More Punjabi Kahaniya  Posts
ਲੱਕੜਦੀਨ


ਕਹਾਣੀ : ਲੱਕੜਦੀਨ
ਆਥਣ ਦਾ ਸਮਾਂ ਸੀ ਤੇ ਮੈਂ ਟਹਿਲਣ ਜਾ ਰਿਹਾ ਸੀ, ਇਸ ਕੱਚੇ ਪਹੇ ’ਤੇ ਕਦੇ ਹੀ ਕੋਈ ਮਿਲਦਾ ਸੀ ਕਿਉਂਕਿ ਇਹ ਰਾਹ ਅੱਗੋਂ ਕਿਸੇ ਪਿੰਡ ਨੂੰ ਨੀ ਸੀ ਜਾਂਦਾ, ਬਸ ਸਾਡੇ ਪਿੰਡ ਤੋਂ ਅੱਧਾ ਕੁ ਮੀਲ ਦੂਰ ਸ਼ਮਸ਼ਾਨ ’ਚ ਜਾ ਕੇ ਮੁੱਕ ਜਾਂਦਾ ਸੀ, ਮੈਨੂੰ ਇਹ ਗੱਲ ਕਮਾਲ ਦੀ ਲੱਗਦੀ ਸੀ ਕਿਉਂਕਿ ਸ਼ਮਸ਼ਾਨ ’ਚ ਆ ਕੇ ਤਾਂ ਇਨਸਾਨ ਦਾ ਸਾਰਾ ਸਫ਼ਰ ਹੀ ਖ਼ਤਮ ਹੋ ਜਾਂਦਾ ਏ, ਫੇਰ ਇਸ ਤੋਂ ਅੱਗੇ ਰਾਹ ਦੀ ਕੀ ਲੋੜ, ਏਸ ਰਾਹ ’ਤੇ ਤਾਂ ਓਹੀ ਆਉਂਦਾ ਜੀਹਦੇ ਸਾਹ ਖ਼ਤਮ ਹੁੰਦੇ ਨੇ, ਤੁਰਦੇ-ਤੁਰਦੇ ਮੈਨੂੰ ‘ਸਾਹ ਖਤਮ ਤੇ ਰਾਹ ਖਤਮ’ ਵਾਲਾ ਕਾਫ਼ੀਆ ਮਿਲ ਗਿਆ। ਏਨੇ ਨੂੰ ਮੇਰੀ ਨਜ਼ਰ ਸ਼ਮਸ਼ਾਨ ਵਿੱਚ ਲੱਕੜਾਂ ਪਾੜ ਰਹੇ ਲੱਕੜਦੀਨ ’ਤੇ ਪਈ, ਲੱਕੜਦੀਨ ਸਿਆਣੀ ਉਮਰ ਦਾ ਬਜ਼ੁਰਗ ਲੱਕੜਹਾਰਾ ਸੀ ਤੇ ਸ਼ਮਸ਼ਾਨ ’ਚ ਲੱਕੜਾਂ ਵੇਚਣ ਦਾ ਕੰਮ ਕਰਦਾ ਸੀ, ਉਹਦੀ ਉਮਰ ਦਾ ਸਤਿਕਾਰ ਕਰਦੇ ਹੋਏ ਮੈਂ ਉਸ ਨੂੰ ਤਾਇਆ ਕਹਿੰਦਾ ਸੀ, ਹਾਲੇ ਮੈਂ ਉਸ ਤੋਂ ਕਾਫ਼ੀ ਦੂਰ ਸੀ ਪਰ ਉਹਦੇ ਵਾਰ-ਵਾਰ ਉਪਰ ਉੱਠਦੇ ਕੁਹਾੜੇ ਤੋਂ ਅੰਦਾਜ਼ਾ ਲਾਇਆ ਕਿ ਉਹ ਲੱਕੜਾਂ ਪਾੜ ਰਿਹਾ ਹੈ, ਮੈਂ ਇਹ ਸੋਚ ਕੇ ਮੁਸਕਰਾ ਪਿਆ ਕਿ ਉਹ ਲੱਕੜਾਂ ’ਤੇ ਕੁਹਾੜਾ ‘ਹੂੰ’ ਕਹਿ ਕੇ ਮਾਰਦਾ ਹੋਣਾ, ਏਹ ਉਹਦੀ ਆਦਤ ਸੀ, ਉਹਨੂੰ ਦੇਖ ਕੇ ਮੇਰੀ ਚਾਲ ’ਚ ਥੋੜ੍ਹੀ ਤੇਜ਼ੀ ਆ ਗਈ, ਮੈਂ ਛੇਤੀ ਉਹਨੂੰ ਮਿਲ ਕੇ ਉਸ ਤੋਂ ਪੁਰਾਣੇ ਸਮੇਂ ਦੀ ਕੋਈ ਗੱਲ ਸੁਣਨੀ ਚਾਹੁੰਦਾ ਸੀ, ਉਹ ਕਮਾਲ ਦਾ ਇਨਸਾਨ ਸੀ, ਉਹਨੂੰ ਹਾਸ਼ਮ ਦੀ ਸੱਸੀ, ਪੀਲੂ ਦਾ ਮਿਰਜ਼ਾ, ਕਿੱਸਾ ਰੂਪ-ਬਸੰਤ, ਗੁੱਗੇ ਪੀਰ ਦੀ ਜਨਮ ਕਥਾ, ਬੁੱਲ੍ਹੇ ਦੀਆਂ ਕਾਫ਼ੀਆਂ ਤੇ ਹੋਰ ਪਤਾ ਨੀ ਕਿੰਨਾ ਕੁਝ ਜ਼ੁਬਾਨੀ ਯਾਦ ਸੀ, ਜੇ ਉਹਦਾ ਮਨ ਹੁੰਦਾ ਤਾਂ ਕਦੇ-ਕਦੇ ਵਾਰਿਸ ਦੀ ਹੀਰ ’ਚੋਂ ਵੀ ਕੋਈ ਬੈਂਤ ਸੁਣਾ ਦਿੰਦਾ, ਇੱਕ ਵਾਰ ਮੈਂ ਕਿਹਾ, ‘‘ਤਾਇਆ ਬੜਾ ਤੇਜ਼ ਦਿਮਾਗ਼ ਆ ਤੇਰਾ, ਕਿੰਨਾ ਕੁਛ ਯਾਦ ਆ ਤੈਨੂੰ’’ ਤਾਂ ਉਹਨੇ ਆਪਣੇ ਠੇਠ ਪੇਂਡੂ ਅੰਦਾਜ਼ ’ਚ ਕਿਹਾ, ‘‘ਓ ਕਾਕਾ ਕਾਹਦਾ ਤੇਜ਼ ਡਮਾਕ ਆ, ਜੇ ਡਮਾਕ ਹੁੰਦਾ ਤਾਂ ਕਿਤੇ ਡੀਸੀ-ਡੂਸੀ ਨਾ ਲੱਗਿਆ ਹੁੰਦਾ, ਏਥੇ ਕਾਹਨੂੰ ਸਿਵਿਆਂ ’ਚ ਭੱਠ ਝੋਕਦਾ’’ ਉਹ ਹਰ ਸਵਾਲ ਦਾ ਐਸਾ ਜਵਾਬ ਦਿੰਦਾ ਕਿ ਅਗਲੇ ਸਵਾਲ ਨੂੰ ਵਿਰਾਮ ਜਿਹਾ ਲਾ ਦਿੰਦਾ, ਤੁਰਦਾ-ਤੁਰਦਾ ਹੁਣ ਮੈਂ ਸ਼ਮਸ਼ਾਨ ’ਚ ਪਹੁੰਚ ਗਿਆ ਸੀ, ਉਹਨੇ ਵੀ ਸ਼ਾਇਦ ਮੈਨੂੰ ਦੂਰੋਂ ਦੇਖ ਲਿਆ ਸੀ ਤੇ ਉਹ ਕੰਮ ਛੱਡ ਕੇ ਓਸ ਥੜ੍ਹੇ ’ਤੇ ਬੈਠ ਗਿਆ ਸੀ, ਜਿਹੜਾ ਮਜ਼ਲ ਆਏ ਲੋਕਾਂ ਦੇ ਬੈਠਣ ਲਈ ਬਣਾਇਆ ਹੋਇਆ ਸੀ, ‘‘ਹੋਰ ਸੁਣਾ ਤਾਇਆ ਠੀਕ-ਠਾਕ ਆਂ’’ ਮੈਂ ਥੜ੍ਹੇ ’ਤੇ ਉਹਦੇ ਕੋਲ ਬੈਠਦੇ ਹੋਏ ਨੇ ਪੁੱਛਿਆ,
