ਇੱਕ ਰਚਨਾ
*********
ਸੁਮੱਤੀ ਧੀ /ਭੈਣ
**********
ਵੀਰੀ ਦੇ ਵਿਆਹ ਨੂੰ ਅਜੇ ਸਾਲ ਵੀ ਪੂਰਾ ਨਹੀਂ ਸੀ ਹੋਇਆ ਕਿ ਵੀਰੀ ਨੇ ਇੱਕ ਪਰੀ ਵਰਗੀ ਸੋਹਣੀ ਕੁੜੀ ਨੂੰ ਜਨਮ ਦਿੱਤਾ। ਹਸਪਤਾਲ ਵਿੱਚ ਨਰਸਾਂ ਨਵੀਂ ਜੰਮੀ ਕੁੜੀ ਨਾਲ ਸੈਲਫੀਆਂ ਲੈਣ।ਕੁੜੀ ਦੀਆਂ ਮੋਟੀਆਂ ਮੋਟੀਆਂ ਅਖਾਂ ਜਨਮ ਤੇ ਹੀ ਖੁਲੀਆਂ ਹੋਈਆਂ ਸੀ।
ਸਾਰੇ ਕਹਿਣ ਬਹੁਤ ਬਹੁਤ ਵਧਾਈ ਆਂਟੀ ਤੁਹਾਡੀ ਪੋਤੀ ਨੇ ਖੁੱਲੀਆਂ ਅੱਖਾਂ ਨਾਲ ਜਨਮ ਲਿਆ, ਅਸੀਂ ਤੇ ਪਾਰਟੀ ਲੈਣੀ । ਵੀਰੀ ਦੀ ਸੱਸ ਸ਼ਰਮੋ ਕੁਸ਼ਰਮੀ ਅਪਣੇ ਪੁੱਤ ਨੂੰ ਅਵਾਜ਼ ਮਾਰਕੇ ਕਹਿੰਦੀ ਵੇ ਤਰਸੇਮਿਆ ਲਿਆ ਸਮੋਸੇ ਚਟਨੀ ਵਾਲੇ ਤੇ ਖੁਆ ਦੇ ਇਨ੍ਹਾਂ ਨੂੰ।ਨਰਸਾਂ ਕਹਿੰਦੀਆਂ ਨਾ ਨਾ ਆਂਟੀ ਅਸੀਂ ਤੇ ਮੂੰਹ ਮਿੱਠਾ ਕਰਨਾ।ਇਹ ਸੁਣਕੇ ਤਰਸੇਮ ਲੱਡੂਆਂ ਦੀ ਜਗ੍ਹਾ ਬਰਫ਼ੀ ਦਾ ਡੱਬਾ ਲੈ ਆਇਆ। ਹਸਪਤਾਲ ਤੋਂ ਆਕੇ ਘਰ ਵੀ ਵੀਰੀ ਦੀ ਸੱਸ ਕੁੰਤੋ ਲਗਾਤਾਰ ਬੋਲੀ ਜਾਏ।ਇੱਥੇ ਵੀ ਪੇਕਿਆਂ ਦਾ ਪੱਖ ਪੂਰ ਗਈ।ਕੁੜੀ ਜੰਮ ਦਿੱਤੀ। ਮੁੰਡਾ ਹੋਏ ਤੇ ਖਰਚਾ ਕਰਨਾ ਪੈਣਾ ਸੀ।ਮੁੰਡੇ ਹੋਏ ਤੇ ਕਿਹੜਾ ਖੋਹਣ ਖੋਹ ਦੇਣਾ ਸੀ।ਅੱਗੇ ਕੀ ਕਰਦੇ ਰਹੇ ਜੋ ਹੁਣ ਕਰਨਾ ਸੀ।