Posts Uploaded By Punjabi Stories

Sub Categories

ਕੁਝ ਯਾਦਾਂ ਅਜਿਹੀਆਂ ਹੁੰਦੀਆਂ ਨੇ , ਜੋ ਉਮਰ ਭਰ ਜ਼ਿਹਨ ਵਿੱਚ ਤਾਜਾ ਰਹਿੰਦੀਆਂ ਨੇ । ਜਦੋਂ ਅਸੀਂ ਕੈਮਰੇ ਨਾਲ ਤਸਵੀਰਾਂ ਲੈਂਦੇ ਹਾਂ ਤਾਂ ਬਾਅਦ ਵਿੱਚ ਦੇਖਣ ਵਾਲੇ ਨੂੰ ਸਿਰਫ ਤਸਵੀਰ ਈ ਦਿਖਾਈ ਦੇਂਦੀ ਏ, ਪਰ ਤਸਵੀਰ ਖਿੱਚਣ ਵਾਲੇ ਨੂੰ ਓਸ ਤਸਵੀਰ ਨਾਲ ਜੁੜਿਆ ਹੋਰ ਕਈ ਕੁਝ ਯਾਦ ਰਹਿੰਦਾ ਏ ਜੋ ਯਾਦਾਂ ਵਿੱਚ ਜੁੜਿਆ ਰਹਿੰਦਾ ਏ। ਹੇਠਲੀ ਤਸਵੀਰ ਮੈ 2010 ਵਿੱਚ ਖਿੱਚੀ ਸੀ , ਜਦ ਮੈਂ ਫਰਾਂਸ ਰਹਿੰਦਾ ਸੀ। ਪੈਰਿਸ ਤੋਂ ਕੋਈ ਸੱਠ੍ਹ ਕੁ ਕਿਲੋਮੀਟਰ ਦੂਰ ਇੱਕ ਖ਼ੂਬਸੂਰਤ ਪਿੰਡ ਸੀ , ਨਾਮ ਸੀ ਗਾਰਜੌਵੀਲ ।ਜਿੱਥੇ ਅਸੀਂ ਕੰਮ ਕਰਦੇ ਸੀ , ਓਥੇ ਵਿਰਲੀ ਜਿਹੀ ਵਸੋਂ ਸੀ, ਸਰ੍ਹੋਂ ਅਤੇ ਕਣਕ ਦੇ ਖੇਤ ਕਿਸੇ ਸਵਰਗ ਦਾ ਨਜ਼ਾਰਾ ਪੇਸ਼ ਕਰਦੇ ਸਨ । ਸਾਡੇ ਕੰਮ ਕਰਨ ਵਾਲੀ ਸਾਈਟ ਜਿਸਨੂੰ ਫਰੈੰਚ ਵਿੱਚ ਸ਼ਾਂਤੀਏ ਕਹਿੰਦੇ ਨੇ ,ਦੇ ਨਾਲ ਲੱਗਦਾ ਇੱਕ ਸੋਹਣਾ ਜਿਹਾ ਘਰ ਸੀ । ਉਸ ਘਰ ਵਿੱਚ ਕੁੱਲ ਤਿੰਨ ਵਿਅਕਤੀ ਰਹਿੰਦੇ ਸਨ ,ਇੱਕ ਪਚਵੰਜਾ ਕੁ ਸਾਲ ਦੀ ਖ਼ੂਬਸੂਰਤ ਔਰਤ ਅਤੇ ਦੋ ਆਦਮੀ ,ਕਰੀਬ ਸੱਠ੍ਹਾਂ ਬਾਹਠਾਂ ਕੁ ਦੀ ਉਮਰ ਦੇ ।ਇੱਕ ਆਦਮੀ ਖੇਤੀ ਕਰਦਾ ਸੀ, ਜਦ ਵਿਹਲਾ ਹੁੰਦਾ ਤਾਂ ਘਰ ਦੇ ਪਿਛਵਾੜੇ ਬਗ਼ੀਚੇ ਵਿੱਚ ਕੰਮ ਕਰਦਾ ਸੀ । ਦੂਜਾ ਵਿਅਕਤੀ ਕਿਸੇ ਦੁਰਘਟਨਾ ਕਾਰਨ ਕੰਮ ਕਰਨ ਤੋਂ ਅਸਮਰੱਥ ਸੀ ,ਹਮੇਸ਼ਾਂ ਵੀਲ ਚੇਅਰ ਤੇ ਹੀ ਹੁੰਦਾ ਸੀ ।ਉਸ ਘਰ ਦਾ ਬਗ਼ੀਚਾ ਐਨਾ ਕੁ ਸੰਵਾਰਿਆ ਹੁੰਦਾ ਸੀ ਕਿ ਦਿਲ ਕਰਦਾ ਸੀ ,ਬਸ ਦੇਖੀ ਜਾਈਏ ।ਮਜਾਲ ਐ ਕਦੇ ਇੱਕ ਤੀਲਾ ਵੀ ਫਾਲਤੂ ਖਿੱਲਰਿਆ ਹੋਵੇ । ਮਿਰਚਾਂ , ਟਮਾਟਰ, ਸ਼ਿਮਲਾ ਮਿਰਚਾਂ ਤੇ ਹੋਰ ਮੌਸਮੀ ਸਬਜ਼ੀਆਂ ਫੀਤੇ ਨਾਲ ਮਿਣਕੇ ਬਰਾਬਰ ਫ਼ਾਸਲੇ ਤੇ ਲਾਈਆਂ ਹੋਈਆਂ ਅਤੇ ਸੁਪੋਟਾਂ ਨਾਲ ਸਹਾਰਾ ਦੇ ਕੇ ਸੱਜਾਈਆਂ ਹੋਈਆਂ ਸਨ । ਬਗ਼ੀਚੇ ਨੂੰ ਪਾਣੀ ਦੇਣ ਦਾ ਪ੍ਰਬੰਧ ਬਰਸਾਤੀ ਪਾਣੀ ਨੂੰ ਵੱਡੀ ਟੈਂਕੀ ਵਿੱਚ ਭੰਡਾਰ ਕਰਕੇ ਅੱਗੇ ਟੂਟੀ ਲਾ ਕੇ ਬੜੇ ਈ ਸਲੀਕੇ ਨਾਲ ਕੀਤਾ ਹੋਇਆ ਸੀ । ਘਰ ਵਿੱਚ ਰਹਿਣ ਵਾਲੇ ਤਿੰਨੇ ਜੀਅ ਇੱਕ ਦੂਜੇ ਨਾਲ ਬੇਹੱਦ ਪਿਆਰ ਇਤਫਾਕ ਨਾਲ ਰਹਿੰਦੇ ਸਨ , ਆਪਣੀ ਦੁਨੀਆਂ ਵਿੱਚ ਮਸਤ ਪਰ ਇੱਕ ਦੂਜੇ ਪ੍ਰਤੀ ਸਮਰਪਿਤ ।
ਇੱਕ ਦਿਨ ਓਹਨਾ ਵਿੱਚੋਂ ਇੱਕ ਵਿਅਕਤੀ ਜੋ ਵੀਲ ਚੇਅਰ ਤੇ ਸੀ , ਓਹਦੇ ਨਾਲ ਗੱਲ ਕਰਨ ਦਾ ਮੌਕਾ ਮਿਲਿਆ,ਜੋ ਉਸਨੇ ਦੱਸਿਆ, ਸੁਣਕੇ ਉਸ ਪਰੀਵਾਰ ਬਾਰੇ ਜਾਣਕੇ ਮਨ ਵਿਸਮਾਦ ਨਾਲ ਭਰ ਗਿਆ।
ਉਹਨੇ ਆਪਣਾ ਨਾਮ ਜੋਜ਼ੇ , ਉਸ ਔਰਤ ਦਾ ਨਾਮ ਲੀਜ਼ਾ ਅਤੇ ਦੂਜੇ ਆਦਮੀ ਦਾ ਨਾਮ ਦਾਵਿਦ ਦੱਸਿਆ । ਉਹਨੇ ਦੱਸਿਆ ਕਿ ਉਸਦਾ ਵਿਆਹ 38 ਸਾਲ ਦੀ ਉਮਰ ਚ ਲੀਜ਼ਾ ਨਾਲ ਹੋਇਆ ਸੀ , ਬੱਚਾ ਕੋਈ ਨਹੀਂ ਸੀ । 42 ਸਾਲ ਦੀ ਉਮਰ ਵਿੱਚ ਉਸਦਾ ਰੋਡ ਐਕਸੀਡੈਂਟ ਹੋਇਆ ਫਲਸਰੂਪ ਉਹਦੀਆਂ ਨਸਾਂ ਫਿੱਸ ਗਈਆਂ , ਹੇਠਲਾ ਧੜ ਨਕਾਰਾ ਹੋ ਗਿਆ । ਉਸਦੀ ਪਤਨੀ ਨੇ ਓਹਦੀ ਬਹੁਤ ਸੰਭਾਲ਼ ਕੀਤੀ , ਜਾਨ ਤਾਂ ਬਚ ਗਈ ਪਰ ਪੀੜਾਦਾਇਕ ਅਪੰਗਤਾ ਪੱਲੇ ਪੈ ਗਈ , ਸੈਕਸੁਅਲੀ ਹਮੇਸ਼ਾਂ ਲਈ ਨਕਾਰਾ ਹੋ ਗਿਆ । ਸਰਕਾਰੀ ਭੱਤਾ , ਪੈਨਸ਼ਨ ਵੀ ਲੱਗ ਗਈ, ਚਾਹੁੰਦਾ ਤਾਂ ਸਰਕਾਰੀ ਸੰਭਾਲ਼ ਕੇਂਦਰ ਚ ਚਲਾ ਜਾਂਦਾ ਪਰ ਉਸਦੀ ਪਤਨੀ ਨੇ ਖ਼ੁਦ ਸੰਭਾਲ਼ ਕਰਨ ਦਾ ਤਹੱਈਆ ਕਰ ਲਿਆ ।ਜ਼ਿੰਦਗੀ ਜਿਵੇਂ ਕਿਵੇਂ ਰਿੜ੍ਹ ਪਈ । ਪਰ ਉਸ ਤੋਂ ਆਪਣੀ ਪਤਨੀ ਦਾ ਇਕੱਲ੍ਹਾਪਨ ਝੱਲਿਆ ਨਹੀ ਸੀ ਜਾਂਦਾ ।ਸੋ ਉਸਨੇ ਲੀਜ਼ਾ ਨੂੰ ਕਿਹਾ ਕਿ ਆਪਣਾ ਘਰ ਵਸਾ ਲਵੇ , ਪਹਾੜ ਜਿੱਡੀ ਜ਼ਿੰਦਗੀ ਇੱਕ ਅਪੰਗ ਬੰਦੇ ਨਾਲ ਕਿਵੇਂ ਗੁਜ਼ਾਰੇਂਗੀ , ਜੋ ਉਸਨੂੰ ਕੋਈ ਵੀ ਸੁਖ ਦੇਣ ਦੇ ਅਸਮਰਥ ਏ । ਪਰ ਲੀਜ਼ਾ ਨੇ ਨਾਂਹ ਵਿੱਚ ਸਿਰ ਫੇਰ ਦਿੱਤਾ । ਫਿਰ ਦੋ ਕੁ ਸਾਲ ਬਾਅਦ ਉਸਨੂੰ ਦਾਵਿਦ ਮਿਲਿਆ ਜਿਸਦੀ ਪਤਨੀ ਕੈਂਸਰ ਕਾਰਨ ਗੁਜ਼ਰ ਗਈ ਸੀ ।ਜੋਜ਼ੇ ਨੇ ਦਾਵਿਦ ਨਾਲ ਗੱਲ ਕੀਤੀ ਤੇ ਫਿਰ ਲੀਜ਼ਾ ਨੂੰ ਫ਼ਰਿਆਦ ਕੀਤੀ ਕਿ ਦਾਵਿਦ ਨਾਲ ਗ਼੍ਰਹਿਸਥੀ ਵਸਾ ਲਵੇ । ਕਈ ਦਿਨਾਂ ਦੀ ਕਸ਼ਮਕਸ਼ ਤੋਂ ਬਾਅਦ ਲੀਜ਼ਾ ਏਸ ਸ਼ਰਤ ਤੇ ਰਾਜ਼ੀ ਹੋਈ ਕਿ ਉਹ ਦਾਵਿਦ ਨਾਲ ਤਾਂ ਰਹੇਗੀ ਅਗਰ ਜੋਜ਼ੇ ਵੀ ਨਾਲ ਈ ਰਹੇ। ਦਾਵਿਦ ਵੀ ਨੇਕ ਰੂਹ ਇਨਸਾਨ ਸੀ , ਓਹ ਵੀ ਇਵੇਂ ਹੀ ਰਹਿਣ ਨੂੰ ਮੰਨ ਗਿਆ । ਤੇ ਉਸਤੋਂ ਬਾਅਦ ਓਹ ਤਿੰਨੇ ਇਕੱਠੇ ਜ਼ਿੰਦਗੀ ਬਸਰ ਕਰ ਰਹੇ ਨੇ,ਇੱਕ ਦੂਜੇ ਦੇ ਸਹਾਰੇ ਬਣਕੇ , ਹਮਸਾਏ ਬਣਕੇ । ਅਗਰ ਦਾਵਿਦ ਟਰੈਕਟਰ ਵਾਹੁੰਦਾ ਹੁੰਦਾ ਤਾਂ ਜੋਜ਼ੇ ਬੈਟਰੀ ਚਾਲਿਤ ਵੀਲ ਚੇਅਰ ਤੇ ਬਾਹਰ ਬੈਠਾ ਹੁੰਦਾ ।ਕਦੀ ਕਦੀ ਤਿੰਨੇ ਈ ਬਗ਼ੀਚੇ ਵਿੱਚ ਹੱਸਦੇ ਦਿਖਾਈ ਦੇਂਦੇ । ਓਹਨਾ ਦੀ ਆਪਸੀ ਸੂਝ-ਬੂਝ ਅਤੇ ਇੱਕ ਦੂਜੇ ਦਾ ਖਿਆਲ ਰੱਖਣ ਦੀ ਸੱਚੀ ਭਾਵਨਾ ਵੇਖਕੇ ਦਿਲ ਗਦ-ਗਦ ਹੋ ਜਾਂਦਾ ।
ਅੱਜ ਫਰਾਂਸ ਛੱਡ ਕੇ ਆਇਆਂ ਨੂੰ ਵੀ ਨੌਂ ਸਾਲ ਹੋ ਚਲੇ ਨੇ । ਪਰ ਹੁਣ ਵੀ ਜਦ ਜੋਜ਼ੇ,ਲੀਜ਼ਾ,ਦਾਵਿਦ ਦੀ ਪਿਆਰੀ ਤਿੱਕੜੀ ਦਾ ਚੇਤਾ ਆਉਂਦਾ ਏ ਤਾਂ ਦਿਲ ਚੋਂ ਅਰਦਾਸ ਈ ਨਿਕਲਦੀ ਏ ਕਿ ਐ ਖੁਦਾ , ਓਹਨਾਂ ਨੇਕ ਬਖ਼ਤ ਇਨਸਾਨਾਂ ਨੂੰ ਹੋਰ ਨਵਾਂ ਸਦਮਾ ਨਾ ਦੇਵੀਂ , ਭਰਪੂਰ ਜ਼ਿੰਦਗੀ ਜਿਉਣ ਨੂੰ ਦੇਵੀਂ ਓਹਨਾਂ ਦੇਵਤਾ ਰੂਹਾਂ ਨੂੰ ।

ਦਵਿੰਦਰ ਸਿੰਘ ਜੌਹਲ

...
...

