More Punjabi Kahaniya  Posts
ਕਿੰਨੀ ਕਮਲੀ ਹਾਂ ਮੈਂ


ਕਿੰਨੀ ਕਮਲੀ ਹਾਂ ਮੈਂ
ਵੇਖੋ ਜੀ ਮੈ ਤਾਂ ਸੁਣ ਕੇ ਸੁੰਨ ਹੀ ਹੋ ਗਈ ਜਦੋ ਇਸ ਨੇ ਕੁੜੀ ਨੂੰ ਕਹਿਤਾ ਬਈ ਸਾਡੇ ਘਰੇ ਨਾ ਵੜ੍ਹੀ। ਮੇਰਾ ਵੀ ਹੋਕਾ ਜਿਹਾ ਨਿੱਕਲ ਗਿਆ। ਤੇ ਕਾਂਤਾ ਦਰਵਾਜੇ ਕੋਲੇ ਖੜੀ ਮੁਸਕਰੀ ਜਿਹੀ ਹਾਸੀ ਹੱਸਦੀ ਰਹੀ। ਇਸ ਨੇ ਇੱਕ ਵਾਰੀ ਵੀ ਨਹੀ ਕਿਹਾ ਕਿ ਜੀ ਤੁਸੀ ਕੁੜੀ ਨੂੰ ਇੰਜ ਨਾ ਆਖੋ। ਪਰ ਇਹ ਕਿਉਂ ਆਖਦੀ ਹੈ ਸਾਰੀ ਪੁਆੜੇ ਦੀ ਜ੍ਹੜ ਤਾਂ ਇਹੀ ਹੈ।
ਪਰ ਜੀ ਜਵਾਬ ਤਾਂ ਕੁੜੀ ਨੇ ਵੀ ਪਟਾਕ ਦਿਨੇ ਮੂੰਹ ਤੇ ਮਾਰਿਆ। ਕਹਿੰਦੀ ਮੈਂ ਤੇਰੇ ਘਰੇ ਕਦੋਂ ਆਉਂਦੀ ਹਾਂ। ਮੈ ਤਾਂ ਮੇਰੀ ਮਾਂ ਨੂੰ ਮਿਲਣ ਆਉੱਦੀ ਹਾਂ। ਤੇਰੇ ਘਰੇ ਤਾਂ ਮੈਂ ਤੇਰੇ ਰੱਖੇ ਪਾਠ ਤੇ ਨਹੀ ਆਈ। ਤੇਰੇ ਮੁੰਡੇ ਦੇ ਮੰਗਣੇ ਤੇ ਨਹੀ ਆਈ ਤੇ ਨਾ ਹੀ ਉਸਦੇ ਵਿਆਹ ਤੇ ਆਈ ਸੀ। ਪਤਾ ਹੈ ਮੈਨੂੰ ਤੇਰੇ ਘਰੇ ਤਾਂ ਤੇਰਾ ਸਹੁਰਾ ਪਰਿਵਾਰ ਹੀ ਆ ਸਕਦਾ ਹੈ। ਫਿਰ ਇਹ ਮੂਤ ਦੀ ਝੱਗ ਤਰਾਂ ਬੈਠ ਗਿਆ ਤੇ ਇਸ ਨੂੰ ਕੋਈ ਗੱਲ ਨਾ ਆਉੜੀ।
ਬੀਜੀ ਜੀ ਨੂੰ ਚੋਵੀ ਘੰਟੇ ਬਸ ਓਹੀ ਗੱਲਾਂ ਯਾਦ ਆਉਂਦੀਆਂ ਰਹਿੰਦੀਆਂ। ਇਹ ਓਹੀ ਘਰ ਹੈ ਜਿੱਥੇ ਧੀ ਭੈਣ ਤੇ ਭੁਆ ਵਿੱਚ ਕੋਈ ਫਰਕ ਨਹੀ ਸਮਝਿਆ ਜਾਂਦਾ ਸੀ। ਜਿੱਥੇ ਮਮੂਲੀ ਤਨਖਾਹ ਵਾਲਾ ਜੇਬੀਟੀ ਮਾਸਟਰ ਪੰਜ ਪੰਜ ਭੈਣਾਂ ਦੇ ਕਾਰਜ ਕਰਦਾ ਹੋਇਆ ਕਦੇ ਵੀ ਮੱਥੇ ਤੇ ਵੱਟ ਨਾ ਪਾਉਂਦਾ। ਤੇ ਉਹ ਵੀ ਨਨਾਣਾ ਲਈ ਆਪਣੀ ਪੇਕਿਆ ਦੇ ਦਾਜ ਵਾਲੀ ਪੇਟੀ ਖੋਲ ਦਿੰਦੀ ਸੀ। ਲੈ ਲੋ ਜੀ ਜੋ ਚਾਹੀਦਾ ਹੈ ਪਰ ਦਿਮਾਗ ਤੇ ਭੋਰਾ ਟੈਂਸਨ ਨਾ ਲਿਉ। ਜੋ ਹੈ ਜੀ ਬੱਸ ਆਪਣਾ ਹੈ । ਮੈ ਕੀ ਕਰਨਾ ਹੈ। ਤੁਸੀ ਭੈਣਾਂ ਦੇ ਕਾਰਜ ਨੇਪਰੇ ਚਾੜੋ। ਤੇ ਇਹ ਵੀ ਇਸਦੇ ਹੋਸਲੇ ਨਾਲ ਚਿੰਤਾ ਮੁਕਤ ਹੋ ਜਾਂਦੇ।
ਪਰ ਗੱਲ ਤਾਂ ਸਾਰੀ ਇਹਨਾ ਦੇ ਜਾਣ ਮਗਰੋ ਵਿਗੜੀ। ਹਰ ਇੱਕ ਨੂੰ ਆਜਾਦੀ ਤਾਂ ਇਹਨਾ ਨੇ ਜਿਉਂਦੇ ਜੀ ਹੀ ਦੇ ਦਿੱਤੀ ਸੀ। ਇਹ ਪਰੀਵਾਰਾਂ ਵਾਲੇ ਬਣ ਗਏ। ਤੇ ਭੁੱਲ ਗਏ ਮਾਂ ਪਿਉ ਦੇ ਦੁੱਖਾਂ ਨੂੰ। ਬੱਸ ਇਹਨਾ ਨੂੰ ਆਪਣੇ ਬੱਚੇ ਤੇ ਆਪਣੇ ਸਹੁਰੇ ਹੀ ਦਿਸਦੇ ਹਨ। ਭੂਆ ਭੈਣਾਂ ਤਾਂ ਬੋਝ ਲੱਗਣੀਆਂ ਹੀ ਸਹੀ ਇਹਨਾਂ ਨੂੰ ਤਾਂ ਹੁਣ ਮਾਂ ਵੀ ਬੋਝ ਲੱਗਦੀ ਹੈ। ਮਾਂ ਦੀ ਰੋਟੀ ਹੀ ਪਹਾੜ ਲੱਗਦੀ ਹੈ। ਪੈਸੇ ਦੇ ਹੰਕਾਰ ਨੇ ਇਹਨਾ ਦਾ ਦਿਮਾਗ ਹੀ ਹਿਲਾ ਦਿੱਤਾ। ਬਸ ਆਪਣੀ ਕਬੀਲਦਾਰੀ ਵਿੱਚ ਮਸਤ ਹੋਕੇ ਸਭ ਨੂੰ ਭੁੱਲ ਬੈਠੇ ਹਨ।
ਤੁਸੀ ਤਾਂ ਜੀ ਠੀਕ ਹੀ ਕਿਹਾ ਸੀ ਜੀ । ਆਪਾਂ ਨੂੰ ਆਪਣਾ ਪਿੰਡ ਆਲਾ ਘਰ ਨਹੀ ਸੀ ਵੇਚਣਾ ਚਾਹੀਦਾ। ਇਹ ਤੁਹਾਨੂੰ ਵੀ ਤਾਂ ਮੋਕੇ ਬੇਮੋਕੇ ਗਰਮ ਬੋਲਦਾ ਸੀ ਤੇ ਤੁਸੀ ਕਹਿੰਦੇ ਸੀ ਕਿ ਆਪਣੇ ਕੋਲ ਆਪਣੀ ਪੈਨਸ਼ਨ ਹੈਗੀ ਫਿਰ ਆਪਾਂ ਕਿਉ ਕਿਸੇ ਦੀ ਕਿੱਚ ਕਿੱਚ ਸਹੀਏ। ਜੇ ਆਪਣੇ ਕੱਚੇ ਕੋਠੇ ਆਪਣੇ ਹੁੰਦੇ ਤਾਂ ਆਪਾਂ ਜੀ ਉਥੇ ਜਾਕੇ ਬੈਠ ਜਾਂਦੇ।ਫਿਰ ਚਾਹੇ ਧੀ ਮਿਲਣ ਆਉੱਦੀ ਚਾਹੇ ਭੈਣ।
