ ਤੋ ਇਹ ਜਰਿਆ ਨਾ ਗਿਆ। ਓਹ ਭੋਰੇ ਚੋ ਬਾਹਰ ਆ ਕੇ ਟੋਕਨ ਲੱਗ ਗਿਆ। ਖੀਰ ਆਲੇ ਕੜਾਹੇ ਚ ਖੁਰਚਣਾ ਮਾਰ ਰਹੇ ਪਾਸ਼ੇ ਨਾਲ ਬਹਿਸ ਪਿਆ। ਰੋਲਾ ਰੱਪਾ ਪੈਣ ਲੱਗੇ ਚ ਜਦੋ ਪਿੰਡ ਮੁਨੀ ਦਾਸ ਦੇ ਗਲ ਪੈਣ ਲੱਗਿਆ ਤਾ ਮੁਨੀ ਦਾਸ ਦੇ ਬੰਦਿਆ ਨੇ ਗੋਲੀ ਚਲਾ ਦਿੱਤੀ। ਪਾਸ਼ੇ ਨੇ ਚੁਰ ਵਿਚੋ ਬਲਦੀ ਹੋਈ ਲੱਕੜ ਕੱਡ ਲਈ ਤੇ ਜਿਵੇਂ ਹੀ ਮੁਨੀ ਦਾਸ ਕੰਨੀ ਹੋਣ ਲੱਗਿਆ ਤਾ ਅੱਗੋ ਮੁਨੀ ਦਾਸ ਨੇ ਡੱਬ ਚੋ ਪਿਸਤੋਲ ਕੱਡ ਕੇ ਪਾਸ਼ੇ ਵੱਲ ਗੋਲੀ ਚਲਾ ਦਿੱਤੀ। ਪਾਸ਼ਾ ਓਥੇ ਹੀ ਨਿਢਾਲ ਹੋ ਕੇ ਡਿੱਗ ਪਿਆ। ਏਨੇ ਚਿਰ ਨੂੰ ਬਿੱਕਰ ਅੰਦਰ ਮਹਾਰਾਜ ਦੇ ਸਰੂਪ ਅੱਗੇ ਰੱਖੇ ਹਥਿਆਰਾਂ ਚੋਂ ਕਿਰਪਾਨ ਚੱਕ ਲਿਆਇਆ ਤੇ ਕਾਹਲੀ ਨਾਲ ਏਹੋ ਜਾ ਵਾਰ ਕੀਤਾ ਕੇ ਸਣੇ ਪਿਸਤੋਲ ਮੁਨੀ ਦਾਸ ਦੀ ਬਾਂਹ ਧੜ ਨਾਲੋ ਅੱਡ ਹੋ ਕੇ ਡਿੱਗ ਪਈ। ਮੁਨੀ ਦਾਸ ਦੇ ਬੰਦੇ ਭੱਜ ਗਏ ਪਰ ਭੱਜੇ ਜਾਂਦੇ ਇੱਕ ਨੇ ਬਿੱਕਰ ਵਾਲ ਫੈਰ ਕਰ ਦਿੱਤਾ। ਬਿੱਕਰ ਨੇ ਥੋੜੇ ਸਮੇਂ ਲਈ ਮੌਤ ਤੋ ਵੀ ਮੋਹਲਤ ਲੈ ਲਈ ਤੇ ਤੜਫਦੇ ਹੋਏ ਮੁਨੀ ਦੱਸ ਦੀ ਹਿੱਕ ਚੋ ਕਿਰਪਾਨ ਆਰ ਪਾਰ ਕਰ ਦਿੱਤੀ। ਆਵਦੇ ਆਪ ਨੂੰ ਸੰਭਾਲ ਦਾ ਬਿੱਕਰ ਪਾਸ਼ੇ ਦੀ ਲੋਥ ਕੋਲ ਕੰਧ ਦਾ ਸਹਾਰਾ ਲਾ ਕੇ ਬਹਿ ਗਿਆ। ਓੁਹਦਾ ਸਿਰ ਆਵਦੀ ਝੋਲੀ ਵਿਚ ਰੱਖਦਾ ਬੋਲਿਆ ਦੇਖ ਪਾਸ਼ੇ ਓਏ ਸਾਰਾ ਤੂਤਾਂ ਆਲਾ ਕੱਠਾ ਹੋਇਆ ਪਿਆ ਅੱਜ। ਓਹ ਦੇਖ ਅੱਜ ਕੋਈ ਰੋਲਾ ਨੀ ਜਾਤਾਂ ਪਾਤਾਂ ਆਲਾ। ਐਨਾ ਬੋਲਦਾ ਬਿੱਕਰ ਵੀ ਪਿੰਡ ਨੂੰ ਅਲਵਿਦਾ ਕਹਿ ਗਿਆ। ਬਿੱਕਰ ਦਾ ਡੁੱਲ ਦਾ ਲਹੂ ਪਾਸ਼ੇ ਦੀ ਲੋਥ ਚੋ ਵੱਗ ਦੇ ਲਹੂ ਨਾਲ ਜਾ ਰਲਿਆ। ਰਲੇ ਲਹੂ ਦਾ ਰੰਗ ਹੋਰ ਗੂੜਾ ਹੋ ਗਿਆ। ਓਨਾ ਹੀ ਗੂੜਾ ਜਿੰਨਾ ਗੂੜਾ ਗੁਰੂਘਰ ਦੀ ਚਿੱਟੀ ਕੰਧ ਤੇ ਇਹ ਲਿਖਿਆ ਸੀ…
…”ਮਾਨਸ ਕੀ ਜਾਤ ਸਬੈ ਏਕੈ ਪਹਿਚਾਨਬੋ” ।
ਗੁਰਨੈਬ ਸਿੰਘ…

...
...

ਰਿਸ਼ਤਾ ਹੋ ਗਿਆ ਤੇ ਮਹੀਨੇ ਕੂ ਮਗਰੋਂ ਹੀ ਵਿਆਹ ਵਾਲਾ ਦਿਨ ਵੀ ਮਿੱਥ ਲਿਆ..
ਮਿੱਥੀ ਹੋਈ ਤਰੀਕ ਤੋਂ ਕੁਝ ਦਿਨ ਪਹਿਲਾਂ ਅਚਾਨਕ ਹੀ ਇੱਕ ਦਿਨ ਮੁੰਡੇ ਦੇ ਪਿਓ ਨੇ ਬਿਨਾ ਦੱਸਿਆਂ ਹੀ ਆਣ ਕੁੜਮਾਂ ਦਾ ਬਾਰ ਖੜਕਾਇਆ..!
ਅਗਲੇ ਫ਼ਿਕਰਮੰਦ ਹੋ ਗਏ ਪਤਾ ਨੀ ਕੀ ਗੱਲ ਹੋ ਗਈ..
ਪਾਣੀ-ਧਾਣੀ ਪੀਣ ਮਗਰੋਂ ਉਹ ਆਪਣੇ ਕੁੜਮ ਨੂੰ ਏਨੀ ਗੱਲ ਆਖ ਬਾਹਰ ਨੂੰ ਲੈ ਗਿਆ ਕੇ “ਆਜੋ ਬਾਹਰ ਨੂੰ ਚੱਲੀਏ..ਕੋਈ ਜਰੂਰੀ ਗੱਲ ਕਰਨੀ ਏ..”
ਫੇਰ ਕੁਝ ਦੂਰ ਜਾ ਉਸਨੇ ਗੱਲ ਛੇੜ ਲਈ..
ਆਖਣ ਲੱਗਾ “ਭਾਜੀ ਤੁਸਾਂ ਦਾ ਤੇ ਇਹ ਪਹਿਲਾ-ਪਹਿਲਾ ਕਾਰਜ ਏ ਤੇ ਅਸਾਡਾ ਆਖਰੀ..
ਇੱਕ ਬੇਨਤੀ ਏ ਕੇ ਪਹਿਲੇ ਕਾਰਜ ਦੇ ਬੋਝ ਥੱਲੇ ਆ ਤੇ ਜਾ ਕਿਸੇ ਹੋਰ ਦੇ ਆਖੇ ਕੋਈ ਏਦਾਂ ਦਾ ਕੰਮ ਨਾ ਕਰ ਬੈਠਿਓਂ ਕੇ ਥੋੜੇ ਪੈਰ ਔਕਾਤ ਵਾਲੀ ਚਾਦਰ ਨੂੰ ਪਾੜ ਬਾਹਰ ਨੂੰ ਫੈਲ ਜਾਵਣ..!
ਏਨੀ ਗੱਲ ਨਾ ਭੂਲਿਓ ਕੇ ਤੁਹਾਡੀਆਂ ਦੋ ਅਜੇ ਹੋਰ ਵੀ ਨੇ..ਤੇ ਮੈਂ ਤੇ ਹੁਣੇ ਹੁਣੇ ਹੀ ਆਪਣੇ ਨਿੱਕੀ ਤੇ ਆਖਰੀ ਧੀ ਦੇ ਕਾਰਜ ਨੇਪਰੇ ਚਾੜ ਕੇ ਹਟਿਆ ਹਾਂ..
ਕਿਸੇ ਵੀ ਸਲਾਹ ਦੀ ਲੋੜ ਹੋਵੇ ਤਾਂ ਸੰਗਿਓ ਨਾ..ਨਿਸੰਗ ਹੋ ਕੇ ਪੁੱਛ ਲਿਓਂ..
ਇਹਨਾਂ ਵੇਲਿਆਂ ਵਿੱਚ ਇੱਕ ਧੀ ਦੇ ਬਾਪ ਦੀ ਮਾਨਸਿਕ ਸਥਿਤੀ ਕੀ ਹੁੰਦੀ ਏ..ਇਹ ਗੱਲ ਮੈਥੋਂ ਵੱਧ ਹੋਰ ਕੌਣ ਜਾਣਦਾ ਹੋਊ”

ਹੋਰ ਵੀ ਕਿੰਨੀਆਂ ਸਾਰੀਆਂ ਜਰੂਰੀ ਗੱਲਾਂ ਮੁਕਾਉਣ ਉਪਰੰਤ ਜਦੋਂ ਉਹ ਦੋਵੇਂ ਘਰ ਨੂੰ ਵਾਪਿਸ ਪਰਤੇ ਤਾਂ ਬਹਾਨੇ-ਬਹਾਨੇ ਨਾਲ ਬਿੜਕਾਂ ਲੈਂਦੀ ਹੋਈ ਫ਼ਿਕਰਮੰਦ ਧੀ ਦੇ ਬਾਪ ਨੂੰ ਇੰਝ ਲੱਗ ਰਿਹਾ ਸੀ ਜਿਦਾਂ ਬੇਪਰਵਾਹੀ ਦੇ ਘੋੜੇ ਚੜਿਆ ਉਹ ਹੁਣ ਪਹਿਲਾਂ ਤੋਂ ਹੀ ਸਿਰ ਤੇ ਚੁਕਾ ਦਿੱਤੀਆਂ ਗਈਆਂ ਫਿਕਰ ਅਤੇ ਕਰਜਿਆਂ ਵਾਲੀਆਂ ਕਿੰਨੀਆਂ ਸਾਰੀਆਂ ਪੰਡਾ ਪੱਟੇ ਹੋਏ ਕਿਸੇ ਡੂੰਗੇ ਟੋਏ ਵਿਚ ਸਦਾ ਲਈ ਦੱਬ ਆਇਆ ਹੋਵੇ..!