ਬਜ਼ੁਰਗ ਆਸ਼ਰਮ ਵਿਚ ਸਾਰੇ ਖੁਸ਼ ਸਨ ।ਖੁਸ਼ ਵੀ ਕਿਉੰ ਨਾ ਹੁੰਦੇ ,ਅੱਜ ਕਈਂ ਦਿੰਨਾਂ ਬਾਅਦ ਉਨ੍ਹਾਂ ਨੂੰ ਫ਼ਲ ਖਾਣ ਨੂੰ ਮਿਲ ਰਹੇ ਸਨ।
“ਲਓ ਮਾਂ ਜੀ।” ਸੰਤਰਾ ਤੇ ਕੇਲਾ ਦਿੰਦਾ ਹੋਏ ਦਾਨੀ ਨੌਜਵਾਨ ਨੇ ਕਿਹਾ।
ਮਾਂ ਜੀ, ਸ਼ਬਦ ਸੁਣਕੇ ਉਸਦੀਆਂ ਅੱਖਾਂ ਵਿਚੋਂ ਹੰਝੂ ਵਗਣ ਲੱਗੇ ਤੇ ਉਹ ਫੁੱਟ-ਫੁੱਟ ਕੇ ਰੋਣ ਲੱਗੀ ।
“ਕੀ ਹੋਇਆ?” ਉਸਦੇ ਨਾਲ ਬੈਠੀ ਉਸਦੀ ਬਜ਼ੁਰਗ ਸਾਥਣ ਨੇ ਕਿਹਾ ।
“ਕੁਝ ਨਹੀਂ।” ਉਸਨੇ ਆਪਣੇ ਹੰਝੂ ਛੁਪਾਂਉਂਦੇ ਹੋਏ ਕਿਹਾ।
“ਆਸ਼ਰਮ ਵਿਚ ਅਸੀਂ ਤਾਂ ਇਕ ਦੂੱਜੇ ਦੇ ਦੁੱਖ-ਸੁੱਖ ਦੇ ਸਾਥੀ ਹਾਂ। ਆਪਣਾ ਦੁੱਖ ਮੇਰੇ ਨਾਲ ਸਾਂਝਾ ਕਰ ਲਉ। ਸਕੂਨ ਮਿਲੇਗਾ।”
ਮਾਂ ਜੀ, ਸ਼ਬਦ ਸੁਣਦੇ ਹੀ ਮੇਰੀਆਂ ਅੱਖਾਂ ਸਾਹਮਣੇ ਮੇਰੇ ਬੇਟੇ ਦੀ ਤਸਵੀਰ ਤਾਜ਼ਾ ਹੋ ਗਈ। ਜਿਸ ਨੂੰ ਕਿਸੇ ਵੇਲੇ ਜਨਮ ਦੇਣ ਲਈ ਮੈਂ ਦੋ ਲੜਕੀਆਂ ਨੂੰ ਜਨਮ ਤੋਂ ਪਹਿਲਾਂ ਮਾਰ ਦਿੱਤਾ ਸੀ। ਹਾਏ! ਹਾਏ! ਮੈਂ ਪਾਪਣ ਨੇ ਲੜਕੀਆਂ ਦੀ ਕਬਰ ਤੇ ਜਿਹੜੀ ਜਿੰਦਗੀ ਉਸਾਰੀ ਉਸ ਲੜਕੇ ਨੇ ਮੰਨੂੰ ਹੀ ਘਰੋਂ ਕੱਢ ਦਿੱਤਾ। ਹਾਏ ! ਹਾਏ ! ਮੈਨੂੰ ਕਿੱਥੇ ਸਕੂਨ ਮਿਲਣਾ ਏ ?
ਉਸਦੀ ਸਾਥਣ ਕੋਲ ਵੀ ਹੁਣ ਉਸਨੂੰ ਦਿਲਾਸਾ ਦੇਣ ਲਈ ਕੋਈ ਸ਼ਬਦ ਨਹੀਂ ਸੀ ।
…. ………ਭੁਪਿੰਦਰ ਕੌਰ ‘ਸਢੌਰਾ’

...
...

ਉਹਦਾ ਨਾਂ ਭਾਵੇਂ ਸੰਪੂਰਨ ਸਿੰਘ ਸੀ ਪਰ ਪਿਆਰ ਨਾਲ ਸਾਰੇ ਉਸਨੂੰ ਪੂਰਨ ਸਿੰਘ ਹੀ ਆਖਦੇ ਸਨ। ਉਹਨੇ ਆਪਣੇ ਨਾਂ ਵਿਚਲੇ ਅਰਥ ਦੀ ਪੂਰੀ ਲਾਜ ਰੱਖੀ ਸੀ। ਹੈ ਵੀ ਉਹ ਹਰ ਗੱਲ ਵਿੱਚ ਸੰਪੂਰਨ ਸੀ ਭਾਵ ਪੂਰਾ ਸੀ। ਉਹਦੀ ਉਮਰ ਭਾਵੇਂ ਨੱਬੇ ਸਾਲ ਹੀ ਗਈ ਸੀ ਪਰ ਸਰੀਰ ਉਹਦਾ ਪੂਰਾ ਤੰਦਰੁਸਤ ਸੀ। ਉਹ ਆਪਣੇ ਸਮੇਂ ਦਾ ਚੰਗਾ ਪੜਿਆ-ਲਿਖਿਆ ਸੀ। ਸਰਕਾਰੀ ਨੌਕਰੀ ਤਾਂ ਭਾਵੇਂ ਉਸਨੇ ਨਹੀਂ ਕੀਤੀ ਸੀ ਕਿਉਂਕਿ ਉਸ ਸਮੇਂ ਨੌਕਰੀ ਕਰਨਾ ਨਿਖਿਧ ਕਿੱਤਾ ਸਮਝਿਆ ਜਾਂਦਾ ਸੀ ਤੇ ਤਨਖਾਹ ਦੇ ਪੈਸੇ ਵੀ ਬਹੁਤੇ ਨਹੀਂ ਮਿਲਦੇ ਸਨ। ਖੇਤੀਬਾੜੀ ਵਿੱਚ ਉਸਦਾ ਡਾਢਾ ਸੌਂਕ ਸੀ ਕਿਉਂਕਿ ਉਸ ਸਮੇਂ ਖੇਤੀ ਵਿੱਚ ਪੈਸੇ ਚੰਗੇ ਬਚਦੇ ਸਨ ਤੇ ਖਰਚਾ ਕੋਈ ਹੈ ਨਹੀਂ ਸੀ। ਬਾਕੀ ਕਿਰਤ ਕਰਨਾ ਉਸਨੂੰ ਚੰਗਾ ਲੱਗਦਾ ਸੀ। ਉਹਨੇ ਔਖੇ-ਸੌਖੇ ਸਾਰੇ ਸਮੇਂ ਵੇਖੇ ਸੀ। ਉਹਨੇ ਦੇਸ ਦੀ ਗ਼ੁਲਾਮੀ ਤੋਂ ਲੈ ਅਜ਼ਾਦੀ ਤੱਕ ਤੇ ਅਜ਼ਾਦੀ ਤੋਂ ਹੁਣ ਤੱਕ ਦਾ ਲੰਮਾ ਸਫਰ ਮਾਣਿਆ ਸੀ। ਉਹ ਪੋਤਿਆਂ-ਪੜਪੋਤਿਆਂ ਵਾਲਾ ਹੋ ਗਿਆ ਸੀ। ਉਹਨੇ ਕਈ ਪੀੜ੍ਹੀਆਂ ਦਾ ਰੰਗ ਮਾਣਿਆ ਸੀ। ਉਹਨੂੰ ਸਾਦਾ ਜੀਵਨ ਨਾਲ ਗਹਿਰਾ ਲਗਾਵ ਸੀ। ਅੱਜ ਦੀ ਕਾਹਲ ਤੇ ਦਿਖਾਵੇ ਭਰਪੂਰ ਜ਼ਿੰਦਗੀ ਨੂੰ ਉਹ ਫਜ਼ੂਲ ਸਮਝਦਾ ਸੀ। ਜਿਹੜੇ ਢੰਗ ਨਾਲ ਲੋਕਾਂ ਵਿੱਚ ਅੱਜ ਵਿਹਲਾਪਣ,ਫੋਕੀ ਸ਼ੁਹਰਤ ਤੇ ਈਰਖਾਬਾਜੀ ਘਰ ਕਰ ਗਈ ਸੀ, ਇਸਨੂੰ ਉਹ ਬਿਲਕੁੱਲ ਪਸੰਦ ਨਹੀਂ ਕਰਦਾ ਸੀ। ਉਹਦਾ ਵਿਚਾਰ ਸੀ ਕਿ ਬੰਦਾ ਆਪਣੇ ਕੰਮ ਵਿੱਚ ਲੱਗਿਆ ਹੋਵੇ ਤਾਂ ਸਵਾਲ ਨਹੀਂ ਪੈਦਾ ਹੁੰਦਾ, ਐਹੋ ਜਿਹੀਆਂ ਫਜ਼ੂਲ ਗੱਲਾਂ ਸੋਚਣ ਦਾ। ਇਹ ਸਭ ਵਿਹਲੜਾਂ ਦਾ ਧੰਦਾ ਹੈ। ਦਿਖਾਵੇ ਤੇ ਉਹਨੂੰ ਡਾਢੀ ਖਿੱਝ ਚੜਦੀ ਸੀ ਕਿਉਂਕਿ ਗੁਰਬਾਣੀ ਤੇ ਹੋਰ ਧਾਰਮਿਕ ਗਰੰਥਾਂ ਦਾ ਉਹਨੂੰ ਡੂੰਘਾ ਗਿਆਨ ਸੀ। ਉਹ ਸਮਝਦਾ ਸੀ ਕਿ ਦਿਖਾਵਾ ਮਨੁੱਖ ਦੇ ਅਸਲੇ ਨੂੰ ਲੁਕੋ ਲੈਂਦਾ ਹੈ ਤੇ ਮਨੁੱਖ ਦੇ ਅਧਿਆਤਮਿਕ ਗਿਆਨ ਵਿੱਚ ਖੜੋਤ ਆ ਜਾਂਦੀ ਹੈ। ਵਿਆਹ ਸ਼ਾਦੀਆਂ ਤੇ ਹੋਰ ਕਾਰਜਾਂ ਵਿੱਚ ਕੀਤੇ ਜਾਂਦੇ ਦਿਖਾਵੇ ਤੇ ਉਹਨੂੰ ਹਾਸੀ ਵੀ ਆਉਂਦੀ ਸੀ ਕਿਉਂਕਿ ਉਹਨੂੰ ਮਨੁੱਖ ਵਿਚਲੇ ਅਗਿਆਨ ਦਾ ਪਤਾ ਸੀ। ਉਹ ਮਹਿਸੂਸ ਕਰਦਾ ਸੀ ਕਿ ਜਦੋਂ ਮਨੁੱਖ ਨੂੰ ਪੂਰਾ ਗਿਆਨ ਨਾ ਹੋਵੇ ਤਾਂ ਅਧੂਰੇ ਕਾਰਜ ਕਰਨਾ ਉਸਦੀ ਫਿਤਰਤ ਬਣ ਜਾਂਦੀ ਹੈ। ਅੱਜ ਦੀ ਨੌਜਵਾਨ ਪਨੀਰੀ ਤੋਂ ਉਹ ਕਾਫੀ ਚਿੰਤਤ ਸੀ ਜਿਹੜੀ ਨਸ਼ਿਆਂ ਦੀ ਦਲਦਲ ਵਿੱਚ ਧੱਸ ਚੁੱਕੀ ਸੀ। ਉਸਦੇ ਆਪਣੇ ਆਂਢ-ਗੁਆਂਢ ਵਿੱਚ ਅਣਗਿਣਤ ਮੁੰਡੇ ਨਸ਼ੇ ਕਰਦੇ ਸਨ ਤੇ ਜਿਆਦਾ ਡੋਜ ਕਾਰਨ ਮਰ ਗਏ ਸਨ। ਅਜਿਹੇ ਮਾਪਿਆਂ ਨੂੰ ਉਹ ਤਰਸ ਦੀ ਨਿਗਾ ਨਾਲ ਦੇਖਦਾ ਸੀ। ਇਸ ਵਿੱਚ ਕਸੂਰ ਉਹ ਮਾਪਿਆਂ ਦਾ ਵੀ ਸਮਝਦਾ ਸੀ ਜਿਹੜੇ ਆਪਣੇ ਕੰਮ-ਧੰਦੇ ਵਿੱਚ ਇੰਨਾਂ ਰੁੱਝ ਜਾਂਦੇ ਹਨ ਕਿ ਬੱਚਿਆਂ ਦਾ ਉਹਨਾਂ ਨੂੰ ਖਿਆਲ ਹੀ ਰਹਿੰਦਾ ਨਹੀਂ। ਘੱਟੋ-ਘੱਟ ਬੱਚਿਆਂ ਤੇ ਨਿਗਾ ਰੱਖਣੀ ਤਾਂ ਮਾਪਿਆਂ ਨੂੰ ਬਣਦੀ ਹੈ। ਦੁੱਧ ਤੇ ਪੁੱਤ ਵਿਗੜਦਿਆਂ ਬਹੁਤੀ ਦੇਰ ਨਹੀਂ ਲੱਗਦੀ। ਇਹ ਗੱਲਾਂ ਤਾਂ ਅਸੀਂ ਸਿਆਣਿਆਂ ਦੀਆਂ ਸੁਣੀਆਂ ਹੀ ਹਨ। ਕੋਈ ਪੈਸਾ ਔਲਾਦ ਨਾਲੋਂ ਤਾਂ ਜਰੂਰੀ ਨਹੀਂ ਹੈ ਜਿਹੜਾ ਹਰ ਵਕਤ ਹੱਥ ਧੋ ਕੇ ਇਹਦੇ ਮਗਰ ਪਏ ਰਹੋ। ਔਲਾਦ ਦੀ ਵੀ ਖਬਰਸਾਰ ਲੈਣੀ ਬਣਦੀ ਹੈ। ਮਗਰੋਂ ਡੁੱਲੇ ਬੇਰਾਂ ਤੇ ਝੋਰਾ ਕਰਨ ਦਾ ਕੀ ਫਾਇਦਾ। ਉਹ ਸਮਝਦਾ ਸੀ ਕਿ ਛੋਟੇ ਹੁੰਦੇ ਤੋਂ ਬੱਚੇ ਨੂੰ ਗੁਰਬਾਣੀ ਤੇ ਕੰਮ ਦੀ ਲਗਨ ਲਾਈ ਹੋਵੇ, ਸੁਆਲ ਨਹੀਂ ਪੈਂਦਾ ਹੁੰਦਾ ਬੱਚਾ ਵਿਗੜ ਜਾਵੇ। ਉਹਦੇ ਐਡੇ ਵੱਡੇ ਪਰਿਵਾਰ ਵਿੱਚ ਇੱਕ ਜੀਅ ਵੀ ਨਹੀਂ ਨਸ਼ਾ ਕਰਦਾ ਸੀ। ਪਰ ਉਮਰ ਦੇ ਵੱਡੇ ਪੜਾਅ ਤੇ ਪਹੁੰਚਿਆ ਹੋਣ ਕਰਕੇ ਤੇ ਚੰਗੇ ਖਿਆਲਾਂ ਦਾ ਧਾਰਨੀ ਹੋਣ ਕਰਕੇ ਸਾਰਿਆਂ ਨੂੰ ਆਪਣਾ ਸਮਝਦਾ ਸੀ। ਸਭ ਦਾ ਦੁੱਖ-ਸੁੱਖ ਆਪਣਾ ਸਮਝਦਾ ਸੀ। ਬਹੁਤ ਸਾਰੇ ਲੋਕ ਉਸਨੂੰ ਸਿਆਣਾ ਤੇ ਤਜਰਬੇਕਾਰ ਹੋਣ ਕਰਕੇ ਉਸਤੋਂ ਸਲਾਹਾਂ ਲੈਣ ਆਉਂਦੇ ਸਨ ਤੇ ਸਭ ਨੂੰ ਇੱਕ ਰਾਇ ਉਹ ਵਿਸ਼ੇਸ਼ ਦਿੰਦਾ ਸੀ ਕਿ ਜੇ ਤੁਸੀਂ ਆਪਣੇ ਬੱਚਿਆਂ ਨੂੰ ਨਸ਼ੇ ਤੋਂ ਬਚਾ ਲਿਆ ਤਾਂ ਸਮਝੋ ਤੁਹਾਡਾ ਜੀਵਨ ਸਫਲ ਹੈ। ਬਾਕੀ ਮਾਇਆ ਤਾਂ ਆਉਣੀ-ਜਾਣੀ ਖੇਡ ਹੈ, ਇਹਦੇ ਨਾਲ ਕੋਈ ਬਹੁਤਾ ਢਿੱਡ ਨਹੀਂ ਭਰਦਾ। ਆਪਣੀਆਂ ਨਸਲਾਂ ਬਚਾਉਣ ਤੇ ਜੋਰ ਦਿਓ। ਆ ਜਿਹੜੇ ਅੱਜ ਕੱਲ੍ਹ ਦੇ ਮੁੰਡੇ ਹਰ ਵਕਤ ਸੋਸ਼ਲ ਮੀਡੀਏ ਤੇ ਫੋਕੀ ਸ਼ੁਹਰਤ ਲਈ ਆਪਣੀਆਂ ਬੇਫਾਇਦਾ ਪੋਸਟਾਂ ਪਾ ਕੇ ਫੋਕੀ ਮਸ਼ਹੂਰੀ ਚਾਹੁੰਦੇ ਹਨ, ਇਹਦਾ ਕੋਈ ਸੰਤੋਸ਼ਜਨਕ ਨਤੀਜਾ ਨਹੀਂ ਨਿਕਲਣਾ। ਜਿੰਨਾ ਚਿਰ ਇਹ ਵੀਡੀਓ ਬਣਾਉਣ ਤੇ ਪਾਉਣ ਤੇ ਲਾਉਂਦੇ ਹਨ, ਉਨ੍ਹਾਂ ਟਾਈਮ ਮਾਪਿਆਂ ਨਾਲ ਹੱਥ ਵਟਾ ਦੇਣ ਤਾਂ ਘਰ ਦੀ ਕਾਇਆ ਨਾ ਪਲਟ ਜਾਵੇ। ਐਂਵੇਂ ਵੀਡੀਓ ਪਾ ਕੇ ਆਪਣੇ ਵਿਚਾਰ ਦਿਖਾਵੇ ਵਜੋਂ ਹੋਰਾਂ ਨੂੰ ਦੱਸੀ ਜਾਣੇ, ਕੋਈ ਸਿਆਣਪ ਵਾਲੀ ਗੱਲ ਨਹੀਂ ਹੁੰਦੀ। ਇਹ ਤਾਂ ਉਹ ਗੱਲ ਹੈ ਕਿ ਖਾਲੀ ਭਾਂਡੇ ਖੜਕਦੇ ਤੇ ਭਰਿਆ ਨੂੰ ਕਾਹਦਾ ਡਰ। ਇਹ ਸਭ ਕੁੱਝ ਅਸਲ ਵਿੱਚ ਹੋਛੇਪਣ ਦੀਆਂ ਨਿਸ਼ਾਨੀਆਂ ਹਨ। ਉਹਨੇ ਜ਼ਿੰਦਗੀ ਦੇ ਮੁੱਢਲੇ ਪੜਾਅ ਤੋਂ ਲੈ ਕੇ ਅਖੀਰ ਤੱਕ ਇਹੀ ਨਿਚੋੜ ਕੱਢਿਆ ਕਿ ਫੋਕੀ ਸ਼ੁਹਰਤ ਜਾਂ ਫੋਕੀ ਵਡਿਆਈ ਵਿੱਚ ਮਨੁੱਖ ਨੂੰ ਨਾ ਤਾਂ ਅੱਜ ਤੱਕ ਸੁੱਖ ਮਿਲਿਆ ਹੈ ਤੇ ਨਾ ਹੀ ਭਵਿੱਖ ਵਿੱਚ ਸੁੱਖ ਨਸੀਬ ਹੋਣਾ ਹੈ। ਫਿਰ ਵਜਦ ਵਿੱਚ ਆਇਆ ਉਹ ਆਪ ਮੁਹਾਰੇ ਹੀ ਗੁਰਬਾਣੀ ਦੀਆਂ ਇਹ ਪੰਗਤੀਆਂ ਗੁਣਗਣਾਉਣ ਲੱਗ ਪੈਂਦਾ ਹੈ –
ਨਾਨਕ ਦੁਨੀਆ ਕੀਆਂ ਵਡਿਆਈਆਂ ਅਗੀ ਸੇਤੀ ਜਾਲਿ।।
ਸਰਬਜੀਤ ਸਿੰਘ ਜਿਉਣ ਵਾਲਾ , ਫਰੀਦਕੋਟ
ਮੋਬਾਇਲ – 9464412761

