ਇਕੋ ਡਾਇਲਾਗ———–
ਜਦੋਂ ਬੇਟਾ 5-6 ਸਾਲ ਦਾ ਈ ਸੀ ਤਾਂ ਘਰ ਦੇ ਸਾਹਮਣੇ ਪਾਰਕ ਵਿੱਚ ਕ੍ਰਿਕਟ ਖੇਡਦੇ ਮੁੰਡਿਆਂ ਨੂੰ ਵੇਖਦਾ ਰਹਿੰਦਾ। ਫਿਰ ਜਗ ਗਿਲਾਸ ਲਿਜਾਕੇ ਉਹਨਾਂ ਨੂੰ ਪਾਣੀ ਪਲਾਓਂਦੇ ਪਲਾਓਂਦੇ,ਖਿਡਾਰੀਆਂ ਦੇ ਬੈਟ ਬਲੇ ਤੇ ਕਿੱਟਾਂ ਸਾਂਭਦਾ ਸਾਭਂਦਾ ਆਪ ਵੀ ਟੀਮ ਦਾ ਮੈਂਬਰ ਬਣ ਗਿਆ। 9-10 ਸਾਲ ਦੀ ਉਮਰ ਚ ਪੂਰੀ ਤਰਾਂ ਬੜੇ ਮੁੰਡਿਆਂ ਨਾਲ ਖੇਡਣ ਲੱਗ ਗਿਆ
ਡੈਡੀ ਨੂੰ ਉਹਦਾ ਖੇਡਣਾ ਚੰਗਾ ਨਾ ਲਗਦਾ। ਡਾਕਟਰ, ਇੰਜੀਨੀਅਰ ਬਣਾਣਾ ਚਾਹੁੰਦਾ ਸੀ, ਖਿਡਾਰੀ ਨਹੀਂ। ਮੈਂਨੂੰ ਖੇਡਦੇ ਨੂੰ ਵਿਚੋਂ ਬੁਲਾਣ ਜਾਣਾ ਪੈਂਦਾ। ਬੱਚਾ ਮਿੰਨਤਾਂ ਕਰਦਾ ਕਿ ਥੋੜੀ ਗੇਮ ਰਹਿੰਦੀ ਪਰ ਮੈਨੂੰ ਦੁਬਾਰਾ ਜਾਕੇ ਖਿੱਚ ਕੇ ਲਿਆਣਾ ਪੈਂਦਾ। ਬੜਾ ਚੰਗਾ ਲਗਦਾ ਜਦੋਂ ਵੇਖਣ ਵਾਲੇ ਕਹਿੰਦੇ
” ਅੰਟੀ ਤੁਹਾਡਾ ਬੇਟਾ ਇਕ ਦਿਨ ਕ੍ਰਿਕਟ ਦਾ ਵੱਡਾ ਖਿਡਾਰੀ ਬਣੂਗਾ”
” ਜਦੋਂ ਨਵਜੋਤ ਸਿੱਧੂ ਰਿਟਾਇਰ ਹੋਕੇ ਟੀਮ ਚੋਂ ਬਾਹਰ ਆਏਗਾ ਤਾਂ ਮੇਰੇ ਸਰਦਾਰ ਬੇਟੇ ਨੇ ਜਾਣਾ” ਮੈਨੂੰ ਵੀ ਯਕੀਨ ਹੋ ਗਿਆ ਸੀ।ਓਦੋਂ ਇਹ ਪਟਕਾ ਬੰਨਦਾ ਸੀ।
ਫਿਰ ਜਦੋਂ ਵੀ ਕੋਈ ਕ੍ਰਿਕਟ ਦੀ ਗਲ ਕਰਦਾ ਤਾਂ ਮੈਰਾ ਇਹੀ ਡਾਇਲਾਗ ਹੁੰਦਾ
” ਇਕ ਸਰਦਾਰ ਨੇ ਬਾਹਰ ਆਣਾ ਤਾਂ ਮੇਰੇ ਪੁੱਤ ਸਰਦਾਰ ਨੇ ਜਾਣਾ ਟੀਮ ਚ”
...
ਪਰ ਉਹਦਾ ਕ੍ਰਿਕਟਰ ਬਣਣ ਦਾ ਸੁਪਨਾ ਅਧੂਰਾ ਰਹਿ ਗਿਆ। ਕੈਨੈਡਾ ਆਕੇ ਉਹ ਪੱਗ ਵਾਲਾ ਸਰਦਾਰ ਵੀ ਨੀ ਰਿਹਾ ਤੇ ਖੇਡਾਂ ਤੋਂ ਵੀ ਦੂਰ ਹੋ ਗਿਆ।
ਡਾਕਟਰੀ ਤਾਂ ਔਖੋ ਸੌਖੇ ਕਰ ਲਈ ਪਰ ਬਾਪ ਨਾਲ ਗਿਲਾ ਇਹੀ ਰਿਹਾ ਕਿ ਮੇਰੀ ਮਰਜੀ ਹੋਰ ਸੀ। ਪਰ
ਮੇਰੀ ਸਹਿਮਤੀ ਉਹਦੇ ਨਾਲ ਸੀ । ਅਕਸਰ
ਸਭ ਨੂੰ ਇਹੀ ਕਹਿੰਦੀ
‘ ਮੇਰੇ ਬੇਟਾ ਇੰਟਰਨੈਸ਼ਨਲ ਲੈਵਲ ਦਾ ਕ੍ਰਿਕਟਰ ਬਣਣ ਦੇ ਕਾਬਿਲ ਸੀ। ਨਵਜੋਤ ਸਿੱਧੂ ਦੀ ਥਾਂ ਮੇਰੇ ਪਗੜੀ ਵਾਲੇ ਪੁੱਤ ਨੇ ਮਲਣੀ ਸੀ”
ਹੁਣ 3 ਸਾਲਾਂ ਬਾਅਦ ਅਸੀਂ ਸਾਰੇ ਪ੍ਰੀਵਾਰ ਦੇ ਮੈਂਬਰ ਇਕੱਠੇ ਹੋਏ। ਬੰਬਈ ਤੋਂ ਛੋਟੀ ਬੇਟੀ,ਅਮਰੀਕਾ ਤੋਂ ਵੱਡੀ, ਪ੍ਰੀਵਾਰਾਂ ਨਾਲ। ਜਾਣਕਾਰ ਦੇ ਖਾਣੇ ਤੇ ਸਭ ਬੱਚਿਆਂ ਦੇ ਬਚਪਨ ਤੇ ਸ਼ੌਕਾਂ ਵਾਰੇ ਦੱਸਣ ਲਗੇ ਤਾਂ ਮੇਰੀ ਬੇਟੀ ਮੈਨੂੰ ਖਾਸ ਹਦਾਇਤ ਦੇਣ ਲੱਗੀ
” ਮੰਮੀ! ਹੁਣ ਓਹ ਡਾਇਲਾਗ ਨਾ ਰਪੀਟ ਕਰਿਓ ਸਿੱਧੂ ਨੇ ਬਾਹਰ ਆਣਾ ਤੇ ਮੇਰੇ ਮੁੰਡੇ ਨੇ ਅੰਦਰ ਜਾਣਾ ਸੀ ”
ਮੈਂ ਫਿਰ ਚੁੱਪ ਹੀ ਰਹੀ ।ਸਮਝ ਆ ਗਿਆ ਹਾਲਾਤ ਬਦਲੇ ਹੋਏ ਆ
ਹਰਜੀਤ ਸੈਣੀ