ਦੋਸਤੋ ਪਦਾਰਥਵਾਦ ਦੀ ਵਹਿ ਤੁਰੀ ਅੱਜ ਦੀ ਤੇਜ ਹਨੇਰੀ ਵਿੱਚ ਉਲਟੇ ਪਾਣੀ ਤਾਰੀ ਲਾਉਂਦਾ ਹੋਇਆ ਇਹ ਮਿੱਠਾ ਜਿਹਾ ਘਟਨਾ ਕਰਮ ਜੇ ਕਿਸੇ ਮਾਈ ਭਾਈ ਦੇ ਪਰਿਵਾਰ ਨਾਲ ਹਕੀਕਤ ਵਿਚ ਅੱਜ ਵੀ ਕਿਧਰੇ ਵਾਪਰਿਆ ਹੋਵੇ ਤਾਂ ਸਾਂਝਾ ਜਰੂਰ ਕਰਿਓ..

ਸੁਣਿਆ ਏ ਚੰਗਿਆਈ ਵਾਲਾ ਬੀਜ ਸਭ ਤੋਂ ਪਹਿਲਾਂ ਦਿਮਾਗਾਂ ਵਿਚ ਹੀ ਪੁੰਗਰਿਆ ਕਰਦਾ ਏ..!

(1987-88 ਦੇ ਗਿਆਰਾਂ ਜਾਂਞੀਆਂ ਵਾਲੇ ਦੌਰ ਵਿਚ ਅਖੀਂ ਵੇਖੀ ਘਟਨਾ ਤੇ ਅਧਾਰਿਤ)

ਹਰਪ੍ਰੀਤ ਸਿੰਘ ਜਵੰਦਾ

...
...

ਛੋਟੇ ਹੁੰਦਿਆਂ ਖੇਤ ਵਿੱਚ ਟਾਹਲੀ ਬੜੇ ਸ਼ੌਂਕ ਨਾਲ ਲਾਈ ਸੀ ਕਿ ਨਾਲੇ ਛਾਂ ਹੋ ਜਾਓ ਤੇ ਨਾਲੇ ਟਾਹਲੀ ਦੀ ਲੱਕੜ ਮਹਿੰਗੀ ਬਹੁਤ ਵਿਕਦੀ ਹੈ। ਟਾਹਲੀ ਦੀ ਚੰਗੀ ਤਰਾਂ ਕੀਤੀ ਦੇਖਭਾਲ ਕਰਕੇ ਕੁਝ ਵਰਿਆਂ ਵਿੱਚ ਇਹ ਵੱਡੇ ਰੁੱਖ ਦਾ ਰੂਪ ਧਾਰਨ ਕਰ ਗਈ। ਇਸ ਵੱਡੀ ਹੋਈ ਟਾਹਲੀ ਨੂੰ ਦੇਖ ਕੇ ਮਨ ਵਿੱਚ ਬੜੀ ਖੁਸ਼ੀ ਹੁੰਦੀ । ਪਰ ਬਦਕਿਸਮਤੀ ਨਾਲ ਝੋਨੇ ਦੀ ਵੱਟ ਦੇ ਨੇੜੇ ਹੋਣ ਕਰਕੇ ਇਹ ਖੇਤ ਦੀ ਕੋਠੀ ਦੀ ਛੱਤ ਤੇ ਉਲਰ ਗਈ। ਹੁਣ ਕੋਠੀ ਦੇ ਡਿੱਗਣ ਦੇ ਡਰ ਕਰਕੇ ਇਸਨੂੰ ਪੁੱਟਣਾ ਹੀ ਮੁਨਾਸਬ ਸਮਝਿਆ ਗਿਆ। ਟਾਹਲੀ ਨੂੰ ਖਰੀਦਣ ਵਾਲਿਆਂ ਨੂੰ ਸੱਦਿਆ ਗਿਆ ਤਾਂ ਉਹਨਾਂ ਨੇ ਕੋਈ ਚੰਗਾ ਹੁੰਗਾਰਾ ਨਾ ਦਿੱਤਾ। ਕਿਸੇ ਨੇ ਕਿਹਾ ਦਿਹਾੜੀ ਤੇ ਪੁਟਾ ਕੇ ਘਰੇ ਸੁੱਟ ਲਓ। ਪਰ ਜੇ ਤੁਸੀਂ ਸਾਨੂੰ ਪੁਟਾਉਣੀ ਚਾਹੁੰਦੇ ਹੋ ਤਾਂ ਅਸੀ ਪੰਚੀ ਸੌ ਤੋ ਵੱਧ ਆਨਾ ਨਹੀਂ ਦੇਣਾ। ਉਹਨਾਂ ਦੇ ਮੂੰਹ ਐਨੀ ਘੱਟ ਰਕਮ ਸੁਣ ਕੇ ਮੇਰੇ ਪੈਰਾਂ ਥੱਲੋਂ ਜਮੀਨ ਖਿਸਕ ਗਈਂ। ਚਲੋ,ਗੱਲ ਅਖੀਰ ਨੂੰ ਪੁੱਟ ਕੇ ਘਰੇ ਸੁੱਟਣ ਤੇ ਪੁੱਜ ਗਈ। ਪਿੰਡ ਵਿੱਚ ਰੁੱਖ ਪੁੱਟਣ ਵਾਲਿਆਂ ਨੂੰ ਨੌ ਸੌ ਰੁਪਏ ਦੇ ਕੇ ਟਾਹਲੀ ਘਰੇ ਪੁੱਟ ਕੇ ਸੁੱਟ ਲਈ ਗਈ। ਛੋਟੀਆਂ ਟਾਹਣੀਆਂ ਨੂੰ ਬਾਲਣ ਦੇ ਤੌਰ ਤੇ ਵਰਤਾਂਗੇ ਤੇ ਵੱਡੇ ਮੁੱਢ ਦਾ ਬੈੱਡ ਜਾਂ ਡਾਈਨਿੰਗ ਟੇਬਲ ਬਣਾ ਲਵਾਂਗੇ।ਲੱਕੜ ਦੇ ਜਾਣ ਪਛਾਣ ਵਾਲੇ ਮਿਸਤਰੀ ਨੂੰ ਮੁੱਢ ਦਾ ਕੁਝ ਨਾ ਕੁਝ ਬਣਾਉਣ ਲਈ ਸੱਦਿਆ ਗਿਆ। ਉਸਨੇ ਸਲਾਹ ਦਿੱਤੀ ਕਿ ਬੈੱਡ ਇਸਦਾ ਬਣਨਾ ਨਹੀਂ ਤੇ ਡਾਈਨਿੰਗ ਟੇਬਲ ਤੇ ਕੁਰਸੀਆਂ ਬਹੁਤ ਬਰੀਕੀ ਵਾਲਾ ਕੰਮ ਹੈ ਉਸਦੇ ਸੰਦ ਸਾਡੇ ਕੋਲ ਨਹੀਂ ਹਨ। ਬਾਰ-ਬਾਰੀਆਂ ਤੁਹਾਡੇ ਲੱਕੜ ਦੀਆਂ ਪਹਿਲਾਂ ਲੱਗੀਆਂ ਹਨ। ਮੇਰੀ ਰਾਇ ਮੰਨੋ ਤਾਂ ਇਸਨੂੰ ਮੰਡੀ ਤੇ ਵੇਚ ਆਓ ਨਹੀਂ ਤਾਂ ਇਸਨੂੰ ਘੁਣ ਲੱਗ ਜਾਣਾ ਹੈ।
ਦੋ ਮਹੀਨਿਆਂ ਮਗਰੋਂ ਛੋਟੇ ਹਾਥੀ ਤੇ ਦੋ ਟੋਟੇ ਕਰਕੇ ਇਸਨੂੰ ਬੜੀ ਜਦੋ ਜਹਿਦ ਕਰਕੇ ਲੱਦ ਲਿਆ ਗਿਆ। ਅੱਠ ਵਜੇ ਮੰਡੀ ਵਿੱਚ ਪਹੁੰਚੇ ਤਾਂ ਬੋਲੀ ਸ਼ੁਰੂ ਹੋ ਚੁੱਕੀ ਸੀ ਤੇ ਪਹਿਲੀ ਵਾਰੀ ਵੀ ਸਾਡੀ ਸੀ। ਛੇ ਸੌ ਪਜੱਤਰ ਰੁਪਏ ਕੁਵਿੰਟਲ ਦੇ ਬੋਲੀ ਦੇ ਲਾ ਦਿੱਤੇ ਗਏ। ਇੰਨੇ ਘੱਟ ਰੇਟ ਦੀ ਬੋਲੀ ਨਾਲੋਂ ਪਿੰਡ ਹੀ ਵੇਚ ਦਿੰਦੇ,ਐਂਵੇ ਖੱਜਲ ਖੁਆਰ ਕਾਹਨੂੰ ਹੋਣਾ ਸੀ ਪਰ ਕਰ ਵੀ ਕੀ ਸਕਦੇ ਸੀ । ਬੋਲੀ ਲਾਉਣ ਵਾਲਾ ਅਫਸਰ ਖਰੀਦਣ ਵਾਲਿਆਂ ਨਾਲ ਰਲਿਆ ਹੋਇਆ ਸੀ। ਖਰੀਦਣ ਵਾਲਿਆਂ ਦੇ ਵੱਡੇ ਵੱਡੇ ਆਰਿਆ ਦੇ ਸਟਾਲ ਸਨ ਤੇ ਉਹ ਦਲਾਲ ਰਾਹੀਂ ਘੱਟ ਬੋਲੀ ਲਾ ਕੇ ਇੱਕ ਦੂਜੇ ਦੀਆਂ ਜੇਬਾਂ ਭਰਦੇ ਸਨ। ਬੋਲੀ ਅਫਸਰ ਨੇ ਸਾਨੂੰ ਕਿਹਾ ਕਿ ਟਾਹਲੀ ਦੇ ਮੁੱਢ ਨਾਲੋਂ ਮਿੱਟੀ ਲਾ ਕੇ ਕੰਡੇ ਤੇ ਇਸਦੀ ਤੁਲਾਈ ਕਰਵਾਓ ਤੇ ਸੌ ਤੋਂ ਉੱਪਰ ਦੀ ਰਕਮ ਦੇ ਟੁੱਟੇ ਰੁਪਏ ਤੁਹਾਨੂੰ ਨਹੀਂ ਦਿੱਤੇ ਜਾਣਗੇ। ਬਾਕੀ ਵੇਚਣ ਵਾਲੇ ਵੀ ਘੁਸਰ ਮੁਸਰ ਕਰ ਰਹੇ ਸਨ ਕਿ 30% ਕਾਟ ਕੱਟੀ ਜਾਵੇਗੀ । ਦਲਾਲ ਨੇ ਸਾਨੂੰ ਇੱਕ ਹੋਰ ਨਾਦਰਸ਼ਾਹੀ ਫੁਰਮਾਣ ਸੁਣਾਇਆ ਕਿ ਆਰੇ ਤੇ ਲੱਕੜ ਤੁਹਾਨੂੰ ਇਕੱਲਿਆਂ ਨੂੰ ਲਾਹੁਣੀ ਪੈਣੀ ਹੈ ,ਆਰੇ ਵਾਲਿਆਂ ਨੇ ਤੁਹਾਡੇ ਨਾਲ ਨਹੀਂ ਲੱਗਣਾ। ਮੈਂ ਮਨ ਵਿੱਚ ਸੋਚਿਆ ਕਿ ਜੱਟ ਨੇ ਫਸਲ ਵੇਚਣ ਲੱਗਿਆ ਕਦੇ ਕੋਈ ਸ਼ਰਤ ਨਹੀਂ ਰੱਖੀ ਤੇ ਇਹ ਲੋਕ ਤਿੰਨ ਚਾਰ ਹਜਾਰ ਦੀ ਲੱਕੜ ਪਿੱਛੇ ਹਜਾਰਾਂ ਸ਼ਰਤਾਂ ਗਿਣਵਾ ਰਹੇ ਹਨ । ਮੈਨੂੰ ਇਹ ਸੁਣ ਬੜਾ ਅਚੰਭਾ ਹੋਇਆ ਕਿ ਜੇ ਉਹ ਨਾਲ ਲੱਗ ਜਾਣਗੇ ਤਾਂ ਕੁਝ ਘੱਟ ਜਾਓਗਾ ਉਹਨਾਂ ਦਾ। ਨਾਲੇ ਪੇਮਿੰਟ ਤੁਹਾਨੂੰ ਤਿੰਨ ਵਜੇ ਤੋਂ ਮਗਰੋਂ ਮਿਲੇਗੀ।ਸਾਨੂੰ ਆਏ ਲੱਗਦਾ ਸੀ ਕਿ ਅਸੀਂ ਟਾਹਲੀ ਕਾਹਦੀ ਵੇਚੀ ਹੈ , ਕੋਈ ਗੁਨਾਹ ਕੀਤਾ ਹੈ। ਅਸੀਂ ਟਾਹਲੀ ਦਾ ਵਜਨ ਕਰਨ ਲਈ ਕੰਡੇ ਤੇ ਪਹੁੰਚ ਗਏ ਤੇ ਫਿਰ ਟਾਹਲੀ ਖਰੀਦਣ ਵਾਲੇ ਦੇ ਆਰੇ ਤੇ ਲਾਹੁਣ ਲਈ। ਜਿਉਂ ਹੀ ਅਸੀਂ ਪਹੁੰਚੇ ਉਸਦੇ ਲੇਬਰ ਕਰਨ ਵਾਲੇ ਮੁੰਡੇ ਕੰਮ ਕਰੀ ਜਾਂਦੇ ਸਨ। ਅਸੀਂ ਉਹਨਾਂ ਨੂੰ ਨਾਲ ਲੱਗਣ ਲਈ ਕਿਹਾ ਤਾਂ ਆਰੇ ਦੇ ਮਾਲਕ ਨੇ ਕੋਰੀ ਨਾਂਹ ਕਰ ਦਿੱਤੀ ਕਿ ਅਸੀਂ ਨਾਲ ਨਹੀਂ ਲੱਗ ਸਕਦੇ। ਅਸੀਂ ਆਪਣਾ ਕੰਮ ਵੀ ਕਰਨਾ ਹੈ। ਮੈਨੂੰ ਬੜੀ ਹੈਰਾਨੀ ਹੋਈ ਕਿ ਪੰਜਾਬ ਵਿੱਚ ਐਨਾ ਸੁਆਰਥ ਕਦੋਂ ਦਾ ਵੱਧ ਗਿਆ। ਪਿੰਡਾਂ ਵਾਲੇ ਤਾਂ ਘਰ ਪੁੱਛਣ ਵਾਲੇ ਨੂੰ ਘਰੇ ਛੱਡ ਕੇ ਆਉਂਦੇ ਹਨ ਪਰ ਇਹ ਸ਼ਹਿਰੀ ਲੋਕ ਤੌਬਾ-ਤੌਬਾ। ਮਸਾਂ ਘੁੱਲ ਕੇ ਮੈਂ ਤੇ ਡਰਾਈਵਰ ਨੇ ਟਾਹਲੀ ਦਾ ਮੁੱਢ ਤੇ ਇੱਕ ਹੋਰ ਛਤੀਰ ਲਾਹਿਆ। ਫਿਰ ਅਸੀ ਖਾਲੀ ਹਾਥੀ ਦਾ ਵਜਣ ਕਰਾਉਣ ਲਈ ਕੰਡੇ ਤੇ ਤੁਰ ਪਏ । ਵਜਣ ਕਰਾਉਣ ਉਪਰੰਤ ਪਰਚੀ ਲੈ ਕੇ ਮੈਂ ਪੇਮਿੰਟ ਲੈਣ ਲਈ ਆਰੇ ਤੇ ਗਿਆ ਤਾਂ ਆਰੇ ਦਾ ਮਾਲਕ ਕਹਿੰਦੇ ਮੇਰਾ ਭਰਾ ਆ ਕੇ ਦਿਓਗਾ ਪੈਸੇ ਤੁਹਾਨੂੰ, ਹਾਲੇ ਉਹ ਅਫਸਰ ਨਾਲ ਮੰਡੀ ਵਿੱਚ ਬੋਲੀ ਕਰਵਾ ਰਿਹਾ ਹੈ। ਮੈਂ ਨਿੰਮੋਝੂਣਾ ਹੋ ਕੇ ਬਜਾਰ ਚਲਾ ਗਿਆ ਕਿ ਬਜਾਰੋਂ ਸਮਾਨ ਖਰੀਦ ਕੇ ਵਾਪਸੀ ਉਪਰੰਤ ਪੈਸੇ ਲੈ ਲਵਾਂਗੇ। ਮੈਨੂੰ ਬਜਾਰੋਂ ਖਰੀਦੋ ਫਰੋਖਤ ਕਰਦੇ ਨੂੰ ਦੋ ਵੱਜ ਗਏ ਤਾਂ ਮੈਂ ਆਰੇ ਦੀ ਸਟਾਲ ਤੋਂ ਪੈਸੇ ਲੈਣ ਚਲਾ ਗਿਆ। ਗਲੀਆਂ ਵਿੱਚੋਂ ਦੀ ਮੋਟਰ ਸਾਈਕਲ ਤੇ ਚਿੱਕੜ ਪਾਰ ਕਰਦਿਆਂ ਜਦ ਮੈਂ ਪਹੁੰਚਿਆਂ ਤਾਂ ਗੇਟ ਨੂੰ ਤਾਲਾ ਲੱਗਾ ਹੋਇਆ ਸੀ। ਮੈਂ ਦਲਾਲ ਨੂੰ ਫੂਨ ਲਾਇਆ ਤਾਂ ਉਸਨੇ ਕਿਹਾ ਦੋ ਵਜੇ ਆਉਣਗੇ। ਚਾਹ ਪੀਣ ਗਏ ਹੋਏ ਹਨ। ਮੈਂ ਬਾਹਰ ਗੇਟ ਤੇ ਧੁੱਪ ਵਿੱਚ ਖੜਾ ਇੰਤਜਾਰ ਕਰਨ ਲੱਗਿਆ। ਪੌਣੇ ਤਿੰਨ ਵੱਜ ਗਏ ਪਰ ਉਹ ਫਿਰ ਵੀ ਨਹੀਂ ਆਏ। ਮੈਨੂੰ ਬੜਾ ਗੁੱਸਾ ਆ ਰਿਹਾ ਸੀ ਕਿ ਤਿੰਨ ਹਜਾਰ ਰੁਪਏ ਪਿੱਛੇ ਐਨੀ ਖੱਜਲ ਖੁਆਰੀ। ਮੈਂ ਇਸ ਬੈਚੇਨੀ ਨੂੰ ਮਹਿਸੂਸ ਕਰ ਰਿਹਾ ਸੀ ਕਿ ਮੈਨੂੰ ਖਿਆਲ ਆਇਆ ਕਿ ਟਾਹਲੀ ਕਹਾਣੀ ਲਿਖੀ ਜਾਵੇ ਤੇ ਇਸ ਪਿੱਛੇ ਛਿਪੀ ਅਸਲੀਅਤ ਪਰਗਟ ਕੀਤੀ ਜਾਵੇ। ਮੈਂ ਅੱਧੀ ਕਹਾਣੀ ਲਿਖੀ ਸੀ ਕਿ ਤਿੰਨ ਵਜੇ ਆਰੇ ਵਾਲੇ ਆ ਗਏ। ਮੈਂ ਪੇਮਿੰਟ ਵਾਲੀ ਪਰਚੀ ਕੱਢ ਕੇ ਮਾਲਕ ਨੂੰ ਫੜਾਈ ਤਾਂ ਉਸਨੇ ਵੇਖ ਕੇ ਕਿਹਾ ਦਲਾਲ ਤੋਂ ਇਸਦੀ ਪਰਚੀ ਤਾਂ ਬਣਾ ਲੈਂਦਾ। ਮੈਂ ਕਿਹਾ ਮੈਨੂੰ ਨਹੀਂ ਪਤਾ ਕਿਹੜੀ ਪਰਚੀ ਬਣਾਉਣੀ ਸੀ । ਮੈਂ ਤਾਂ ਪਹਿਲੀ ਵਾਰੀ ਇਸ ਕੰਮ ਵਿੱਚ ਪਿਆ ਹਾਂ । ਉਹ ਆਪਣੀ ਰੋਅਬ ਭਰੀ ਅਵਾਜ ਵਿੱਚ ਕਹਿਣ ਲੱਗਾ ਕਿ ਦਲਾਲ ਤੋਂ ਰੇਟ ਤੇ ਵਜਨ ਦੇ ਹਿਸਾਬ ਨਾਲ ਟੋਟਲ ਰਕਮ ਲਿਖਾਉਣੀ ਜਰੂਰੀ ਸੀ। ਮੈਂ ਮਨ ਵਿੱਚ ਹੀ ਕਿਹਾ ਕਿ ਦੋ ਪਰਚੀਆਂ ਤੋਂ ਆਪ ਬਣਾ ਲੈ।
ਉਸਨੇ ਆਧਾਰ ਕਾਰਡ ਲੈ ਕੇ ਮੇਰਾ ਐਡਰਿਸ ਲਿਖਿਆ ਤੇ ਦੋ ਥਾਂਵਾਂ ਤੇ ਸਾਇਨ ਕਰਵਾ ਲਏ ਤੇ ਤਿੰਨ ਹਜਾਰ ਰੁਪਏ ਕੱਢ ਕੇ ਮੈਨੂੰ ਦੇ ਦਿੱਤੇ। ਮੈਨੂੰ 150 ਰੁਪਏ ਘੱਟ ਹੋਣ ਦਾ ਖਦਸਾ ਸੀ। ਪਰ ਮੈਂ ਚੁੱਪ ਵੱਟ ਗਿਆ। ਉਸਨੇ ਮੈਨੂੰ ਪੁੱਛਿਆ ਕਿਹੜਾ ਪਿੰਡ ਹੈ ਤੇ ਕੀ ਕੰਮ ਕਰਦਾ ਹੈਂ। ਮੈਂ ਕਿਹਾ ਮੈਂ ਪਰਾਈਵੇਟ ਸਕੂਲ ਵਿੱਚ ਅਧਿਆਪਕ ਹਾਂ। ਉਹ ਹੈਰਾਨ ਹੋ ਗਿਆ ਸਧਾਰਨ ਪਹਿਰਾਵੇ ਵਿੱਚ ਪੜੇ ਲਿਖੇ ਇਨਸਾਨ ਨੂੰ ਮੈਂ ਐਨੀ ਖੱਜਲ ਖੁਆਰੀ ਦਿੱਤੀ। ਮੈਂ ਕਿਹਾ ਕਿ ਮੈਂ ਟਾਹਲੀ ਕਹਾਣੀ ਲਿਖੀ ਹੈ ਬੱਸ ਅੱਧੀ ਰਹਿ ਗਈ। ਉਸ ਵਿੱਚ ਤੂੰ ਕੀ ਲਿਖਿਆ ਹੈ ਬੱਸ ਇਹੀ ਖੱਜਲ ਖੁਆਰੀ ਬਾਕੀ ਤੂੰ ਮੈਨੂੰ ਆਪਣਾ ਨੰਬਰ ਦੇ ਤੇ ਪੜ ਲਵੀਂ । ਹੋਰ ਕੀ ਲਿਖਦਾ ਹੁੰਨਾ ਹੈ ,ਮੈਂ ਕਿਹਾ ਸਭ ਕੁਝ । ਉਸਨੇ ਕਿਹਾ ਕਿ ਮੈਂ ਵੀ ਧਾਰਮਿਕ ਸੰਸਥਾ ਨਾਲ ਜੁੜਿਆ ਹਾਂ। ਮੈਨੂੰ ਉਸਦੀ ਦਾਹੜੀ ਤੇ ਵਿਵਹਾਰ ਦੇਖ ਕੇ ਬਹੁਤ ਬੁਰਾ ਲੱਗਿਆ ਕਿ ਲੋਕ ਐਂਵੇ ਫਾਲਤੂ ਦਿਖਾਵਾ ਕਰਦੇ ਫਿਰਦੇ ਹਨ , ਧਰਮ ਦੀ ਅਸਲੀਅਤ ਤੋਂ ਉਹ ਕੋਹਾਂ ਦੂਰ ਹਨ। ਉਸਨੇ ਮੈਨੂੰ ਸੌ ਦਾ ਨੋਟ ਕੱਢ ਕੇ ਫੜਾ ਦਿੱਤਾ ਤੇ ਕਿਹਾ ਬਾਕੀ ਮੈਂ ਦਲਾਲ ਨੂੰ ਆਪੇ ਦੇ ਦਿਊਂ। ਜੇ ਤੂੰ ਕੰਡੇ ਵੱਲ ਦੀ ਗਿਆ ਤਾਂ ਉਸਨੂੰ ਪੈਸੇ ਦਿੰਦਾ ਜਾਵੀਂ। ਜੇ ਨਾ ਹੋਇਆ ਤਾਂ ਨਾ ਦੇਵੀਂ
ਉਸਨੂੰ ਪਤਾ ਲੱਗ ਗਿਆ ਸੀ ਕਿ ਇਹ ਰਹਿੰਦੀ ਰਕਮ ਬਾਰੇ ਜਾਣਦਾ ਹੈ ਤੇ ਕਿਤੇ ਮੇਰੇ ਤੇ ਕਹਾਣੀ ਵਿੱਚ ਤਵਾ ਨਾ ਲਾ ਦੇਵੇਂ। ਦਲਾਲ ਤੋਂ ਪਰਚੀ ਬਣਾਉਣ ਦੀ ਜਿਹੜੀ ਗੱਲ ਉਹ ਕਰਦਾ ਸੀ ,ਅਸਲ ਵਿੱਚ ਉਹ ਮੇਰੇ ਕੋਲੋਂ ਉਸਦਾ ਹਿੱਸਾ ਦਵਾਉਣਾ ਚਾਹੁੰਦਾ ਸੀ। ਉਸਨੇ ਜਦੋਂ ਮੇਰੇ ਬਾਰੇ ਸਾਰੀ ਗੱਲ ਜਾਣ ਲਈ ਤਾਂ ਉਸਨੇ ਆਪਣੇ ਭਰਾ ਨੂੰ ਕਿਹਾ ਕਿ ਪਾਣੀ ਲੈ ਕੇ ਆ ਬਾਈ ਲਈ। ਮੈਂ ਪਾਣੀ ਪੀ ਕੇ ਪਿੰਡ ਨੂੰ ਮੋਟਰ ਸਾਈਕਲ ਤੇ ਚੱਲਦਾ ਬਣਿਆ ਤੇ ਟਾਹਲੀ ਸੰਬੰਧੀ ਹੋਈ ਖੱਜਲ ਖੁਆਰੀ ਬਾਰੇ ਸਾਰੇ ਰਾਹ ਸੋਚਦਾ ਰਿਹਾ ਕਿ ਕਿਵੇਂ ਕੁੱਤੀ ਚੋਰਾਂ ਨਾਲ ਰਲ ਕੇ ਆਮ ਲੋਕਾਂ ਦਾ ਮਾਨਸਿਕ ਤੇ ਆਰਥਿਕ ਸ਼ੋਸ਼ਣ ਕਰਦੀ ਹੈ।
ਸਰਬਜੀਤ ਸਿੰਘ ਜਿਉਣ ਵਾਲਾ,ਫਰੀਦਕੋਟ
ਮੋਬਾਇਲ – 9464412761