‘‘ਮੈਨੂੰ ਕੀ ਹੋਣਾ ਕਾਕਾ, ਠੀਕ ਏ ਆਂ, ਤੂੰ ਦੇ ਖ਼ਬਰ, ਹੋਰ ਘਰ ਪਰਿਵਾਰ ਠੀਕ ਆ ?’’ ਉਹ ਉਦਾਸ ਜਿਹੇ ਲਹਿਜ਼ੇ ’ਚ ਬੋਲਿਆ, ‘‘ਹਾਂ ਠੀਕ ਆਂ ਤਾਇਆ,’’ ਮੈਂ ਜਵਾਬ ਦਿੱਤਾ, ਫਿਰ ਮੇਰੀ ਨਜ਼ਰ ਇੱਕ ਠੰਢੇ ਹੋਏ ਸਿਵੇ ਦੀ ਰਾਖ ਦੀ ਢੇਰੀ ’ਤੇ ਪਈ ਤੇ ਮੈਂ ਉਸ ਵੱਲ ਉਂਗਲੀ ਕਰਕੇ ਪੁੱਛਿਆ, ‘‘ਤਾਇਆ ਇਹ ਕੀਹਨੂੰ ਦਾਗ ਲੱਗਿਐ, ਕਈ ਦਿਨ ਹੋਗੇ ਮੈਂ ਏਧਰ ਨਹੀਂ ਆਇਆ ਤੇ ਪਿੰਡ ਵੱਡਾ ਹੋਣ ਕਰਕੇ ਮਰੇ-ਜੰਮੇ ਦਾ ਪਤਾ ਵੀ ਨੀ ਲੱਗਦਾ, ਕੌਣ ਸੀ ਏਹ’’ ‘‘ਕੀ ਪਤਾ ਕਾਕਾ ਕੌਣ ਸੀ, ਮੈਂ ਨੀ ਕਿਸੇ ’ਤੇ ਬਹੁਤਾ ਧਿਆਨ ਦਿੰਦਾ, ਆਪਾਂ ਤਾਂ ਲੱਕੜਾਂ ਵੇਚਣ ਤਕ ਮਤਲਬ ਰੱਖੀਦਾ, ਹਾਂ ਸੱਚ ਜਦ ਲੱਕੜਾਂ ਚਿਣਦੇ ਸੀ ਤਾਂ ਮੈਂ ਓਹਦਾ ਹੱਥ ਦੇਖਿਆ ਸੀ, ਫਿੱਕੀ ਜਹੀ ਮਹਿੰਦੀ ਲੱਗੀ ਹੋਈ ਸੀ’’ ਏਨਾ ਕਹਿ ਕੇ ਉਹ ਚੁੱਪ ਕਰ ਗਿਆ ਤੇ ਮੈਂ ਸੋਚਣ ਲੱਗ ਪਿਆ ਕਿ ਇਹ ਕੌਣ ਹੋਊ ਪਰ ਕਿਸੇ ਨਤੀਜੇ ’ਤੇ ਨਾ ਪਹੁੰਚ ਸਕਿਆ।
ਫਿਰ ਮੈਂ ਵਿਸ਼ਾ ਬਦਲਣ ਦੇ ਇਰਾਦੇ ਨਾਲ ਪੁੱਛਿਆ, ‘‘ਤਾਇਆ ਇਹ ਪੁਰਾਣੀਆਂ ਕਬਰਾਂ ਕੀਹਦੀਆਂ ਨੇ ?’’ ਉਹਦੀ ਨਜ਼ਰ ਮੇਰੀਆਂ ਨਜ਼ਰਾਂ ਦਾ ਪਿੱਛਾ ਕਰਦੀ ਹੋਈ ਉਨ੍ਹਾਂ ਪੁਰਾਣੀਆਂ ਕਬਰਾਂ ’ਤੇ ਪਈ ਤੇ ਉਹ ਕਹਿਣ ਲੱਗਿਆ, ‘‘ਇਹ ਸਾਂਝੇ ਪੰਜਾਬ ਵੇਲੇ ਦੇ ਮੁਸਲਮਾਨਾਂ ਦੀਆਂ ਨੇ, ਪਤਾ ਨੀ ਇਨ੍ਹਾਂ ’ਤੇ ਦੀਵਾ ਜਗਾਉਣ ਵਾਲਾ ਕੋਈ ਬਚਿਆ ਹੋਣਾ ਜਾਂ ਨਹੀਂ’’ ਉਹਨੇ ਮੇਰੀ ਗੱਲ ਦਾ ਜਵਾਬ ਦਿੱਤਾ, ‘‘ਇਨ੍ਹਾਂ ’ਤੇ ਘੁੱਗੂ-ਘਾਂਗੜੇ ਜਹੇ ਕੀ ਮਾਰੇ ਹੋਏ ਨੇ ?’’ ਮੈਂ ਕਬਰਾਂ ’ਤੇ ਉਰਦੂ ’ਚ ਲਿਖੇ ਹੋਏ ਨਾਵਾਂ ਵੱਲ ਇਸ਼ਾਰਾ ਕਰਦਿਆਂ ਕਿਹਾ, ‘‘ਇਹ ਉੜਦੂ ’ਚ ਓਹਨਾ ਦੇ ਨਉਂ ਲਿਖੇ ਹੋਏ ਨੇ, ਨੂਰ ਮੁਹੰਮਦ ਤੇ ਸਰਦਾਰਾ ਖ਼ਾਨ,’’ ਉਹਨੇ ਦੱਸਿਆ, ਮੈਂ ਇਹ ਜਾਣ ਕੇ ਹੈਰਾਨ...

ਰਹਿ ਗਿਆ ਕਿ ਲੱਕੜਦੀਨ ਤਾਂ ਉਰਦੂ ਪੜ੍ਹਨਾ ਵੀ ਜਾਣਦਾ ਹੈ, ਪਰ ਸ਼ਾਇਦ ਓਹਦੀ ਗੱਲ ਹਾਲੇ ਪੂਰੀ ਨੀ ਸੀ ਹੋਈ ਤੇ ਉਹ ਗੱਲ ਅੱਗੇ ਤੋਰਦਾ ਹੋਇਆ ਬੋਲਿਆ, ‘‘ਇੱਥੇ ਕੇਹੜਾ ਇੱਕ ਦਫ਼ਨ ਆ, ਕੀ ਪਤਾ ਕਿੰਨੇ ਸਕਿੰਦਰ ਦੱਬੇ ਨੇ ਏਥੇ, ਇੱਕ ਵਾਰੀ ਕਹਿੰਦੇ ਨੇ ਸਕਿੰਦਰ ਦੀ ਮਾਂ, ਮਰੇ ਹੋਏ ਸਕਿੰਦਰ ਨੂੰ ਲੱਭਦੀ ਹੋਈ ਕਬਰਸਤਾਨ ਚਲੀ ਗਈ ਤੀ।’’ ਲੱਕੜਦੀਨ ਨੇ ਗੱਲ ਜਾਰੀ ਰੱਖੀ ਤੇ ਮੈਂ ਸਮਝ ਗਿਆ ਕਿ ਉਹ ਸਿਕੰਦਰ ਨੂੰ ਸਕਿੰਦਰ ਕਹਿੰਦਾ, ‘‘ਅੱਛਾ ਫੇਰ ਕੀ ਹੋਇਆ ?’’ ਮੇਰੀ ਜਗਿਆਸਾ ਵਧ ਗਈ ਸੀ ਤੇ ਮੈਂ ਸਾਰਾ ਧਿਆਨ ਉਸ ’ਤੇ ਕੇਂਦਰਿਤ ਕਰ ਦਿੱਤਾ, ‘‘ਓਥੇ ਜਾ ਕੇ ਕਬਰਾਂ ਪੱਟਣ ਆਲੇ ਨੂੰ ਪੁੱਛਦੀ ਆ, ਏਥੇ ਸਕਿੰਦਰ ਦੀ ਕਬਰ ਕੇਹੜੀ ਆ ?’’ ਤਾਂ ਉਹ ਕਹਿੰਦਾ, ‘‘ਕੇੜਾ ਸਕਿੰਦਰ, ਏਥੇ ਤਾਂ ਬਹੁਤ ਸਕਿੰਦਰ ਦੱਬੇ ਹੋਏ ਨੇ, ਕੀ ਪਤਾ ਤੇਰਾ ਕੇੜ੍ਹਾ ?’’ ਤਾਂ ਬੁੜੀ ਨੇ ਕਿਹਾ, ‘‘ਮੇਰੇ ਸਕਿੰਦਰ ਦੀ ਉਂਗਲੀ ’ਚ ਲੱਖ ਰਪੱਈਏ ਆਲੀ ਛਾਂਪ ਪਾਈ ਹੋਈ ਤੀ’’ ਤਾਂ ਕਬਰਾਂ ਪੁੱਟਣ ਵਾਲਾ ਕਹਿੰਦਾ, ‘‘ਜਾਹ ਮਾਈ ਜਾਹ ਓਹਨੀ ਲੱਭਣਾ, ਏਥੇ ਤਾਂ ਉਹ ਨੀ ਲੱਭੇ ਜਿਨ੍ਹਾਂ ਨੇ ਲੱਖ-ਲੱਖ ਰਪੱਈਏ ਛਾਂਪ ਦੀ ਬਣਾਈ ਦਿੱਤੀ ਤੀ,’’ ਲੱਕੜਦੀਨ ਨੇ ਇੱਕੋ ਸਾਹ ’ਚ ਪੂਰੀ ਕਹਾਣੀ ਕਹਿ ਦਿੱਤੀ।
‘‘ਆਹ ਤਾਂ ਤਾਇਆ ਲੱਖ ਰੁਪਏ ਦੀ ਸੁਣਾਤੀ,’’ ਮੈਂ ਕਿਹਾ, ‘‘ਇੱਕ ਗੱਲ ਆ ਤਾਇਆ, ਤੇਰਾ ਨਉਂ ਤੇਰੇ ਕੰਮ ’ਤੇ ਪੂਰਾ ਢੁਕਦਾ, ਲੱਕੜਦੀਨ ਲੱਕੜਾਂ ਵਾਲਾ’’ ਇਹ ਗੱਲ ਮੈਂ ਕਵਿਤਾ ਵਾਂਗ ਕਹੀ, ਤਾਂ ਉਹ ਪਟਾਕ ਦੇ ਕੇ ਬੋਲਿਆ, ‘‘ਢੁੱਕਦਾ ਨੀ ਕਾਕਾ, ਲੋਕਾਂ ਨੇ ਮੜ੍ਹਤਾ,’’ ਓਹ ਦੁਖੀ ਜਿਹਾ ਹੋ ਕੇ ਬੋਲਿਆ, ‘‘ਤਾਂ ਫੇਰ ਤੇਰਾ ਅਸਲੀ ਨਉਂ ਕੀ ਆ ?’’ ਮੈਂ ਪੁੱਛਿਆ, ‘‘ਹੁਣ ਤਾਂ ਅਸਲੀ-ਨਕਲੀ ਏਹੀ ਆ, ਜੇਹੜਾ ਬੇਬੇ ਨੇ ਰੱਖਿਆ ਸੀ, ਓਹ ਤਾਂ ਮੈਂ ਵੀ ਭੁੱਲ ਗਿਆ, ਕੋਈ ਨਵਾਬਾਂ ਵਾਲਾ ਨਉਂ ਸੀ, ਪਰ ਆਪਾਂ ਕੇਹੜਾ ਥੋਡੇ ਪਾੜ੍ਹਿਆਂ ਵਾਂਗ ਘੁੱਗੀ ਮਾਰਨੀ ਆਂ, ਗੂਠਾ ਲਾਉਣਾ ਹੁੰਦਾ, ਠਾਹ ਦੇ ਕੇ ਲਾ ਦਈਦਾ, ਨਾਲੇ ਸਾਡੇ ਵਰਗਿਆਂ ਦੇ ਸਰਦਾਰਾਂ ਆਲੇ ਨਉਂ ਲੋਕ ਲੈਣਾ ਪਸਿੰਦ ਨੀ ਕਰਦੇ,’’ ਇਹ ਕਹਿ ਕੇ ਉਹ ਉਦਾਸ ਜਿਹਾ ਹੋ ਗਿਆ।
