More Punjabi Kahaniya  Posts
ਪਹਿਲਾ ਪਿਆਰ ਕਿ ਦੋਸਤੀ ਭਾਗ -1


ਭਾਗ -1(3)
ਜਗਤਾਰ ਸਿੰਘ, ਕਰਮੇ ਨੇ ਆਪਣੇ ਤੀਜੇ ਪੁੱਤ ਦਾ ਨਾਮ ਬੜੇ ਲਾਡ ਨਾਲ ਰੱਖਿਆ ਸੀ। ਪਰਿਵਾਰ ਵਿੱਚ ਸਭ ਤੋਂ ਛੋਟਾ ਹੋਣ ਕਾਰਨ ਉਸਨੂੰ ਬੜੇ ਲਾਡ ਪਿਆਰ ਨਾਲ ਪਾਲਿਆ ਗਿਆ। ਸਕੂਲ ਪੜ੍ਹਨ ਵੀ ਲੇਟ ਲਾਇਆ ਤੇ ਅੱਗੋਂ ਉਹ ਵੀ ਪੜ੍ਹਨ ਵਿਚ ਕਾਫੀ ਹੁਸ਼ਿਆਰ ਨਿਕਲਿਆ। ਸਾਰੇ ਉਸਨੂੰ ਪਿਆਰ ਨਾਲ ਤਾਰੀ ਕਹਿ ਕੇ ਬੁਲਾਉਂਦੇ। ਤਾਰੀ ਸ਼ੁਰੂ ਤੋਂ ਹੀ ਆਪਣੇ ਆਪ ਵਿੱਚ ਮਗਨ ਰਹਿੰਦਾ ਸੀ। ਬਾਹਰ ਕਿਸੇ ਨਾਲ ਬਹੁਤ ਘੱਟ ਮਿਲਦਾ। ਹੌਲ਼ੀ ਹੌਲੀ ਤਾਰੀ ਜਵਾਨ ਹੁੰਦਾ ਗਿਆ। 17 ਸਾਲ ਨੂੰ ਢੁਕਣ ਲੱਗਾ। ਮੁੱਛਾਂ ਵੀ ਫੁੱਟਣ ਲੱਗ ਪਈਆਂ ਸਨ। ਤਾਰੀ ਦਾ ਬਾਪੂ ਕਰਮਾ ਸਰਕਾਰੀ ਨੌਕਰੀ ਤੇ ਸੀ ਅਤੇ ਅਕਸਰ ਵੱਡੇ ਛੋਟੇ ਸ਼ਹਿਰਾਂ ਵਿਚ ਬਦਲੀ ਹੁੰਦੀ ਰਹਿੰਦੀ ਸੀ। ਜਦੋਂ ਬੱਚੇ ਜਵਾਨ ਹੋ ਗਏ ਤਾਂ ਕਰਮੇ ਨੇ ਬੱਚਿਆਂ ਦੇ ਭਵਿੱਖ ਨੂੰ ਧਿਆਨ ਵਿੱਚ ਰੱਖਦੇ ਹੋਏ ਲੁਧਿਆਣੇ ਸ਼ਹਿਰ ਦੀ ਬਦਲੀ ਕਰਵਾ ਲਈ। ਕਰਮੇ ਦੇ ਦੋਨੋਂ ਵੱਡੇ ਬੱਚੇ 10 ਵੀਂ ਕਰਕੇ ਆਪਣੇ ਕੰਮ ਕਾਰ ਤੇ ਲੱਗ ਗਏ। ਉਨੀ ਦਿਨੀਂ ਹੱਥੀਂ ਕੰਮ ਕਾਰ ਨੂੰ ਜਿਆਦਾ ਪਹਿਲ ਦਿੱਤੀ ਜਾਂਦੀ ਸੀ।
