ਗਿੱਦੜ ਆਪਣੇ ਸਾਥੀਆਂ ਅਤੇ ਕੁੱਝ ਪਰਿਵਾਰਕ ਮੈਂਬਰਾਂ ਨਾਲ ਗੁਫਾ ਵਿੱਚ ਬੈਠਾ ਸੀ। ਗੰਡਾਸੇ ਵਰਗੇ ਦੰਦਾਂ ਦੇ ਬੜੇ ਕਾਰਨਾਮੇ ਗਿਣਾ ਰਿਹਾ ਸੀ। ਸਾਥੀਆਂ ਨੇ ਕਿਹਾ ਕਿ ਗੰਡਾਸੇ ਵਰਗੇ ਦੰਦਾਂ ਦੀਆਂ ਗੱਲਾਂ ਈ ਕਰੇਂਗਾ ਜਾਂ ਕੁਝ ਖਾਣ ਪੀਣ ਦਾ ਇੰਤਜ਼ਾਮ ਵੀ ਕਰੇਂਗਾ। ਕਈ ਦਿਨਾਂ ਦੇ ਭੁੱਖੇ ਵੀ… ਆ ਤੇਰਾ ਤਾਂ ਚਾਲੀ ਸਾਲ ਦਾ ਤਜ਼ਰਬਾ ਕੁਝ ਕਰ… ਭੁੱਖੇ ਮਰ ਚਲੇ ਆ..”
ਗਿੱਦੜ ਨੇ ਪਹਿਲਾਂ ਤਾਂ ਗੰਡਾਸੇ ਵਰਗੇ ਦੰਦਾਂ ਨੂੰ ਕਰੀਚਿਆ ਵੇਖਿਆ… ਤੇ ਸਾਥੀਆਂ ਨੂੰ ਕਿਹਾ ਕਿ ਜਿਹੜਾ ਵੀ ਜਾਨਵਰ ਆਏ ਮੇਰੀ ਪੂਛ ਨਾਲ ਬੰਨ੍ਹ ਦੇਣਾ ਮੈਂ ਖਿੱਚ ਕੇ ਅੰਦਰ ਲੈ ਆਵਾਂਗਾ ਅਤੇ ਸਾਰੇ ਫਿਰ ਗੰਡਾਸਿਆਂ ਵਰਗੇ ਦੰਦਾਂ ਨਾਲ ਆਨੰਦ ਲਵਾਂਗੇ। ਬੜਾ ਚਿਰ ਬਾਹਰ ਬੈਠਾ ਰਿਹਾ ਪਰ ਕੋਈ ਸ਼ਿਕਾਰ ਨਾ ਆਇਆ। ਅਖੀਰ ਇਕ ਚਰਦਾ ਚਰਦਾ ਊਠ ਆ ਕੇ ਬੈਠ ਗਿਆ। ਗਿੱਦੜ ਹੌਲੀ ਜਿਹੀ ਉਸ ਨਾਲ ਪਿੱਠ ਜੋੜ ਕੇ ਬੈਠ ਗਿਆ ਤੇ ਉਸ ਦੇ ਸਾਥੀਆਂ ਨੇ ਊਠ ਦੀ ਪੂਛ ਨਾਲ ਉਹਦੀ ਪੂਛ ਬੰਨ੍ਹ ਦਿੱਤੀ। ਉਸ ਨੇ ਥੋੜਾ ਜਿਹਾ ਜ਼ੋਰ ਲਗਾਇਆ ਪਰ ਕੱਦੂ ਵਿੱਚ ਫਸੇ ਮੈਸੀ ਫਰਗੂਸਨ ਵਾਂਗ ਸਲਿੱਪ ਜਿਹਾ ਮਾਰੀ ਜਾਵੇ।...
ਏਨੇ ਚਿਰ ਨੂੰ ਊਠ ਉਠ ਕੇ ਖੜਾ ਹੋ ਗਿਆ ਤੇ ਗਿੱਦੜ ਵਿਚਾਰਾ ਪਿੱਛੇ ਇੰਝ ਲਮਕ ਗਿਆ ਜਿਵੇਂ ਟਰੱਕ ਨਾਲ ਛਿੱਤਰ ਟੰਗਿਆ ਹੁੰਦਾ।
ਸਾਥੀ ਕਹਿਣ ਕਿ ਕੁਝ ਕਰ ਜ਼ੋਰ ਲਗਾ ਤਾਂ ਉਹ ਰੋਲਾ ਪਾਈ ਜਾਵੇ.. ਸਹੁਰੀ ਦਿਓ ਪੈਰ ਤਾਂ ਹੇਠਾਂ ਲੱਗਦੇ ਨਹੀਂ … ਮੈਂ ਕੀ ਕਰਾਂ ?
ਸੋ ਮੇਰੇ ਵੀਰੋ ਜਿਸ ਤਰਾਂ ਪਹਿਲਾਂ ਤੁਹਾਡੇ ਨਾਲ ਧੋਖਾ ਹੋਇਆ… ਕਦੀਂ ਰਿੰਗ ਰੋਡ ਦੇ ਨਾਮ ‘ਤੇ… ਕਦੀਂ ਲਾਲ ਕਿਲ੍ਹੇ ਦੇ ਨਾਮ ‘ਤੇ ਅਤੇ ਹੁਣ ਗੰਡਾਸਾ ਨਾ ਚੁੱਕ ਲਿਓ ਇਹਨਾਂ ਦੇ ਬਹਿਕਾਵੇ ਵਿੱਚ ਆ ਕੇ… ਇਹਨਾਂ ਨੇ ਤਾਂ ਝੱਟ ਗੰਡਾਸੇ ਦਾ ਮੜਾਸਾ ਬੱਸ ਹਾਸੇ ਨਾਲ ਕਹਿ ਕੇ ਸਾਰ ਲੈਣਾ। ਇਹ ਤਾਂ ਊਠ ਨਾਲ ਲਮਕੇ ਹੋਏ ਆ .. ਪੈਰ ਹੇਠਾਂ ਨਹੀਂ ਲੱਗਦੇ ਅਤੇ ਗੱਲਾਂ ਪੈਰ ਗੱਡਣ ਦੀਆ ਕਰਦੇ…ਤੁਸੀਂ ਸ਼ਾਂਤੀ ਦੀ ਗੋਦ ਵਿੱਚ ਬੈਠਣਾ ਅਤੇ ਏਕਤਾ ਗਲੇ ਨਾਲ ਲੱਗਾ ਕੇ ਰੱਖਣੀ।