ਸਿਮਰ” ਨਾਮ ਸੀ ਉਸਦਾ..
ਬੀ.ਕਾਮ ਤੇ ਐੱਮ.ਕਾਮ ਅਸਾਂ ਦੋਹਾਂ ਨੇ ਇੱਕਠਿਆਂ ਨੇ ਹੀ ਕੀਤੀ..
ਅਕਸਰ ਹੀ ਪੜਾਈ ਵਿਚ ਪੱਛੜ ਜਾਇਆ ਕਰਦਾ..ਤਾਂ ਉਹ ਜਰੂਰੀ ਨੋਟਸ ਮੇਰੇ ਤੱਕ ਪਹੁੰਚਦੇ ਕਰ ਹੀ ਦਿਆ ਕਰਦੀ..!
ਸਾਡੀ ਆਪਸੀ ਗੱਲਬਾਤ ਸਿਰਫ ਬੋਧਿਕ ਲੈਣ ਦੇਣ ਤੱਕ ਹੀ ਸੀਮਤ ਸੀ..ਹੋਰ ਕਿਸੇ ਵੀ ਵਿਸ਼ੇ ਤੇ ਗੱਲ ਬਾਤ ਕਰਨ ਤੋਂ ਦੋਵੇਂ ਅਕਸਰ ਹੀ ਸੰਗ ਜਾਇਆ ਕਰਦੇ..!
ਫੇਰ ਆਖਰੀ ਫੇਅਰਵੈਲ ਪਾਰਟੀ ਵਿਚ ਖੁੱਲ ਕੇ ਗੱਲਾਂ ਹੋਈਆਂ..ਇੱਕ ਦੂਜੇ ਬਾਰੇ ਬਹੁਤ ਕੁਝ ਪਤਾ ਲੱਗਾ..!
ਦੋਵੇਂ ਜਾਣਦੇ ਸਾਂ ਕੇ ਉਸ ਦਿਨ ਮਗਰੋਂ ਦੋਹਾਂ ਦੀ ਜਿੰਦਗੀ ਦੇ ਰਾਹ ਬਦਲ ਜਾਣੇ ਸਨ..!
ਜੀ ਕੀਤਾ ਸਮੇ ਦੀ ਰਫਤਾਰ ਹੌਲੀ ਹੋ ਜਾਵੇ..ਪਰ ਪਤਾ ਹੀ ਨਹੀਂ ਲੱਗਾ ਕਦੋਂ ਮੇਲਾ ਉੱਜੜ ਗਿਆ..ਫੇਰ ਵੀ ਆਪਸੀ ਸੰਪਰਕ ਬਣਾਈ ਰੱਖਣ ਤੇ ਖਾਮੋਸ਼ ਸਹਿਮਤੀ ਜਿਹੀ ਬਣਾ ਹੀ ਲਈ!
ਮਗਰੋਂ ਉਹ ਬੀ ਐੱਡ ਕਰਕੇ ਟੀਚਰ ਬਣ ਗਈ ਸੀ..
ਜਦੋਂ ਮੇਰੇ ਰਿਸ਼ਤੇ ਦੀ ਗੱਲ ਚੱਲੀ ਤਾਂ ਨਿਸੰਗ ਹੋ ਕੇ ਉਸਦਾ ਜਿਕਰ ਕਰ ਦਿੱਤਾ..
ਘਰੇ ਤੂਫ਼ਾਨ ਜਿਹਾ ਆ ਗਿਆ..ਜਾਤ ਬਰਾਦਰੀ..ਸਟੇਟਸ..ਰੁਤਬਾ..ਰਹਿਣ ਸਹਿਣ..ਆਰਥਿਕ ਅਤੇ ਸਮਾਜਿਕ ਵਖਰੇਵੇਂ..ਸਾਰਾ ਕੁਝ ਪੱਕੀ ਕੰਧ ਬਣ ਰਾਹ ਵਿਚ ਖਲੋ ਗਏ..!
ਮਾਂ ਨੇ ਮੰਜਾ ਅਤੇ ਜਿੱਦ ਦੋਵੇਂ ਚੀਜਾਂ ਇਕੱਠਿਆਂ ਹੀ ਫੜ ਲਈਆਂ..