...
...

ਨਿੱਕੇ ਜਿਹੇ ਕਸਬੇ ਦਾ ਇੱਕ ਨਿੱਕਾ ਜਿਹਾ ਹੋਟਲ…
ਮੰਗਣੇ ਦੀ ਗੱਲਬਾਤ ਦੌਰਾਨ ਦੋਹਾਂ ਨੂੰ ਇੱਕ ਕਮਰੇ ਵਿਚ ਛੱਡ ਦਿੱਤਾ ਗਿਆ..
ਕੁਝ ਪਲਾਂ ਦੀ ਖਾਮੋਸ਼ੀ ਮਗਰੋਂ..ਉਸਨੇ ਪਾਣੀ ਦਾ ਘੁੱਟ ਪੀਤਾ ਅਤੇ ਸ਼ੁਰੂਆਤ ਕਰ ਦਿੱਤੀ..
ਆਖਣ ਲੱਗਾ
“ਮੇਰੇ ਲਈ ਮੇਰੇ ਪਰਿਵਾਰ ਤੋਂ ਵੱਧ ਕੇ ਹੋਰ ਕੁਝ ਨਹੀਂ ਏ…
ਮਾਂ ਨੂੰ ਸੰਸਕਾਰੀ ਨੂੰਹ ਚਾਹੀਦੀ ਏ..ਪੜੀ ਲਿਖੀ ਹੋਵੇ..ਸਬ ਦਾ ਖਿਆਲ ਰੱਖਣਾ ਵੀ ਜਾਣਦੀ ਹੋਵੇ..
ਸਹੁਰੇ ਘਰ ਨੂੰ ਆਪਣਾ ਘਰ ਸਮਝੇ..ਗੱਲ ਗੱਲ ਤੇ ਪੇਕਿਆਂ ਵੱਲ ਨੂੰ ਮੂੰਹ ਨਾ ਕਰੀ ਜਾਵੇ..
ਘਰ ਵਾਲੇ ਨਾਲ ਕਦਮ ਮਿਲਾ ਕੇ ਚੱਲੇ..ਉਸਦੀ ਅੱਖ ਦਾ ਇਸ਼ਾਰਾ ਸਮਝੇ..ਹਮੇਸ਼ਾਂ ਹਾਂ ਵਿਚ ਹਾਂ ਮਿਲਾਵੈ ਅਤੇ ਫਜੂਲ ਦੀ ਬਹਿਸਬਾਜੀ ਵਿਚ ਹੀ ਨਾ ਉਲਝੀ ਰਹੇ..
ਬੇਸ਼ੱਕ ਪਰਿਵਾਰ ਪੂਰਾਣੇ ਖਿਆਲਾਂ ਦਾ ਨਹੀਂ ਏ ਪਰ ਫੇਰ ਵੀ ਪਰਿਵਾਰ ਬਰਾਦਰੀ ਦੇ ਰੀਤੀ ਰਿਵਾਜ ਬਿਨਾ ਕਿਸੇ ਕਿੰਤੂ-ਪ੍ਰੰਤੂ ਦੇ ਅੱਖਾਂ ਮੀਚ ਕੇ ਆਪਣਾ ਲਵੇ..
ਚਾਰ ਦੀਵਾਰੀ ਵਿਚ ਵਾਪਰੀ ਦੀ ਕਦੀ ਵੀ ਬਾਹਰ ਭਿਣਕ ਤਕ ਨਾ ਲੱਗਣ ਦੇਵੇ..ਪਿੰਡ ਦੇ ਮਾਹੌਲ ਮੁਤਾਬਿਕ ਪਹਿਰਾਵਾ ਪਹਿਨਣਾ ਜਾਣਦੀ ਹੋਵੇ…
ਮੇਰੀ ਮਾਂ ਨੂੰ ਗੋਡਿਆਂ ਤੋਂ ਪਾਟੀ ਹੋਈ ਜੀਨ ਖੁੱਲੇ ਕੁੜਤੇ ਤੋਂ ਬੇਹੱਦ ਨਫਰਤ ਏ..ਲੰਮੇ ਵਾਲਾ ਵਾਲੀ ਹੋਵੇ ਤਾਂ ਮੈਨੂੰ ਖੁਦ ਨੂੰ ਖੁਸ਼ੀ ਹੋਵੇਗੀ..
ਡੈਡ ਦਾ ਅਫ਼ਸਰੀ ਅਤੇ ਰਾਜਨੈਤਿਕ ਸਰਕਲ..ਪੰਜ ਕੂ ਸੋ ਬਾਰਾਤ ਦਾ ਬੰਦੋਬਸਤ ਕਿਸੇ ਵੱਡੇ ਅਤੇ ਸ਼ਾਨਦਾਰ ਜਿਹੇ ਹੋਟਲ ਵਿਚ ਹੋ ਜਾਵੇ ਤਾਂ ਓਹਨਾ ਦੇ ਰੁਤਬੇ ਦੀ ਬ੍ਰੋਬਰੀ ਹੋ ਸਕਦੀ ਏ..

