ਬੀ ਐੱਡ ਕਰਨ ਮਗਰੋਂ, ਮੈਂ ਐਮ ਏ ਕਰ ਰਹੀ ਸੀ ਕਿ ਪੋਸਟਾਂ ਨਿੱਕਲ ਆਈਆਂ ।ਮੈਂ ਬਹੁਤ ਚਾਅ ਨਾਲ ਫਾਰਮ ਭਰੇ। ਥੋੜੇ ਦਿਨਾਂ ਪਿੱਛੋਂ ਘਰ ਇੰਟਰਵਿਊ ਲੈਟਰ ਆ ਗਈ ਤੇ ਜਿਲ੍ਹੇ ਵਿੱਚ ਛੇਵਾਂ ਨੰਬਰ ਹੋਣ ਕਾਰਨ ਫਰੀਦਕੋਟ ਇੰਟਰਵਿਊ ਲਈ ਬੁਲਾਇਆ ਗਿਆ, ਪਰ ਰਿਸ਼ਵਤਖੋਰੀ ਦੇ ਚਲਦਿਆਂ ਮੇਰੀ ਨਯੁਕਤੀ ਨਾ ਹੋਈ।
ਫਿਰ ਐਮ ਐਡ ਕਰਨ ਦੀ ਸੋਚੀ ।ਐਮ ਐਡ ਕਰ ਐਜੂਕੇਸ਼ਨ ਕਾਲਜ ਵਿੱਚ ਲੈਕਚਰਾਰ ਪ੍ਰਾਈਵੇਟ ਨੌਕਰੀ ਸ਼ੁਰੂ ਕਰ ਦਿੱਤੀ ।
ਕਾਲਜ ਸ਼ਹਿਰ ਤੋਂ ਕਾਫੀ ਦੂਰ ਸੀ ਤੇ ਅੱਗੋਂ ਦੋ ਕਿਲੋਮੀਟਰ ਦੇ ਲੱਗਭਗ ਤੁਰ ਕੇ ਜਾਣਾ ਪੈਂਦਾ ਸੀ।
ਮੇਰੇ ਕੋਲ ਬੀ ਐੱਡ ਕਰਦੀ ਮੇਰੀ ਇਕ ਵਿਦਿਆਰਥਣ ਜੋ ਕਿ ਬਹੁਤ ਹੁਸ਼ਿਆਰ ਵੀ ਸੀ ਤੇ ਸਮਝਦਾਰ ਵੀ,ਨੇ ਆਪਣੇ ਪਿਤਾ ਜੋ ਕਿ ਇਕ ਕਾਲਜ ਵਿੱਚ ਅਧਿਆਪਕ ਸੀ;ਕੋਲ ਮੇਰੇ ਆਣ ਜਾਣ ਦੀ ਮੁਸ਼ਕਿਲ ਦੀ ਗੱਲ ਕੀਤੀ ।
ਮੈਨੂੰ ਇਸ ਬਾਰੇ ਭੋਰਾ ਵੀ ਇਲਮ ਨਹੀਂ ਸੀ ਕਿ ਇਕ ਦਿਨ ਉਸ ਕੁੜੀ ਦੇ ਫੋਨ ਤੋਂ ਕਾਲ ਆਈ ।ਮੈਂ ਚੁੱਕੀ ਤਾਂ ਅੱਗੋਂ ਉਸ ਦਾ ਪਿਤਾ ਹੀ ਗੱਲ ਕਰ ਰਿਹਾ ਸੀ ਤੇ ਉਸਨੇ ਮੈਨੂੰ ਸਾਡੇ ਸ਼ਹਿਰ ਦੇ ਨਾਮੀ ਕਾਲਜ ਵਿੱਚ ਅੰਗਰੇਜ਼ੀ ਲੈਕਚਰਾਰ ਦੀ ਖਾਲੀ ਪੋਸਟ ਤੇ ਕਾਲਜ ਵਿੱਚ ਐਪਲੀਕੇਸ਼ਨ ਦੇਣ ਦੀ ਗੱਲ ਕੀਤੀ ।
ਮੇਰੇ ਕੋਲ ਉਹਨਾਂ ਦਾ ਧੰਨਵਾਦ ਕਰਨ ਲਈ ਸ਼ਬਦ ਨਹੀਂ ਸਨ। ਪਰ ਨਿਆਣੀ ਮੱਤ ਮੁਤਾਬਿਕ ਮੈਂ ਉਹਨਾਂ ਨੂੰ ਕਿਹਾ ਕਿ ਮੇਰੇ ਪਹਿਲੇ ਕਾਲਜ ਵਾਲਿਆਂ ਨੇ ਅਗਲੇ ਸਾਲ ਵਾਸਤੇ ਵੀ ਰੱਖਣ ਵਾਅਦਾ ਕੀਤਾ ਹੈ ।ਮੈਂ ਇੱਥੇ ਅਪਲਾਈ ਨਹੀਂ ਕਰਨਾ ਕਿਉਂਕਿ ਮੇਰਾ ਉੱਥੇ ਪੂਰਾ ਦਿਲ ਲੱਗਿਆ ਹੋਇਆ ਸੀ ਤੇ ਤੁਰ ਕੇ ਜਾਣ ਕਾਰਨ ਬੇਟੇ ਦੇ ਜਨਮ ਪਿਛੋਂ ਆਇਆ ਮੋਟਾਪਾ ਵੀ ਦੂਰ ਚਲਾ ਗਿਆ ਸੀ ।
ਉਹਨਾਂ ਮੈਨੂੰ ਕਿਹਾ ਕਿ ਤੈਨੂੰ ਅਪਲਾਈ ਕਰਨ ਵਿੱਚ ਕੀ ਹਰਜ਼ ਹੈ? ਤੂੰ ਅਪਲਾਈ ਕਰ ।ਜਰੂਰੀ ਨਹੀਂ ਕਿ ਤੈਨੂੰ ਇਹ ਰੱਖਣ? ਤੇ ਉਹ ਵੀ ਕਿਸੇ ਹੋਰ ਅਧਿਆਪਕ ਨੂੰ ਰੱਖ ਸਕਦੇ ਨੇ। ਤੂੰ ਮੌਕਾ ਨਾ ਗਵਾ।
ਉਹਨਾਂ ਦੀ ਇਕ ਬਾਪ ਵਾਂਗ ਦਿੱਤੀ ਸੁਹਿਰਦ ਸਲਾਹ, ਮੈਨੂ ਬਹੁਤ ਚੰਗੀ ਲੱਗੀ ਤੇ ਮੈਂ ਕਾਲਜ ਜਾ ਕੇ ਆਪਣਾ ਰੀਜਿਊਮ ਦੇ ਆਈ।
ਕੁਝ ਦਿਨਾਂ ਬਾਅਦ ਦੱਸੀ ਹੋਈ ਮਿਤੀ ਅਨੁਸਾਰ ਆਪਣੇ ਸਾਰੇ ਸਰਟੀਫਿਕੇਟ ਲੈ ਕਾਲਜ ਪਹੁੰਚ ਗਈ ।
ਉਥੇ ਛੇ ਕੁ ਜਣੇ ਬੈਠੇ ਸਨ ।ਮੇਰੇ ਵਾਂਗ ਉਹ ਵੀ ਇੰਟਰਵਿਊ ਲਈ ਆਏ ਸਨ ।
ਆਪਣੀ ਆਦਤ ਮੁਤਾਬਿਕ ਚੁੱਪ ਚਾਪ ਬੈਠੀ ਰਹੀ ਤੇ ਦੂਜਿਆਂ ਦੀਆਂ ਗੱਲਾਂ ਸੁਣਦੀ ਰਹੀ।
ਇਕ ਜਣਾ ਕਹਿ ਰਿਹਾ ਸੀ ਕਿ ਮੇਰੀ ਸਿਲੈਕਸ਼ਨ ਤਾਂ ਪੱਕੀ ਹੈ ਕਿਉਂਕਿ ਉਸਦੀ ਸਿਫਾਰਸ਼ ਕਾਫੀ ਵੱਡੀ ਸੀ ਤੇ ਉਹ ਗੱਲ ਸੀ ਵੀ ਬਿਲਕੁਲ ਸਹੀ ।
ਮੈਂ ਸੋਚਿਆ ਮਨਾਂ ਤੈਨੂੰ ਤਾਂ ਏਥੇ ਥੜ੍ਹੇ ਤੇ ਚੜਨ ਨੂੰ ਥਾਂ ਨਹੀਂ, ਨਿਯੁਕਤੀ ਤਾਂ ਭੁੱਲ ਹੀ ਜਾ।
ਚਲੋ ਖੈਰ ਸਭ ਤੋਂ ਪਿਛੋਂ ਮੇਰੀ...