ਪਰ ਜੀ ਮੈਨੂੰ ਤਾਂ ਇਸ ਗੱਲ ਦੀ ਸਮਝ ਨਹੀ ਆਈ ਕਿ ਆਪਣਾ ਸਾਂਝਾ ਮਕਾਨ ਵੇਚਣ ਦੀ ਇੰਨੀ ਕਾਹਲੀ ਕਿਉਂ ਕੀਤੀ। ਤੁਸੀ ਵੀ ਨਾ ਸੋਚਿਆ ਭੋਰਾ ਵੀ। ਅੋਲਾਦ ਦਾ ਕੀ ਭਰੋਸਾ ਹੁੰਦਾ ਹੈ। ਆਪਣੇ ਬੁਢਾਪੇ ਦਾ ਇੰਤਜਾਮ ਕਰਕੇ ਰੱਖਣਾ ਚਾਹੀਦਾ ਸੀ। ਮਿੰਟਾ ਚ ਹੀ ਇੰਨੀਆਂ ਮਿਹਨਤਾ ਨਾਲ ਬਣਾਇਆ ਘਰ ਵੇਚ ਦਿੱਤਾ ਤੇ ਪੈਸੇ ਵੀ ਇੰਨਾ ਨੂੰ ਵੰਡ ਦਿੱਤੇ। ਨਾ ਦੱਸੋ ਪੈਸੇ ਕੀ ਭੱਜਦੇ ਸਨ। ਹੁਣ ਅਗਲੇ ਕੋਠੀਆਂ ਵਾਲੇ ਹੋ ਗਏ ਤੇ ਮੈ ਬੇਘਰ ਹੋ ਗਈ। ਮੰਨੋ ਨਾ ਮੰਨੋ ਗਲਤੀ ਤਾਂ ਹੋਈ ਹੈ ਨਹੀ ਤਾਂ ਆਹ ਦਿਨ ਨਾ ਦੇਖਣੇ ਪੈਂਦੇ।ਮੈ ਕੱਚੇ ਢਾਰਿਆਂ ਵਿੱਚ ਆਪਣਾ ਰੰਡੇਪਾ ਕੱਟ ਲੈੱਦੀ। ਮੈਂ ਮਰ ਕਿਉਂ ਨਾ ਗਈ ਜਦੋ ਮੇਰੇ ਸਾਹਮਣੇ ਇਹਨੇ ਇਸ ਘਰ ਜੀ ਜੰਮੀ ਨੂੰ ਐਡੀ ਵੱਡੀ ਗੱਲ ਆਖ ਦਿੱਤੀ।
ਮੈ ਤਾਂ ਇੱਕ ਦਿਨ ਵੱਡੇ ਨੂੰ ਗੱਲਾਂ ਗੱਲਾਂ ਵਿੱਚ ਕਹਿ ਦਿੱਤਾ ਸੀ ਕਿ ਭਾਈ ਅਸੀ ਤਾਂ ਆਪਣਾ ਘਰ ਵੇਚ ਕੇ ਗਲਤੀ ਕਰ ਲਈ । ਸਾਡੇ ਤਾਂ ਚਾਰ ਪੁੱਤ ਹਨ ਸਾਨੂੰ ਇੱਕ ਨਾ ਰੱਖੂ ਦੂਜਾ ਸਹੀ ਦੂਜਾ ਨਹੀ ਤੀਜਾ ਚੋਥਾ ਕੋਈ ਤਾਂ ਰੱਖੂ। ਪਰ ਤੁਸੀ ਇਹ ਗਲਤੀ ਨਾ ਕਰਿਉ। ਤੁਹਾਡੇ ਚਾਰਾਂ ਦੇ ਤਾਂ ਇੱਕ ਇੱਕ ਮੁੰਡਾ ਹੈ ਤੇ ਜੇ ਉਸਨੇ ਤੁਹਾਨੂੰ ਬੁਢਾਪੇ ਚ ਆਪਣੇ ਕੋਲ ਨਾ ਰੱਖਿਆ ਤਾਂ ਤੁਹਾਡਾ ਕੀ ਬਣੂ। ਇਹਨਾ ਸੁਣ ਕੇ...