ਬਾਕੀ ਤਾਂ ਪਰਮਾਤਮਾ ਦਾ ਦਿੱਤਾ ਬਖਸ਼ਿਆ ਸਭ ਕੁਝ ਹੈ..ਹੁਣ ਜੇ ਤੁਸੀਂ ਕੁਝ ਕਹਿਣਾ ਚਾਹੁੰਦੇ ਹੋ ਤਾਂ ਨਿਸ਼ੰਗ ਹੋ ਕੇ ਆਖ ਸਕਦੇ ਹੋ..!

ਬਹੁਤ ਦੇਰ ਤੋਂ ਚੁੱਪ ਬੈਠੀ ਸਬ ਕੁਝ ਸੁਣਦੀ ਹੋਈ ਨੇ ਅਖੀਰ ਸੰਗ-ਸ਼ਰਮ ਵਾਲਾ ਘੁੰਡ ਲਾਹ ਕੇ ਪਾਸੇ ਰੱਖ ਦਿੱਤਾ ਅਤੇ ਸਵੈ-ਮਾਣ ਵਾਲੀ ਚੁੰਨੀਂ ਗਲ਼ ਵਿਚ ਪਾ ਲਈ..

ਸ਼ੁਰੂਆਤ ਕਰਨ ਤੋਂ ਪਹਿਲਾਂ ਪਾਣੀ ਦਾ ਘੁੱਟ ਪੀਤਾ..ਅਤੇ ਫੇਰ ਪੂਰੇ ਠਰੰਮੇ ਨਾਲ ਬੋਲਣਾ ਸ਼ੁਰੂ ਕਰ ਦਿੱਤਾ..
“ਮਾਪਿਆਂ ਦੀ ਕੱਲੀ ਕੱਲੀ ਧੀ ਹਾਂ ਪਰ ਪਰਵਰਿਸ਼ ਮੁੰਡਿਆਂ ਵਾਂਙ ਹੀ ਹੋਈ ਏ..
ਮੇਰਾ ਪਰਿਵਾਰ ਹੀ ਮੇਰੀ ਤਾਕਤ ਏ..ਡੈਡ ਮੋਮ ਨੂੰ ਜਵਾਈ ਦੀ ਰੂਪ ਵਿਚ ਇਕ ਐਸਾ ਪੁੱਤ ਚਾਹੀਦਾ ਜਿਹੜਾ ਹਰ ਮੁਸ਼ਕਿਲ ਵੇਲੇ ਬਿਨਾ ਦੇਰੀ ਕੀਤੀਆਂ ਓਹਨਾ ਦੇ ਸਿਰਹਾਣੇ ਆਣ ਖਲੋਵੇ..
ਓਹਨਾ ਦੇ ਜਿਗਰ ਦੇ ਟੋਟੇ ਨਾਲ ਹਰ ਕੰਮ ਵਿਚ ਪੂਰਾ ਪੂਰਾ ਹੱਥ ਵਟਾਵੇ..ਨਾਲਦੀ ਨੂੰ ਓਨਾ ਹੀ ਮਾਣ ਸਤਿਕਾਰ ਦੇਵੇ ਜਿੰਨਾ ਕੇ ਉਹ ਖੁਦ ਆਪਣੀ ਭੈਣ ਲਈ ਆਪਣੇ ਜੀਜੇ ਕੋਲੋਂ ਅਕਸਪੇਕਟ ਕਰਦਾ ਏ..ਸ਼ਰਤਾਂ ਤੇ ਕੀਤੀ ਗਈ ਮੁਹੱਬਤ ਨੂੰ ਮੇਰੀ ਮਾਂ ਵਿਓਪਾਰ ਮੰਨਦੀ ਏ..
ਮਾਪੇ ਐਸਾ ਜਵਾਈ ਲੱਭਦੇ ਨੇ ਜਿਸਨੂੰ ਆਪਣੀ ਮਾਂ ਅਤੇ ਵਹੁਟੀ ਵਿਚ ਸੰਤੁਲਨ ਬਣਾਉਣਾ ਆਉਂਦਾ ਹੋਵੇ..ਥਾਲੀ ਦੇ ਬੈਂਗਣ ਤੋਂ ਮੈਨੂੰ ਬਹੁਤ ਜਿਆਦਾ ਐਲਰਜੀ ਏ..!
ਪਹਿਰਾਵੇ ਵਿਚ ਜੀਨ ਪਸੰਦ ਕਰਦੀ ਹਾਂ..ਕਦੀ ਕਦੀ ਬਾਹਰ ਦਾ ਖਾਣਾ ਖਾ ਲੈਣ ਵਿਚ ਕੋਈ ਵੱਡੀ ਗੱਲ ਨਹੀਂ ਸਮਝੀ ਜਾਂਦੀ…
ਖਿਆਲ ਉਚੇ ਤੇ ਸੁਚੇ ਹੋਣੇ ਚਾਹੀਦੇ ਨੇ..ਬਾਹਰੀ ਦਿੱਖ ਨਾਲ ਮੈਨੂੰ ਕੋਈ ਏਨਾ ਜਿਆਦਾ ਫਰਕ ਨਹੀਂ ਪੈਂਦਾ..
ਰਹੀ ਗੱਲ ਵਿਆਹ ਅਤੇ ਬਾਰਾਤ ਦੀ…ਜਿਥੇ ਆਖੋਗੇ ਹੋ ਜਾਵੇਗਾ ਪਰ ਖਰਚਾ ਅੱਧਾ-ਅੱਧਾ ਵੰਡਿਆ ਜਾਊ..!
ਹਰ ਗੱਲ ਬਿਨਾ ਸੋਚੇ ਸਮਝੇ ਸਿਰ ਝੁਕਾ ਕੇ ਮੰਨ ਲੈਣ ਨੂੰ ਸਾਡੇ ਪਰਿਵਾਰ ਵਿਚ ਸੰਸਕਾਰਾਂ ਦਾ ਬਲੀ ਦੇਣਾ ਮੰਨਿਆ ਜਾਂਦਾ..ਹਰੇਕ ਗੱਲ ਤਰਕ ਦੀ ਕਸੌਟੀ ਤੇ ਪਰਖ ਕੇ ਹੀ ਮੰਨੀ ਜਾਂ ਇਨਕਾਰੀ ਜਾਂਦੀ ਏ..!
ਦਾਦਾ ਜੀ ਅਕਸਰ ਆਖਦੇ ਨੇ ਕੇ ਲੜਾਈ ਵਿਚ ਪਹਿਲ ਕਦੀ ਵੀ ਨਹੀਂ ਕਰਨੀ ਪਰ ਧੱਕੇਸ਼ਾਹੀ ਨੂੰ ਸਹਿਣਾ ਜ਼ੁਲਮ ਕਰਨ ਨਾਲੋਂ ਵੀ ਮਾੜੀ ਮੰਨਦੇ ਨੇ..”
ਉਹ ਅਜੇ ਹੋਰ ਵੀ ਬੜਾ ਕੁਝ ਆਖਣਾ ਚਾਹੁੰਦੀ ਸੀ ਪਰ ਮੁੰਡੇ ਨੇ ਅਚਾਨਕ ਹੀ ਬਾਹਰ ਖਲੋਤੇ ਬਹਿਰੇ ਨੂੰ ਇਸ਼ਾਰੇ ਨਾਲ ਅੰਦਰ ਸੱਦ ਲਿਆ..
ਸ਼ਾਇਦ ਨਵੰਬਰ ਮਹੀਨੇ ਦੀ ਠੰਡ ਵਿਚ ਮੱਥੇ ਤੇ ਆ ਗਈ ਵੱਡੀ ਸਾਰੀ ਤਰੇਲੀ ਪੂੰਝਣ ਲਈ ਨੈਪਕਿਨ ਮੰਗ ਰਿਹਾ ਸੀ!
ਇਸਤੋਂ ਪਹਿਲਾਂ ਕੇ ਉਹ ਅੱਗੋਂ ਕੁਝ ਆਖ ਸਕਦਾ..ਕੁੜੀ ਉਸਦੇ ਮੱਥੇ ਤੇ ਲਿਖਿਆ ਪੜ ਕਮਰਾ ਛੱਡ ਚੁਕੀ ਸੀ…ਅਤੇ ਚਾਰੇ ਪਾਸੇ ਅਜੀਬ ਜਿਹਾ ਸੱਨਾਟਾ ਪਸਰ ਗਿਆ ਸੀ..!

