More Punjabi Kahaniya  Posts
ਬੰਬੂਕਾਟ ਫਿਲਮ ਦਾ ਸੀਨ


ਬੰਬੂਕਾਟ ਫਿਲਮ ਦਾ ਸੀਨ..
ਨਹਿਰ ਦੀ ਪਟੜੀ ਤੇ ਨਾਲਦੀ ਨੂੰ ਮਗਰ ਬਿਠਾ ਸਾਈਕਲ ਦੇ ਪੈਡਲ ਮਾਰਦਾ ਜਾਂਦਾ ਐਮੀ-ਵਿਰਕ ਅਤੇ ਮਗਰੋਂ ਮੋਟਰ ਸਾਈਕਲ ਤੇ ਚੜਿਆਂ ਆਉਂਦਾ ਬੀਨੂੰ ਢਿੱਲੋਂ..
ਤੇ ਕੁਝ ਵਿੱਥ ਤੇ ਜਾ ਕੇ ਉਸ ਵੱਲੋਂ ਕੋਟ ਦੀ ਜੇਬੋਂ ਕੱਢ ਕੱਚੇ ਰਾਹ ਤੇ ਸਿੱਟਿਆ ਰੁਮਾਲ..!

ਇਹ ਦ੍ਰਿਸ਼ ਵੇਖ ਕਾਲਜੇ ਦਾ ਰੁਗ ਭਰਿਆ ਗਿਆ ਤੇ ਮੈਂ ਸੰਨ ਤ੍ਰਿਆਸੀ ਦੇ ਫੱਗਣ ਮਹੀਨੇ ਆਪਣੇ ਪਿੰਡ ਨੂੰ ਜਾਂਦੀ ਨਹਿਰ ਦੀ ਪਟੜੀ ਤੇ ਅੱਪੜ ਗਿਆ..!

ਸਾਈਕਲ ਦੇ ਡੰਡੇ ਤੇ ਤੌਲੀਆ ਬੰਨ ਬਿਠਾਇਆ ਆਪਣਾ ਚਾਰ ਵਰ੍ਹਿਆਂ ਦਾ ਪੁੱਤ..
ਉਹ ਨਿੱਕੀਆਂ ਨਿੱਕੀਆਂ ਗੱਲਾਂ ਕਰ ਹੀ ਰਿਹਾ ਸੀ ਕੇ ਮਗਰੇ ਬੈਠੀ ਗੁਰਮੀਤ ਕੌਰ ਆਖਣ ਲੱਗੀ ਪਾਸੇ ਕਰ ਲਵੋ..ਪਿੱਛੋਂ ਕੋਈ ਕਾਰ ਆਉਂਦੀ ਦੀਹਂਦੀ ਏ..!

ਕੋਲੋਂ ਲੰਘੀ ਕਾਰ ਦੀ ਮੂਹਰਲੀ ਸੀਟ ਤੇ ਕੂਹਣੀ ਬਾਹਰ ਨੂੰ ਕੱਢ ਕੇ ਬੈਠਾ ਬੰਦਾ ਮੈਂ ਝੱਟ ਪਛਾਣ ਲਿਆ..
ਇਸ ਗੱਲ ਤੇ ਕੋਈ ਹੈਰਾਨੀ ਨਾ ਹੋਈ ਕੇ ਓਹਨਾ ਕਾਰ ਖਲਿਆਰੀ ਕਿਓਂ ਨਾ..ਕੁਝ ਘੜੀਆਂ ਦੀ ਚੁੱਪ ਮਗਰੋਂ ਪਿੱਛੋਂ ਹੇਠਾਂ ਉੱਤਰ ਗਈ ਗੁਰਮੀਤ ਕੌਰ ਬੋਲ ਉਠੀ..ਆਹ ਤਾਂ ਆਪਣਾ ਜਗਰੂਪ ਸਿਓਂ ਲੱਗਦਾ ਸੀ..!

