More Punjabi Kahaniya  Posts
ਬਲਿ ਛੁਟਕਿਓ ਬੰਧਨੁ ਪਰੇ


ਮਹਿਜ਼ ਦਸ ਸਾਲ ਦਾ ਰਵੀ ਸੈਣੀ , ਪਿਤਾ ਨੱਥੂ ਰਾਮ ਤੇ ਮਾਂ ਪੁਸ਼ਪਾ ਦੇਵੀ ਦਾ ਲਾਡਲਾ , ਨੌਂ ਸਾਲ ਦੀ ਭੈਣ ਮੁਸਕਾਨ ਦਾ ਪਿਆਰਾ ਵੀਰ , ਜੋ ਇੰਗਲੈਂਡ ਦੇ ਲੀਡਜ਼ ਵਿੱਚ ਰਹਿੰਦਾ ਏ, ਏਸੇ ਸਾਲ 31 ਜੁਲਾਈ ਨੂੰ ਸਮੁੰਦਰੀ ਬੀਚ ਤੇ ਚਲਾ ਗਿਆ ,ਜ਼ਰਾ ਆਨੰਦ ਮਾਨਣ ,ਆਪਣੇ ਪਰਿਵਾਰ ਨਾਲ ਯਾਦਗਾਰੀ ਪਲ ਜੀਣ । ਕੋਰੋਨੇ ਦਾ ਡਰ ਲਾਹ ਕੇ ਸੁੱਟਣ ਲਈ । ਸਵਿੰਮਿੰਗ ਦੇ ਲੈਸਨ ਲਏ ਸਨ ਓਹਨੇ ਸਕੂਲ ਤੋਂ , ਏਸੇ ਭਰੋਸੇ ਥੋੜਾ ਅੱਗੇ ਚਲਾ ਗਿਆ ਸਮੁੰਦਰ ਚ । ਪਿਤਾ ਵੀ ਕੋਲ ਈ ਸੀ । ਅਚਾਨਕ ਵੱਡੀ ਛੱਲ ਆਈ ਤੇ ਰਵੀ ਨੂੰ ਚੁੱਕ ਕੇ ਡੂੰਘੇ ਸਮੁੰਦਰ ਵਿੱਚ ਲੈ ਗਈ । ਜਦੋਂ ਗ਼ੋਤੇ ਆਏ ਤਾਂ ਪਤਾ ਲੱਗਾ ਮਾਸੂਮ ਰਵੀ ਨੂੰ ਕਿ ਏਹ ਡੂੰਘਾਈ ਓਹਦੇ ਵੱਸੋਂ ਬਾਹਰ ਏ ਤੈਰ ਕੇ ਬਾਹਰ ਜਾਣ ਲਈ । ਓਸਦੇ ਪਿਤਾ ਨੇ ਅੱਗੇ ਵਧਣ ਦੀ ਕੋਸ਼ਿਸ਼ ਕੀਤੀ ਪਰ ਸਮੁੰਦਰੀ ਛੱਲਾਂ ਅੱਗੇ ਬੇਬੱਸ ਹੋ ਗਿਆ , ਸਿਰਫ ਇੱਕ ਦੋ ਵਾਰ ਪੁੱਤਰ ਦਾ ਸਿਰ ਈ ਦਿਸਿਆ , ਫਿਰ ਓਹਨੇ ਵੀ ਆਸ ਲਾਹ ਦਿੱਤੀ ਕਿ ਰਵੀ ਦਾ ਰੱਬ ਰਾਖਾ ਏ ਹੁਣ । ਰਵੀ ਨੇ ਕਦੀ ਬੀਬੀਸੀ ਦਾ ਪ੍ਰੋਗਰਾਮ ਵੇਖਿਆ ਸੀ ਕਿ ਖ਼ਤਰੇ ਵੇਲ਼ੇ ਜਾਨ ਬਚਾਉਣ ਲਈ ਕਿਵੇਂ ਤੈਰਨਾ ਏ । ਓਹਨੇ ਪਿੱਠ ਪਰਨੇ ਹੋ ਕੇ ਮੂੰਹ ਉੱਪਰ ਨੂੰ ਕਰ ਲਿਆ ਤੇ ਸਟਾਰ ਫਿੱਸ਼ ਵਾਂਗ ਹੱਥ ਪੈਰ ਚੌੜੇ ਕਰ ਲਏ । ਸਮਰਪਣ ਕਰ ਦਿੱਤਾ ਖ਼ੁਦ ਨੂੰ ਪਰਮਾਤਮਾ ਦੇ ਹੱਥਾਂ ਚ । ਓਹਨੇ ਵੇਖਿਆ ਕਿ ਓਹ ਆਰਾਮ ਨਾਲ ਸਮੁੰਦਰ ਦੀ ਸਤ੍ਹਾ ਤੇ ਤੈਰ ਰਿਹਾ ਸੀ ਤੇ ਪੁਕਾਰ ਰਿਹਾ ਸੀ ਮਦਦ ਲਈ । ਓਧਰ ਪਰਿਵਾਰ ਬੇਖ਼ਬਰ ਸੀ ਓਸ ਤੋਂ, ਅੱਕੀ ਪਲਾਹੀਂ ਹੱਥ ਮਾਰ ਰਿਹਾ ਸੀ । ਓਹਨਾਂ ਬਚਾਅ ਦਲ ਨੂੰ ਕਾਲ ਕੀਤੀ । ਓਹ ਆਪਣੇ ਅੱਡੇ ਤੋਂ ਤੁਰੰਤ ਮੋਟਰ ਬੋਟ ਲੈ ਕੇ ਰਵਾਨਾ ਹੋ ਗਏ ਰਵੀ ਦੀ ਭਾਲ ਵਿੱਚ । ਪਰ ਏਸ ਦਰਮਿਆਨ ਰਵੀ ਨੂੰ ਇੱਕ ਘੰਟੇ ਤੋ ਵੀ ਜ਼ਿਆਦਾ ਸਮਾ ਹੋ ਗਿਆ ਸੀ ਅੱਖਾਂ ਤੋਂ ਓਝਲ ਹੋਏ ਨੂੰ । ਪਰ ਓਸ ਬੱਚੇ ਨੇ ਹਿੰਮਤ ਨਹੀਂ ਹਾਰੀ । ਬਿਨਾ ਕਿਸੇ ਹਿੱਲਜੁੱਲ ਤੋਂ ਪਿੱਠ ਪਰਨੇ ਪਿਆ ਰਿਹਾ ਵਿਸ਼ਾਲ ਸਮੁੰਦਰ ਦੀਆਂ ਲਹਿਰਾਂ ਵਿੱਚ , ਕਿਸੇ ਤਰੀਕੇ ਸਾਹ ਲੈਣ ਵਿੱਚ ਕਾਮਯਾਬ ਰਿਹਾ । ਬਚਾਅ ਦਲ ਪਹੁੰਚਾ ਤਾਂ ਓਹਨਾਂ ਨੇ ਫੁੱਲ ਵਾਂਗ ਬੋਚ ਕੇ ਕਿਨਾਰੇ ਲਿਆ ਧਰਿਆ ਓਹਨੂੰ । ਪਰਿਵਾਰ ਤੇ ਰਵੀ ਦੀ ਖ਼ੁਸ਼ੀ ਦਾ ਠਿਕਾਣਾ ਨਾ ਰਿਹਾ । ਨਵਾਂ ਜਨਮ ਈ ਤਾਂ ਸੀ ਏਸ ਪਿਆਰੇ ਬੱਚੇ ਦਾ ।