ਸਮਾਂ ਆਪਣੀ ਚਾਲ ਚਲਦਾ ਰਿਹਾ। ਕਰਮੇ ਨੇ ਸਮੇਂ ਦੇ ਨਾਲ ਵਧੀਆ ਮੁਹੱਲੇ ਵਿੱਚ ਆਪਣਾ ਇੱਕ ਛੋਟਾ ਜਿਹਾ ਮਕਾਨ ਖਰੀਦ ਲਿਆ। ਸਮਾਂ ਬਦਲ ਰਿਹਾ ਸੀ ਅਤੇ ਸਮੇਂ ਦੇ ਨਾਲ ਹੱਥੀਂ ਕੰਮ ਕਾਰ ਦੇ ਨਾਲ ਨਾਲ ਪੜ੍ਹਾਈ ਨੂੰ ਵੀ ਜਿਆਦਾ ਤਰਜੀਹ ਮਿਲਣ ਲੱਗੀ।ਇਸ ਕਰਕੇ ਕਰਮੇ ਨੇ ਤਾਰੀ ਨੂੰ ਅੱਗੇ ਪੜ੍ਹਾਉਣ ਦਾ ਫੈਸਲਾ ਕਰ ਲਿਆ।
ਅੱਗੇ ਪੜ੍ਹਾਈ ਵਿਚ ਜਿਆਦਾ ਕੰਪੀਟੀਸ਼ਨ ਹੋਣ ਕਾਰਨ ਕਰਮੇ ਨੇ ਤਾਰੀ ਨੂੰ ਟਿਊਸ਼ਨ ਤੇ ਲਗਵਾ ਦਿੱਤਾ ਸੀ।
ਅੱਜ ਤਾਰੀ ਦਾ ਟਿਊਸ਼ਨ ਤੇ ਪਹਿਲਾ ਦਿਨ ਸੀ। ਟਿਊਸ਼ਨ ਵਾਲੇ ਮਾਸਟਰ ਦਾ ਘਰ ਉਸ ਦੇ ਘਰ ਤੋਂ ਦੋ ਗਲੀਆਂ ਛੱਡ ਕੇ ਤੀਜੀ ਗਲੀ ਵਿੱਚ ਸੀ। ਤਾਰੀ ਪਹਿਲੇ ਦਿਨ ਲੇਟ ਨਹੀਂ ਹੋਣਾ ਚਾਹੁੰਦਾ ਸੀ। ਇਸ ਲਈ ਉਹ ਤੇਜ਼ ਕਦਮੀਂ ਮਾਸਟਰ ਜੀ ਦੇ ਘਰ ਵੱਲ ਚੱਲ ਪਿਆ।
ਗਲੀ ਦਾ ਪਹਿਲਾ ਮੋੜ ਮੁੜਦਿਆਂ ਹੀ ਉਸ ਦੀ ਨਜ਼ਰ ਇੱਕ ਕੁੜੀ ਤੇ ਪਈ। ਕੁੜੀ ਦੀ ਨਜ਼ਰ ਵੀ ਤਾਰੀ ਤੇ ਪੈ ਚੁੱਕੀ ਸੀ। ਦੋਵੇਂ ਇੱਕ ਦੂਜੇ ਨੂੰ ਦੇਖਦੇ ਰਹਿ ਗਏ। ਉਨ੍ਹਾਂ ਦੋਵਾਂ ਲਈ ਜਿਵੇਂ ਸਮਾਂ ਖੜ੍ਹ ਗਿਆ ਸੀ। ਘੜੀ ਦੀਆਂ ਸੂਈਆਂ ਰੁੱਕ ਗਈਆਂ ਸਨ। ਅੱਖਾਂ ਅੱਖਾਂ ਵਿੱਚ ਪਤਾ ਨਹੀਂ ਕਿੰਨੀਆਂ ਗੱਲਾਂ ਕਰ ਲਈਆਂ ਸਨ।
ਅਚਾਨਕ ਉਸ ਕੁੜੀ ਦੀ ਸਹੇਲੀ ਨੇ ਉਸਦੇ ਕੂਹਣੀ ਮਾਰਦਿਆਂ ਕਿਹਾ,’ ਕੀ ਗੱਲ ਚੰਨੀ, ਲੇਟ ਹੋਣਾ, ਇਥੇ ਹੀ ਜੰਮ ਕੇ ਖਲੋਅ ਗਈਏਂ।’ ਚੰਨੀ ਨੂੰ ਇੰਜ ਲੱਗਾ ਜਿਵੇਂ ਅਸਮਾਨੀਂ ਉਡਦੀ ਹੋਈ ਚਿੜੀ ਨੂੰ ਕਿਸੇ ਨੇ ਗੁਲੇਲ ਮਾਰ ਕੇ ਥੱਲੇ ਗਿਰਾ ਦਿੱਤਾ ਹੋਵੇ। ਉਹ ਦੋਨੋਂ ਕਾਹਲੀ ਕਾਹਲੀ ਚਲਦੀਆਂ ਗਲੀ ਦਾ ਅਗਲਾ ਮੋੜ ਮੁੜ ਗਈਆਂ। ਤਾਰੀ ਨੂੰ ਇੰਜ ਲੱਗਾ ਜਿਵੇਂ ਉਸ ਦੇ ਸ਼ਰੀਰ ਵਿੱਚੋਂ ਉਸਦੀ ਰੂਹ ਨਿਕਲਦੀ ਹੋਵੇ। ਉਹ ਉਨੀ ਦੇਰ ਉਸ ਨੂੰ ਦੇਖਦਾ ਰਿਹਾ ਜਿੰਨੀ ਦੇਰ ਗਲੀ ਦਾ ਮੋੜ ਮੁੜ ਕੇ ਅੱਖੋਂ ਓਹਲੇ ਨਾ ਹੋ ਗਈ।
ਤਾਰੀ ਵੀ ਮਨ ਮਾਰ ਕੇ ਕਾਹਲੇ ਕਦਮੀਂ ਉਧਰ ਹੀ ਤੁਰ ਚੱਲਿਆ ਕਿਉਂਕਿ ਟਿਊਸ਼ਨ ਵਾਲੇ ਮਾਸਟਰ ਜੀ ਦਾ ਘਰ ਵੀ ਉਧਰ ਹੀ ਸੀ। ਜਦੋਂ ਉਹ ਟਿਊਸ਼ਨ ਪਹੁੰਚਿਆ ਤਾਂ ਉਸਨੂੰ ਲੱਗਾ ਕਿ ਕਿਤੇ ਉਸ ਦੀਆਂ ਅੱਖਾਂ ਉਸਨੂੰ ਧੋਖਾ ਤਾਂ ਨਹੀਂ ਦੇ ਰਹੀਆਂ। ਸਾਹਮਣੇ ਟੇਬਲ ਤੇ ਚੰਨੀ ਆਪਣੀ ਸਹੇਲੀ ਨਾਲ ਬੈਠੀ ਸੀ। ਉਸਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਰਿਹਾ ਸੀ। ਚੰਨੀ ਨੇ ਵੀ ਤਾਰੀ ਨੂੰ ਅੰਦਰ ਵੜਦੇ ਨੂੰ ਦੇਖ ਲਿਆ ਸੀ। ਤਾਰੀ ਨੂੰ ਪਤਾ ਨੀ ਭੁਲੇਖਾ ਲੱਗਾ ਸੀ ਕਿ ਜਾਂ ਸੱਚ ਸੀ, ਉਸਨੇ ਵੀ ਚੰਨੀ ਦੀਆਂ ਅੱਖਾਂ ਵਿੱਚ ਇੱਕ ਅਜੀਬ ਜਿਹੀ ਚਮਕ ਦੇਖ ਲਈ ਸੀ ਜਿਹੜੀ ਤਾਰੀ ਨੂੰ ਸਾਹਮਣੇ ਦੇਖ ਕੇ ਉਸ ਦੀਆਂ ਅੱਖਾਂ ਵਿੱਚ ਉੱਭਰ ਆਈ ਸੀ।