...
...

ਇਕ ਦਿਨ ਸਵੇਰੇ ਸਵੇਰੇ ਬਜਾਰ ਜਾਉਂਦਿਆ ਰਾਹ ਵਿੱਚ ਮਨ ਬੜੇ ਸੋਚੀ ਜਿਹਾ ਪੈ ਗਿਆ ਜਦ ਵੇਖਿਆ ਕਿ ਇਸ ਸੰਸਾਰ ਵਿੱਚ ਪਰਮਾਤਮਾ ਨੇ ਰਿਜ਼ਕ ਪਾਉਣ ਲਈ ਹਰ ਇਨਸਾਨ ਨੂੰ ਕੋਈ ਨਾ ਕੋਈ ਧੰਦੇ ਲਾਇਆ ਹੋਇਆ ਹੈ।ਕੋਈ ਜੁਤੀਆਂ ਬਣਾ ਰਿਹਾ ਹੈ ਕੋਈ ਚਸ਼ਮੇ ਤੇ ਕੋਈ ਡਾਕਟਰ ਹੈ ਤੇ ਕੋਈ ਕਸਾਈ।ਹਰ ਮਨੁੱਖ ਚਾਹੇ ਉਹ ਚੋਰ ਹੀ ਕਿਉਂ ਨਾ ਹੋਵੇ ਉਹ ਵੀ ਧੰਦੇ ਲਗਿਆ ਹੈ।ਪਰ ਵਿਚਾਰਨ ਯੋਗ ਗੱਲ ਇਹ ਹੈ ਕਿ ਸਾਡਾ ਕੰਮ ਕਾਰ ਕਿਹੋ ਜਿਹਾ ਹੈ।ਅਸਲ ਦੁਨੀਆ ਵਿੱਚ ਸਾਡੀ ਨਜਰਾਂ ਵਿੱਚ ਇੱਕ ਕਸਾਈ ਯਾ ਚੋਰ ਦਾ ਕੰਮਕਾਰ ਘ੍ਰਿਣਾ ਯੋਗ ਹੈ ਪਰ ਜੇ ਕੋਈ ਡਾਕਟਰ ਆਪਣੇ ਮਰੀਜ ਨੂੰ ਆਪਣੀ ਕਮਿਸ਼ਨ ਖਾਤਿਰ ਝੂਠੇ ਟੈਸਟ ਤੇ ਆਪ੍ਰੇਸ਼ਨ ਦਸ ਕੇ ਇਲਾਜ ਕਰ ਰਿਹਾ ਹੈ ਤੇ ਉਹ ਤਾਂ ਉਸ ਕਸਾਈ ਤੋਂ ਵੀ ਵੱਡਾ ਕਸਾਈ ਹੈ ਜੋ ਬਿਨਾ ਛੁਰਾ ਚਲਾਉਂਦਿਆਂ ਹੀ ਆਪਣੇ ਮਰੀਜ ਜੌ ਉਸ ਤੇ ਵਿਸ਼ਵਾਸ ਕਰਦਾ ਹੈ, ਨੂੰ ਵਡ ਰਿਹਾ ਹੈ।
ਗੱਲ ਇੱਥੇ ਹੀ ਖਤਮ ਨਹੀਂ ਹੁੰਦੀ ਇਸ ਰੋਜਗਾਰ ਦੇ ਸਾਧਨ ਲਈ ਇਕ ਡਾਕਟਰ ਵਕੀਲ ਯਾ ਇਕ ਕਸਾਈ ਕੁਛ ਲੋਕਾਂ ਦਾ ਯਾ ਜਾਨਵਰਾਂ ਦਾ ਹੀ ਨੁਕਸਾਨ ਕਰਦੇ ਹਨ ਪਰ ਅਗਰ ਏਹੀ ਕੰਮ ਅਗਰ ਕੋਈ ਰਾਜਨੀਤਿਕ ਨੇਤਾ ਯਾ ਕਿਸੇ ਪੰਥ ਦਾ ਆਗੂ ਕਰੇ ਤਾਂ ਪੂਰਾ ਦੇਸ਼ ਯਾ ਕੌਮ ਦਾ ਨੁਕਸਾਨ ਹੁੰਦਾ ਹੈ। ਇਸਲਈ ਕਿਸੇ ਬੰਦੇ ਦੇ ਕੰਮਕਾਰ ਤੋਂ ਉਸਦੀ ਪਛਾਣ ਨਹੀਂ ਹੁੰਦੀ ਬਲਕਿ ਉਸ ਕੰਮ ਦੇ ਪ੍ਰਤੀ ਇਮਾਨਦਾਰੀ ਮੁੱਖ ਹੈ। ਉਹ ਆਪਣੇ ਰੋਜਗਾਰ ਤੋਂ ਕੇਵਲ ਆਪਣੀ ਜੀਵਿਕਾ ਹੀ ਨਹੀਂ ਬਲਕਿ ਮਨੁੱਖਤਾ ਦੀ ਭਲਾਈ ਵੀ ਕਰ ਰਿਹਾ ਹੋਵੇ।ਜਿਵੇਂ ਅਸੀਂ ਕੂੜਾ ਚੁੱਕਣ ਵਾਲੇ ਨੂੰ ਬੜੀ ਹੀਣਤਾ ਨਾਲ ਦੇਖਦੇ ਹਾਂ ਪਰ ਉਸ ਦਾ ਰੋਜ਼ਗਾਰ ਸਾਡਾ ਆਸ ਪਾਸ ਸਵਾਰ ਰਿਹਾ ਹੈ ਇਸਲਈ ਬੰਦਾ ਆਪਣੇ ਕੰਮਕਾਰ ਤੋਂ ਨਹੀਂ ਬਲਕਿ ਉਸ ਕੰਮਕਾਰ ਤੋਂ ਹੋਣ ਵਾਲੇ ਨਫੇ ਨੁਕਸਾਨ ਤੋਂ ਪਛਾਣਾ ਜਾਉਣਾ ਚਾਹੀਦਾ ਹੈ ਜੋ ਉਹ ਮਨੁੱਖਤਾ ਲਈ ਕਰਦਾ ਹਾਂ

Submitted By:- ਸਤਨਾਮ ਕੌਰ

...
...

ਦੱਸ ਰੱਬ ਚੰਗਾ ਜੀਅ ਦੇ ਦਿੰਦਾ ਤਾਂ ਕੀ ਵਿਗੜਦਾ ਉਹਦਾ…..ਪਹਿਲਾਂ ਸੀ ਤਾਂ ਇੱਕ….ਦੂਜੀ ਹੋਰ ਘੱਲਤੀ….ਕਰਮ ਈ ਮਾੜੇ ਸਾਡੇ ਦਾ…..ਆਪ੍ਰੇਸ਼ਨ ਵਾਰਡ ਦੇ ਮੂਹਰੇ ਬੈਠੀ ਹਰਜੀਤ ਦੀ ਸੱਸ ਮੱਥੇ ਤੇ ਹੱਥ ਧਰੀ ਕੁੜੀ ਜੰਮ ਜਾਣ ਦਾ ਅਫ਼ਸੋਸ ਜ਼ਾਹਿਰ ਕਰ ਰਹੀ ਸੀ……ਇਸ ਦੇ ਉੱਤੇ ਹੀ ਡਾਕਟਰ ਦੇ ਇਹ ਬੋਲ ਵੱਡੇ ਆਪ੍ਰਰੇਸ਼ਨ ਕਰਕੇ ਇਸ ਤੋ ਬਾਅਦ ਜੇ ਦੁਬਾਰਾ ਬੱਚਾ ਪੈਂਦਾ ਕਰਨ ਦੀ ਕੋਸ਼ਸ਼ ਕਰਦੇ ਹੋ ਤਾਂ ਮਾਂ ਦੀ ਜਾਨ ਤੇ ਵੀ ਬਣ ਸਕਦੀ ਹੈ….ਹਰਜੀਤ ਦੀ ਸੱਸ ਦੇ ਸੀਨੇ ਅੱਗ ਲੱਗ ਜਾਂਦੀ ਏ ਤੇ ਹੋਰ ਉੱਚੀ ਉੱਚੀ ਰੋਂਦੀ ਹੋਈ….ਹਾਏ ਉ ਰੱਬਾ ਕਿਹੜੇ ਜਨਮਾਂ ਦਾ ਬਦਲਾ ਲੈਣਾ ਤੂੰ….ਪਰ ਕੋਲ ਖੜਾ ਹਰਜੀਤ ਦਾ ਘਰਵਾਲਾ(ਸੰਦੀਪ) ਮਾਂ ਨੂੰ ਚੁੱਪ ਕਰਵਾਉਦਾ ਹੋਇਆ…ਮਾਂ ਕਿਉ ਰੋਣੀ ਹੈਂ….ਅੱਜ ਕੱਲ ਮੁੰਡਾ ਕੁੜੀ ਸੱਭ ਬਰਾਬਰ ਨੇ……ਪਰ ਪੁਰਾਣੇ ਖਿਆਲਾ ਦੀ ਮਾਂ ਦੀ ਸਮਝ ਤੋ ਬਾਹਰ ਸਨ ਇਹ ਗੱਲਾ…….ਪਰ ਸੰਦੀਪ ਨੂੰ ਕੋਈ ਫ਼ਰਕ ਨਹੀ ਸੀ ਪੈਂਦਾ ਕਿ ਕੁੜੀ ਹੋਵੇ ਜਾਂ ਮੁੰਡਾ…ਤੁਰੰਤ ਜਾ ਕੇ ਆਪ੍ਰੇਸ਼ਨ ਥਿਟੇਰ ਚੋ ਕੁੜੀ ਨੂੰ ਚੁੱਕਦਾ ਏ ਤੇ ਬੱਚੀ ਕੋਲ਼ ਪਈ ਉਹਦੀ ਘਰਵਾਲੀ ਵੀ ਅੱਖਾਂ ਭਰ ਲੈਂਦੀ ਹੈ…..ਪਰ ਸੰਦੀਪ ਉਹਨੂੰ ਡਾਂਟਦਾ ਹੋਇਆ,ਕੀ ਰੋਣ ਧੋਣ ਲਾਇਆ ਤੁਸੀ ਦੋਵਾਂ ਸੱਸ ਨੂੰਹ ਨੇ….ਕੋਈ ਮਰ ਨੀ ਗਿਆ….ਸਗੋ ਨਵਾਂ ਜੀ ਆਇਆ…ਚੁੱਪ ਕਰ ਤੇ ਦੇਖ ਤਾਂ ਸਹੀ ਕੁੜੀ ਨੂੰ……ਅੱਖੀ ਦੇਖ ਭੁੱਖ ਲਹਿੰਦੀ ਏ…..ਮੇਰੇ ਜਿਗਰ ਦਾ ਟੁੱਕੜਾ ਏ…..ਖ਼ਬਰਦਾਰ ਜੇ ਹੁਣ ਕਿਸੇ ਨੇ ਹੰਝੂ ਬਹਾਏ……ਸੰਦੀਪ ਨੇ ਆਪ ਆਪਣੀ ਧੀ ਦਾ ਨਾਂ ਅਰਸ਼ਦੀਪ ਰੱਖਿਆ ਤੇ ਪੂਰੇ ਲਾਡਾਂ ਨਾਲ ਪਾਲਿਆਂ ਤੇ ਉਸਨੂੰ ਚੰਗੇ ਸਕੂਲ ਚ ਪੜਾਇਆ ਲਿਖਾਇਆ,ਚੰਗੇ ਸੰਸਕਾਰ ਦਿੱਤੇ……ਬਾਬਾ ਜੀ ਦੀ ਮੇਹਰ ਸੱਦਕਾ ਸੰਦੀਪ ਦੀਆਂ ਦੋਵੇਂ ਹੀ ਕੁੜੀਆਂ ਬਹੁਤ ਹੋਣਹਾਰ ਤੇ ਸਿਆਣੀਆਂ ਸਨ ਪਰ ਰਿਸ਼ਤੇਦਾਰਾਂ ਦੇ ਆ ਕੇ ਕਦੀ ਕਦਾਈ ਉਨ੍ਹਾਂ ਨੂੰ ਤਾਅਨੇ ਮਾਰਣਾ…..ਅਖੇ ਦੱਸ ਇਹ ਛੋਟੀ ਤਾਂ ਐਂਵੀ ਦੱਦ ਲਾਈ ਰੱਬ ਨੇ ਤਾਨੂੰ,ਕਿੱਥੇ ਸਜ਼ਾ ਦਿੱਤੀ….ਰੱਬ ਮੁੰਡਾ ਦੇ ਦਿੰਦਾ ਤਾਂ ਬੁਢਾਪੇ ਚ ਸਹਾਰਾ ਬਣਦਾ……ਤਾਂ ਸੰਦੀਪ ਜਵਾਬ ਦੇਂਦਾ ਆਖਦਾ,ਚਾਚੀ ਤਾਨੂੰ ਬੜੀ ਫ਼ਿਕਰ ਸਾਡੇ ਬੁਢਾਪੇ ਦੀ…..ਕੁੜੀ ਮੇਰੀ ਅਸੀਂ ਆਪੇ ਪਾਲ ਲਵਾਂਗੇ ਜੇ ਕਦੀ ਤਾਡੇ ਘਰ ਇਹਦੇ ਵਾਸਤੇ ਕੁੱਝ ਮੰਗਣ ਆਏ ਤਾਂ ਤੁਸੀ ਨਾ ਦਿਉ……ਸੁਣ ਕੇ ਚਾਚੀ ਵੀ ਵਾਹੇਗੁਰੂ ਵਾਹੇਗੁਰੂ ਕਰਦੀ ਲੰਘ ਜਾਂਦੀ…ਅਖੇ ਤਾਡੀ ਤਾਂ ਜੁਬਾਨ ਈ ਬਾਹਲੀ ਚੱਲਦੀ….ਚੱਜ ਦੀ ਗੱਲ ਕਹੋ ਤਾਂ ਖਾਣ ਨੂੰ ਪੈਂਦੇ ਨਪੁੱਤਿਆ ਦੇ……ਪੜ੍ਹਨ ਲਿਖਣ ਚ ਹੁਸ਼ਿਆਰ ਅਰਸ਼ ਹਮੇਸ਼ਾਂ ਚੰਗੇ ਨੰਬਰ ਲੈ ਕੇ ਪਾਸ ਹੁੰਦੀ ਤੇ ਹਰ ਗਤੀਵਿਧੀ ਚ ਅੱਗੇ….ਤੇ ਜਿਹੜੀ ਦਾਦੀ ਤੇ ਮਾਂ ਉਹਦੇ ਜਨਮ ਤੇ ਅਫ਼ਸੋਸ ਕਰਦੀਆਂ ਸਨ…ਅੱਜ ਉਹੀ ਤਾਰੀਫ਼ਾ ਕਰਦੀਆਂ ਨਹੀ ਸੀ ਥੱਕਦੀਆ….ਸਾਰੇ ਪਿੰਡ ਚ ਅਰਸ਼ ਅਰਸ਼ ਹੋਈ ਪਈ ਸੀ…..ਸਕੂਲ ਦੇ ਨਾਲ ਨਾਲ ਘਰਦੇ ਕੰਮਾਂ ਚ ਵੀ ਪੂਰਾ ਹੱਥ ਵਟਾਉਦੀ ਅਰਸ਼ ਤੇ ਕਦੀ ਕਿਸੇ ਨੂੰ ਮੱਥੇ ਵੱਟ ਪਾ ਕੇ ਨਾ ਮਿਲਦੀ….ਉਹਦਾ ਹੱਸੂ ਹੱਸੂ ਕਰਦਾ ਚਿਹਰਾ ਸੱਭਦਾ ਮਨ ਮੋਹ ਲੈਂਦਾ…..ਸਮਾਂ ਬੀਤਦਾ ਗਿਆ ਤੇ ਦੋਵੇਂ ਭੈਣਾ ਜਵਾਨ ਹੋ ਗਈਆ….ਵੱਡੀ ਦੇ ਵਿਆਹ ਵਾਸਤੇ ਮੁੰਡਾ ਦੇਖਣ ਲੱਗੇ……ਤੇ ਉਹਦਾ ਵਿਆਹ ਕਰ ਦਿੱਤਾ…..ਪਰ ਵਿਆਹ ਚ ਹੋਏ ਖਰਚੇ ਕਾਰਨ ਸੰਦੀਪ ਹੋਰਾਂ ਦਾ ਵਾਲ ਵਾਲ ਕਰਜ਼ੇ ਚ ਬਿੰਨਿਆ ਗਿਆ……ਕਈ ਲੋਕ ਫੇਰ ਤਾਅਨੇ ਮਾਰਦੇ ਅਖੇ ਜੇ ਮੁੰਡਾ ਹੁੰਦਾ ਤਾਂ ਕੁੱਝ ਸਹਾਰਾ ਲੱਗ ਜਾਂਦਾ ਪਰ ਅਜੇ ਤਾਂ ਛੋਟੀ ਵੀ ਵਿਆਉਣੀ ਪਈ ਏ…..ਫੇਰ ਕਿਸੇ ਨੇ ਸਲਾਹ ਦਿੱਤੀ ਕਿ ਕੁੜੀ ਤਾਡੀ ਪੜ੍ਹਨ ਚ ਤਾਂ ਹੁਸ਼ਿਆਰ ਹੈਗੀ ਹੀ ਏ….ਔਖੇ ਸੌਖੇ ਆਈਲੈਂਟਸ ਕਰਵਾਦੋ….ਤੇ ਬਾਹਰ ਭੇਜਦੋ ਵੈਸੇ ਵੀ ਪੰਜਾਬ ਚ ਕੀ ਧਰਿਆ….ਪੜ੍ਹੇ ਲਿਖੇ ਵੀ ਧੱਕੇ ਖਾਂਦੇ…..ਨਾਲੇ ਜੇ ਅਰਸ਼ ਬਾਹਰ ਚੱਲੇ ਗਈ ਤਾਂ ਤਹਾਨੂੰ ਵੀ ਸਹਾਰਾ ਲੱਗ ਜੂ……ਅਰਸ਼ ਦੇ ਪਾਪਾ ਨੂੰ ਗੱਲ ਜੱਚ ਗਈ….ਪਰ ਉਹ ਆਪਣੀ ਮਰਜ਼ੀ ਅਰਸ਼ ਤੇ ਥੋਪਨਾ ਨਹੀ ਸੀ ਚਾਹੁੰਦੇ ਤੇ ਉਨ੍ਹਾਂ ਅਰਸ਼ ਨਾਲ ਇਸ ਬਾਰੇ ਗੱਲ ਕਰੀ ਤਾਂ ਉਹ ਵੀ ਮੰਨ ਗਈ…..ਆਈਲੈਂਟਸ ਚ ਦਾਖਲਾ ਕਰਵਾ ਦਿੱਤਾ ਗਿਆ ਤੇ ਅਰਸ਼ ਆਈਲੈਂਟਸ ਕਰਨ ਲੱਗੀ…..ਤੇ ਪੂਰੇ ਅੱਠ ਬੈਂਡ ਲੈ ਕੇ ਪਾਸ ਹੋ ਗਈ….ਪਰ ਹੁਣ ਵਾਰੀ ਸੀ ਬਾਹਰ ਭੇਜਣ ਦੀ ਪਰ ਕਨੇਡਾ ਦਾ ਖਰਚ ਸੁਣ ਕੇ ਸੰਦੀਪ ਸੋਚੀ ਪੈ ਜਾਂਦਾ ਤੇ ਸੋਚਦਾ ਕੀ ਕਰਿਆ ਜਾਵੇ ਤੇ ਉਸੇ ਬੰਦੇ ਨਾਲ(ਅਮਰੀਕ ਸਿੰਘ) ਸਲਾਹ ਕਰਦਾ ਕਿ ਜੇ ਤੁਸੀ ਕੋਈ ਮੱਦਦ ਕਰਦੋ ਤਾਂ……ਉਹ ਹੱਸਦਾ ਹੋਇਆ…ਲੈ ਦੱਸ ਕਮਲਿਆਂ…ਇਹਦੇ ਚ ਚਿੰਤਾ ਵਾਲੀ ਕਿਹੜੀ ਗੱਲ……ਸੰਦੀਪ ਹੈਰਾਨ……ਅਮਰੀਕ ਆਪਣੀ ਗੱਲ ਜ਼ਾਰੀ ਰੱਖਦੇ ਹੋਏ…..ਅੱਜ ਕੱਲ ਤਾਂ ਮੁੰਡਿਆਂ ਨੂੰ ਬਾਹਰ ਜਾਣ ਦਾ ਭੁੱਤ ਸਵਾਰ ਏ….ਪਰ ਆਈਲੈਟਸ ਦੇ ਚੱਕਰ ਚ ਜਾ ਨੀ ਪਾਉਦੇ….ਤੁਸੀ ਕੁੜੀ ਲਈ ਐਂਵੇ ਦਾ ਈ ਕੋਈ ਮੁੰਡਾ ਲੱਭਲੋ ਤੇ ਵਿਆਹ ਕਰਕੇ ਬਾਹਰ ਭੇਜਦੋ…..ਨਾਲੇ ਅਗਲੇ ਖਰਚਾ ਵੀ ਸਾਰਾ ਆਪ ਚੁੱਕਦੇ……ਬਾਹਰ ਜਾਣ ਤੋ ਲੈ ਕੇ ਵਿਆਹ ਤੱਕ ਦਾ ਸਾਰਾ ਤੇ ਉਸੇ ਦੀ ਸਲਾਹ ਚ ਅਗਲੇ ਦਿਨ ਸੰਦੀਪ ਨੇ ਅਖਬਾਰ ਵਿੱਚ ਇਸ਼ਤਿਹਾਰ ਦੇ ਦਿੱਤਾ ਕਿ ਅੱਠ ਬੈਂਡਾ ਵਾਲੀ ਕੁੜੀ ਲਈ ਬਾਹਰਲੇ ਮੁੰਡੇ ਦੀ ਲੋੜ ਜੋ ਸਾਰਾ ਖਰਚਾ ਚੁੱਕ ਸਕਣ…..ਬਸ ਫੇਰ ਕਿ ਦੂਰੋ ਨੇੜਿਉ ਕਈ ਰਿਸ਼ਤੇ ਅਰਸ਼ ਲਈ ਆਉਣ ਲੱਗੇ ਤੇ ਪੂਰੇ ਪਿੰਡ ਚ ਅਰਸ਼ ਅੱਠ ਬੈਂਡਾ ਵਾਲੀ ਕੁੜੀ ਦੇ ਨਾਂ ਨਾਲ ਮਸ਼ਹੂਰ ਹੋ ਗਈ……ਸਮਾਪਤ

ਪ੍ਰਵੀਨ ਕੌਰ

...
...