‘‘ਹੁਣ ਜਮ੍ਹਾਂ ਈ ਚੁੱਪ ਹੋ ਗਿਆ, ਬੋਲ ਕੁਛ,’’ ਮੈਂ ਉਸ ਨੂੰ ਹਲੂਣਾ ਜਿਹਾ ਦੇ ਕੇ ਕਿਹਾ, ਪਰ ਉਹ ਚੁੱਪ ਰਿਹਾ ਤੇ ਪਿੰਡ ਵਾਲੇ ਰਾਹ ਨੂੰ ਦੇਖਣ ਲੱਗ ਪਿਆ, ਓਹਨੂੰ ਪਿੰਡ ਵੱਲ ਦੇਖਦੇ ਨੂੰ ਦੇਖ ਕੇ ਮੈਂ ਪੁੱਛਿਆ, ‘‘ਆਉਣਾ ਸੀ ਕਿਸੇ ਨੇ ?’’ ‘‘ਬਹੁਤ ਦਿਨ ਹੋਗੇ ਕੋਈ ਆਇਆ ਨੀ,’’ ਉਹਨੇ ਉਦਾਸ ਜਿਹੇ ਲਹਿਜ਼ੇ ’ਚ ਕਿਹਾ।
‘‘ਕੋਈ ਗੱਲ ਨੀ, ਮੈਂ ਤਾਂ ਆ ਗਿਆ’’ ਮੈਂ ਉਹਦਾ ਦੁੱਖ ਸਮਝਣ ਦੀ ਕੋਸ਼ਿਸ਼ ਕਰਦੇ ਹੋਏ ਕਿਹਾ, ‘‘ਤੇਰਾ ਕੀ ਕਰਾਂ ?, ਤੂੰ ਤਾਂ ਅਜੇ ਜਿਉਂਦਾਂ,’’ ਉਹਦੇ ਲਫ਼ਜ਼ਾਂ ’ਚ ਗੁੱਸਾ ਝਲਕਿਆ।
‘‘ਤੈਨੂੰ ਮਰੇ ਹੋਇਆਂ ਦੀ ਉਡੀਕ ਆ ?’’ ਮੈਂ ਹੈਰਾਨੀ ਨਾਲ ਪੁੱਛਿਆ।
‘‘ਤਾਂ ਹੀ ਲੱਕੜਾਂ ਵਿਕਣਗੀਆਂ, 5-7 ਦਿਨ ਦੀ ਰੋਟੀ ਦਾ ਜਗਾੜ ਹੋਊ,’’ ਓਹਦੇ ਬੋਲਾਂ ’ਚ ਤਰਲਾ ਜਿਹਾ ਝਲਕਦਾ ਸੀ,
ਉਹਦੀ ਹਾਲਤ ਨੂੰ ਸਮਝਦੇ ਹੋਏ ਮੈਂ ਗੰਭੀਰਤਾ ਨਾਲ ਕਿਹਾ, ‘‘ਰੋਜ਼ੀ ਰੋਟੀ ਤਾਂ ਤਾਇਆ ਸਭ ਲਈ ਜ਼ਰੂਰੀ ਆ ਪਰ ਕੀ ਕਰਾਂ, ਤੈਨੂੰ ਤਾਂ ਮੈਂ ਇਹ ਵੀ ਨੀ ਕਹਿ ਸਕਦਾ ਕਿ ਰੱਬ ਤੇਰੇ ਕਾਰੋਬਾਰ ਨੂੰ ਭਾਗ ਲਾਵੇ, ਪਰ ਜੇ ਇੱਕ ਬੰਦੇ ਦੇ ਮਰਨ ਨਾਲ ਤੇਰੀ 5-7 ਦਿਨ ਦੀ ਰੋਟੀ ਬਣਦੀ ਆ, ਤਾਂ ਪੱਕਾ ਰਿਹਾ, ਇੱਕ ਦਿਨ ਮੈਂ ਵੀ ਤੇਰੀ 5-7 ਦਿਨ ਦੀ ਰੋਟੀ ਦਾ ਹੀਲਾ ਕਰ ਕੇ ਜਾਊਂ,’’ ਮੈਂ ਆਪਣੇ ਲਫ਼ਜ਼ਾਂ ’ਚ ਮਸਖ਼ਰੀ ਜਿਹੀ ਭਰਕੇ ਕਿਹਾ।