ਅਖੀਰ ਗੋਡੇ ਟੇਕਣੇ ਪੈ ਗਏ..ਰਿਸ਼ਤੇਦਾਰੀ ਵਿਚੋਂ ਹੀ ਰਾਣੀ ਨਾਮ ਦੀ ਕੁੜੀ ਨੇ ਅਸਲ ਰਾਣੀ ਬਣ ਵੇਹੜੇ ਆਣ ਪੈਰ ਪਾਇਆ..!
ਅਗਲੇ ਵਰੇ ਫੇਰ ਓਹੀ ਵੇਹੜਾ “ਧੀ” ਦੀਆਂ ਕਿਲਕਾਰੀਆਂ ਨਾਲ ਮਹਿਕ ਉਠਿਆ..!
ਨਾਮ ਰੱਖਣ ਦਾ ਵਾਰੀ ਆਈ..
ਮੂਹੋਂ ਆਪ ਮੁਹਾਰੇ ਹੀ “ਸਿਮਰ ਕੌਰ” ਨਿੱਕਲ ਗਿਆ..
ਸਭ ਨੂੰ ਚੰਗਾ ਲਗਿਆ ਅਤੇ ਫੇਰ ਇਸੇ ਨਾਮ ਤੇ ਹੀ ਪੱਕੀ ਮੁਹਰ ਵੀ ਲੱਗ ਗਈ!
ਪੰਜ ਸਾਲ ਮਗਰੋਂ “ਸਿਮਰ” ਨੂੰ ਦਾਖਿਲ ਕਰਾਉਣ ਸਕੂਲੇ ਲੈ ਗਿਆ ਤਾਂ ਦਫਤਰ ਦੇ ਬਾਹਰ ਲੱਗੀ ਨੇਮ-ਪਲੇਟ ਤੇ “ਸਿਮਰ ਕੌਰ” ਦਾ ਨਾਮ ਪੜ ਮੱਥਾ ਜਿਹਾ ਠਣਕਿਆ..!
ਝਕਦਾ ਹੋਇਆ ਅੰਦਰ ਗਿਆ ਤਾਂ ਅੱਗੇ ਓਹੀ ਸੀ..!
ਨਜਰਾਂ ਮਿਲੀਆਂ..ਇੱਕ ਪਲ ਇੰਝ ਲਗਾ ਜਿੱਦਾਂ ਸਮੇਂ ਦਾ ਵਹਿਣ ਥੰਮ ਜਿਹਾ ਗਿਆ ਹੋਵੇ..!
ਕੁਝ ਕੂ ਪਲਾਂ ਦੀ ਖਾਮੋਸ਼ੀ ਮਗਰੋਂ ਉਸਨੇ ਧੀ ਦਾ ਨਾਮ ਪੁੱਛਿਆ..ਜੁਆਬ ਸੁਣਕੇ ਥੋੜੀ ਅਸਹਿਜ ਜਿਹੀ ਹੋ...
ਗਈ..!
ਮੈਨੂੰ ਪਤਾ ਲੱਗ ਗਿਆ ਕੇ ਉਸਦੇ ਜ਼ਿਹਨ ਵਿਚ ਉਸ ਵੇਲੇ ਕੀ ਚੱਲ ਰਿਹਾ ਹੋਵੇਗਾ..!
ਘਰੇ ਆ ਕੇ ਨਾਲਦੀ ਨੂੰ ਜ਼ੋਰ ਪਾਇਆ ਕੇ ਸਿਮਰ ਨੂੰ ਕਿਸੇ ਹੋਰ ਸਕੂਲੇ ਦਾਖਿਲ ਕਰਵਾ ਦਿੰਨੇ ਆ..ਡਰ ਸਤਾ ਰਿਹਾ ਸੀ ਕੇ ਸੁੱਤੀਆਂ ਕਲਾ ਇੱਕ ਵਾਰ ਫੇਰ ਹੀ ਨਾ ਜਾਗ ਜਾਵਣ ਤੇ ਰਵਾਂ ਰਵੀਂ ਲੀਹੇ ਪਈ ਗ੍ਰਹਿਸਥੀ ਵਿਚ ਕੋਈ ਤੂਫ਼ਾਨ ਜਿਹਾ ਹੀ ਨਾ ਖੜਾ ਹੋ ਜਾਵੇ..!
ਪਰ ਰਾਣੀ ਨੇ ਜਿੱਦ ਫੜੀ ਰੱਖੀ..ਸਿਮਰ ਇਸੇ ਸਕੂਲ ਜਾਊਗੀ..!