ਵਾਰੀ ਆਈ। ਸਰਟੀਫਿਕੇਟ ਦਿਖਾਏ।ਇਕ ਸਾਲ ਕਾਲਜ ਪੜਾਉਣ ਦੇ ਤਜ਼ੁਰਬੇ ਦਾ ਸਰਟੀਫਿਕੇਟ ਦਿਖਾਇਆ ਤੇ ਮੈਂ ਇਸ ਕਾਲਜ ਦੀ ਵਿਦਿਆਰਥਣ ਵੀ ਸਾਂ।
ਗੱਲਬਾਤ ਖਤਮ ਹੋਣ ਪਿਛੋਂ ਬਿਨਾਂ ਕੋਈ ਝਾਕ ਰੱਖਿਆਂ ਮੈਂ ਓਥੋਂ ਚੱਲ ਪਈ ਤੇ ਘਰ ਕੋਲ ਪਹੁੰਚ ਹੀ ਗਈ ਸੀ ਕਿ ਮੈਨੂੰ ਕਿਸੇ ਅਣਜਾਣ ਨੰਬਰ ਤੋਂ ਫੋਨ ਆਇਆ।
ਫੋਨ ਚੁੱਕਿਆ ਤਾਂ ਕਾਲਜ ਵਿਚੋਂ ਸਿਲੈਕਸ਼ਨ ਕਮੇਟੀ ਦੀ ਮੈਡਮ ਬੋਲ ਰਹੀ ਸੀ ਕਿ ਮੈਡਮ ਕਿੱਥੇ ਓ ਤੁਸੀਂ? ਆਪਣਾ ਨਿਯੁਕਤੀ ਪੱਤਰ ਤਾਂ ਲੈ ਜਾਓ।
ਮੈਂ ਹੈਰਾਨੀ ਨਾਲ ਕਿਹਾ ਕਿ ਮੈਨੂੰ ਨਿਯੁਕਤ ਕਰ ਲਿਆ ਤੁਸੀਂ ?
ਉਹ ਕਹਿੰਦੇ ਕਿ ਤੇਰੇ ਨੰਬਰ ਵੀ ਵੱਧ ਨੇ ਤੇ ਪੜਾਉਣ ਦਾ ਤਜ਼ਰਬਾ ਵੀ।
ਮੈਂ ਫਟਾਫਟ ਆਪਣਾ ਨਿਯੁਕਤੀ ਪੱਤਰ ਓਨੀ ਪੈਰੀਂ ਵਾਪਸ ਮੁੜ ਲੈ ਆਈ।
ਪਰ ਜਿਸ ਉਮੀਦਵਾਰ ਦੀ ਸਿਫਾਰਸ਼ ਸੀ ਉਸਨੇ ਮੇਰੀ ਨਿੰਦਿਆ ਕਰਨ ਵਾਲੀ ਕੋਈ ਕਸਰ ਨਹੀਂ ਛੱਡੀ।
ਮੇਰੇ ਪਹਿਲੇ ਕਾਲਜ ਗਿਆ ਉਹ,ਤੇ ਸਾੜੇ ਤੇ ਹੰਕਾਰ ਨਾਲ ਭਰੇ ਨੇ ਕਾਲਜ ਦੇ ਪ੍ਰਿੰਸੀਪਲ ਕੋਲ ਮੈਨੂੰ ਬਹੁਤ ਬੁਰਾ ਭਲਾ ਕਿਹਾ ਤੇ ਮੇਰੇ ਤੇ ਸਿਫਾਰਸ਼ੀ ਹੋਣ ਦੇ ਇਲਜ਼ਾਮ ਵੀ ਲਗਾਏ।
ਕਿਸੇ ਮਰਦ ਵੱਲੋਂ ਇਕ ਔਰਤ ਦੀ ਕੀਤੀ ਗਈ ਬੁਰਾਈ ਦਾ ਮੇਰਾ ਇਹ ਪਹਿਲਾ ਤਜ਼ਰਬਾ ਸੀ;
