More Punjabi Kahaniya  Posts
ਫਰਾਈਪੈਨ


21 ਜੂਨ ਦਾ ਦਿਨ ਸੀ, ਓਸ ਦਿਨ ਮੇਰੇ ਬੇਟੇ ਦਾ ਜਨਮਦਿਨ ਮਨਾਉਣ ਲਈ ਅਸੀਂ ਚਿਰਾਂ ਤੋਂ ਹੀ ਪੱਬਾਂ ਭਾਰ ਹੋਏ ਫਿਰਦੇ ਸੀ।ਸਾਲ ਦਾ ਸਭ ਤੋਂ ਵੱਡਾ ਤੇ ਗਰਮ ਦਿਨ ਇਸ ਸਾਲ ਵੀ ਪਿੰਡੇ ਨੂੰ ਲੂੰਹਦੀ ਗਰਮੀ ਵਰਸਾ ਰਿਹਾ ਸੀ। ਉਧਰੋਂ ਮੇਰਾ ਪੱਕਾ ਰਸੋਈਆ ਬਾਬੂ ਰਾਮ ਵੀ ਆਪਦੀ ਭੈਣ ਦਾ ਮੁਕਲਾਵਾ ਦੇਣ ਯੂ. ਪੀ. ਗਿਆ ਹੋਇਆ ਸੀ, ਸੋ ਮੈ ਅਜਿਹੇ ਵੇਲੇ ਅਕਸਰ ਸਰਕਾਰੀ ਫਾਰਮ ਦੀ ਕਲੋਨੀ ਵਿੱਚ ਕੰਮ ਕਰਦੇ ਮਾਲੀ ਅਭੈਰਾਜ ਨੂੰ ਮਦਦ ਲਈ ਸੱਦ ਲੈਂਦੀ।
ਕੁਦਰਤ ਦਾ ਵਣਜਾਰਾ ਅਭੈਰਾਜ ਸਾਰੇ ਫਾਰਮ ਦੇ ਚੌਗਿਰਦੇ ਨੂੰ ਨਵੀਂ ਨਵੇਲੀ ਵਹੁਟੀ ਵਾਂਗ ਸਜਾ ਕੇ ਰੱਖਦਾ। ਚਾਰੋਂ ਪਾਸਿਓਂ ਗੁਲਾਬ, ਗੇਂਦਾ,ਗੁਲਦਾਉਦੀ ਅਤੇ ਚਮੇਲੀ ਦੀ ਖੁਸ਼ਬੂ ਦੀਆਂ ਲਪਟਾਂ ਸਾਹਾਂ ਨੂੰ ਮਹਿਕਾ ਕੇ ਰੱਖ ਦਿੰਦੀਆਂ। ਬਗੀਚੀਆਂ ਦੇ ਘਾਹ ਨੂੰ ਹਰਾ ਕਚੂਰ ਰੰਗ ਪਤਾ ਨਹੀਂ ਉਹ ਕਿਹੜੀ ਹੱਟ ਤੋਂ ਲਿਆਕੇ ਦਿੰਦਾ। ਕੰਮ ਨੂੰ ਇਸ਼ਕ ਮੰਨਣ ਵਾਲੇ ਉਸ ਸ਼ਖ਼ਸ਼ ਦੀ ਹਰ ਜ਼ੁਬਾਨ ‘ਤੇ ਗੱਲ ਹੁੰਦੀl