ਉਹ ਦੋਵੇਂ ਅਕਸਰ ਹੀ ਮੇਰੇ ਉੱਠਣ ਤੋਂ ਪਹਿਲਾ ਦੇ ਲੜ ਰਹੇ ਹੁੰਦੇ..
ਮੈਨੂੰ ਸੁੱਝ ਜਾਇਆ ਕਰਦੀ..ਇਹ ਕੰਮ ਲੰਮਾ ਚੱਲੂ..ਸ਼ਾਇਦ ਮੇਰੇ ਸਕੂਲ ਜਾਣ ਤੱਕ..
ਮੈਂ ਆਪਣੀ ਵਰਦੀ ਪ੍ਰੈਸ ਕਰਦੀ..ਧੁਆਂਖੇ ਹੋਏ ਚੋਂਕੇ ਵਿਚ ਜਾਂਦੀ..ਅਜੇ ਵੀ ਯਾਦ ਏ ਮੇਰੀ ਰੋਟੀ ਢੱਕ ਕੇ ਰੱਖੀ ਹੁੰਦੀ..
ਮਾਂ ਦਾ ਧਿਆਨ ਜਿਆਦਾਤਰ ਲੜਨ ਵੱਲ ਹੁੰਦਾ..
ਪਿਓ ਵੱਲੋਂ ਆਖੀ ਗੱਲ ਦਾ ਜੁਆਬ ਦੇਣ ਵੱਲ..ਉਹ ਮੇਰੇ ਵੱਲ ਧਿਆਨ ਨਾ ਦਿੰਦੀ..ਏਹੀ ਆਖਦੀ ਅਹੁ ਵੇਖ ਲੈ ਤੇਰਾ ਪਿਓ ਕੀ ਆਖੀ ਜਾਂਦਾ ਈ..!

ਲੜਾਈ ਦੀ ਵਜਾ ਹਰ ਵਾਰ ਵੱਖੋ ਵੱਖ ਹੁੰਦੀ..

ਕਦੀ ਰਿਸ਼ਤੇਦਾਰ ਵੱਲੋਂ ਆਖੀ ਗੱਲ..ਕਦੀ ਜਮੀਨ ਦੇ ਹਿੱਸੇ ਤੋਂ..ਕਦੀ ਬਾਪ ਵੱਲੋਂ ਨਾਨਕਿਆਂ ਬਾਰੇ ਕੀਤੀ ਕੋਈ ਟਿੱਪਣੀ..ਤੇ ਕਦੀ ਕੋਈ ਬਾਹਰਲਾ ਮਰਦ ਜਾਂ ਫੇਰ ਔਰਤ..
ਆਸ ਪਾਸ ਵਾਲੇ ਬੱਸ ਮਾੜਾ ਮੋਟਾ ਹੀ ਹਟਾਉਂਦੇ..ਫੇਰ ਆਪੋ ਆਪਣੇ ਕੰਮੀ ਲੱਗ ਜਾਂਦੇ..ਆਖਦੇ ਰੋਜ ਦਾ ਕੰਮ ਏ ਇਹਨਾ ਦਾ ਤੇ..!

ਦੋ ਕਿਲੋਮੀਟਰ ਦੂਰ ਮੇਰਾ ਸਕੂਲ..
ਖੇਤਾਂ ਪੈਲੀਆਂ ਵਿਚੋਂ ਦੀ ਲੰਘ ਕੇ ਜਾਂਦਾ ਕੱਚਾ ਰਾਹ ਮੈਨੂੰ ਬੜਾ ਚੰਗਾ ਲੱਗਦਾ..
ਕਦੀ ਕਦੀ ਇੱਕ ਬਜ਼ੁਰਗ ਮਿਲ ਪੈਂਦੇ..ਮੇਰੇ ਸਿਰ ਤੇ ਹੱਥ ਰੱਖ ਆਖਦੇ ਸੁਖੀ ਰਹਿ ਧੀਏ..ਬੜਾ ਚੰਗਾ ਲੱਗਦਾ..
ਕਈ ਵਾਰ ਅੱਗਿਓਂ ਦੀ ਸ਼ੂਕਦਾ ਹੋਇਆ ਕੋਈ ਸੱਪ ਨਿੱਕਲ ਜਾਂਦਾ..
ਬਾਕੀ ਡਰ ਜਾਂਦੀਆਂ..ਪਰ ਮੈਂ ਤਾਂ ਪਹਿਲਾਂ ਤੋਂ ਹੀ ਡਰੀ ਹੋਈ ਹੁੰਦੀ..ਚੁੱਪ ਚਾਪ ਤੁਰੀ ਜਾਂਦੀ ਨੂੰ ਵੇਖ ਨਾਲਦੀਆਂ ਪੁੱਛਦੀਆਂ..ਕੀ ਗੱਲ ਹੋਈ?

ਅੱਗੋਂ ਕੁਝ ਨਾ ਆਖਦੀ..ਇੱਕ ਟਿਚਕਰ ਕਰਦੀ..ਆਖਦੀ ਅੱਜ ਫੇਰ ਲੜ ਪਏ ਹੋਣੇ..ਤਾਂ ਹੀ..”

ਮੈਨੂੰ ਬਿਲਕੁਲ ਵੀ ਚੰਗਾ ਨਾ ਲੱਗਦਾ..

ਫੇਰ ਅਰਦਾਸ ਕਰਦੀ ਮੇਰੇ ਵਾਪਿਸ ਮੁੜਦੀ ਨੂੰ ਸਭ ਕੁਝ ਠੀਕ ਠਾਕ ਹੋ ਗਿਆ ਹੋਵੇ..
ਸਕੂਲੇ ਪੜਾਈ ਵਿਚ ਜੀ ਨਾ ਲੱਗਦਾ..ਮਾਸਟਰ ਜੀ ਪੁੱਛਦੇ ਕੁਝ ਹੋਰ..ਜਵਾਬ ਕੋਈ ਹੋਰ ਦਿੰਦੀ..ਉਹ ਬੁਰਾ ਭਲਾ ਆਖਦੇ..!

ਅਖੀਰ ਪੂਰੀ ਛੁੱਟੀ ਮਗਰੋਂ ਘਰੇ ਅੱਪੜਦੀ ਤਾਂ ਅਗਿਓਂ ਮਾਂ ਨਾ ਦਿਸਦੀ..
ਪਤਾ ਲੱਗਦਾ ਨਰਾਜ ਹੋ ਕੇ ਪੇਕੇ ਤੁਰ ਗਈ..ਮੈਨੂੰ ਦੋਹਾਂ ਤੇ ਗੁੱਸਾ ਆਉਂਦਾ..ਮਾਂ ਤੇ ਜਿਆਦਾ..ਪਤਾ ਨੀ ਕਿਉਂ..ਫੇਰ ਓਹੀ ਰਿਸ਼ਤੇਦਾਰੀ ਦੇ ਇੱਕਠ..ਸੁਲਾਹ ਸਫਾਈ..ਤੇ ਕੁਝ ਦਿਨ ਮਗਰੋਂ ਫੇਰ ਓਹੀ ਕੁਝ..!

ਉਹ ਦੋਵੇਂ ਮੈਨੂੰ ਨਿਆਣੀ ਹੀ ਸਮਝਿਆ ਕਰਦੇ..
ਪਰ ਮੈਨੂੰ ਸਭ ਕੁਝ ਪਤਾ ਸੀ..ਮੈਨੂੰ ਖੇਰੂੰ ਖੇਰੂੰ ਹੁੰਦਾ ਆਪਣਾ ਬਚਪਨ ਦਿਸਦਾ..ਤਿਲ ਤਿਲ ਕਰਕੇ ਮਰਦੀ ਹੋਈ ਜਵਾਨੀ..
ਮੈਨੂੰ ਉਸ ਵੇਲੇ ਬਿਲਕੁਲ ਵੀ ਇਹਸਾਸ ਨਹੀਂ ਸੀ ਕੇ ਮੈਂ ਜੋ ਗਵਾਈ ਜਾ ਰਹੀ ਸਾਂ..ਮੁੜ ਕੇ ਕਦੀ ਪਰਤ ਕੇ ਨਹੀਂ ਆਉਣਾ..

“ਜੇ ਮੈਂ ਜਾਣਦੀ ਜੱਗੇ ਮਰ ਜਾਣਾ..ਇੱਕ ਦੇ ਮੈਂ ਦੋ ਜੰਮਦੀ..”

ਫੇਰ ਮੇਰੇ ਵਿਆਹ ਵਿਚ ਕਾਫੀ ਪੰਗੇ ਪਏ..
ਕਾਫੀ ਕਲੇਸ਼ ਪਿਆ..ਕਾਫੀ ਯੁੱਧ ਹੋਏ..ਲੋਕਾਂ ਨੂੰ ਮੇਰੇ ਮਾਪਿਆਂ ਦੀ ਕਮਜ਼ੋਰੀ ਪਤਾ ਸੀ..ਜਾਣ-ਬੁਝ ਕੇ ਨਿੱਕੀ ਨਿਕੀ ਘਸੂਸ ਛੇੜ ਦਿੰਦੇ..ਨਿੱਕੀ ਜਿਹੀ ਗੱਲ ਦਾ ਖਲਾਰ ਪੈ ਜਾਂਦਾ..
ਮੇਰੇ ਮਾਪਿਆਂ ਨੂੰ ਕਦੀ ਇਹ ਸਮਝ ਨਾ ਆਇਆ ਕੇ ਸਾਰੀ ਦੁਨੀਆ ਬੱਸ ਤਮਾਸ਼ਾ ਵੇਖਦੀ ਏ..!

ਫੇਰ ਖੁਦ ਦੋ ਬੱਚਿਆਂ ਦੀ ਮਾਂ ਬਣ ਗਈ..

ਸ਼ੁਰੂ ਵਿਚ ਵਧੀਆ ਮਾਹੌਲ ਮਿਲਿਆ..ਪਰ ਫੇਰ ਮੈਨੂੰ ਨਾਲਦੇ ਵਿਚ ਆਪਣਾ ਬਾਪ ਦਿਸਣ ਲੱਗਾ..ਰੋਹਬ ਪਾਉਂਦਾ..ਨੁਕਸ ਕੱਢਦਾ..ਮੈਨੂੰ ਬੜਾ ਬੁਰਾ ਲੱਗਦਾ ਪਰ ਬੱਚਿਆਂ ਖਾਤਿਰ ਚੁੱਪ ਰਹਿੰਦੀ..ਘੜੀ ਟਲ ਜਾਇਆ ਕਰਦੀ..ਫੇਰ ਕਈ ਵਾਰ ਜਦੋਂ ਉਹ ਵੀ ਮੁਆਫੀ ਮੰਗ ਲੈਂਦਾ ਤਾਂ ਬੜਾ ਮੋਹ ਆਉਂਦਾ..ਪਰ ਫੇਰ ਵੀ ਅੰਦਰੋਂ ਅੰਦਰ ਕੋਈ ਘਾਟ ਜਿਹੀ ਮਹਿਸੂਸ ਹੁੰਦੀ ਰਹਿੰਦੀ..
ਸ਼ਾਇਦ ਲੜਾਈ ਝਗੜੇ ਦੀ ਭੇਟ ਚੜ ਗਏ ਬਚਪਨ ਦੇ ਹੁਸੀਨ ਪਲ ਚੇਤੇ ਆਉਂਦੇ ਸਨ..ਸਕੂਲ ਨੂੰ ਜਾਂਦਾ ਕੱਚਾ ਰਾਹ ਅਜੇ ਵੀ ਉਂਝ ਦਾ ਉਂਝ ਸੈਨਤਾਂ ਮਾਰਦਾ ਲੱਗਦਾ..!

ਇਸ ਅਸਲ ਵਾਪਰੀ ਦਾ ਅੰਤ ਥੋੜਾ ਦਰਦਨਾਕ ਏ ਇਸ ਲਈ ਸਾਂਝਾ ਨਹੀਂ ਕਰਾਂਗਾ ਪਰ ਏਨੀ ਗੱਲ ਜਰੂਰ ਆਖਾਂਗਾ ਕੇ ਇਹ ਕਿਆਰੀਆਂ ਵਿਚ ਉੱਗੇ ਮਹਿਕਾਂ ਵੰਡਦੇ ਖਿੜੇ ਹੋਏ ਤਾਜੇ ਸੋਹਣੇ ਫੁੱਲ ਕਿਤੇ ਸਾਡੀ ਕਲਾ ਕਲੇਸ਼ ਵਾਲੇ ਚੱਕਰ ਦੀ ਭੇਂਟ ਹੀ ਨਾ ਚੜ ਜਾਣ ਇਸ ਗੱਲ ਦਾ ਸੁਹਿਰਦ ਬੰਦੋਬਸਤ ਕਰਨਾ ਸਾਡੇ ਆਪਣੇ ਹੱਥ ਵੱਸ ਏ..!

ਸਾਡਾ ਇੱਕ ਬਜੁਰਗ ਰਿਸ਼ਤੇਦਾਰ ਹੋਇਆ ਕਰਦਾ ਸੀ..ਕਦੀ ਗੁੱਸੇ ਵਿਚ ਆ ਜਾਂਦਾ ਤਾਂ ਜੁਆਕਾਂ ਸਾਹਵੇਂ ਨਾਲਦੀ ਨੂੰ ਕਦੀ ਕੋਈ ਗੱਲ ਨੀ ਸੀ ਆਖਿਆ ਕਰਦਾ..ਬੱਸ ਦੋਹਾਂ ਨੇ ਅੰਦਰ ਵੜ ਕੇ ਗੱਲ ਮੁਕਾ ਲੈਣੀ..!

ਸੋ ਦੋਸਤੋ ਜਿੰਦਗੀ ਦੇ ਕੁਝ ਕੀਮਤੀ ਪਲ ਜਦੋਂ ਰੇਤ ਦੇ ਕਿਣਕਿਆਂ ਵਾਂਙ ਖਿੱਲਰ ਰਹੇ ਹੁੰਦੇ ਤਾਂ ਕੋਲ ਖਲੋਤਾ ਸਰਤਾਜ ਏਨੀ ਗੱਲ ਜਰੂਰ ਸਮਝਾ ਰਿਹਾ ਹੁੰਦਾ ਕੇ..
“ਬੀਤ ਜਾਣੀਆਂ ਰੁੱਤਾਂ ਹਾਣੀਆਂ..ਜੇ ਨਾ ਮਾਣੀਆਂ..ਫੇਰ ਟੋਲਦਾ ਰਹੀ”..

ਸੋ ਸੰਖੇਪ ਜਿਹੀ ਜਿੰਦਗੀ ਦੇ ਇੱਕ-ਇੱਕ ਪਲ ਦਾ ਵੱਧ ਤੋਂ ਵੱਧ ਲਾਹਾ ਲੈਣਾ ਹੀ ਸਮਝਦਾਰੀ ਏ..
ਕਿਓੰਕੇ ਜਿਸਨੂੰ ਕੋਹਾਂ ਮੀਲ ਲੰਮੀ ਸਮਝ ਏਨੇ ਖਲਾਰੇ ਪਾਈ ਬੈਠੇ ਹਾਂ..ਅਖੀਰ ਨੂੰ ਅੱਖ ਦੇ ਫੋਰ ਵਿਚ ਬੀਤ ਜਾਣੀ ਏ ਤੇ ਫੇਰ ਰਹਿ ਜਾਂਣੇ ਆਖਰੀ ਵੇਲੇ ਦੇ ਪਛਤਾਵੇ..ਗਿਲੇ ਸ਼ਿਕਵੇ ਤੇ ਜਾਂ ਫੇਰ “ਬੜੇ ਚੇਤੇ ਆਉਂਦੇ ਨੇ ਯਾਰ ਅਣਮੁੱਲੇ..ਹਵਾ ਦੇ ਬੁੱਲੇ..ਤੇ ਹੋਰ ਵੀ ਬੜਾ ਕੁਝ..”