◦ ਇੱਕ ਹੋਰ...

ਸੱਚੀ ਘਟਨਾ , ਇੰਡੀਆ ਰਹਿੰਦਾ ਮੇਰਾ ਪ੍ਰਾਣ ਪਿਆਰਾ ਦੋਸਤ ਨਾਮੁਰਾਦ ਕੋਰੋਨਾ ਨੇ ਕਲ਼ਾਵੇ ਚ ਲੈ ਲਿਆ ਪਿਛਲੇ ਦਿਨੀਂ । ਬੇਹੱਦ ਹਿੰਮਤੀ ਤੇ ਮੁਰਦਿਆਂ ਵਿੱਚ ਜਾਨ ਫੂਕਣ ਵਾਲਾ ਏ ਓਹ ਖ਼ੁਦ । ਪਰ ਇੱਕ ਰਾਤ ਜ਼ਿਆਦਾ ਤੰਗ ਹੋ ਗਿਆ । ਸਿਤਮ ਜ਼ਰੀਫੀ ਏਹ ਸੀ ਕਿ ਓਸਦਾ ਬਾਕੀ ਪਰਿਵਾਰ ਵੀ ਬੁਰੀ ਤਰਾਂ ਪੀੜਤ ਸੀ ਏਸ ਨਾਮੁਰਾਦ ਵਾਇਰਸ ਤੋਂ । ਸਾਰਾ ਪਰਿਵਾਰ ਮੌਜੂਦ ਹੋਣ ਦੇ ਬਾਵਯੂਦ ਵੀ ਇੱਕ ਦੂਜੇ ਦੀ ਮਦਦ ਕਰਨ ਤੋਂ ਆਤੁਰ ਸਨ । ਹਸਪਤਾਲ ਜਾਣ ਦਾ ਸੋਚਣਾ ਵੀ ਸਾਡੇ ਏਸ ਕਰਮਾਮਾਰੇ ਮੁਲਕ ਵਿੱਚ ਗੁਨਾਹ ਏ ਏਸ ਵਕਤ । ਰਾਤ ਦੇ ਵਕਤ ਓਹਨੂੰ ਸਾਹ ਲੈਣ ਚ ਰੁਕਾਵਟ ਆ ਗਈ । ਜਾਪਿਆ ਕਿ ਕਹਾਣੀ ਮੁੱਕਣ ਵਾਲੀ ਏ । ਪਰ ਓਹ ਦੇਵਤਾ ਇਨਸਾਨ ਘਬਰਾਇਆ ਨਹੀਂ । ਪਰਿਵਾਰ ਨੂੰ, ਜੋ ਅਲੱਗ ਅਲੱਗ ਕਮਰਿਆਂ ਚ ਪਏ ਸਨ , ਆਪਣੇ ਅਹਿਸਾਸ ਤੇ ਹਾਲਾਤ ਬਾਰੇ ਮੈਸੇਜ ਕੀਤਾ ਕਿ ਮੈਂ ਇਵੇਂ ਮਹਿਸੂਸ ਕਰਦਾਂ ਏਸ ਵਕਤ । ਅਗਰ ਕੁਝ ਅਣਸੁਖਾਵਾਂ ਵਾਪਰ ਜਾਵੇ ਤਾਂ ਆਪਣਾ ਖਿਆਲ ਰੱਖਿਓ । ਤੇ ਆਪਣੇ ਆਪ ਨੂੰ ਪਰਮਾਤਮਾ ਦੇ ਸਪੁਰਦ ਕਰ ਦਿੱਤਾ , ਕਿ ਜਿਵੇਂ ਮਰਜ਼ੀ ਏ ਕਰ ਲੈ । ਸ਼ਾਇਦ ਕੁਝ ਦੇਰ ਓਹ ਬੇਸੁਰਤ ਵੀ ਰਿਹਾ ਹੋਵੇਗਾ , ਪਰ ਜਦੋਂ ਸੁਰਤ ਆਈ ਤਾਂ ਪਸੀਨੇ ਚ ਨਹਾ ਚੁੱਕਾ ਸੀ ਓਹ । ਤਦ ਤੱਕ ਸਵਾਸ ਨਾਰਮਲ ਹੋ ਚੁੱਕੇ ਸਨ ਤੇ ਆਫ਼ਤ ਟਲ਼ ਚੁੱਕੀ ਸੀ । ਪਰਮਾਤਮਾ ਦੀ ਰਹਿਮਤ ਏ ਕਿ ਹੁਣ ਸਭ ਨੌਂ ਬਰ ਨੌਂ ਨੇ ।