ਸ਼ਾਮ ਨੂੰ ਖੂਬ ਰੰਗਲੇ ਚਾਅ ਲਾਡ ਤੇ ਖਾਣ ਪੀਣ ਦਾ ਇੰਤਜ਼ਾਮ ਸੀ। ਦੇਰ ਤੱਕ ਬੱਚੇ ਗੁਬਾਰਿਆਂ,ਚਾਕਲੇਟਾਂ ਤੇ ਰਿਟਰਨ ਗਿਫ਼ਟਾਂ ਦੇ ਚਾਅ ਵਿੱਚ ਦੁੜੰਗੇ ਮਾਰਦੇ ਫਿਰਦੇ ਰਹੇ ਤੇ ਮਾਂ ਬਾਪ ਵੀ ਗੁਫਤਗੂ ਵਿੱਚ ਮਸ਼ਰੂਫ ਰਹੇ। ਸੁਭਾਵਿਕ ਹੀ ਦਿਨ ਲੰਬਾ ਤੇ ਥਕਾਨ ਵਾਲਾ ਸੀ। ਪਾਰਟੀ ਤੋਂ ਬਾਅਦ ਮੈਂ ਤੇ ਕੁਲਦੀਪ ਥੱਕੇ ਟੁੱਟੇ ਏ.ਸੀ. ਵਾਲੇ ਕਮਰੇ ਵਿੱਚ ਬੈਠੇ ਸਾਂ ਤਾਂ ਪਸੀਨੇ ਨਾਲ ਗੜੁੱਚ ਅਭੈਰਾਜ ਨੇ ਕੁੰਡਾ ਖੜਕਾਇਆ ਤੇ ਬਿਨਾਂ ਸੁਆਲ ਦਾ ਜੁਆਬ ਉਡੀਕਦਿਆਂ ਅੰਦਰ ਆ ਕੇ ਬੋਲਿਆ, “ਸਾਰੇ ਪੰਡੇ ਭਾਂਡੇ ਸਾਫ ਕਰ ਦੀਏ, ਅਬ ਮੈਂ ਜਾਊਂ ਬੀਬੀ ਜੀ..?”
ਸ਼ੁਕਰੀਆ ਵਈ ਬਹੁਤ ਬਹੁਤ, ਸੌ ਦਾ ਨੋਟ ਉਹਦੇ ਹੱਥ ਫੜਾਉਂਦਿਆਂ ਮੈਂ ਕਿਹਾ।
ਆਹ ਥੋਡਾ ਬਾਬੂ ਰਾਮ ਅਬ ਮਨ ਸੇ ਕਾਮ ਨਹੀਂ ਕਰਤਾ ਬੀਬੀ ਜੀ।
“ਕਿਉਂ ? ” ਮੈਂ ਪੁੱਛਿਆ ।
ਤੌਬਾ ਤੌਬਾ ਤੌਬਾ,ਇਤਨੇ ਗੰਦੇ ਪੰਡੇ। ਕੈਸੇ ਖਾਤੇ ਹੋ ਇਨ ਮੇਂ। ਖੁਦ ਕਰ ਲੀਆ ਕਰੋ,ਵਰਨਾ ਬੀਮਾਰ ਪੜ ਜਾਓਗੇ,” ਮੱਤਾਂ ਦਿੰਦਾ ਅਭੈਰਾਜ ਚੁੱਪ ਹੋਣ ਦਾ ਨਾਮ ਨਹੀਂ ਲੈ ਰਿਹਾ ਸੀ।
ਇਹੋ ਜਿਹੀ ਤਾਂ ਕੋਈ ਗੱਲ ਨਹੀਂ ਮੈਂ ਕਦੇ ਵੇਖੀ। ਤੈਨੂੰ ਉਂਜ ਹੀ ਲੱਗਿਆ। ” ਕੁਲਦੀਪ ਮੂਹਰੇ...