ਵੱਡੇ ਦਾ ਮੂੰਹ ਉਤਰ ਗਿਆ ਸੀ ਤੇ ਨਹੀ ਨਹੀ ਕਰਦਾ ਸੀ।
ਵੈਸੇ ਜੀ ਤੁਸੀ ਚੰਗੇ ਨਿੱਕਲ ਗਏ ਜੋ ਇਹਨਾ ਤੋ ਸਮੇ ਨਾਲ ਖਹਿੜਾ ਛੁਡਾ ਗਏ। ਮੈਨੂੰ ਵਿਚਾਲੇ ਛੱਡ ਗਏ ਇਹਨਾ ਦੀਆਂ ਬੁੜਬੜੀਆਂ ਸਹਿਣ ਨੂੰ। ਤੁਸੀ ਵੀ ਮੇਰੇ ਨਾਲ ਠੀਕ ਨਹੀ ਕੀਤਾ। ਪਰ ਇਹਨਾ ਨੂੰ ਖੁਲ੍ਹੀਆਂ ਛੂਟਾਂ ਦੇਣ ਵਾਲੇ ਵੀ ਤਾਂ ਤੁਸੀ ਹੀ ਸੀ। ਜੇ ਬਚਪਣ ਤੋ ਹੀ ਨਕੇਲ ਪਾਕੇ ਰੱਖੀ ਹੁੰਦੀ ਤਾਂ ਇਹਨਾ ਦੀ ਕੀ ਮਜਾਲ ਸੀ ਮੈਨੂੰ ਜਾ ਮੇਰੀ ਧੀ ਨੂੰ ਅਵਾ ਤਵਾ ਬੋਲ ਜਾਂਦੇ। ਹੁਣ ਇਹ ਸਾਨੂੰ ਮੁੱਲ ਦੀ ਰੋਟੀ ਦੇਣ ਤੋਂ ਵੀ ਕੰਨੀ ਕਤਰਾਉਦੀਆਂ ਹਨ। ਇਹਨਾ ਦੀ ਨੀਤ ਤਾਂ ਉਦੋ ਹੀ ਦਿੱਖ ਗਈ ਸੀ ਜਦੋ ਛੋਟਾ ਸਾਨੂੰ ਇਕੱਲਿਆਂ ਨੂੰ ਪਿੰਡ ਛੱਡ ਆਇਆ ਸੀ ਤੇ ਆਪ ਸਹਿਰ ਮਕਾਨ ਲੈਕੇ ਰਹਿਣ ਲੱਗ ਪਿਆ ਸੀ। ਪਰ ਆਪਾਂ ਉਦੋ ਵੀ ਨਹੀ ਸਮਝੇ।
ਬੀਜੀ ਉਠੋ ਆਪਾਂ ਸੈਰ ਨੂੰ ਲੇਟ ਹੋ ਗਏ। ਨਾਲੇ ਤੁਸੀ ਕੀ ਬੁੜਬੁੜਾ ਰਹੇ ਸੀ। ਤੁਹਾਡੀ ਤਾਂ ਧੜਕਣ ਬਹੁਤ ਤੇਂ ਹੋਈ ਪਈ ਹੈ। ਵੱਡੇ ਨੇ ਮੈਨੂੰ ਹਲੂਣ ਕੇ ਉਠਾਇਆ। ਪਰ ਉਸਨੂੰ ਕੀ ਦੱਸਾਂ ਮੈ ਤੇਰੇ ਹੀ ਦਿੱਤੇ ਦੁੱਖ ਤੇਰੇ ਪਿਤਾ ਜੀ ਕੋਲ ਫਰੋਲਕੇ ਮਨ ਹੋਲਾ ਕਰ ਰਹੀ ਸੀ। ਉਸ ਨੇ ਮੇਰੇ ਸਿਰਹਾਣੇ ਰੱਖਿਆ ਤਾਂਬੇ ਦੇ ਗੜਵੇ ਚ ਰੱਖਿਆ ਪਾਣੀ ਚੁੱਕ ਕੇ ਪੀਣ ਨੂੰ ਦਿੱਤਾ । ਤੇ ਮੈ ਇੱਕੋ ਸਾਹ ਸਾਰਾ ਪਾਣੀ ਪੀ ਗਈ। ਸੱਚੀ ਸੁਫਨੇ ਵੀ ਕਿੰਨੇ ਅਜੀਬ ਹੁੰਦੇ ਹਨ। ਆਦਮੀ ਨਾਲ ਜੋ ਬੀਤਦੀ ਹੈ ਜੋ ਉਸ ਦੇ ਦਿਲ ਵਿੱਚ ਹੁੰਦਾ ਹੈ ਤੇ ਜੋ ਉਹ ਬੋਲ ਨਹੀ ਸਕਦਾ ਜਾ ਇਉ ਕਹਿ ਲਵੋ ਉਸ ਨੂੰ ਜੋ ਬੋਲਣ ਨਹੀ ਦਿੱਤਾ ਜਾਂਦਾ ਉਹੀ ਸੁਫਨੇ ਵਿੱਚ ਬੋਲਕੇ ਆਪਣਾ ਮਨ ਹੋਲਾ ਕਰ ਲੈਂਦਾ ਹੈ। ਇੱਕ ਵਾਰੀ ਤਾਂ ਮੇਰੇ ਦਿਲ ਵਿੱਚ ਆਇਆ ਕਿ ਸੁਫਨੇ ਵਾਲੀ ਸਾਰੀ ਗੱਲ ਇਸਦੇ ਕੰਨਾਂ ਵਿੱਚਦੀ ਕੱਢ ਦਿਆਂ। ਫਿਰ ਸੋਚਿਆ ਕਾਹਨੂੰ ਮਨਾਂ ਮੂੰਹ ਦਾ ਸਵਾਦ ਖਰਾਬ ਕਰਨਾ ਹੈ ਜਦੋ ਰੋਟੀ ਵੀ ਤਾਂ ਇਥੋ ਹੀ ਖਾਣੀ ਹੈ। ਮੰਨਿਆ ਕੇ ਇਹ ਡਰਾਮੇ ਵੀ ਬਹੁਤ ਕਰਦਾ ਹੈ ਪਰ ਦੂਜਿਆ ਨਾਲੋ ਫਿਰ ਵੀ ਚੰਗਾ ਹੈ ਰੋ ਪਿੱਟ ਕੇ ਹੀ ਸਹੀ ਪੈਸੇ ਲੈਕੇ ਹੀ ਸਹੀ ਰੋਟੀ ਤਾਂ ਦਿੰਦਾ ਹੈ ਤੇ ਵੇਲੇ ਕੁਵੇਲੇ ਦਵਾਈ ਵੀ ਦਿਵਾਉਦਾ ਹੈ । ਅੋੜ ਪੋੜ ਵੀ ਕਰਦਾ ਹੈ। ਉਹ ਤਾਂ ਭੋਰਾ ਪੁਛਦੇ ਵੀ ਨਹੀ ਕਿ ਬੀਜੀ ਠੀਕ ਹੋ।ਕਦੇ ਰੋਟੀ ਪਾਣੀ ਵੀ ਨਹੀ ਪੁਛਿਆ। ਗੇੜਾ ਵੀ ਕੰਮ ਮਤਲਬ ਵੇਲੇ ਹੀ ਮਾਰਦੇ ਹਨ। ਮੈ ਕੀ ਕਰਨਾ ਉਹਨਾ ਦੀਆਂ ਚਾਰ ਕਨਾਲਾਂ ਵਾਲੀ ਸਰਕਾਰੀ ਕੋਠੀ ਨੁੰ ਜਿੱਥੇ ਮੈਨੂੰ ਕਦੇ ਰਾਤ ਕੱਟਣ ਦਾ ਹੁਕਮ ਨਹੀ ਹੋਇਆ। ਭਾਂਵੇ ਚਾਰ ਚਾਰ ਨੋਕਰ ਹੋਣ ਉਸਦੇ ਘਰੇ ਮੈਨੂੰ ਕਿਸੇ ਨੇ ਕਦੇ ਪਾਣੀ ਦਾ ਗਿਲਾਸ ਨਹੀ ਫੜਾਇਆ।