ਮੈਂ ਕਾਰ ਦੇ ਪਿੱਛਿਓਂ ਉਡਦਾ ਘੱਟਾ ਬੈਠਣ ਦੀ ਉਡੀਕ ਵਿਚ ਸੱਜਾ ਪੈਰ ਨਹਿਰ ਦੀ ਪਟੜੀ ਤੇ ਲਾ ਕਿੰਨੀ ਦੇਰ ਦੂਰ ਜਾਂਦੇ ਘੱਟੇ ਦੇ ਗੁਬਾਰ ਵੱਲ ਵੇਖਦਾ ਰਿਹਾ..!
ਫੇਰ ਘਰ ਸਾਥੋਂ ਪਹਿਲਾਂ ਅੱਪੜ ਗਏ ਪ੍ਰਾਹੁਣਿਆਂ ਦੀ ਹੁੰਦੀ ਉਚੇਚ..ਵਧੀਆ ਕਮਰਾ..ਵਧੀਆ ਬਿਸਤਰਾ..ਹਰ ਥਾਂ ਹੁੰਦੀ ਜੀ ਹਜੂਰੀ..
ਫੇਰ ਅਗਲੇ ਦਿਨ ਸ਼ਗਨ ਲਾਉਣ ਜਾਣ ਲੱਗੇ ਤਾਂ ਉਸ ਕਾਰ ਵਿਚ ਬੈਠਣ ਨੂੰ ਜੀ ਜਿਹਾ ਨਾ ਕਰੇ..
ਅਖੀਰ ਵੱਡੇ ਜਵਾਈ ਦਾ ਵੀ ਤਾਂ ਕੋਈ ਸਵੈ-ਮਾਣ ਹੁੰਦਾ..ਚੜ੍ਹਦੇ ਸੂਰਜ ਨੂੰ ਸਲਾਮਾਂ..!

ਉਹ ਸਾਰੇ ਰਾਹ ਆਪਣੇ ਮੁਰੱਬਿਆਂ,ਕਿੱਲਿਆਂ,ਡੰਗਰ ਵੱਛੇ ਖੁੱਲੀ ਵਾਹੀ ਖੇਤੀ ਦੀਆਂ ਗੱਲਾਂ ਕਰਦਾ ਗਿਆ..!
ਪਿਛਲੇ ਮਹੀਨੇ ਕਢਵਾਇਆ ਇੰਟਰਨੈਸ਼ਨਲ ਟਰੈਕਟਰ ਤੇ ਵਾਹੀ ਖੇਤੀ ਦੇ ਆਧੁਨਿਕ ਸੰਦ..ਕਾਰ ਵਿਚ ਬੈਠੇ ਸਾਰੇ ਨਿੱਕੇ ਜਵਾਈ ਦੀਆਂ ਗੱਲਾਂ ਧਿਆਨ ਨਾਲ ਕੰਨ ਲਾ ਕੇ ਸੁਣੀ ਜਾ ਰਹੇ ਸਨ..!

ਮੈਂ ਅੰਦਰੋਂ ਅੰਦਰ ਹੀ ਵਿਆਹ ਵਾਲੇ ਦਿਨ ਗੱਲ ਪਾਏ ਜਾਣ ਵਾਲੇ ਕੋਟ ਪੇਂਟ ਬਾਰੇ ਸੋਚ ਸੋਚ ਪ੍ਰੇਸ਼ਾਨ ਸਾਂ..ਕੂਹਣੀ ਲਾਗੋਂ ਰਫੂ ਕਰਵਾਈ ਸੱਜੀ ਬਾਂਹ..ਦਰਜੀ ਦੀ ਗਲਤੀ ਨਾਲ ਫੇਰ ਵੀ ਰੰਗ...

ਵੱਖਰਾ ਹੀ ਦਿਸਦਾ ਸੀ..!

ਫੇਰ ਵਿਆਹ ਵਾਲੇ ਦਿਨ ਤਿਆਰ ਹੁੰਦੇ ਨੂੰ ਕਿੰਨੇ ਸਾਰੇ ਸੁਨੇਹੇ ਆਏ..

“ਜੀਜਾ ਜੀ ਬਰਾਤ ਉਡੀਕੀ ਜਾਂਦੀ ਏ..ਛੇਤੀ ਕਰੋ”
ਪਰ ਮੇਰੀ ਪੱਗ ਦਾ ਆਖਰੀ ਲੜ ਪੂਰਾ ਨਹੀਂ ਸੀ ਆ ਰਿਹਾ..ਕਿੰਨੀ ਵਾਰ ਖਿੱਚਵੀਂ ਪੂਣੀ ਵੀ ਕਰਵਾਈ..!
ਅਖੀਰ ਖਿੱਚ ਖੁੱਚ ਕੇ ਲੜ ਪੂਰਾ ਆਇਆ ਹੀ ਸੀ ਕੇ ਜੁੱਤੀ ਦਾ ਇੱਕ ਪੈਰ ਗਵਾਚ ਗਿਆ..ਕਿਸੇ ਨਿਆਣੇ ਨੇ ਗੁਰਗਾਬੀ ਦਾ ਇੱਕ ਪੈਰ ਸ਼ਰਾਰਤ ਨਾਲ ਪੇਟੀ ਹੇਠ ਅਗਾਂਹ ਧੱਕ ਦਿੱਤਾ ਸੀ..!