ਮੈਂ ਕੱਚੀ ਜਿਹੀ ਹੁੰਦੀ ਨੇ ਕਿਹਾl
“ਮੈਂ ਕੌਨਸਾ ਨਯਾ ਹੂੰ। ਜਬ ਸੇ ਹੋਸ਼ ਸੰਭਾਲਾ, ਯਹੀ ਕਾਮ ਧੰਦਾ ਕਰਤਾ ਹੂੰ….ਆਓੁ ਦਿਖਾਊਂ,” ਕਹਿ ਕੇ ਉਹ ਮੂਹਰੇ ਤੇ ਮੈਂ ਵੀ ਉਹਦੇ ਮਗਰੇ ਰਸੋਈ ਵੱਲ ਨੂੰ ਹੋ ਤੁਰੀ।
ਵਾਰਤਾਲਾਪ ਰੌਚਿਕ ਜਿਹੀ ਹੁੰਦੀ ਵੇਖ ਕੁਲਦੀਪ ਵੀ ਸੁਆਦ ਲੈਣ ਮਗਰੇ ਆ ਗਏ।
ਚਾਂਦੀ ਵਾਂਗੂੰ ਚਮਕਾਇਆ ਫਰਾਈਪੈਨ ਮੇਰੇ ਮੂਹਰੇ ਕਰਕੇ ਬੋਲਿਆ,”ਯਿਹ ਦੇਖੋ…. ਕਾਲਾ ਤਵੇ ਜੈਸਾ ਥਾ.”
“ਬੂੂ ਵੇ ਇਹ ਤਾਂ ਮੇਰਾ ਅੱਜ ਹੀ ਨਵਾਂ ਲਾਇਆ ਨਾਨ ਸਟਿੱਕ ਪੈਨ ਸੀ। ”
ਮੇਰੇ ਸੱਤੀਂ ਕੱਪੜੀ ਅੱਗ ਲੱਗੀ ਵੇਖ ਕੇ ਕੁਲਦੀਪ ਨੇ ਮੌਕਾ ਸੰਭਾਲਿਆ ਕਿ ਉਸ ਤੋਂ ਪਹਿਲਾਂ ਮੈਂ ਹੋਰ ਗੁੱਸਾ ਉਗਲਦੀ,”ਹਰਕੀਰਤ ਤੈਨੂੰ ਮੈਂ ਨਵਾਂ ਫਰਾਈਪੈਨ ਲਿਆਕੇ ਦਿੰਨਾਂ। ਤੂੰ ਏਨਾਂ ਚਮਕਾ ਕੇ ਵਿਖਾਈਂ। ”
“ਬੀਬੀ ਜੀ ਈਂਂਟ ਸੇ ਚਮਕਾਨਾ, ਫਿਨ ਦੇਖਨਾ… ਮੇਰੇ ਕੋ ਤੋ ਪੂਰਾ ਏਕ ਘੰਟਾ ਲਗਾ.”ਸੌ ਦੇ ਨੋਟ ਨੂੰ ਅਜੇ ਵੀ ਹੱਥਾਂ ਵਿੱਚ ਵੱਟਦਾ ਆਪਣੀ ਗਲਤੀ ਤੋਂ ਅਣਜਾਣ ਫਖ਼ਰ ਨਾਲ ਬੋਲ ਰਿਹਾ ਸੀ।
ਈਂਟ ਲਿਆ ਤਾਂ ਸਹੀ ਤੈਨੂੰ ਦੇਵਾਂ ਪਤਾ। ਕਹਿਣ ਨੂੰ ਮਨ ਕੀਤਾ ਹੀ ਸੀ ਤਾਂ ਥਾਪੜਾ ਦਿੰਦੇ ਕੁਲਦੀਪ ਬੋਲ ਰਹੇ ਸੀ,”ਬਹੁਤ ਅੱਛੇ ਅਭੈਰਾਜ… ਤੇਰੇ ਜੈਸਾ ਯਹਾਂ ਕੋਈ ਨਹੀਂ ਹੈ। ”
ਛਾਤੀ ਚੌੜੀ ਕਰੀ ਸਾਬ ਤੋਂ ਸ਼ਾਬਾਸ਼ ਲਈ ਉਹ ਘਰੋਂ ਬਾਹਰ ਜਾ ਰਿਹਾ ਸੀ ਤੇ ਮੈਂ ਫਰਾਈਪੈਨ ਵੱਲ ਝਾਕ ਰਹੀ ਸੀ। ਆਖਿਰ ਕਸੂਰ ਤਾਂ ਮੇਰਾ ਹੀ ਸੀ।
ਡੇਢ ਦਹਾਕੇ ਬਾਅਦ ਸੱਤ ਸਮੁੰਦਰੋਂ ਪਾਰ ਅੱਜ ਵੀ ਉਹ ਮੇਰੀ ਰਸੋਈ ਵਿੱਚ ਫਰਾਈਪੈਨ ਬਣਕੇ ਰਹਿੰਦਾ ਹੈ। ਭਾਂਡੇ ਮਾਂਜਣ ਨੂੰ ਅੌਖ ਮੰਨਦੀ ਵੀ ਅਕਸਰ ਮੈਂ ਹੱਸ ਕੇ ਕਹਿ ਦਿੰਦੀ ਹਾਂ,” ਲਾਓ ਜੀ ਮੈਂ ਕਰ ਦਿਊਂ ਪੰਡੇ ਸਾਫ। ”
ਬਹੁਤੀ ਪੜੀ ਲਿਖੀ ਨੇ ਇੱਕ ਗੱਲ ਸਿੱਖੀ ਹੈ ਕਿ ਕਿਸੇ ਦੇ ਜ਼ਹਿਨ ਵਿੱਚ ਕੁੱਲੀ ਪਾਉਣ ਲਈ ਸਦਾ ਸਿਆਣਪ ਹੀ ਨਹੀਂ ਸਗੋਂ ਭੋਲੇਪਣ ‘ਚ ਕੀਤੀ ਗੁਸਤਾਖ਼ੀ ਵੀ ਕਾਰਗਾਰ ਸਿੱਧ ਹੋ ਜਾਂਦੀ ਹੈ।
ਹਰਕੀਰਤ ਚਹਿਲ

...
...

Access our app on your mobile device for a better experience!



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)