30-32 ਸਾਲ ਪਹਿਲਾਂ ਦੀ ਗੱਲ ਆ। ਬਹੁਤੇ ਪ੍ਰੀਵਾਰ ਕੈਨੇਡਾ ਦੇ ਇਕ ਰੀਮੋਟ ਪੇਂਡੂ ਇਲਾਕੇ ਚ ਰਹਿੰਦੇ ਸੀ( ਜਿਹੜਾ ਸ਼ਹਿਰੋਂ ਦੂਰ ਕਈ ਸੁੱਖ ਸਹੂਲਤਾਂ ਤੋਂ ਵਾਂਝਾ ਹੁੰਦਾ) ਫਿਰ ਬੱਚਿਆਂ ਦੀ ਉਚੇਰੀ ਪੜ੍ਹਾਈ ਲਈ ਵੱਡੇ ਸ਼ਹਿਰਾਂ ਚ ਜਾ ਵਸਦੇ।
ਮੰਗਾ(ਮੰਗਲ ਸਿੰਘ)ਵੀ ੳਹਨਾਂ ਦਿਨਾਂ ਚ ਆਪਣੇ ਪ੍ਰੀਵਾਰ ਨਾਲ ਉੱਥੇ ਰਹਿੰਦਾ ਸੀ। ਫਿਰ ਇੰਡੀਆ ਤੋਂ ਵਿਆਹ ਲਿਆਇਆ ਜੋਤ ਨਾ ਦੀ ਇਕ ਸੰਸਕਾਰੀ ਕੁੜੀ ਜਿਹੜੀ ਸ਼ਕਲੋਂ ਵੀ ਤੇ ਅਕਲੋਂ ਵੀ ਪਹਿਲੇ ਨੰਬਰ ਤੇ ਸੀ। ਆਂਦੀ ਨੇ ਹਰ ਇੱਕ ਦਾ ਦਿੱਲ ਜਿੱਤ ਲਿਆ ਸੀ।
ਇੱਕ ਸੰਪੂਰਨ ਜੋੜਾ ਸੀ ਸਭ ਦੀ ਨਜ਼ਰ ਚ।
ਉਦੋਂ ਭਾਣਾ ਵਰਤ ਗਿਆ ਜਦੋਂ ਇਹਨਾਂ ਦੀ ਬੇਟੀ ਮੀਨੂੰ 3 ਸਾਲ ਤੇ ਬੇਟਾ ਗਗਨ 6 ਸਾਲ ਦਾ ਸੀ।
ਰੋਟੀ ਖਾਂਦਿਆਂ ਖਾਂਦਿਆਂ ਜੋਤ ਨੂੰ ਐਸਾ ਗੋਤਾ ਲੱਗਾ ਕਿ ਸਾਹ ਆਣਾ ਬੰਦ ਹੋ ਗਿਆ। ਸਾਰਿਆਂ ਨੂੰ ਹੱਥਾਂ ਪੈਰਾਂ ਦੀ ਪੈ ਗਈ। ਡਾਕਟਰੀ ਸਹਾਇਤਾ ਮਿਲਣ ਤੋਂ ਪਹਿਲਾਂ ਈ ਨਬਜ ਬੰਦ ਹੋ ਗਈ। ਕਲਪਦੇ ਬਚਿਆਂ ਨੂੰ ਵੇਖ ਮੰਗਲ ਨੂੰ ਐਨਾ ਈ ਇਸ਼ਾਰਾ ਕਰ ਸਕੀ
” ਇਨ੍ਹਾਂ ਦਾ ਖਿਆਲ ਰੱਖੀਂ”