ਤੇ ਉਸ ਨੂੰ ਉਸ ਕਾਲਜ ਵਾਲਿਆਂ ਨੇ ਵੀ ਨੌਕਰੀ ਤੇ ਨਾ ਰੱਖਿਆ ।
ਉਸ ਵੱਲੋਂ ਮੇਰੀ ਨਿੰਦਿਆ ਕਰਨ ਦਾ ਪਤਾ ਮੈਨੂੰ ਉਸ ਸਮੇਂ ਲੱਗਿਆ ਜਦੋਂ ਕਿਸੇ ਕੰਮ ਲਈ ਮੈਨੂੰ ਉਸ ਕਾਲਜ ਜਾਣਾ ਪਿਆ ਤਾਂ ਪ੍ਰਿੰਸੀਪਲ ਨੇ ਹੈਰਾਨੀ ਨਾਲ ਮੈਨੂੰ ਕਿਹਾ, ” ਮੈਡਮ ਆਪ ਕੇ ਸ਼ਹਿਰ ਸੇ ਏਕ ਕੈਂਡੀਡੇਟ ਆਇਆ ਥਾ ,ਆਪ ਕੀ ਬਹੁਤ ਬੁਰਾਈ ਕਰ ਰਹਾ ਥਾ।ਲੇਕਿਨ ਹਮ ਨੇ ਉਸੇ ਸਿਲੈਕਟ ਨਹੀਂ ਕੀਆ ਕਿਉਂਕਿ ਜੋ ਹਮੇਂ ਪਹਿਲੀ ਬਾਰ ਮਿਲ ਰਹਾ ਹੋ ਔਰ ਹਮਾਰੇ ਸਾਹਮਣੇ ,ਹਮਾਰੇ ਹੀ ਸਟਾਫ ਮੈਂਬਰ ਕੀ ਬੁਰਾਈ ਕਰ ਰਹਾ ਹੋ, ਵੋ ਅੱਛਾ ਇਨਸਾਨ ਨਹੀਂ ਹੋ ਸਕਤਾ।”
ਮੈਂ ਕਿਹਾ ,”ਸਰ ਤੁਸੀਂ ਰੱਖ ਲੈਣਾ ਸੀ ਉਸਨੂੰ ।”
ਅੱਗੋ ਉਹ ਕਹਿੰਦੇ, ” ਮੁਝੇ ਵੋ ਪੌਲਿਟੀਕਲ ਇਨਸਾਨ ਲਗਾ। ਵੋ ਕਲ ਕੋ ਹਮਾਰੇ ਦੂਸਰੇ ਸਟਾਫ ਕੇ ਸਾਥ ਭੀ ਐਸ ਕਰ ਕੇ ਮਾਹੌਲ ਖਰਾਬ ਕਰ ਸਕਤਾ ਥਾ।”
ਮੈਨੂੰ ਪ੍ਰਿੰਸੀਪਲ ਦੀ ਗੱਲ ਠੀਕ ਵੀ ਲੱਗੀ ਤੇ
ਉਸਦੀ ਨਿਯੁਕਤੀ ਨਾ ਹੋਣ ਦਾ ਬਹੁਤ ਦੁੱਖ ਵੀ ਹੋਇਆ ।
ਪਰ ਉਹ ਬਹੁਤ ਸਮਾਂ ਮੇਰੇ ਬਾਰੇ ਆਪਣਾ ਜ਼ਹਿਰ ਉਗਲਦਾ ਰਿਹਾ ।
ਦੁਨੀਆਂ ਵਿੱਚ ਤੁਹਾਨੂੰ ਐਸੇ ਲੋਕ ਬਹੁਤ ਮਿਲਣਗੇ,ਜਿਹੜੇ ਸਿਫਰ ਨਿੰਦਿਆ ਚੁਗਲੀ ਕਰ ਕੇ ਹੀ ਸਾਹ ਲੈਂਦੇ ਤੇ ਜਿਊਂਦੇ ਨੇ।
ਕਿਰਨ ਪੂਨੀਆ ਬਰਾੜ