◦ ਜਿੰਦਗੀ ਵਿੱਚ ਕਦੀ ਅਜਿਹਾ ਮੌਕਾ ਜ਼ਰੂਰ ਆਉਂਦਾ ਏ ਜਦੋਂ ਸਭ ਦਰਵਾਜ਼ੇ ਬੰਦ ਹੋ ਗਏ ਜਾਪਦੇ ਨੇ , ਇਨਸਾਨ ਪਿੰਜਰੇ ਪਏ ਪੰਛੀ ਵਾਂਗ ਲਾਚਾਰ ਹੋ ਜਾਂਦਾ ਏ । ਜਿੰਨੀ ਵੱਧ ਫੜਫੜਾਹਟ , ਓਨੀ ਜ਼ਿਆਦਾ ਪੀੜਾ , ਜ਼ਖ਼ਮ । ਓਸ ਹਾਲਤ ਵਿੱਚ ਮਨ ਇਕਾਗਰ ਕਰਕੇ ਸਭ ਕੁਝ ਓਸ ਜੀਵਨਦਾਤੇ ਨੂੰ ਸਮਰਪਣ ਕਰਨਾ ਪੈਂਦਾ ਏ । ਪਿੱਠ ਪਰਨੇ ਨਿੱਸਲ ਪੈ ਕੇ ਲਹਿਰਾਂ ਦੀ ਹਿੱਕ ਤੇ ਤੈਰਨਾ ਪੈਂਦਾ ਏ । ਬਚਾਅ ਲੈਂਦਾ ਏ ਓਹ , ਫੁੱਲ ਵਾਂਗ ਟਿਕਾ ਲੈਂਦਾ ਏ ਹਥੇਲੀ ਤੇ । ਬਸ ਸ਼ਰਤ ਏਨੀ ਕੁ ਈ ਏ ਕਿ ਭਰੋਸਾ ਨਾ ਡਗਮਗਾਵੇ ।

ਡੰਡਉਤ ਬੰਦਨ ਅਨਿਕ ਬਾਰ
ਸਰਬ ਕਲਾ ਸਮਰਥ ।।
ਡੋਲਨ ਤੇ ਰਾਖਹੁ ਪ੍ਰਭੂ
ਨਾਨਕ ਦੇ ਕਰਿ ਹਥ।।

✍️ ਦਵਿੰਦਰ ਸਿੰਘ ਜੌਹਲ (ਯੂ ਕੇ)

...
...



Related Posts

Leave a Reply

Your email address will not be published. Required fields are marked *

3 Comments on “ਬਲਿ ਛੁਟਕਿਓ ਬੰਧਨੁ ਪਰੇ”

  • ਬਹੁਤ ਵਧੀਆ ਸਮਝਾਇਆ ਹੈ ਕਿ ਸਾਨੂੰ ਮੁਸੀਬਤ ਵਿੱਚ ਘਬਰਾਉਣਾ ਨਹੀਂ ਚਾਹੀਦਾ । ਸਗੋਂ ਮੁਸੀਬਤਾਂ ਦਾ ਸਾਹਮਣਾ ਕਰਨਾ ਚਾਹੀਦਾ ਹੈ।

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)