ਮੈਂ ਅਕਸਰ ਹੀ ਉਸਨੂੰ ਸਕੂਲ ਛੱਡਣ ਲਿਆਉਣ ਤੋਂ ਟਾਲ਼ਾ ਜਿਹਾ ਵੱਟਣ ਲੱਗਾ..ਮਗਰੋਂ ਪਤਾ ਲੱਗਿਆ ਕੇ ਉਸ ਨੇ ਅਜੇ ਤੱਕ ਵਿਆਹ ਵੀ ਨਹੀਂ ਸੀ ਕਰਵਾਇਆ..!
ਇੱਕ ਦਿੰਨ ਰਾਣੀ ਨਿੱਕੀ ਸਿਮਰ ਨੂੰ ਘਰੇ ਲਿਆ ਕੇ ਆਖਣ ਲੱਗੀ ਕੇ ਸਕੂਲ ਵਾਲੀ ਸਿਮਰ ਦੀ ਕਿਸੇ ਹੋਰ ਸ਼ਹਿਰ ਬਦਲੀ ਹੋ ਗਈ ਏ..!
ਮੈਨੂੰ ਵੱਡਾ ਧੱਕਾ ਲੱਗਾ..ਚੰਗੀ ਤਰਾਂ ਜਾਣਦਾ ਸਾਂ ਕੇ ਹੋਈ ਨਹੀਂ..ਖੁਦ ਕਰਵਾ ਲਈ ਹੋਣੀ ਏ..!
ਉਹ ਅਕਸਰ ਆਖਿਆ ਕਰਦੀ ਸੀ ਕੇ ਪਾਕ ਪਵਿੱਤਰ ਮੁਹੱਬਤਾਂ ਕਰਨ ਵਾਲੇ ਨੰਗੇ ਪੈਰੀ ਤੁਰੇ ਜਾਂਦੇ ਆਪਣੇ ਕਿਸੇ ਮਿੱਤਰ ਪਿਆਰੇ ਦੇ ਪੈਰਾਂ ਵਿਚ ਕਦੇ ਵੀ ਕੰਡੇ ਨਹੀਂ ਖਿਲਾਰਿਆ ਕਰਦੇ..ਸਗੋਂ ਖੁਦ ਫ਼ੁੱਲ ਬਣ ਰਾਹਾਂ ਵਿਚ ਇੰਝ ਵਿੱਛ ਜਾਇਆ ਕਰਦੇ ਨੇ ਜਿੱਦਾਂ ਓਹਨਾ ਨੂੰ ਆਪਣੇ ਵਜੂਦ ਦੇ ਮਿੱਧੇ ਜਾਣ ਦੀ ਭੋਰਾ ਜਿੰਨੀ ਵੀ ਪ੍ਰਵਾਹ ਨਾ ਹੋਵੇ..!
ਅਤੀਤ ਦੇ ਸਮੁੰਦਰ ਵਿਚ ਗੋਤੇ ਖਾਂਦੀ ਮੇਰੀ ਸੁਰਤਿ ਨੂੰ ਜਦੋਂ ਵਰਤਮਾਨ ਵਿਚ ਆ ਕੇ ਥੋੜਾ ਸਾਹ ਜਿਹਾ ਆਇਆ ਤਾਂ ਇੰਝ ਮਹਿਸੂਸ ਹੋਇਆ ਜਿੱਦਾਂ ਉਹ ਜਾਂਦੀ ਜਾਂਦੀ ਵੀ ਮੇਰੀ ਜਿੰਦਗੀ ਦੇ ਇੱਕ ਅਹਿਮ ਇਮਤਿਹਾਨ ਵਿਚ ਜਬਰਦਸਤੀ ਥੋਪ ਦਿੱਤੇ ਗਏ ਇੱਕ ਬਹੁਤ ਹੀ ਔਖੇ ਜਿਹੇ ਸੁਆਲ ਦਾ ਜੁਆਬ ਵੀ ਖੁਦ ਹੀ ਇੱਕ ਪਰਚੀ ਤੇ ਲਿਖ ਮੇਰੇ ਤੱਕ ਪੁੱਜਦਾ ਕਰ ਗਈ ਹੋਵੇ..!
ਦਿਲ ਦਰਿਆ ਸਮੁੰਦਰੋਂ ਡੂੰਘੇ ਕੌਣ ਦਿਲਾਂ ਦੀਆਂ ਜਾਣੇ”
ਹਰਪ੍ਰੀਤ ਸਿੰਘ ਜਵੰਦਾ