ਦੂਰ ਕਿਤੇ ਨੀਲੇ ਆਸਮਾਨ ਵਿਚ ਸੱਭਿਅਤਾ ਅਤੇ ਸੰਸਕਾਰ ਨਾਮ ਦੀ ਤੱਕੜੀ ਨਿੰਮਾਂ-ਨਿੰਮਾਂ ਮੁਸਕੁਰਾ ਰਹੀ ਸੀ..ਅੱਜ ਏਨੇ ਵਰ੍ਹਿਆਂ ਮਗਰੋਂ ਅਕਸਰ ਹੀ ਅਸਾਵੇਂ ਰਹਿੰਦੇ ਉਸਦੇ ਦੋਵੇਂ ਪੱਲੜੇ ਬਰੋਬਰ ਜੂ ਆ ਗਏ ਸਨ!

ਹਰਪ੍ਰੀਤ ਸਿੰਘ ਜਵੰਦਾ

...
...

ਲੇਡੀ ਡਾਕਟਰ ਪਾਲੀ ਦੀ ਬਦਲੀ ਨਾਭੇ ਤੋਂ ਪਟਿਆਲੇ ਦੀ ਹੋ ਗਈ। ਘਰ ਦੇ ਕੋਸ਼ਿਸ਼ ਕਰ ਰਹੇ ਸਨ ਕਿ ਬਦਲੀ ਰੁਕਵਾ ਲਈ ਜਾਵੇ। ਜਿਸ ਕਰਕੇ ਪਟਿਆਲੇ ਮਕਾਨ ਲੈ ਕੇ ਰਹਿਣ ਦੀ ਥਾਂ ਵੱਡੇ ਡਾਕਟਰ ਤੋਂ ਇਜਾਜ਼ਤ ਲੈ ਹਰ ਰੋਜ਼ ਬੱਸ ਤੇ ਸਵੇਰੇ ਨਾਭੇ ਤੋਂ ਚਲੀ ਜਾਂਦੀ ਤੇ ਆਥਣ ਨੂੰ ਪਰਤ ਆਉਂਦੀ।
ਬੱਸਾਂ ਦੀ ਖੜ-ਖੜ, ਗਰਮੀ, ਪਸੀਨਾ, ਭੀੜ ਤੇ ਕੰਡੱਕਟਰਾਂ ਦੀਆਂ ਬੇਹੂਦਾ ਹਰਕਤਾਂ, ਅਸੱਭਿਅ ਗੱਲਾਂ ਤੋਂ ਉਹਦਾ ਜੀਅ ਕਾਹਲਾ ਪੈਂਦਾ। ‘ਪਰ ਕੁਝ ਦਿਨਾਂ ਦੀ ਤਾਂ ਗੱਲ ਏ’ ਸੋਚ, ਉਹ ਸਭੋ ਕੁਝ ਜ਼ਰ ਲੈਂਦੀ। ਜਿਸ ਦਿਨ ਜੀਤ ਦੀ ਉਸ ਬੱਸ ਤੇ ਡਿਊਟੀ ਹੁੰਦੀ ਉਹ ਥੋੜ੍ਹੀ ਸੌਖੀ ਰਹਿੰਦੀ ਕਿਉਂਕਿ ਕੰਡਕਟਰ ਹੁੰਦਾ ਹੋਇਆ ਵੀ ਉਹ ਬੜਾ ਸਾਊ ਦਿੱਸਦਾ ਸੀ।
‘ਇਹ ਬੈਗ ਵਾਲੀ ਕੁੜੀ ਕਾਸੇ ਵਿਚ ਨੌਕਰ ਏ?’ ਇਕ ਦਿਨ ਇਕ ਭਾਈ ਨੇ ਜੀਤ ਨੂੰ ਪੁਛਿਆ।
‘ਆਹੋ ਜੀ! ਡਾਕਟਰਨੀ ਏ, ਵੱਡੀ ਡਾਕਟਰਨੀ। ਆਂਹਦੇ ਨੇ ਪੂਰਾ ਤਿੰਨ ਸੌ ਰੁਪਈਆ ਤਨਖਾਹ ਲੈਂਦੀ ਏ’ ਜੀਤ ਨੇ ਟਿਕਟ ਫੜਾਂਦਿਆਂ ਹੌਲੀ ਜਿਹੀ ਦੱਸਿਆ।
‘ਜੀ ਅੱਜਕੱਲ੍ਹ ਤਾਂ ਕੁੜੀਆਂ ਵੀ ਆਦਮੀਆਂ ਤੋਂ ਵੱਧ ਕਮਾਉਂਦੀਆਂ ਨੇ। ਤਦੇ ਤਾਂ ਆਦਮੀਆਂ ਦਾ ਰੋਅ੍ਹਬ ਨਹੀਂ ਰਿਹਾ’ ਨਾਲ ਦੀ ਸੀਟ ਤੇ ਬੈਠੇ ਅੱਧਖੜ੍ਹ ਜੇਹੇ ਬੰਦੇ ਨੇ ਆਖਿਆ।
‘ਜੀ, ਭਾਵੇਂ ਕਿੰਨਾ ਹੀ ਕਮਾਉਣ, ਘਰਾਣਿਆਂ ਦੀਆਂ ਕਾਹਨੂੰ ਆਦਮੀ ਸਾਹਮਣੇ ਅੱਖ ਚੁੱਕਦੀਆਂ ਨੇ…. ਤੇ ਆਹ ਕੁੜੀ ਡਾਕਟਰਨੀ, ਮੈਂ ਕਈ ਵਾਰ ਪਟਿਆਲੇ ਜਾਂਦਾ ਰਹਿਨਾਂ, ਦੇਖੀ ਐ, ਸੁਹਰੀ ਦੇ ਜਾਣੀਂ ਮੂੰਹ ਵਿਚ ਬੋਲ ਨੀਂ… ਪਾਲੀ ਵੱਲ ਤੱਕਦਿਆਂ ਪਿਛਲੀਆਂ ਸੀਟਾਂ ‘ਤੇ ਬੈਠੇ ਇਕ ਸਰਦਾਰ ਨੇ ਆਖਿਆ।
‘ਯਾ ਰੱਬ! ਸਾਡੀ ਵੀ ਕਿਸੇ…’ ਫਿਕਰਾ ਵਿਚ ਹੀ ਰਹਿ ਗਿਆ ਜਦੋਂ ਟਿਕਟ ਫੜਾਂਦਿਆਂ ਗੁਲਾਬੀ ਜਿਹੇ ਕੁੜਤੇ ਵਾਲੇ ਧੇਲੇ ਦੇ ਸ਼ੁਕੀਨ ਵੱਲ ਜੀਤ ਨੇ ਘੂਰ ਕੇ ਤੱਕਿਆ ਤੇ ਆਖਿਆ, ‘ਕਿਉਂ ਬਈ ਓਏ ਜਾਣ ਦੀ ਸਲਾਹ ਕਿ ਲਾਹ ਦਿਆਂ ਹੁਣੇ ਈ ਭੁੰਜੇ?’
‘ਮੈਂ ਤਾਂ ਕੰਡੱਕਟਰ ਸਾਹਿਬ ਕੁਝ ਨਹੀਂ ਆਖਿਆ, ਐਵੇਂ ਕਾਹਨੂੰ ਗਰਮ ਹੁੰਦੇ ਓ….।’
ਪਾਲੀ ਨੂੰ ਜਦੋਂ ਜੀਤ ਨੇ ਟਿਕਟ ਫੜਾਇਆ ਤਾਂ, ਉਹ ਅੱਗੋਂ ਦਸਾਂ ਦਾ ਨੋਟ ਕੱਢ ਕੇ ਦੇਣ ਲੱਗੀ।
‘ਭਾਨ ਤਾਂ ਹੈ ਨਹੀਂ ਮੇਰੇ ਕੋਲ, ਚਲੋ ਪੈਸੇ ਕੱਲ੍ਹ ਦੇ ਦੇਣਾ,’ ਆਖ, ਉਹ ਅਗਾਂਹ ਲੰਘ ਗਿਆ।
ਅੱਗੋਂ ਇਕ ਬੁੱਢੀ ਨੇ ਹੋਰ ਦਸਾਂ ਦਾ ਨੋਟ ਹੀ ਕੱਢਿਆ ‘ਮਾਏ ਟੁੱਟੇ ਹੋਏ ਨਹੀਂ ਮੇਰੇ ਕੋਲ। ਸਾਢੇ ਦਸ ਆਨੇ ਸਾਰਾ ਭਾੜੈ ਤੇ ਐਡਾ ਸਾਰਾ ਨੋਟ ਕੱਢ ਫੜਾਉਂਦੇ ਓ। ਚੰਗਾ ਜਾਹ ਪੈਸੇ ਭਨਾ ਲਿਆ ਉਤਰ ਕੇ,’ ਜੀਤ ਨੇ ਜ਼ਰਾ ਸਖ਼ਤ ‘ਵਾਜ਼ ਨਾਲ ਆਖਿਆ।
‘ਵੇ ਪੁੱਤਾ! ਐਨੇ ਨੂੰ ਬੱਸ ਨਾ ਤੁਰ ਜਾਵੇ, ਮੈਂ ਤਾਂ ਜ਼ਰੂਰੀ ਜਾਣਾ ਏ। ਤੂੰ ਬਾਕੀ ਪੈਸੇ ਮੈਨੂੰ ਪਟਿਆਲੇ ਜਾ ਕੇ ਦੇਵੀਂ,’ ਬੁੱਢੀ ਨੇ ਤਰਲੇ ਨਾਲ ਆਖਿਆ।
‘ਅੱਛਾ ਮਾਈ ਬੈਠ ਜਾ,’ ਆਖ, ਉਹ ਟਿਕਟ ਕੱਟਣ ਲੱਗ ਪਿਆ।
ਪਾਲੀ ਆਪਣੇ ਹਸਪਤਾਲ, ਮਰੀਜ਼ਾਂ, ਦਵਾਈਆਂ, ਨਰਸਾਂ, ਡਿਊਟੀਆਂ ਬਾਰੇ ਸੋਚ ਰਹੀ ਸੀ ਕਿ ਬੱਸ ਰੱਖੜਾ, ਕਲਿਆਣ ਤੇ ਰੌਣੀ ਪਿੱਛੇ ਛੱਡਦੀ ਹੋਈ ਚੁੰਗੀ ਦੇ ਕੋਲ ਪਹੁੰਚ ਗਈ।
‘ਯਾਰ, ਅੱਜ ਏਧਰ ਦੀ ਚੱਲੀਂ ਨੀਲਾ ਭਵਨ ਕੰਨੀ ਦੀ,’ ਜੀਤ ਨੇ ਡਰਾਈਵਰ ਨੂੰ ਆਖਿਆ।
ਗੁਰਦਵਾਰੇ ਵੱਲ ਨੂੰ ਜਾਣ ਵਾਲੀਆਂ ਸਵਾਰੀਆਂ ਜ਼ਰਾ ਕੁ ਬੁੜਬੁੜਾਈਆਂ ਪਰ ਹੁਣ ਤੀਕ ਤਾਂ ਬੱਸ ਮੁੜ ਕੇ ਸਿੱਧੀ ਸੜਕੇ ਵੀ ਪੈ ਚੁੱਕੀ ਸੀ। ਫੂਲ ਸਿਨਮੇ ਕੋਲ ਕੰਡੱਕਟਰ ਨੇ ਘੰਟੀ ਕਰ ਕੇ ਬੱਸ ਰੋਕ ਲਈ ਤੇ ਤਾਕੀ ਖੋਲ੍ਹਦਿਆਂ ਪਾਲੀ ਨੂੰ ਆਖਣ ਲੱਗਾ, ‘ਤੁਸੀਂ ਏਧਰ ਉਤਰ ਜਾਉ, ਹਸਪਤਾਲ ਨੇੜੇ ਰਹੂਗਾ।’
ਪਾਲੀ ਕਾਹਲੀ ਨਾਲ ਉਤਰ ਗਈ। ਉਹ ਉਹਦਾ ਧੰਨਵਾਦ ਕਰਨਾ ਵੀ ਭੁੱਲ ਗਈ। ‘ਬਚਾਰਾ ਬੜਾ ਚੰਗਾ ਕੰਡੱਕਟਰ ਏ’ ਉਹਨੂੰ ਇਕ ਵਾਰੀ ਖਿਆਲ ਆਇਆ।
ਅੱਜ ਸ਼ਾਮ ਨੂੰ ਵਾਪਸ ਜਾਣ ਲੱਗਿਆਂ ਜਦੋਂ ਉਹ ਬੱਸ ਅੱਡੇ ‘ਤੇ ਪਹੁੰਚੀ ਤਾਂ ਬੱਸ ਭਰ ਚੁੱਕੀ ਸੀ। ਬੜੀ ਔਖੀ ਹੋ ਕੇ ਪੌਣਾ ਘੰਟਾ ਦੂਸਰੀ ਬੱਸ ਦਾ ਇੰਤਜ਼ਾਰ ਕੀਤਾ। ਕਿਸੇ ਬੱਸ ਦਾ ਇਕ ਕੰਡੱਕਟਰ ਕਮੀਜ਼ ਦੇ ਗਲਮੇਂ ਦੇ ਬੱਟਣ ਖੋਲ੍ਹ ਆਵਾਰਾ ਫਿਲਮ ਦਾ ਗਾਣਾ ਗੁਣਗੁਣਾਂਦਾ ਦੋ ਤਿੰਨ ਵਾਰੀ ਉਹਦੇ ਅੱਗੋਂ ਦੀ ਲੰਘਿਆ। ਇਕ ਮੰਗਤੀ ਨੂੰ ਆਨਾ ਦੇ ਕੇ ਉਸ ਮਸਾਂ ਗਲੋਂ ਲਾਹਿਆ। ਪਤਾ ਨਹੀਂ ਕਿਉਂ ਲੋਕੀ ਉਸ ਵੱਲ ਅੱਖਾਂ ਪਾੜ-ਪਾੜ ਤੱਕਦੇ ਸਨ।
ਅਗਲੇ ਦਿਨ ਫਿਰ ਚਾਨਸ ਅਜਿਹਾ ਹੋਇਆ ਕਿ ਜਦੋਂ ਉਹ ਨਾਭੇ ਅੱਡੇ ਤੇ ਪਹੁੰਚੀ ਤਾਂ ਬੱਸ ਭਰ ਚੁੱਕੀ ਸੀ ਤੇ ਬਿਨਾਂ ਟਿਕਟੋਂ, ਵਾਧੂ ਸਵਾਰੀਆਂ ਨੂੰ ਜੀਤ ਫੜ-ਫੜ ਉਤਾਰ ਰਿਹਾ ਸੀ। ਜੀਤ, ਇਕ ਪਲ ਉਹਦੇ ਕੋਲ ਆਇਆ ਤੇ ਆਖਣ ਲੱਗਾ, ‘ਤੁਸੀਂ ਅਗਲੀ ਸੀਟ ਤੋਂ ਝੋਲਾ ਚੁੱਕ ਕੇ ਬੈਠ ਜਾਵੋ। ਤੁਹਾਡੀ ਖ਼ਾਤਰ ਸੀਟ ਰੱਖੀ ਪਈ ਐ।’
ਕਈ ਘੂਰਦੀਆਂ ਨਜ਼ਰਾਂ ਕੋਲੋਂ ਲੰਘ, ਪਾਲੀ ਸੀਟ ‘ਤੇ ਜਾ ਬੈਠੀ ਤੇ ਜੀਤ ਨੇ ਝੱਟ ਬੱਸ ਨੂੰ ਚੱਲਣ ਦੀ ਘੰਟੀ ਮਾਰ ਦਿੱਤੀ।