ਭਾਵੇ ਕੋਈ ਕਿੱਨਾ ਪੈਸੇ ਵਾਲਾ ਹੀ ਕਿਉ ਨਾ ਹੋਵੇ ਕਿੰਨਾ ਵੱਡਾ ਅਫਸਰ ਬਣ ਗਿਆ ਹੋਵੇ। ਮੈਨੂੰ ਕੀ ਭਾਅ।ਮੈਨੂੰ ਤਾਂ ਇਹ ਡਰਾਮੇ ਬਾਜ ਹੀ ਚੰਗਾ ਹੈ । ਸਰਮੋ ਸਰਮੀ ਸੰਭਾਲਦਾ ਤਾਂ ਹੈ। ਲੋਕਾਂ ਚ ਇੱਜਤ ਤਾਂ ਬਣੀ ਹੈ ਭੋਰਾ। ਕਿਸੇ ਦੇ ਬੈਠੇ ਤੋਂ ਤਾਂ ਬੇਜਿਤੀ ਨਹੀ ਕਰਦਾ। ਨੱਕ ਬੁਲ੍ਹ ਚੜਾ੍ਹਕੇ ਹੀ ਸਹੀ ਦੋ ਟਾਇਮ ਰੋਟੀ ਤਾਂ ਦਿੰਦੀ ਹੈ।ਬੋਲਣ ਦਾ ਹੀ ਕੱਬਾ ਹੈ। ਮੈ ਉਠ ਕੇ ਉਸਦੇ ਨਾਲ ਸੈਰ ਲਈ ਤੁਰ ਪੈੱਦੀ ਹਾਂ।ਉਹ ਹੱਥ ਫੜ੍ਹਕੇ ਮੈਨੂੰ ਤੋਰਦਾ ਹੈ। ਨਾਲੇ ਉਹ ਰੋਟੀ ਦਿੰਦਾ ਹੈ ਸੰਭਾਲ ਕਰਦਾ ਹੈ ਪਰ ਫਿਰ ਵੀ ਉਸੇਦੇ ਖਿਲਾਫ ਸਕਾਇਤਾਂ ਕਰਦੀ ਰਹਿੰਦੀ ਹਾਂ ਤੇ ਜੋ ਸੰਭਾਲ ਨਹੀ ਕਰਦੇ। ਕਦੇ ਬਾਤ ਨਹੀ ਪੁਛਦੇ।ਕਦੇ ਮੇਰੀ ਧੀ ਨੂੰ ਨਹੀ ਸੰਭਾਲਦੇ। ਕਿਸੇ ਤਿੱਥ ਤਿਉਹਾਰ ਤੇ ਵੀ ਗੇੜਾ ਨਹੀ ਮਾਰਦੇ। ਹੋਰ ਤਾਂ ਹੋਰ ਉਹ ਮਹਾਂਰਾਣੀ ਤਾਂ ਮੇਰਾ ਹਸਪਤਾਲ ਚ ਪਤਾ ਲੈਣ ਵੀ ਨਹੀ ਆਈ ਸੀ। ਅਖੇ ਬੀਜੀ ਮੈ ਥੱਕ ਜਾਂਦੀ ਹਾਂ। ਫਿਰ ਵੀ ਮੈਂ ਉਹਨਾ ਨੂੰ ਕੁਝ ਨਹੀ ਕਹਿੰਦੀ । ਕਦੇ ਨਹੀ ਕਿਹਾ ਵੇ ਮੈ ਸੋਡੀ ਵੀ ਮਾਂ ਹਾਂ । ਤੁਹਾਨੂੰ ਵੀ ਆਪਣੀ ਕੁੱਖ ਚੋ ਜਨਮ ਦਿੱਤਾ ਹੈ। ਸਚੀ ਕਿੰਨੀ ਕਮਲੀ ਹਾਂ ਮੈ ।
ਰਮੇਸ ਸੇਠੀ ਬਾਦਲ
ਮੋ 98 766 27 233

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)