“ਮੁੱਲ ਵਿਕਦਾ ਸੱਜਣ ਮਿਲ ਜਾਵੇ..ਲੈ ਲਵਾਂ ਮੈਂ ਜਿੰਦ ਵੇਚ ਕੇ”

ਇਹ ਦੁਰਲੱਭ ਜਿੰਦਗੀ..ਇਹ ਕੀਮਤੀ ਘੜੀਆਂ..ਇਹ ਹੁਸੀਨ ਪਲ..ਅਤੇ ਹੋਰ ਵੀ ਕਿੰਨਾ ਕੁਝ ਜੇ ਦੌਲਤਾਂ ਦੇ ਢੇਰ ਲਾ ਕੇ ਦੋਬਾਰਾ ਮਿਲ ਜਾਇਆ ਕਰਦਾ ਤਾਂ ਦੁਨੀਆ ਦੇ ਕਿੰਨੇ ਸਾਰੇ “ਵਾਜਪਾਈ” ਅਤੇ “ਜੇਤਲੀ” ਅੱਜ ਜਿਉਂਦੇ ਜਾਗਦੇ ਸਟੇਜਾਂ ਤੇ ਭਾਸ਼ਣ ਦੇ ਰਹੇ ਹੁੰਦੇ..!

ਉੱਤੋਂ ਵਾਜ ਪਈ ਤੇ ਹਰੇਕ ਨੂੰ ਜਾਣਾ ਹੀ ਪੈਣਾ..ਸਾਰਾ ਕੁਝ ਵਿਚ ਵਿਚਾਲੇ ਛੱਡ..ਉਹ ਵੀ ਖਾਲੀ ਹੱਥ..ਥੋੜੇ ਟੈਚੀਆਂ ਵਾਲਾ ਸੌਖਾ ਰਹੁ ਤੇ ਜ਼ਿਆਦੇ ਸਮਾਨ ਵਾਲਾ ਹੌਕੇ ਲੈਂਦਾ ਹੋਇਆ ਅੱਖੋਂ ਓਹਲੇ ਹੋਊ..ਉਚੇ ਢੇਰ ਇੰਝ ਬਿਨਾ ਰਾਖੀ ਦੇ ਛੱਡਣੇ ਕਿਹੜੇ ਸੌਖੇ ਨੇ..

ਪਰ ਅਸਲੀਅਤ ਇਹ ਹੈ ਕੇ “ਜੱਗ ਵਾਲਾ ਮੇਲਾ ਯਾਰੋ ਥੋੜੀ ਦੇਰ ਦਾ..ਹੱਸਦਿਆਂ ਰਾਤ ਲੰਘੀ..ਪਤਾ ਨੀ ਸੁਵੇਰ ਦਾ..”

ਜਿੰਦਗੀ ਜਿੰਦਾਬਾਦ..ਹਰਪ੍ਰੀਤ ਸਿੰਘ ਜਵੰਦਾ

...
...

ਬਤੌਰ ਐੱਸ.ਐਚ.ਓ ਇਹ ਮੇਰੀ ਪਹਿਲੀ ਪੋਸਟਿੰਗ ਸੀ..
ਛਿਆਸੀ ਸਤਾਸੀ ਦੇ ਦੌਰ ਵਿਚ ਮਾਨਸੇ ਤੋਂ ਸਿੱਧਾ ਇਥੇ ਬਦਲ ਕੇ ਆਉਣਾ ਇੰਝ ਸੀ ਜਿੱਦਾਂ ਕਿਸੇ ਨੂੰ ਅਮਰੀਕਾ ਤੋਂ ਸਿੱਧਾ ਅਫਗਾਨਿਸਤਾਨ ਭੇਜ ਦਿੱਤਾ ਗਿਆ ਹੋਵੇ!
ਘਰੇ ਗਮਗੀਨ ਮਾਹੌਲ..
ਬੀਜੀ ਦਾਰ ਜੀ ਦੀ ਫੋਟੋ ਦਾ ਵਾਸਤਾ ਪਾਉਂਦੇ ਹੋਏ ਆਖਣ ਲੱਗੇ “ਬੇਟਾ ਪੀ.ਐਚ ਡੀ ਕਰਕੇ ਅਮਰੀਕਾ ਜਾਂਦਾ ਤਾਂ ਚੰਗਾ ਸੀ..ਮੈਂ ਤੈਨੂੰ ਵੀ ਗਵਾਉਣਾ ਨਹੀਂ ਚਾਹੁੰਦੀ..”
ਮੈਂ ਓਹਨਾ ਨੂੰ ਕਲਾਵੇ ਵਿਚ ਲਿਆ ਤੇ ਹੌਂਸਲਾ ਦਿੱਤਾ..
ਘੜੀ ਕੂ ਮਗਰੋਂ ਸਾਡੀ ਜਿਪਸੀ ਅਮ੍ਰਿਤਸਰ ਵੱਲ ਨੂੰ ਦੌੜਨ ਲੱਗੀ..ਆਥਣੇ ਗੁਰੂ ਦੀ ਨਗਰੀ ਅੱਪੜ ਕਾਗਜੀ ਕਾਰਵਾਈ ਪੂਰੀ ਕੀਤੀ..!
ਅਗਲੇ ਦਿਨ ਠਾਣੇ ਦਾ ਚਾਰਜ ਲੈ ਲਿਆ..
ਸਾਰੇ ਸਟਾਫ ਨਾਲ ਜਾਣ-ਪਛਾਣ ਕਰਾਈ..ਮਗਰੋਂ ਮੁਨਸ਼ੀ ਨੇ ਫਾਈਲਾਂ ਦਾ ਵੱਡਾ ਢੇਰ ਅੱਗੇ ਕਰ ਦਿੱਤਾ..ਹਥਿਆਰਾਂ ਦੀ ਡਿਟੇਲ ਦੱਸੀ..!
ਫੇਰ ਵੇਹਂਦਿਆ ਵੇਹਂਦਿਆ ਹੀ ਪੰਦਰਾਂ ਵੀਹ ਫੋਟੋਆਂ ਮੇਰੇ ਸਾਮਣੇ ਖਲਾਰ ਦਿੱਤੀਆਂ..
ਆਖਣ ਲੱਗਾ ਜਨਾਬ ਇਹ ਮਾਝੇ ਦੇ ਸਾਰੇ ਵੱਡੇ ਨਾਮ ਨੇ..ਜਿਆਦਾਤਰ ਬਾਡਰ ਪਾਰ ਹੀ ਰਹਿੰਦੇ ਨੇ ਪਰ ਆਹ ਦੂਜੀ ਕਤਾਰ ਵਾਲੇ ਓਹਨਾ ਦੀਆਂ ਹਦਾਇਤਾਂ ਤੇ ਇਲਾਕੇ ਵਿਚ ਕੰਮ ਕਰਦੇ ਨੇ ਤੇ ਜਿਆਦਾਤਰ ਸਾਡੇ ਤੇ ਲਾਗਲੇ ਥਾਣਿਆਂ ਵਿਚ ਸਰਗਰਮ ਨੇ..!
ਸਾਰਿਆਂ ਦੇ ਸਿਰਾਂ ਤੇ ਰੱਖੇ ਇਨਾਮ ਉਸਨੂੰ ਮੂੰਹ ਜ਼ੁਬਾਨੀ ਯਾਦ ਸਨ..!
ਪੁੱਛਿਆ ਇਹ ਇਨਾਮ ਰੱਖਦਾ ਕੌਣ ਏ?
ਆਖਣ ਲੱਗਾ ਅਸੀ ਵਾਰਦਾਤਾਂ ਪਾਈ ਜਾਣੇ ਤੇ ਉਹ ਚੰਡੀਗੜ ਬੈਠੇ ਇਨਾਮ ਵਧਾਈ ਜਾਂਦੇ..!
ਪਹਿਲੇ ਅਫਸਰ ਦੇ ਢੰਗ ਤਰੀਕੇ ਦੱਸਦਾ ਹੋਇਆ ਆਖਣ ਲੱਗਾ ਜੀ ਆਹ ਦਸਾਂ ਬਾਰਾਂ ਦੀ ਲਿਸਟ ਏ..
ਸ੍ਰ ਰਘਬੀਰ ਸਿੰਘ ਹੂਰੀ ਲੰਘਦੇ ਵੜਦੇ ਇਹਨਾਂ ਦੇ ਟੱਬਰ ਦਾ ਇੱਕ ਅੱਧਾ ਜੀ ਚੁੱਕ ਹੀ ਲਿਆਇਆ ਕਰਦੇ ਸਨ..ਮਰਦ ਔਰਤ ਵਿਚ ਕੋਈ ਫਰਕ ਨਹੀਂ ਸਨ ਰਖਿਆ ਕਰਦੇ..!
ਸੱਤ ਮਹੀਨੇ ਦੀ ਨਿਯੁਕਤੀ ਦੇ ਦੌਰਾਨ ਤੇਈ ਮੁਕਾਬਲੇ ਤੇ ਲੱਖਾਂ ਦਾ ਇਨਾਮ..ਆਹ ਪਿਛਲੇ ਮਹੀਨੇ ਤੇ ਪੂਰੀ ਇੱਕ ਬੋਰੀ ਭਰ ਕੇ ਆਈ ਸੀ ਸਿਧੀ ਚੰਡੀਗੜੋਂ!
ਕਪੂਰਥਲੇ ਵਾਲਿਆਂ ਰਿਬੇਰੋ ਸਾਬ ਦੀ ਸਿਫਾਰਿਸ਼ ਪਵਾਈ ਸੀ ਬਦਲੀ ਲਈ..ਅਖ਼ੇ ਫੱਤੂਢੀਂਗੇ ਵਾਲਾ ਸੇਮਾਂ ਬੜਾ ਤੰਗ ਕਰਦਾ..ਨਾਲੇ ਇੱਕ ਸਟਾਰ ਹੋਰ ਲੱਗ ਗਿਆ ਤੇ ਟੌਹਰ ਵੱਖਰਾ..!
ਉਹ ਗੱਲ ਕਰੀ ਜਾ ਰਿਹਾ ਸੀ ਤੇ ਮੈਂ ਪਹਿਲੀ ਦੇ ਬੱਚੇ ਵਾਂਙ ਸਭ ਕੁਝ ਸੁਣੀ ਜਾ ਰਿਹਾ ਸਾਂ..!
ਏਨੇ ਨੂੰ ਇੱਕ ਫੋਟੋ ਤੇ ਆ ਕੇ ਮੇਰੀ ਨਜਰ ਟਿੱਕ ਗਈ..ਲਾਇਲਪੁਰ ਕਾਲਜ ਭੰਗੜੇ ਵਾਲਾ ਗੁਰਮੀਤ ਚੀਮਾ ਲੱਗਦਾ ਸੀ..!
ਮੁਨਸ਼ੀ ਨੂੰ ਵਾਜ ਮਾਰੀ..ਪੁੱਛਿਆ ਇਹ ਕੌਣ ਏ..?
ਆਖਣ ਲੱਗਾ ਜੀ ਪੰਜਵੜ ਗਰੁੱਪ ਦਾ ਖਾਸ ਬੰਦਾ ਏ..ਗੋਇੰਦਵਾਲ ਦੇ ਕੋਲ ਹੀ ਪਿੰਡ ਏ..ਮਾਰਾਂਗੇ ਛਾਪਾ ਕਿਸੇ ਦਿਨ..ਬਾਕੀ ਪਰਿਵਾਰ ਮੂੰਹ ਮੱਥੇ ਲੱਗਦਾ..ਇੱਕ ਨਿੱਕੀ ਭੈਣ..ਨਾਲੇ ਪੁੰਨ ਨਾਲੇ ਫਲੀਆਂ..
ਏਨੀ ਗੱਲ ਆਖਦਾ ਤੇ ਫੇਰ ਮੁਸ਼ਕੜੀਆਂ ਵਿਚ ਹੱਸਦਾ ਹੋਇਆ ਉਹ ਮੈਨੂੰ ਹੋਰ ਵੀ ਕਰੂਪ ਲੱਗ ਰਿਹਾ ਸੀ!
ਪਹਿਲੇ ਦਿਨ ਮੈਨੂੰ ਬਿਲਕੁਲ ਵੀ ਨੀਂਦ ਨਾ ਪਈ..ਇੰਝ ਲੱਗਿਆ ਕਿਸੇ ਦਲਦਲ ਵਿਚ ਆਣ ਫਸਿਆ ਹੋਵਾਂ..!
ਅਗਲੇ ਦਿਨ ਮੂੰਹ ਹਨੇਰੇ ਵਾਇਰਲੈੱਸ ਖੜਕ ਗਈ..
ਦਰਿਆ ਬਿਆਸ ਦੇ ਕੋਲ ਮੰਡ ਵਿਚ ਇੱਕ ਵਾਰਦਾਤ ਹੋ ਗਈ..!
ਸ਼ੱਕ ਦੇ ਅਧਾਰ ਤੇ ਪੰਦਰਾਂ ਵੀਹ ਮੁੰਡੇ ਚੁੱਕ ਲਿਆਂਦੇ..ਪਰ ਮੁਢਲੀ ਤਫਤੀਸ਼ ਮਗਰੋਂ ਮੈਨੂੰ ਸਾਰੇ ਦੇ ਸਾਰੇ ਬੇਕਸੂਰ ਲੱਗੇ..!
ਪਰ ਮੁਨਸ਼ੀ ਆਖਣ ਲੱਗਾ ਜੀ ਇੱਕ ਦੋ ਸ਼ੱਕੀਆਂ ਤੇ ਫਸਟ ਡਿਗਰੀ ਤੋਂ ਸ਼ੁਰੂ ਕਰਦੇ ਹਾਂ..ਜੇ ਥਰਡ ਡਿਗਰੀ ਦੀ ਲੋੜ ਪਈ ਤਾਂ ਸੀ.ਆਈ.ਏ ਅਮ੍ਰਿਤਸਰ ਲੈ ਚਲਾਂਗੇ..!
ਉਹ ਉੰਨੀਆਂ ਕੂ ਸਾਲਾਂ ਦਾ ਭਰਵੇਂ ਦਾਹੜੇ ਵਾਲਾ ਡਰਿਆ ਹੋਇਆ ਨੁੱਕਰੇ ਲੱਗਿਆ ਹੋਇਆ ਸੀ..
ਪੁੱਛਿਆ ਕੀ ਕਰਦਾ?
ਆਖਣ ਲੱਗਾ ਜੀ ਤਰਨਤਾਰਨ ਕਾਲਜ ਵਿਚ ਬਾਹਰਵੀਂ ਵਿਚ ਪੜਦਾ ਹਾਂ..
“ਬਾਪ ਕੀ ਕਰਦਾ”?
“ਜੀ ਗੁਜਰ ਗਿਆ..ਅੱਜ ਸਵਖਤੇ ਡੇਹਰੀ ਦੁੱਧ ਪਾਉਣ ਜਾਂਦੇ ਨੂੰ ਬਿਆਸ ਵਾਲੇ ਪੁਲ ਤੋਂ ਚੁੱਕ ਲਿਆਂਦਾ..ਮੈਂ ਬੇਕਸੂਰ ਹਾਂ..”
ਮੈਂ ਉਸਨੂੰ ਹਵਾਲਾਤ ਘੱਲ ਦਿੱਤਾ..!
ਅਗਲੇ ਦਿਨ ਸਵਖਤੇ ਵਾਇਰਲੈੱਸ ਤੇ ਉਸ ਬਾਰੇ ਸੁਨੇਹਾ ਆ ਗਿਆ..ਅਖ਼ੇ ਉਸਨੂੰ ਸੀ.ਆਈ.ਏ ਸਟਾਫ ਲੈ ਆਵੋ..”
ਜਿਪਸੀ ਵਿਚ ਭੁੰਝੇ ਬੈਠਿਆ ਹੋਇਆ ਉਹ ਮੈਨੂੰ ਇੰਝ ਲੱਗ ਰਿਹਾ ਸੀ ਜਿੱਦਾਂ ਮੈਂਥੋਂ ਛੋਟਾ ਸੁਖਦੀਪ ਮੈਨੂੰ ਪੁੱਛ ਰਿਹਾ ਹੋਵੇ ਕੇ ਵੀਰ ਜੀ ਡਾਕਟਰ ਟੀਕਾ ਤੇ ਨਾ ਲਾਊ..ਜਿਕਰਯੋਗ ਏ ਕੇ ਭਾਵੇਂ ਕਿੱਡਾ ਵੱਡਾ ਹੋ ਗਿਆ ਸੀ ਤਾਂ ਵੀ ਟੀਕੇ ਦੀ ਸੂਈ ਤੋਂ ਬਹੁਤ ਡਰਿਆ ਕਰਦਾ ਸੀ!
ਦੋ ਦਿਨਾਂ ਬਾਅਦ ਉਸਦੇ ਮੁਕਾਬਲੇ ਦੀ ਖਬਰ ਨੇ ਮੈਨੂੰ ਧੁਰ ਅੰਦਰੋਂ ਤੋੜ ਸੁੱਟਿਆ..ਇੰਝ ਲੱਗਿਆ ਜਿੱਦਾਂ ਮੈਥੋਂ ਛੋਟਾ ਸੁਖਦੀਪ ਮੇਰੇ ਹੱਥੋਂ ਹੀ ਕਤਲ ਹੋ ਗਿਆ ਹੋਵੇ..ਤੇ ਮੜੀ ਤੇ ਪਏ ਦੀ ਲੋਥ ਏਨੀ ਗੱਲ ਆਖ ਰਹੀ ਹੋਵੇ ਕੇ “ਓ ਮੇਰੇ ਪਿੰਡ ਦੀ ਓ ਨਹਿਰ ਨੂੰ ਸੁਨੇਹਾ ਦੇ ਦਿਓ..ਨੀ ਮੈਂ ਫੇਰ ਤਾਰੀ ਲਾਊ ਸਿਵਿਆਂ ਚ ਸੜ ਕੇ..”
ਦੋਸਤੋ ਉਹ ਇੱਕ ਐਸੀ ਜੰਗ ਸੀ ਜਿਸ ਵਿਚ ਦੂਜੀ ਧਿਰ ਦਾ ਨਿਸ਼ਾਨਾ ਚਿੱਟੇ ਦਿਨ ਵਾਂਗ ਸਾਫ ਸੀ ਪਰ ਜਾਗਦੀ ਜਮੀਰ ਵਾਲੇ ਗਿਣੇ ਚੁਣੇ ਵਰਦੀ ਧਾਰੀ ਇਨਸਾਨ ਇੱਕੋ ਵੇਲੇ ਤਿੰਨ-ਤਿੰਨ ਜੰਗਾਂ ਲੜ ਰਹੇ ਸਨ..
ਇੱਕ ਜੰਗ ਸੀ “ਥੋਪ ਦਿੱਤੇ ਗਏ ਮਾਹੌਲ ਦੇ ਨਾਲ”..ਦੂਜੀ ਸੀ “ਆਪਣਿਆਂ ਦੀਆਂ ਲਾਸ਼ਾਂ ਦਾ ਮੁੱਲ ਵੱਟਦੇ ਭ੍ਰਿਸ਼ਟ ਮਹਿਕਮੇਂ ਦੇ ਨਾਲ” ਤੇ ਤੀਜੀ ਸੀ ਖ਼ੁਦ ਆਪਣੇ ਹੀ ਵਜੂਦ ਦੇ ਨਾਲ..ਆਪਣੀ ਜਮੀਰ ਨਾਲ!
ਮੈਂ ਪਹਿਲੀਆਂ ਦੋ ਜੰਗਾਂ ਵਿਚ ਕੁੱਦਣ ਤੋਂ ਪਹਿਲਾ ਹੀ ਤੀਜੀ ਜੰਗ ਹਰ ਗਿਆ ਸਾਂ..!
ਅੱਜ ਏਨੇ ਵਰ੍ਹਿਆਂ ਮਗਰੋਂ ਅਮਰੀਕਾ ਦੀ ਧਰਤੀ ਤੇ ਬੈਠਿਆਂ ਅਕਸਰ ਸੋਚਦਾ ਹਾਂ ਕੇ ਪੰਚਨਵੇਂ ਵਿਚ ਜਦੋਂ ਕਤਲੋਗਾਰਦ ਦੀ ਇਸ ਅੰਨੀ ਹਨੇਰੀ ਨੂੰ ਇੱਕ ਵੱਡਾ ਰੁੱਖ ਹੇਠਾਂ ਡੇਗ ਕਾਫੀ ਹੱਦ ਤੱਕ ਠੱਲ ਪਾ ਦਿੱਤੀ ਗਈ ਤਾਂ ਸਭ ਤੋਂ ਵੱਧ ਨੁਕਸਾਨ ਉਸ ਵਰਦੀ ਧਾਰੀ ਧਿਰ ਨੂੰ ਹੀ ਪੁੱਜਾ ਜਿਹਨਾਂ ਦੇ ਖਾਤਿਆਂ ਵਿਚ ਹਰ ਮਹੀਨੇ ਆਉਂਦੀ ਲੱਖਾਂ ਦੀ ਇਨਾਮੀ ਰਾਸ਼ੀ ਇੱਕਦਮ ਬੰਦ ਹੋ ਗਈ ਸੀ..”ਬਹੁਤੇ ਰੋਣਗੇ ਦਿਲਾਂ ਦੇ ਜਾਨੀਂ..ਮਾਪੇ ਤੈਨੂੰ ਘੱਟ ਰੋਣਗੇ”

