ਫੈਸਲਾ——–
ਅੱਜ ਸੇਵਾ ਸਿੰਘ ਨੂੰ ਕਮਿਊਨਿਟੀ ਸੈਂਟਰ ਚ ਕਈ ਬੰਦੇ ਮਿਲੇ ਜਿਹੜੇ ਉਡਾਣਾਂ ਖੁਲਣ ਕਰਕੇ ਇੰਡੀਆ ਜਾ ਰਹੇ। ਇਹਨਾਂ ਨੂੰ ਵੀ 3 ਸਾਲ ਤੋਂ ਵੱਧ ਹੋ ਗਿਆ, ਕਰੋਨਾ ਕਰਕੇ ਗਏ ਨੀ।ਅੱਗੇ ਹਰ ਸਾਲ ਜਾਂਦੇ ਸੀ।ਘਰ ਆਕੇ ਪੁੱਤਰ ਨੂੰ ਕਿਹਾ
“ਕਾਕਾ! ਹੁਣ ਤਾਂ ਸਭ ਜਾ ਰਹੇ। ਸਾਡੀ ਦੋਹਾਂ ਦੀ ਵੀ ਟਿਕਟ ਬੁੱਕ ਕਰਾ ਦੇ”
“ਭਾਪਾ ਜੀ ਸਿੱਧੀ ਫਲਾਇਟ ਵੀ 20-22 ਘੰਟੇ ਲਾਦੀਂ ਜਿਹੜੀ ਅੱਗੇ 14 ਘੰਟੇ ਚ ਪਹੁੰਚਦੀ ਸੀ। ਰੂਸ ਤੇ ਯੂਕਰੇਨ ਉਤੋਂ ਨੀ ਲੰਘਦੇ ਜਹਾਜ। ਘੁੰਮ ਕੇ ਜਾਂਦੇ ਆ। ਐਨੇ ਲੰਬੇ ਸਫਰ ਨਾਲ ਲੱਤਾਂ ਚ ਕਲੌਟ (blood clots) ਬਣ ਜਾਂਦੇ ਆ। ਵੈਸੇ ਕਾਹਲੀ ਵੀ ਕਾਹਦੀ?”
“ਸੋਚਦੇ ਆ ਸਰਕਾਰ ਬਦਲੀ ਆ। ਸੁਧਾਰ ਕਰ ਰਹੇ ਆ। ਆਪਾਂ ਉਂਜ ਵੀ ਤਾਂ ਦਾਨ ਭੇਜੀਦਾ। ਆਪਣੇ ਹੱਥੀਂ ਦੇਕੇ ਡਿਸਪੈਂਸਰੀ ਵਧੀਆ ਬਣਵਾਈਏ।”
“ਚਲੋ ਸੋਚ ਲਾਂਗੇ। ਹਾਲੇ ਟਿਕਟਾਂ ਬਹੁਤ ਮਹਿੰਗੀਆਂ।” ਕਹਿ ਪੁੱਤਰ ਤੁਰ...
ਗਿਆ।
ਸ਼ਾਮੀ ਨੂੰਹ ਰਾਣੀ ਨੇ ਵੇਖਿਆ ਸਾਰਾ ਦਿਨ ਭਾਪਾ- ਬੀਜੀ ਦੇ ਚੇਹਰੇ ਤੇ ਉਦਾਸੀ ਛਾਈ ਰਹੀ। ਆਖਰ ਦੱਸ ਹੀ ਦਿੱਤਾ
” ਭਾਪਾ ਜੀ! ਫਿਕਰ ਨਾ ਕਰੋ ਮੈਂ ਕਰਾ ਦਿੱਤੀਆਂ ਤੁਹਾਡੀਆਂ ਟਿਕਟਾਂ ਫਸਟ ਕਲਾਸ ਦੀਆਂ। ਲੰਮੇਂ ਸਫਰ ਚ ਆਰਾਮ ਨਾਲ ਪੈਕੇ ਜਾਇਓ”
ਪੁੱਤਰ ਞੀ ਆ ਟਪਕਿਆ ਤੇ ਬੋਲ ਪਿਆ।
” ਤਿਨ ਗੁਣਾ ਖਰਚਾ ਹੋਣਾ। ਪੁੱਛ ਤਾਂ ਲੈਂਦੀ।”
” ਕੋਈ ਗਲ ਨੀ ।ਦਾਨ ਘੱਟ ਦੇ ਦਿਓ ਜਿਹੜਾ ਬਲੇ ਬਲੇ ਕਰਾਣ ਲਈ ਇਧਰ ਉਧਰ ਦਿੰਦੇ ਉ।ਇਹਨਾਂ ਦੀਆਂ ਅਸੀਸਾਂ ਤੇ ਦੁਆਵਾਂ ਨਾਲ ਈ ਸਾਰੀਆਂ ਬਰਕਤਾਂ। ਫੈਸਲਾ ਮੈਂ ਵੀ ਲੈ ਸਕਦੀ ਆਂ ਕਿਓਕਿਂ 20 ਸਾਲਾਂ ਤੋਂ ਮੈਂ ਵੀ ਇਹਨਾਂ ਦੀ ਧੀਅ ਹਾਂ”
ਹਰਜੀਤ ਸੈਣੀ