ਜਿਨ੍ਹਾਂ ਧੀਆਂ ਵਸਾਉਣੀਆਂ ਹੁੰਦੀਆਂ ਉਹ ਕਰਜੇ ਲੈਕੇ ਵੀ ਕਾਰ ਵਿਹਾਰ ਕਰਦੇ । ਵੀਰੀ ਦੀ ਨਨਾਣ ਵੀਰੀ ਦੇ ਆਲੇ ਦੁਆਲੇ ਘੁੰਮਦੀ ਅਪਣੀ ਮਾਂ ਨੂੰ ਬੋਲਦਿਆਂ ਸੁਣ ਰਹੀ ਸੀ।ਉਸਨੇ ਮਾਂ ਨੂੰ ਰੋਕਿਆ ਤੇ ਕਿਹਾ ਮਾਂ ਕਿਉਂ ਭੁੱਲਦੀ ਏ ਮੇਰੇ ਵਿਆਹ ਤੇ ਮੇਰੇ ਸੋਹਰਿਆਂ ਨੂੰ ਤੁਸੀਂ ਕਿਹਾ ਸੀ ਕਿ ਕੁੜੀ ਵਿਆਓਣ ਲਈ ਗਰੀਬ ਮਾਂ ਬਾਪ ਕੀ ਕਰਨ ,ਅਪਣੇ ਆਪ ਨੂੰ ਗਹਿਣੇ ਰਖ ਦੇਣ ਤਾਂ ਮੇਰੇ ਸੌਹਰੇ ਨੇ ਕਿਹਾ ਸੀ ਕਿ ਜਿੰਨੇ ਧੀ ਦੇ ਦੇਣੀ ਉਸਨੇ ਪਿੱਛੇ ਕੀ ਰੱਖ ਲੈਣਾ ਹੁੰਦਾ।ਉਹ ਮੈਨੂੰ ਚੁੰਨੀ ਚੜਾਕੇ ਲੈ ਗਏ ।ਮਾਂ ਸੋਚ ਜੇ ਮੇਰੀ ਸੱਸ ਇੱਦਾਂ ਮੇਰੇ ਨਾਲ ਕਰੇ ਤਾਂ ਤੈਨੂੰ ਕਿੱਦਾਂ ਲੱਗੂ। ਕੁੰਤੋ ਕਹਿੰਦੀ ਧੀਏ ਤੂੰ ਤਾਂ ਮੇਰੀਆਂ ਅੱਖਾਂ ਖੋਲ ਦਿੱਤੀਆਂ।ਮੈਂ ਤੇਰੀ ਭਾਬੀ ਨਾਲ ਬਹੁਤ ਮਾੜਾ ਵਤੀਰਾ ਕਰਦੀ ਰਹੀ ।ਮੈੈਂ ਬਹੁਤ ਵੱਡੀ ਗੁਨਾਹਗਾਰ ਹਾਂ ।ਨੂੰਹ ਨੂੰ ਕਹਿੰਦੀ ,ਧੀਏ...
ਮੈਨੂੰ ਮਾਫ ਕਰਦੇ । ਕੂੰਤੋ ਨੇ ਪੋਤੀ ਨੂੰ ਚੁੱਕਿਆ ਤੇ ਗੋਦੀ ਵਿੱਚ ਲੈਕੇ ਪਿਆਰ ਕਰਨ ਲੱਗ ਪਈ।
ਹੁਣ ਧੀਏ ਤੂੰ ਇੱਦਾਂ ਕਰ ਰੱਖੜੀ ਤੱਕ ਇੱਥੇ ਹੀ ਰਹਿ ਜਾ। ਵੀਰੀ ਦੀ ਨਨਾਣ ਦੇ ਦੋਵੇਂ ਬੱਚੇ ਸਕੂਲ ਜਾਂਦੇ ਸੀ ,ਜਿਹਣਾ ਨੂੰ ਪਿੱਛੇ ਅਪਣੇ ਸੱਸ ਸੌਹਰੇ ਕੋਲ ਛੱਡ ਕੇ ਆਈ ਸੀ, ਕਹਿੰਦੀ ਕੋਈ ਨੀ ਮਾਂ ਮੈਂ ਰਖੜੀ ਤੇ ਦੁਬਾਰਾ ਆ ਜਾਉਂ।