‘ਇਹ ਤਾਂ ਵਿਚਾਰਾ ਬੜਾ ਚੰਗਾ ਕੰਡੱਕਟਰ ਏ’ ਪਾਲੀ ਨੂੰ ਦਿਲ ‘ਚ ਇਕ ਵਾਰੀ ਖਿਆਲ ਆਇਆ।
ਬਦਲੀ ਮੁੜ ਨਾਭੇ ਦੀ ਕਰਾਣ ਵਿਚ ਜਿਉਂ-ਜਿਉਂ ਦੇਰ ਹੋ ਰਹੀ ਸੀ ਪਾਲੀ ਦੁਖੀ ਹੁੰਦੀ। ਬੱਸਾਂ ਦੀ ਖੜਖੜ ਬੱਸ ਨਿਕਲ ਜਾਣ ਦਾ ਡਰ ਹਰ ਵੇਲੇ ਦਿਮਾਗ ਤੇ ਚੜ੍ਹੇ ਰਹਿੰਦੇ। ਕਈ ਵਾਰੀ ਜਦੋਂ ਕਦੇ ਮੋਟੀਆਂ ਸਵਾਰੀਆਂ ਨਾਲ ਬੈਠਣਾ ਪੈਂਦਾ ਉਹਦੇ ਵਧੀਆ ਕੱਪੜੇ ਵੱਟੋ ਵੱਟ ਹੋ ਜਾਂਦੇ ਤੇ ਕਿਸੇ ਕੋਲੋਂ ਆਉਂਦੀ ਪਸੀਨੇ ਦੀ ਬੋ ਉਹਦਾ ਸਿਰ ਚਕਰਾਣ ਲਾ ਦਿੰਦੀ।
ਫਿਰ ਇਕ ਦਿਨ ਪਾਲੀ ਜਦੋਂ ਟਿਕਟ ਦੇ ਪੈਸੇ ਦੇਣ ਲੱਗੀ ਤਾਂ, ਨਹੀਂ ਬੀਬੀ ਰਹਿਣ ਦਿਓ’ ਆਖ ਜੀਤ ਅਗਾਂਹ ਲੰਘ ਗਿਆ।
‘ਨਹੀਂ ਬਈ ਪੈਸੇ ਲੈ ਲੇ,’ ਪਾਲੀ ਨੇ ਜ਼ੋਰ ਲਾਇਆ।
‘ਕੀ ਫ਼ਰਕ ਪੈ ਚੱਲਿਆ ਏ,’ ਆਖ ਉਹ ਹੋਰ ਅਗਾਂਹ ਜਾ ਕੇ ਕਿਸੇ ਨੂੰ ਟਿਕਟ ਦੇਣ ਲੱਗ ਪਿਆ।
ਝਗੜਾ ਕਰਦਿਆਂ ਪਾਲੀ ਨੂੰ ਸੰਗ ਲੱਗੀ ਤੇ ਉਹ ਚੁੱਪ ਕਰ ਕੇ ਬੈਠ ਗਈ, ਪਰ ਸਾਰੇ ਰਾਹ ਉਹ ਹੈਰਾਨ ਹੁੰਦੀ ਰਹੀ ਕਿ ਕੰਡੱਕਟਰ ਨੇ ਉਹਦੇ ਕੋਲੋਂ ਪੈਸੇ ਕਿਉਂ ਨਹੀਂ ਲਏ। ਉਹਨੂੰ ਇਹ ਚੰਗਾ ਵੀ ਨਾ ਲੱਗਿਆ। ਤਿੰਨ ਸੌ ਰੁਪਈਆ ਕਮਾਣ ਵਾਲੀ ਲਈ ਸਾਢੇ ਦਸ ਆਨੇ ਭਲਾ ਕੀ ਮਾਇਨੇ ਰੱਖਦੇ ਸਨ।
ਅਗਲੇ ਦਿਨ ਉਹ ਜਾਣ ਕੇ ਪੰਜ ਮਿੰਟ ਦੇਰ ਨਾਲ ਗਈ, ਉਸ ਨੇ ਸੋਚਿਆ, ‘ਅੱਜ ਪੀਪਲ ਬੱਸ ਤੇ ਨਹੀਂ ਸਗੋਂ ਪੈਪਸੂ ਰੋਡਵੇਜ਼ ਤੇ ਜਾਵਾਂਗੀ। ਕੀ ਫਜ਼ੂਲ ਗੱਲ ਏ ਕਿ ਪੈਸੇ ਹੀ ਨਾ ਲਏ ਜਾਣ।
ਪਰ ਉਹ ਦੇਖ ਕੇ ਹੈਰਾਨ ਹੋਈ ਕਿ ਡਰਾਇਵਰ ਬੱਸ ਸਟਾਰਟ ਕਰੀਂ ਖੜ੍ਹਾ ਸੀ ਤੇ ਕੰਡੱਕਟਰ ਨੂੰ ਆਵਾਜ਼ਾਂ ਮਾਰ ਰਿਹਾ ਸੀ।
‘ਓਏ, ਆਉਂਦਾ ਹੁਣ, ਕਿਉਂ ਭੇਰਮੀਂ ਵੱਢੀ ਐ। ਐਡੀ ਛੇਤੀ ਜਾਣੀ ਮੀਂਹ ਆਉਂਦਾ ਏ,’ ਜੀਤ ਨੇ ਹੌਲੀ ਹੌਲੀ ਆਉਂਦਿਆਂ ਆਖਿਆ।
‘ਅੱਗੇ ਪਹੁੰਚਣਾ ਏ ਕਿ ਨਹੀਂ, ਮੜਕਾਂ ਨਾਲ ਹੀ ਆਉਨਾਂ ਏਂ,’ ਡਰਾਈਵਰ ਬੋਲਿਆ।
‘ਚਲੋ ਬੀਬੀ, ਬੈਠੋ ਅਗਲੀ ਸੀਟ ‘ਤੇ,’ ਤਾਕੀ ਖੋਲ੍ਹਦਿਆਂ ਪਾਲੀ ਨੂੰ ਉਹਨੇ ਆਖਿਆ।
‘ਮੇਮ ਸਾਹਿਬਾ ਤੋਂ ਬਿਨਾਂ ਬੱਸ ਕਿਵੇਂ ਤੁਰ ਪੈਂਦੀ।’ ਪਿੱਛਿਓ ਨਾਭੇ ਤੋਂ ਪਟਿਆਲੇ ਹਰ ਰੋਜ਼ ਜਾਣ ਵਾਲਾ ਇਕ ਕਲਰਕ ਹੌਲੀ ਜਿਹੀ ਬੋਲਿਆ।
ਜੀਤ ਨੇ ਘੂਰ ਕੇ ਉਹਦੇ ਵੱਲ ਤੱਕਿਆ। ਸਭ ਚੁੱਪ ਕਰ ਗਏ। ਬੱਸ ਤੁਰ ਪਈ। ਪਾਲੀ ਨੇ ਪੈਸੇ ਕੱਢੇ ਪਰ ਉਹਦੇ ਵਾਰ ਵਾਰ ਆਖਣ ‘ਤੇ ਵੀ ਜੀਤ ਨੇ ਨਾਂਹ ਕਰ ਦਿੱਤੀ। ਪਾਲੀ ਨੂੰ ਡਾਢਾ ਗੁੱਸਾ ਆਇਆ। ‘ਇਸ ਬੇਈਮਾਨੀ ਵਿਚ ਇਹ ਮੈਨੂੰ ਵੀ ਹਿੱਸੇਦਾਰ ਬਣਾ ਰਿਹਾ ਏ….. ਪਰ ਕਿਹੜਾ ਪੈਸੇ ਲੈ ਕੇ ਟਿਕਟ ਨਹੀਂ ਕੱਟਦਾ…. ਖ਼ੈਰ, ਕੰਪਨੀ ਨਾਲ ਤਾਂ ਧੋਖਾ ਹੀ ਹੈ ਨਾ’ ਉਹ ਸੋਚ ਹੀ ਰਹੀ ਸੀ ਕਿ ਬੱਸ ਖੜ੍ਹੀ ਕਰ, ਇੱਕ ਚੈਕਰ ਚੜ੍ਹ ਪਿਆ। ਲੋਕਾਂ ਦੀਆਂ ਉਹ ਜਦੋਂ ਟਿਕਟਾਂ ਦੇਖ ਰਿਹਾ ਸੀ ਤਾਂ ਪਾਲੀ ਤ੍ਰੇਲੀਓ ਤ੍ਰੇਲੀ ਹੋ ਗਈ।
‘ਕਿੱਡੀ ਸ਼ਰਮ ਦੀ ਗੱਲ ਏ ਕਿ ਮੇਰੇ ਕੋਲ ਟਿਕਟ ਹੀ ਨਹੀਂ… ਮੈਂ ਆਖ ਦਿਆਂਗੀ ਕਿ ਕੰਡੱਕਟਰ ਨੇ ਦਿੱਤਾ ਹੀ ਨਹੀਂ, ਮੈਂ ਮੰਗਿਆ ਸੀ’ ਉਹਨੇ ਸੋਚਿਆ। ‘ਪਰ ਬਚਾਰਾ ਫਸੇਗਾ…. ਨਹੀਂ ਕਹਿ ਦਿਆਂਗੀ ਕਿ ਮੈਂ ਲੈਣਾ ਭੁੱਲ ਗਈ ਪਰ ਨਹੀਂ, ਮੈਂ ਕਾਹਨੂੰ ਝੂਠ ਬੋਲਾਂ,’ ਉਹਦੇ ਅੰਦਰੋਂ ਅੰਦਰ ਬਹਿਸ ਹੋਣ ਲੱਗੀ।
ਇੰਨੇ ਨੂੰ ਚੈਕਰ ਉਹਦੇ ਕੋਲ ਆ ਪਹੁੰਚਿਆ।
‘ਜੀ…. ਟਿਕਟ,’ ਉਹਨੇ ਆਖਿਆ ਹੀ ਸੀ ਕਿ ਜੀਤ ਨੇ ਆਪਣੀ ਜੇਬ ਵਿਚੋਂ ਟਿਕਟ ਕੱਢ ਕੇ ਕਿਹਾ, …. ਏਹ…. ਏਹ ਬੀਬੀ ਮੇਰੀ ਭੈਣ ਏ, ਇਹਨਾਂ ਦਾ ਟਿਕਟ ਮੇਰੇ ਕੋਲ ਏ।’
ਟਿਕਟ ਦੇਖ ਕੇ ਚੈਕਰ ਇੱਕ ਵਾਰੀ ਗੋਡਿਆਂ ਤੋਂ ਘਸੇ ਪਜਾਮੇ ਤੇ ਕੂਹਣੀਆਂ ਤੋਂ ਫਟੇ ਖ਼ਾਕੀ ਕੱਪੜਿਆਂ ਵਾਲੇ ਕੰਡੱਕਟਰ ਤੇ ਕੀਮਤੀ ਸਾੜ੍ਹੀ ਵਾਲੀ ਡਾਕਟਰਨੀ ਵੱਲ ਤੱਕ ਕੇ ਅੱਖਾਂ ਹੀ ਅੱਖਾਂ ਵਿਚ ਮੁਸਕਰਾਇਆ।
ਜੀਤ ਲੋਹਾ ਲਾਖਾ ਹੋ ਗਿਆ। ਚੈਕਰ ਛੇਤੀ ਨਾਲ ਉਸ ਬੱਸ ਵਿਚੋਂ ਉਤਰ ਗਿਆ।
ਪਾਲੀ ਹੈਰਾਨ-ਪਰੇਸ਼ਾਨ ਸੋਚ ਰਹੀ ਸੀ ਸੱਠਾਂ ਰੁਪਿਆਂ ਵਿਚ ਗੁਜ਼ਾਰਾ ਕਰਨ ਵਾਲਾ ਖ਼ਬਰੇ ਕਿਸੇ ਦਿਨ ਰੋਟੀ ਖੁਣੋਂ ਵੀ ਐਵੇਂ ਰਹਿ ਕੇ ਮੇਰੇ ਟਿਕਟ ਦੇ ਪੈਸੇ ਪੂਰੇ ਕਰਦਾ ਹੋਵੇ।
ਹਸਪਤਾਲ ਵਿਚ ਉਹਨੂੰ ਕਿੰਨੀ ਵਾਰੀ ਇਹ ਗੱਲ ਯਾਦ ਆਈ ਤੇ ਉਹ ਡਾਢੀ ਬੇਚੈਨ ਹੋਈ।
ਸ਼ਾਮ ਨੂੰ ਜਦੋਂ ਉਹ ਅੱਡੇ ਤੇ ਪਹੁੰਚੀ ਤਾਂ ਹੌਲੀ ਹੌਲੀ ਤੁਰਦਾ, ਉਦਾਸ, ਜੀਤ ਉਹਦੇ ਕੋਲ ਆਇਆ।
‘ਮੇਰੀ ਵੱਡੀ ਭੈਣ ਵੀ ਲਾਹੌਰ ਡਾਕਟਰੀ ਵਿਚ ਪੜ੍ਹਦੀ ਸੀ… ਹੱਲਿਆਂ ਵੇਲੇ ਉਥੇ ਹੀ ਮਾਰੀ ਗਈ। ਬਾਕੀ ਦੇ ਵੀ ਮਾਰੇ ਗਏ। ਮੈਂ ਰੁਲਦਾ-ਖੁਲਦਾ ਏਧਰ ਆ ਗਿਆ। ਪੜ੍ਹਾਈ ਵੀ ਕਿਥੋਂ ਹੋਣੀ ਸੀ, ਕਈ ਵਾਰੀ ਤਾਂ ਰੋਟੀ ਵੀ ਨਸੀਬ ਨਾ ਹੁੰਦੀ। ਫਿਰ ਮੈਂ ਕੰਡੱਕਟਰ ਬਣ ਗਿਆ। ਤੁਹਾਡਾ ਬੈਗ ਤੇ ਟੂਟੀਆਂ ਜਿਹੀਆਂ ਦੇਖ ਕੇ ਮੈਨੂੰ ਅਮਰਜੀਤ ਦੀ ਯਾਦ ਆ ਜਾਂਦੀ ਸੀ… ਤੇ… ਤੇ…, ਅੱਗੋਂ ਉਹਦਾ ਗਲਾ ਭਰ ਆਇਆ।
ਪਾਲੀ ਡਾਢੀ ਬੇਚੈਨ ਹੋਈ, ਉਹਨੂੰ ਸਮਝ ਨਾ ਲੱਗੇ ਕਿ ਕੀ ਆਖੇ।
ਇੰਨੇ ਨੂੰ ਬੱਸ ਆ ਗਈ ਉਹ ਕਾਹਲੀ ਨਾਲ ਉਧਰ ਨੂੰ ਤੁਰ ਪਿਆ ਤੇ ਪਾਲੀ ਉਹਨੂੰ ਜਾਂਦੇ ਨੂੰ ਡਾਢੀਆਂ ਮੋਹ ਭਿੱਜੀਆਂ ਅੱਖਾਂ ਨਾਲ ਤੱਕਦੀ ਰਹੀ।

ਦਲੀਪ ਕੌਰ ਟਿਵਾਣਾ

...
...

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)