ਅਖੀਰ ਜਦੋਂ ਤਿਆਰ ਹੋ ਕੇ ਬਾਹਰ ਨਿੱਕਲਣ ਹੀ ਲੱਗਾ ਸਾਂ ਤਾਂ ਬੂਹੇ ਦੀ ਚੁਗਾਠ ਵਿਚੋਂ ਨਿੱਕਲੀ ਲੱਕੜ ਦੀ ਛਿੱਲਤਰ ਨਾਲ ਫਸ ਕੇ ਕੱਫ ਨੂੰ ਐਸੀ ਖੂੰਗੀ ਲੱਗੀ ਕੇ ਕੋਟ ਦੀ ਸੱਜੀ ਬਾਂਹ ਇੱਕ ਦਮ ਹੇਠਾਂ ਹੀ ਲਮਕ ਗਈ..!

ਸਾਰੀ ਕੀਤੀ ਕੱਤਰੀ ਖੂਹ ਵਿਚ ਪੈ ਗਈ ਲੱਗੀ..
ਵੱਡੇ ਜਵਾਈ ਅਤੇ ਵੱਡੇ ਜੀਜੇ ਨੂੰ ਹੋਣ ਵਾਲੇ ਮਖੌਲ,ਨਿੱਕੇ ਜਵਾਈ ਵੱਲੋਂ ਕੀਤੀਆਂ ਜਾਣ ਵਾਲੀਆਂ ਟਿਚਕਰਾਂ ਬਾਰੇ ਸੋਚ ਮੁੜਕੇ ਛੁੱਟ ਗਏ..!

ਫੇਰ ਢੇਰੀ ਢਾਅ ਕੇ ਪਾਸੇ ਬੈਠੇ ਨੂੰ ਅਚਾਨਕ ਲਫਾਫਾ ਚੁੱਕੀ ਗੁਰਮੀਤ ਕੌਰ ਕਮਰੇ ਵਿਚ ਆਉਂਦੀ ਦਿਸ ਪਈ..
ਅਜੇ ਆਪਣੇ ਨਾਲ ਹੋਈ ਬਾਰੇ ਦੱਸਣ ਹੀ ਲੱਗਣ ਸਾਂ ਕੇ ਲਫਾਫੇ ਵਿਚੋਂ ਆਸਮਾਨੀ ਰੰਗ ਦਾ ਨਵਾਂ ਨਕੋਰ ਕੋਟ ਪੇਂਟ ਕੱਢ ਫੜਾਉਂਦੀ ਹੋਈ ਆਖਣ ਲੱਗੀ..”ਆਹ ਪੂਰਾਣੇ ਨੂੰ ਲਾਹ ਕੇ ਆਹ ਪਾ ਲਵੋ..ਹੁਣ ਆਹ ਨਾ ਪੁੱਛਿਓ ਕੇ ਇਹ ਸਵਾਇਆ ਕਿਦਾਂ..ਬੱਸ ਸਮਝੋ ਸਬੱਬ ਬਣ ਗਿਆ..ਸ਼ਹਿਰ ਜੰਝ ਵਾਲੇ ਦਿਨ ਵਾਸਤੇ ਕੋਟ ਪੇਂਟ ਸਵਾਉਣ ਗਏ ਨੇ ਚੁੱਪ ਚੁਪੀਤੇ ਤੁਹਾਡਾ ਵੀ ਆਖ ਦਿੱਤਾ ਸੀ..ਦੋਹਾਂ ਦਾ ਮੇਚਾ ਜੂ ਇੱਕੋ ਜਿਹਾ ਹੋਇਆ..ਹੁਣ ਮੁੜਕੇ ਕਦੇ ਨਾ ਆਖਿਓ ਸਹੁਰੇ ਇੱਜਤ ਮਾਣ ਨੀ ਕਰਦੇ”

ਘੜੀ ਕੂ ਮਗਰੋਂ ਆਪਣੇ ਕੋਟ ਦੀ ਗੁਰਮੀਤ ਕੌਰ ਦੇ ਕਿਨਾਰੀ ਵਾਲੇ ਫਿਰੋਜੀ ਰੰਗ ਦੇ ਸੂਟ ਨਾਲ ਹੋ ਗਈ ਸਬੱਬੀਂ ਮੈਚਿੰਗ ਵੇਖ ਰੋਣਹਾਕੇ ਹੋ ਗਏ ਦਾ ਬਦੋ-ਬਦੀ ਹਾਸਾ ਜਿਹਾ ਨਿੱਕਲ ਗਿਆ!

(ਫੋਟੋ ਧੰਨਵਾਦ ਸਾਹਿਤ..ਗੁਰਦੀਸ਼ ਸਿੰਘ ਪੰਨੂੰ)
ਹਰਪ੍ਰੀਤ ਸਿੰਘ ਜਵੰਦਾ

...
...



Related Posts

Leave a Reply

Your email address will not be published. Required fields are marked *

3 Comments on “ਬੰਬੂਕਾਟ ਫਿਲਮ ਦਾ ਸੀਨ”

  • nyccc

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)