ਵੀਰੀ ਨੂੰ ਰਖੜੀ ਵਾਲੇ ਦਿਨ ਪੈਣ ਵਾਲਾ ਕਲੇਸ਼ ਚੇਤੇ ਆ ਗਿਆ।ਰਖੜੀ ਵਾਲੇ ਦਿਨ ਨਨਾਣ ਦੇ ਆਉਣ ਕਰਕੇ ਵੀਰੀ ਰਖੜੀ ਬੰਨਣ ਨਹੀਂ ਜਾ ਸਕੇਗੀ। ਨਨਾਣ ਦੇ ਜਾਣ ਲੱਗਿਆ ਵੀਰੀ ਗਲ ਲੱਗ ਰੋ ਪਈ।ਵੀਰੀ ਨੂੰ ਸਮਝਾਓਦਿਆਂ ਉਸਦੀ ਨਨਾਣ ਨੇ ਕਿਹਾ ਭਾਬੀ ਇਹ ਕਿੰਨੀ ਕੁ ਵੱਡੀ ਗੱਲ ਹੈ ਜੋ ਤੂੰ ਰੋਣ ਲੱਗ ਪਈ । ਮੇਰੀ ਨਨਾਣ ਰਾਤੀਂ ਆ ਜਾਂਦੀ ਹੈ , ਮੈਂ ਸਵੇਰੇ ਉਸਦੀ ਰੱਖੜੀ ਦਾ ਸ਼ਗਨ ਕਰਵਾ ਕੇ ਇੱਥੇ ਆ ਜਾਂਵਾਗੀ ਤੇ ਤੂੰ ਵੀ ਇਕ ਦਿਨ ਰਾਤ ਨੂੰ ਪਹਿਲਾਂ ਚਲੀ ਜਾਂਵੀ ਤੇ ਸਵੇਰੇ ਅਪਣੇ ਵੀਰ ਨੂੰ ਰਖੜੀ ਬੰਨ ਕੇ ਇੱਥੇ ਆ ਜਾਂਵੀ, ਆਪਾ ਇਕੱਠੇ ਬੈਠਾਂਗੇ ।ਮਾਂ ਜੋ ਕਾਫੀ ਸਮੱਝ ਚੁੱਕੀ ਸੀ ਕਹਿੰਦੀ ਧੀਏ ਕਿਸੇ ਨੇ ਸੱਚ ਹੀ ਕਿਹਾ ਕਿ ਸੁਮੱਤ ਵਾਲੀਆਂ ਧੀਆਂ ਦੋ ਦੋ ਘਰ ਰੁਸ਼ਨਾਉਂਦੀਆਂ ।ਮੈਂ ਧੰਨ ਹੋ ਗਈ ਤੈਨੂੰ ਜੰਮ ਕੇ। ਧੀਏ ਰਾਣੀਏ ਜਾਣ ਲੱਗੀ ਮੇਰੀ ਪੋੱਤੀ ਨੂੰ ਗੁੜਤੀ ਦੇ ਕੇ ਜਾ ਤੇ ਸਿਰ ਤੇ ਹੱਥ ਰਖੱ ਕੇ ਜਾ ,ਇਹ ਵੀ ਤੇਰੇ ਵਾਂਗ ਵੱਡੀ ਹੋਕੇ ਇੱਕ ਸੁਚਿਆਰੀ ਧੀ ,ਭੈਣ ,ਨੂੰਹ ਤੇ ਮਾਂ ਬਣੇ ਤੇ ਤੇਰੀ ਮਾਂ ਹਿੱਕ ਤਾਣ ਕੇ ਕਹੇ ਕਿ ਮੈਂ ਇਸ ਦੀ ਦਾਦੀ ਹਾਂ।
ਧੰਨਵਾਦ।
ਬਲਰਾਜ ਚੰਦੇਲ ਜੰਲਧਰ।