ਫਿਰ ਉਸ ਦਿਨ ਤੋਂ ਬਾਅਦ ਮਾਂ ਦਾ ਮੰਗਾ ਆਪਣੇ ਬਚਿਆਂ ਲਈ ਮਾਂ ਬਣ ਗਿਆ। ਨੁਹਾ-ਧੁਆ ਕੇ ਤਿਆਰ ਕਰਨਾ,ਖੁਆਣਾ ਪਿਆਣਾ, ਸਕੂਲ ਛੱਡਣਾ ਲਿਆਣਾ, ਖੇਡਾਂ ਲਈ ਲੈ ਕੇ ਜਾਣਾ, ਸਭ ਕੁੱਝ ਆਪ ਸਾਂਭ ਲਿਆ ਜੋ ਦੋਨੋ ਵੰਡ ਕੇ ਕਰਦੇ ਸੀ। ਕੰਮ ਰਾਤ ਦਾ ਲੈ ਲਿਆ ਸੀ।ਭੈਣ ਭਰਾਵਾਂ ਨੇ ਵਾਸਤੇ ਪਾਏ ਹੋਰ ਵਿਆਹ ਲਈ ਪਰ ਉਹਦਾ ਜੁਆਬ ਇਹੀ ਹੁੰਦਾ
“ਮੈਂਨੂੰ ਕੋਈ ਔਖ ਨਹੀਂ ਤੇ ਮੈਨੂੰ ਲਗਦਾ ਸਾਰੇ ਕੰਮਾਂ ਚ ਜੋਤ ਮੇਰੇ ਨਾਲ ਹੀ ਹੁੰਦੀ ਆ”
ਬੱਚਿਆਂ ਦੇ ਯੂਨੀਵਰਸਿਟੀ ਜਾਣ ਕਰਕੇ ਵੱਡੇ ਸ਼ਹਿਰ ਆ ਵਸੇ। 4 ਸਾਲ ਪਹਿਲਾਂ ਧੀਅ ਮੀਨੂੰ ਵਿਆਹੀ ਤਾਂ ਡੋਲੀ ਚੜਣ ਲਗਿਆਂ ਧਾਹੀਂ ਰੋਈ ਸੀ।
“ਡੈਡ! ਮੈ ਨਾਲਦੇ ਟਾਉਨ ਚ ਈ ਆਂ। ਯਾਦ ਕਰੀਂ ਮੈਂ ਤੇਰੇ ਕੋਲ ਖੜ੍ਹੀ ਹੋਊਂ”
ਮੰਗੇ ਨੂੰ ਲਗਿਆ ਅਜ ਫਿਰ ਜੋਤ ਉਹਨੂੰ ਛੱਡ ਗਈ ਕਿਉਂਕਿ ਜਵਾਨ ਹੁੰਦੀ...
ਮੀਨੂੰ ਚੋਂ ਉਹਨੂੰ ਜੋਤ ਦਾ ਝਾਉਲਾ ਪੈਣ ਲਗ ਗਿਆ ਸੀ। ਉਦਾਸ ਮਨ ਨੂੰ ਸੰਭਾਲਣ ਲਈ ਕਈ ਚਿਰ ਲਗ ਗਿਆ।
2 ਸਾਲ ਪਹਿਲਾਂ ਗਗਨ ਦਾ ਵੀ ਨਾਲ ਪੜ੍ਹਦੀ ਕੁੜੀ ਨਾਲ ਵਿਆਹ ਕਰ ਦਿੱਤਾ। ਉਹ ਕੁੜੀ ਮੌਜ ਮਸਤੀ ਹੀ ਕਰਨ ਵਾਲੀ ਆ।ਹੁਣ ਜਿੰਦਗੀ ਬਿਲਕੁੱਲ ਬਦਲ ਗਈ। ਬਹੂ ਵਲੋ ਬੇਸਮੈਂਟ ਚ ਰਹਿਣ ਦਾ ਹੁਕਮ ਹੋਇਆ। ਭੁੱਖ ਮਰ ਗਈ,ਕਮਜ਼ੋਰੀ ਆ ਗਈ। ਟੈਸਟ ਕਰਵਾਉਣ ਤੇ ਪਤਾ ਲੱਗਾ ਕਿ ਪ੍ਰੋਸਟੇਟ ਦਾ ਕੈਂਸਰ ਆ।ਇਲਾਜ ਲਈ ਹਸਪਤਾਲ ਜਾਣਾ ਪੈਂਦਾਂ।