ਮੇਰੀ ਗੱਲ ਸੁਣ ਕੇ ਲੱਕੜਦੀਨ ਨੇ ਮੇਰੇ ਵੱਲ ਬੜੇ ਗਹੁ ਨਾਲ ਦੇਖਿਆ ਤੇ ਫੇਰ ਨੇੜੇ ਪਏ ਸੁੱਕੇ ਖੁੰਢ ਨੂੰ ਦੇਖਣ ਲੱਗ ਪਿਆ, ਉਹਨੂੰ ਏਸ ਤਰ੍ਹਾਂ ਦੇਖਦੇ ਹੋਏ ਦੇਖ ਕੇ, ਮੈਂ ਅੰਦਰ ਤੀਕ ਕੰਬ ਗਿਆ। ਮੈਨੂੰ ਲੱਗਿਆ ਜਿਵੇਂ ਓਹ ਸੋਚ ਰਿਹਾ ਹੋਵੇ ਕਿ ਏਸ ਬੰਦੇ ਦਾ ਕਿੰਨੀ ਕੁ ਲੱਕੜ ਨਾਲ ਕੰਮ ਚੱਲਜੂ, ਪਰ ਉਹਨੇ ਮੇਰੀ ਸੋਚ ਤੋਂ ਉਲਟ ਕਿਹਾ, ‘‘ਨਾ ਕਾਕਾ, ਤੇਰੀ ਹਾਲੇ ਉਮਰ ਨੀ, ਜਵਾਨੀਆਂ ਮਾਣ, ਹੁਣ ਘਰ ਨੂੰ ਜਾਹ, ਨਿਆਣੇ ਉਡੀਕਦੇ ਹੋਣਗੇ, ਨਾਲੇ ਨੇਰ੍ਹਾ ਪੈਣ ਆਲਾ, ਏਹ ਤਾਂ ਚੱਲਦਾ ਈ ਰਹਿਣਾ।’’
ਲੇਖਕ : ਗੁਰਜੰਟ ਸਿੰਘ ਮਰਾੜ (ਕਾਲ਼ਾ ਪਾਇਲ ਵਾਲਾ)
ਸੰਪਰਕ : 9878258256

...
...



Related Posts

Leave a Reply

Your email address will not be published. Required fields are marked *

One Comment on “ਲੱਕੜਦੀਨ”

  • ਕਾਲ਼ਾ ਪਾਇਲ ਵਾਲਾ

    ਕਹਾਣੀ ਸਾਂਝੀ ਕਰਨ ਲਈ ਬਹੁਤ ਬਹੁਤ ਧੰਨਵਾਦ ਜੀ
    🙏🙏🙏

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)