(ਉਸ ਦੌਰ ਦੇ ਇੱਕ ਸਮਕਾਲੀਨ ਵੱਲੋਂ ਦੱਸੀ ਇੱਕ ਹੱਡ ਬੀਤੀ)

ਹਰਪ੍ਰੀਤ ਸਿੰਘ ਜਵੰਦਾ

...
...

ਅਸੀ ਆਮ ਪੜਿਆ ਏ ਕਿ ਕੁੜੀਆ ਦੀ ਜਿੰਦਗੀ ਅਸਾਨ ਨਹੀ ਹੁੰਦੀ ਬਹੁਤ ਲੋਕ ਇਹ ਦਾਅਵਾ ਕਰਦੇ ਨੇ ਕਿ ਅੱਜ ਕੱਲ ਦੇ ਸਮੇ ਵਿੱਚ ਹਲਾਤ ਬਦਲ ਚੁੱਕੇ ਨੇ ਪਰ ਕੀ ਅਸੀ ਕਦੇ ਸੋਚਿਆ ਏ ਕਿ ਇਹ ਸੱਚ ਹੈ ਜਾ ਬੱਸ ਇਕ ਕਲਪਨਾ ਅਸਲ ਜਿੰਦਗੀ ਦੀ ਸਚਾਈ ਕੁਝ ਹੋਰ ਏ ਅੱਜ ਵੀ ਕੁੜੀਆ ਤੇ ਸਿਰਫ ਇਹ ਕਿਹ ਕਿ ਫੈਸਲੈ ਲਾਗੂ ਕੀਤੇ ਜਾਦੇ ਨੇ ਕਿ ਜੋ ਹੋ ਰਿਹਾ ਏ ਤੇਰੇ ਭਲੇ ਲਈ ਹੋ ਰਿਹਾ ਏ ਪਰ ਕਿ ਇਹ ਸੱਚਮੁਚ ਸਹੀ ਏ ਕਿਸੇ ਇਨਸਾਨ ਦੀ ਮਰਜੀ ਖਿਲਾਫ ਕੀਤਾ ਕੰਮ ਉਸ ਲਈ ਸਹੀ ਕਿਸ ਤਰਾ ਹੋ ਸਕਦਾ ਏ ਇਸੇ ਤਰਾ ਇਹ ਕਹਾਣੀ ਵੀ ਪੰਜਾਬ ਚ ਜਨਮੀ ਇਕ ਸਧਾਰਨ ਕੁੜੀ ਦੀ ਏ ਜੋ ਇਕ ਸਧਾਰਨ ਪਰਿਵਾਰ ਚ ਵੱਡੀ ਏ ਬਚਪਨ ਤੋ ਵੱਡਾ ਹੋਣ ਤੱਕ ਮਾਪੇ ਉਸਦੀਆ ਸਾਰੀਆ ਰੀਝਾ ਪੂਰੀਆ ਕਰਦੇ ਨੇ ਪਰ ਜਦ ਗੱਲ ਉਸਦੀ ਜਿੰਦਗੀ ਦੇ ਸਭ ਤੋ ਵੱਡੇ ਫੈਸਲਾ ਦੀ ਹੁੰਦੀ ਹੈ ਤਾ ਉਸਦੀ ਨਹੀ ਸੁਣੀ ਜਾਦੀ ਤੇ ਉਸਦੀ ਮਰਜੀ ਖਿਲਾਫ ਉਸਦਾ ਰਿਸਤਾ ਪੱਕਾ ਕੀਤਾ ਜਾਦਾ ਹੈ ਪਰ ਉਸਨੇ ਅਪਣਾ ਜੀਵਨਸਾਥੀ ਚੁਣ ਲਿਆ ਸੀ ਜਿਸਨੂੰ ਉਹ ਬਹੁਤ ਪਿਆਰ ਕਰਦੀ ਸੀ ਤੇ ਜਿਸਨੂੰ ਛੱਡ ਕੇ ਉਸ ਲਈ ਕਿਸੇ ਹੋਰ ਨਾਲ ਰਹਿਣਾ ਸੰਭਵ ਹੀ ਨਹੀ ਸੀ ਲੱਖ ਸਮਝਾਉਣ ਤੇ ਵੀ ਜਦ ਉਸਨੂੰ ਇਹ ਕਹਿ ਕਿ ਚੁੱਪ ਕਰਵਾ ਦਿੱਤਾ ਜਾਦਾ ਹੈ ਕਿ ਸਮਾਜ ਕੀ ਸੋਚੋ ਆਖਰ ਤੇ ਉਹ ਇਹ ਸੋਚ ਕਿ ਕੀ ਸਾਰੀ ਜਿੰਦਗੀ ਮਰ ਮਰ ਕਿ ਜਿਊਣ ਤੋ ਚੰਗਾ ਕਿ ਹੁਣ ਹੀ ਆਪਣੇ ਲਈ ਲੜਿਆ ਜਾਵੇ ਅਾਪਣੇ ਪਿਆਰ ਦਾ ਸਾਥ ਦਿੰਦੀ ਹੈ ਪੂਰੇ ਸਮਾਜ ਖਿਲਾਫ ਜਾ ਕੇ ਪਰ ਫਿਰ ਮਾਤਾ ਪਿਤਾ ਰਿਸਤੇਦਾਰੀਆ ਵੱਲੋ ਉਸ ਨਾਲੋ ਸਾਰੇ ਰਿਸਤੇ ਤੋੜ ਲਏ ਜਾਦੇ ਨੇ ਤੇ ਉਸ ਨੂੰ ਜਿਊਦੇ ਹੀ ਮਾਰ ਿਦੱਤਾ ਜਾਦਾ ਸਮਾਜ ਵੱਲੋ ਉਸ ਨੂੰ ਲੱਖਾ ਤਾਹਨੇ ਦਿਤੇ ਜਾਦੇ ਹਨ ਪਰ ਉਸਦੀ ਮਾਨਸਿਕ ਸਥਿਤੀ ਨੂੰ ਕੋਈ ਨਹੀ ਸਮਝਦਾ ਮੇਰਾ ਸਵਾਲ ਇਹ ਕਹਾਣੀ ਪੜਨ ਵਾਲਿਆ ਨੂੰ ਇਹ ਹੈ ਕਿ ਇਕ ਪਾਸੇ ਤਾ ਅਸੀ ਆਪਣੇ ਬੱਚਿਆ ਨੂੰ ਹੱਕਾ ਿਖਲਾਫ ਲੜਨ ਦੀ ਸਿੱਖਿਆ ਦਿੰਦੇ ਹਾ ਤੇ ਦੂਜੇ ਪਾਸੇ ਜਦ ਇਕ ਕੁੜੀ ਆਪਣੇ ਲਈ ਫੈਸਲਾ ਲੈਦੀ ਹੈ ਤਾ ਉਸਦਾ ਵਿਦਰੱਹ ਕੀਤਾ ਜਾਦਾ ਹੈ ਆਖਿਰ ਇਹ ਕਿੱਥੋ ਤੱਕ ਸਹੀ ਏ)?? ਕੀ ਪਿਆਰ ਕਰਨਾ ਜੁਰਮ ਏ ਜਾ ਕਿਸੇ ਕੁੜੀ ਵੱਲੋ ਆਪਣਾ ਜੀਵਨਸਾਥੀ ਖੁਦ ਚੁਣਨਾ ਇਹ ਗਲਤ ਹੈ?? ਅੱਜ ਲੋੜ ਹੈ ਸਮਾਜ ਨੂੰ ਇਸ ਪਰਤੀ ਆਪਣਾ ਨਜਰੀਆ ਬਦਲਣ ਦੀ।

Submitted By:- Prabh sidhu

...
...