ਧੀਅ ਨੂੰ ਜਵਾਈ ਨਾ ਆਣ ਦਿੰਦਾ
” ਤੂੰ ਆਪਣਾ ਛੱਡ ਕੇ ਭੱਜਦੀ ਆ। ਜਿਹੜੇ ਕੋਲ ਰਹਿੰਦੇ ਓਹ ਨੀ ਕਰ ਸਕਦੇ? ੳਹਨਾਂ ਦਾ ਵੀ ਪਿਓ ਆ”
ਫਿਰ ਵੀ ਉਹ ਚੋਰੀ ਚੋਰੀ ਚਕਰ ਮਾਰ ਜਾਂਦੀ।
ਉਤੇ ਘਰ ਚ ਦੇਰ ਤੱਕ ਹੁੰਦੀਆਂ ਪਾਰਟੀਆਂ ਤੇ ਹਾਸਿਆਂ ਦੇ ਛਣਕਾਟੇ ਉਹਦੀ ਨੀਂਦ ਖਰਾਬ ਕਰਦੀਆਂ। ਇਕ ਦਿਨ ਮੰਗੇ ਨੇ ਆਪਣੀ ਸੇਹਤ ਦਾ ਵਾਸਤਾ ਪਾਕੇ ਕਿਹਾ।
” ਬਹੁਤਾ ਰੌਲਾ ਬਰਦਾਸ਼ਤ ਨੀ ਹੁੰਦਾ। ਟਾਇਮ ਨਾਲ ਸੌਂ ਜਾਇਆ ਕਰੋ”
ਬਹੂ ਦਾ ਮੋੜਵਾਂ ਜੁਆਬ ਸੀ।
“ਸਾਡੀ ਆਪਣੀ ਲਾਈਫ ਆ ਜਿਵੇਂ ਮਰਜੀ ਜੀਏ”
” ਮੈਂ ਤਾਂ ਤੁਹਾਡੇ ਪਿੱਛੇ—–”
ਗਲ ਪੂਰੀ ਹੋਣ ਤੋਂ ਪਹਿਲਾਂ ਹੀ ਗਗਨ ਬੋਲ ਪਿਆ
” ਡੈਡ!ਅਸੀਂ ਤਾ ਪਲ ਹੀ ਜਾਣਾ ਸੀ। ਤੁਸੀਂ ਆਪਣਾ ਸਾਥ ਲੱਭ ਲੈਂਦੇ।ਹੁਣ ਸਾਨੂੰ ਨ ਸੁਣਾਓ।”
ਮੰਗੇ ਨੂੰ ਯਾਦ ਆਇਆ ਉਹਦੀ ਮਾਂ ਆਪਣੇ ਮਰਨ ਤਕ ਮਿੰਤਾ ਕਰਦੀ ਰਹੀ।
” ਪੁੱਤ ਕੋਈ ਸਾਥ ਲੱਭ ਲਾ।ਕਦੇ ਤੁੰ ਜਰੂਰ ਕੱਲਾ ਮਸੂਸ ਕਰੇਂਗਾ ”
ਇਹ ਸੱਭ ਕੁੱਝ ਜਾਣਕੇ ਮੈੰ ਸੋਚਦੀ ਆਂ
ਕੁਰਬਾਨ ਹੋਣਾ ਔਰਤ ਦੇ ਹਿੱਸੇ ਹੀ ਨਹੀਂ। ਕਈ ਮਰਦ ਵੀ ਆਪਣਾ ਸਾਰਾ ਕੁੱਝ ਵਾਰ ਦਿੰਦੇ ਬਚਿਆਂ ਲਈ ।
ਹਰਜੀਤ ਸੈਣੀ