ਗੋਆ ਟੂਰ ਜਾਣ ਲਈ ਰਮਨ ਬਹੁਤ ਹੀ ਉਤਸਕ ਸੀ। ਰਮਨ ਤੇ ਉਸਦੇ ਦੋਸਤ ਰਮੇਸ਼ ਨੇ ਪੱਕਾ ਵਾਅਦਾ ਕੀਤਾ ਸੀ ਜੇ ਅਸੀਂ ਟੂਰ ਤੇ ਗਏ ਤਾਂ ਇੱਕਠੇ ਜਾਵਾਂਗੇ ਨਹੀਂ ਤਾਂ ਨਹੀਂ ਜਾਵਾਂਗੇ। ਉਹ ਗੋਆ ਟੂਰ ਨੂੰ ਰੁਮਾਚਿਕ ਬਣਾਨ ਲਈ ਨਵੇ ਨਵੇ ਪਲਾਨ ਕਰਨ ਲੱਗੇ। ਰਮੇਸ਼ ਨੇ ਆਖਿਆ, ” ਚਲ ,ਯਾਰ ਟੂਰ ਦੇ ਰੁਪਏ ਜਮਾ ਕਰਵਾ ਆਉੰਦੇ ਹਾਂ। ਉਹ ਕਲਰਕ ਦੇ ਆਫਿਸ ਗਏ ਉਥੇ ਪਹਿਲਾ ਹੀ ਉਨ੍ਹਾਂ ਦੀ ਕਲਾਸ ਦੀ ਕੁੜੀ ਰੀਟਾ ਖੜੀ ਸੀ। ਉਹ ਕਾਲਜ ਫੀਸ ਜਮ੍ਹਾਂ ਨਹੀਂ ਕਰਵਾ ਸਕਦੀ ਸੀ। ਕਲਰਕ ਨੇ ਕਿਹਾ ਤੂੰ ਪੇਪਰ ਨਹੀਂ ਦੇ ਸਕੇਗੀ।
ਰੀਟਾ ਬਹੁਤ ਹੀ ਉਦਾਸ ਤੇ ਪਰੇਸ਼ਾਨ ਸੀ। ਉਹ ਚੁੱਪ -ਚਾਪ ਕਲਾਸ ਵੱਲ ਚਲੀ ਗਈ। ਰਮਨ ਨੇ ਉਸ ਵੱਲ ਦੇਖਿਆ ਤਾਂ ਉਹ ਬਿਨਾਂ ਟੂਰ ਦੇ ਰੁਪਏ ਜਮ੍ਹਾਂ ਕਰਵਾਏ ਬਿਨਾ ਵਾਪਸ ਆ ਗਏ।
“ਰਮਨ ਤੂੰ ਰੁਪਏ ਜਮਾ ਕਿਉੰ ਨਹੀਂ ਕਰਵਾਏ ? ” ਗੁੱਸੇ ਹੁੰਦੇ ਹੋਏ ਰਮੇਸ਼ ਨੇ ਕਿਹਾ ।
ਯਾਰ ਰੀਟਾ ਦੇ ਪਿਤਾ ਦੀ ਮੋਤ ਹੋ ਗਈ।ਉਹ ਇੱਟਲੀ ਵਿੱਚ ਡਰਾਈਵਰ ਸਨ। ਕੋਰੋਨਾ ਵਾੲਇਰਸ ਕਰਕੇ ਉਨ੍ਹਾਂ ਦੀ ਮੌਤ ਹੋਈ।
ਯਾਰ ਤੈਨੂੰ ਕਿਵੇਂ ਪਤਾ ਲੱਗਾ।
ਤੂੰ ਉਸ ਦਿਨ ਕਾਲਜ ਨਹੀਂ ਆਇਆ ਸੀ, ਦੋ ਚਾਰ ਦਿਨ ਰੀਟਾ ਵੀ ਕਾਲਜ ਨਹੀਂ ਆਈ ਸੀ।
ਰਮਨ ਰੀਟਾ ਕੌਲ ਗਿਆ ਉਸਨੇ ਆਪਣੇ ਰੁਪਏ ਉਸਨੂੰ ਦੇਣੇ ਚਾਹੇ। ਉਸਨੇ ਲੈਣ ਤੋਂ ਇਨਕਾਰ ਕਰ ਦਿੱਤਾ। ਰਮਨ ਨੇ ਕਿਹਾ ਇਨਸਾਨੀਅਤ ਦੇ ਨਾਤੇ ਰੱਖ ਲੈਂ। ਉਹ ਮੁਸਕਰਾੲਈ ਤੇ ਰੁਪਏ ਰੱਖ ਲਏ। ਉਸਨੇ ਫੀਸ ਜਮ੍ਹਾ ਕਰਵਾ ਦਿੱਤੀ।
ਪਵਨ ਰਮਨ ਨਾਲ ਗੁੱਸੇ ਹੋ ਗਿਆ। ਮੈਂ ਵੀ ਟੂਰ ਤੇ ਨਹੀਂ ਜਾਵਾਗਾ। ਤੂੰ ਮੇਰੀ ਦੋਸਤੀ ਨਹੀਂ ਨਿਭਾਈ। ਯਾਰ ਤੈਨੂੰ ਨਹੀਂ ਪਤਾ ਰੀਟਾ ਦੇ ਪਿਤਾ ਇੱਟਲੀ ਵਿਚ ਡਰਾੲਈਵਰ ਸਨ। ਉਹਨਾਂ ਦੀ ਉੱਥੇ ਮੌਤ ਹੋ ਗਈ। ਪਵਨ ਨੇ ਆਪਣੇ ਰੁਪਏ ਵੀ ਰੀਟਾ ਨੂੰ ਦੇ ਦਿੱਤੇ।
ਬੀ . ਟੈਕ ਫਾਈਨਲ ਵਿੱਚ ਉਨ੍ਹਾਂ ਦਾ ਟੂਰ ਗੋਆ ਜਾ ਰਿਹਾ ਹੈ। ਉਨ੍ਹਾਂ ਨੂੰ ਨਾ ਜਾ ਕੇ ਵੀ ਬਹੁਤ ਵਧੀਆ ਲੱਗ ਰਿਹਾ ਸੀ।
ਇਕ ਦਿਨ ਅਚਾਨਕ ਰੀਟਾ ਉਨਾਂ ਦੇ ਘਰ ਆ ਗਈ। ਉਸਦੀ ਮੰਮੀ ਨੂੰ ਮਿਠਾਈ ਦਾ ਡੱਬਾ ਦੇਂਦੇ ਕਹਿਣ ਲੱਗੀ, “ਆਂਟੀ ਜੀ ਮੇਰੀ ਕੰਪਨੀ ਵਿੱਚ ਨੋਕਰੀ ਲੱਗੀ ਹੈ ਤੇ ਉਸਨੇ ਪੈਂਸੇ ਦੇਣੇ ਚਾਹੇ। ਰਮਨ ਨੇ ਇਹ ਕਹਿੰਦੇ ਵਾਪਸ ਕਰ ਦਿੱਤੇ ਕਿਸੇ ਨੂੰ ਵੀ ਫੀਸ ਜਾਂ ਕਿਤਾਬਾਂ ਲਈ ਰੁਪਏ ਚਾਹੀਦੇ ਹੋਣਗੇ ਉਸਦੀ ਮੱਦਦ ਕਰ ਦੇਈ ।
ਭੁਪਿੰਦਰ ਕੌਰ ਸਢੌਰਾ

...
...

ਅੱਗੇ ਸੈਰ ਨੂੰ ਸ਼ਾਮੀਂ ਪੰਜ ਵਜੇ ਨਿਕਲਿਆ ਕਰਦਾ ਸੀ ਪਰ ਉਸ ਦਿਨ ਤਿੰਨ ਵਜੇ ਹੀ ਜਾ ਬੇਂਚ ਮੱਲ ਲਿਆ..ਬੈਠਦਿਆਂ ਹੀ ਦਿਮਾਗ ਵਿਚ ਪੁੱਠੇ ਸਿਧੇ ਖਿਆਲ ਭਾਰੂ ਹੋਣੇ ਸ਼ੁਰੂ ਹੋ ਗਏ..
ਬੇਟੇ ਦਾ ਬਚਪਨ ਦਿਮਾਗ ਵਿਚ ਘੁੰਮਣਾ ਸ਼ੁਰੂ ਹੋ ਗਿਆ..ਨਿੱਕਾ ਜਿਹਾ ਮੂੰਹੋਂ ਗੱਲ ਬਾਅਦ ਵਿਚ ਕੱਢਿਆ ਕਰਦਾ ਤੇ ਚੀਜ ਹਾਜਿਰ ਪਹਿਲਾ ਹੋ ਜਾਇਆ ਕਰਦੀ..ਕਮਰੇ ਤੇ ਅਲਮਾਰੀਆਂ ਕਪੜਿਆਂ ਬੂਟਾਂ ਖਿਡੌਣਿਆਂ ਅਤੇ ਹੋਰ ਕਿੰਨੀਆਂ ਸਾਰੀਆਂ ਸ਼ੈਵਾਂ ਨਾਲ ਨੱਕੋ ਨੱਕ ਭਰੇ ਰਹਿੰਦੇ..!
ਹੁਣ ਜੁਆਨ ਹੋ ਕੇ ਵਿਆਹਿਆ ਗਿਆ ਪਰ ਪਿਓ ਵਾਸਤੇ ਟਾਈਮ ਹੀ ਹੈਨੀ..
ਕੀ ਮੰਗ ਲਿਆ ਸੀ ਉਸਤੋਂ..ਸਿਰਫ ਬਾਗਬਾਨੀ ਨਾਲ ਸਬੰਧਿਤ ਕੁਝ ਸਮਾਨ..ਫੁੱਲ ਬੂਟੇ ਖਾਦ ਅਤੇ ਨਿੱਕਾ ਮੋਟਾ ਹੋਰ ਨਿੱਕ ਸੁੱਕ..ਅੱਗੋਂ ਘੜਿਆ ਹੋਇਆ ਜੁਆਬ..”ਡੈਡ ਬਿਜ਼ੀ ਹਾਂ..ਟਾਈਮ ਘੱਟ ਹੈ..ਦੋ ਤਿੰਨ ਦਿਨ ਉਡੀਕ ਲਵੋ..!”
ਘਰੋਂ ਆਏ ਫੋਨ ਨੇ ਖਿਆਲਾਂ ਦੀ ਲੜੀ ਤੋੜ ਸੁੱਟੀ..
ਆਖਣ ਲੱਗੀ ਡੈਡ ਕੋਈ ਗੁਰਦਿਆਲ ਸਿੰਘ ਅੰਕਲ ਨੇ ਕਹਿੰਦੇ ਮਿਲਣਾ ਤੁਹਾਨੂੰ..ਘਰੇ ਆ ਜਾਓ..ਗੁਰਦਿਆਲ ਸਿੰਘ..ਕਿਹੜਾ ਗੁਰਦਿਆਲ ਸਿੰਘ ਹੋ ਸਕਦਾ..ਦਿਮਾਗ ਤੇ ਬਥੇਰਾ ਜ਼ੋਰ ਪਾਇਆ ਪਰ..!
ਕਾਹਲੇ ਕਦਮੀਂ ਘਰੇ ਪਹੁੰਚਿਆ..ਅੱਗੇ ਵੇਹੜੇ ਵਿਚ ਨਵੇਂ ਪੂਰਾਣੇ ਦੋਸਤਾਂ ਦੀ ਰੌਣਕ ਲੱਗੀ ਹੋਈ ਸੀ..ਟੇਬਲ ਤੇ ਬਰਫ਼ੀਆਂ ਸਮੋਸੇ ਅਤੇ ਹੋਰ ਵੀ ਬੜੇ ਕੁਝ ਦਾ ਢੇਰ ਲਗਿਆ ਸੀ..
ਦਿਮਾਗ ਵਿਚ ਸੋਲਾਂ ਜੁਲਾਈ ਵਾਲੀ ਜਨਮ ਤਰੀਕ ਘੁੰਮਣ ਲੱਗੀ..ਹੈਰਾਨ ਸਾਂ ਕੇ ਏਨਾ ਸਾਰਾ ਕੁਝ ਏਡੀ ਛੇਤੀ ਅਰੇਂਜ ਕਿੱਦਾਂ ਕਰ ਲਿਆ..ਫੇਰ ਅਗਲੇ ਦੋ ਘੰਟੇ ਵਧਾਈਆਂ ਕਿਧਰੋਂ ਕਿਧਰੋਂ ਆਉਂਦੀਆਂ ਰਹੀਆਂ ਮੈਨੂੰ ਕੁਝ ਨਹੀਂ ਪਤਾ..!
ਫੇਰ ਗਿਫ਼੍ਟ ਦੀ ਵਾਰੀ ਆਈ ਤਾਂ ਨਿੱਕੀ ਪੋਤੀ ਉਂਗਲ ਫੜ ਬਾਹਰ ਨੂੰ ਲੈ ਤੁਰੀ..ਬਾਕੀ ਸਾਰੇ ਵੀ ਸਾਡੇ ਮਗਰ ਮਗਰ ਹੋ ਤੁਰੇ..ਬਾਹਰ ਲਾਅਨ ਵਿਚ ਤਾਜੀਆਂ ਗੋਡੀਆਂ ਕਿਆਰੀਆਂ ਵਿਚ ਨਰਸਰੀ ਤੋਂ ਲਿਆਂਦੇ ਕਿੰਨੇ ਸਾਰੇ ਫੁੱਲਾਂ ਦੇ ਬੂਟੇ ਤਰਤੀਬਵਾਰ ਕਰਕੇ ਰੱਖੇ ਹੋਏ ਸਨ..ਮੁਹੱਬਤਾਂ ਦੇ ਬੱਦਲ ਛਾ ਗਏ ਅਤੇ ਨਿੱਕੀਆਂ ਕਣੀਆਂ ਦੇ ਰੂਪ ਵਿਚ ਡਿੱਗਦੇ ਹੋਏ ਪਿਆਰ ਨੇ ਮੇਰੇ ਲੂ ਕੰਢੇ ਖੜੇ ਕਰ ਦਿੱਤੇ..!
ਕੁਝ ਚਿਰ ਪਹਿਲਾਂ ਹੀ ਜ਼ਿਹਨ ਤੇ ਭਾਰੂ ਹੋ ਗਈਆਂ ਗਲਤ ਫਹਿਮੀਂ ਦੀਆਂ ਕਿੰਨੀਆਂ ਸਾਰੀਆਂ ਪੰਡਾ ਆਪਣੇਪਣ ਦੀ ਅਚਨਚੇਤ ਵਗੀ ਇੱਕ ਤੇਜ ਹਨੇਰੀ ਵਿਚ ਖਿੱਲਰ ਪੁੱਲਰ ਗਈਆਂ ਅਤੇ ਕੋਲ ਹੀ ਪੁੰਗਰ ਆਇਆ ਇੱਕ ਨਿੱਕਾ ਜਿਹਾ ਬੂਟਾ ਮੇਰੀ ਪਿੱਠ ਥਾਪੜਦਾ ਹੋਇਆ ਇੰਝ ਆਖਦਾ ਮਹਿਸੂਸ ਹੋ ਰਿਹਾ ਸੀ ਕੇ ਬਾਬਾ ਜੀ ਕੱਲ ਨੂੰ ਜੇ ਸਾਡੀਆਂ ਟਹਿਣੀਆਂ ਤੇ ਵੀ ਫੁਲ ਨਿੱਕਲਣੇ ਥੋੜੇ ਲੇਟ ਹੋ ਗਏ ਤਾਂ ਸਾਥੋਂ ਵੀ ਨਾ ਰੁੱਸ ਜਾਇਓ..!

ਹਰਪ੍ਰੀਤ ਸਿੰਘ ਜਵੰਦਾ

...
...

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)