ਦੋ ਘੰਟੇ ਦੀ ਟਿਊਸ਼ਨ ਕਲਾਸ ਲਗਾ ਕੇ ਸਾਰੇ ਵਿਦਿਆਰਥੀ ਇੱਕ ਇੱਕ ਕਰਕੇ ਬਾਹਰ ਨਿਕਲਣ ਲੱਗੇ। ਚੰਨੀ ਅਤੇ ਉਸਦੀ ਸਹੇਲੀ ਵੀ ਬਾਹਰ ਨਿਕਲ ਗਈਆਂ ਸਨ ਤੇ ਤਾਰੀ ਵੀ। ਤਾਰੀ ਚੰਨੀ ਤੋਂ ਕੁਝ ਕਦਮ ਪਿੱਛੇ ਹਟਕੇ ਚੱਲ ਰਿਹਾ ਸੀ ਤਾਂ ਜੋ ਚੰਨੀ ਨੂੰ ਜਾਂ ਕਿਸੇ ਹੋਰ ਨੂੰ ਇਹ ਨਾ ਲੱਗੇ ਕਿ ਤਾਰੀ ਪਿੱਛਾ ਕਰ ਰਿਹਾ, ਜਦੋਂ ਕਿ ਤਾਰੀ ਦਾ ਰਸਤਾ ਵੀ ਉਹੀ ਸੀ। ਅੱਗੇ ਜਾ ਕੇ ਚੰਨੀ ਤਾਰੀ ਦੇ ਘਰ ਵਾਲੀ ਗਲੀ ਹੀ ਮੁੜ ਗਈ ਤੇ ਉਸਦੀ ਸਹੇਲੀ ਸਿੱਧੀ ਨਿਕਲ ਗਈ। ਹੁਣ ਚੰਨੀ ਅਤੇ ਤਾਰੀ ਦਾ ਫਾਸਲਾ ਕੁਝ ਘਟ ਗਿਆ ਸੀ। ਅੱਗੇ ਜਾ ਕੇ ਚੰਨੀ ਤਾਰੀ ਦੇ ਘਰ ਤੋਂ ਚਾਰ ਘਰ ਪਹਿਲਾਂ ਉਸ ਘਰ ਵਿੱਚ ਵੜ ਗਈ ਸੀ ਜੋ ਮੁਹੱਲੇ ਦੇ ਕਹਿੰਦੇ ਕਹਾਉਂਦੇ ਪੰਡਿਤ ਧੰਨੀ ਰਾਮ ਦਾ ਘਰ ਸੀ।
ਘਰ ਆ ਕੇ ਤਾਰੀ ਨੂੰ ਨਾ ਤਾਂ ਪਾਣੀ ਦੀ ਤ੍ਰੇਹ ਲੱਗ ਰਹੀ ਸੀ ਤੇ ਨਾ ਹੀ ਭੁੱਖ। ਉਹ ਰਾਤ ਵੀ ਸਾਰੀ ਜਾਗੋ ਮੀਟੀ ਵਿੱਚ ਨਿਕਲੀ। ਜਦੋਂ ਵੀ ਅੱਖਾਂ ਸੌਣ ਲਈ ਬੰਦ ਕਰਦਾ ਚੰਨੀ ਦਾ ਚਿਹਰਾ ਉਸ ਦੇ ਸਾਹਮਣੇ ਆ ਜਾਂਦਾ।
ਫੇਰ ਇਹ ਹਰ ਰੋਜ਼ ਹੀ ਵਾਪਰਣ ਲੱਗਾ। ਦੋਵੇਂ ਜਣੇ ਅੱਖਾਂ ਅੱਖਾਂ ਵਿੱਚ ਹੀ ਪਤਾ ਨਹੀਂ ਕਿੰਨੀਆਂ ਗੱਲਾਂ ਕਰ ਜਾਂਦੇ, ਪਰ ਜਦੋਂ ਸਾਹਮਣੇ ਆਉਂਦੇ ਤਾਂ ਦੋਵਾਂ ਦੀ ਜੁਬਾਨ ਨੂੰ ਜਿੰਦਰੇ ਲੱਗ ਜਾਂਦੇ, ਜਿਵੇਂ ਗੱਲ ਕਰਨ ਲਈ ਦੋਨਾਂ ਕੋਲ ਕੋਈ ਸ਼ਬਦ ਹੀ ਨਾ ਹੋਣ। ਇਸੇ ਤਰਾਂ ਲਗਭਗ 3-4 ਮਹੀਨੇ ਲੰਘ ਚੁੱਕੇ ਸਨ।
ਉਸ ਦਿਨ ਬਰਸਾਤ ਦਾ ਮੌਸਮ ਸੀ। ਹਲਕੀ ਹਲਕੀ ਬੂੰਦਾ ਬਾਂਦੀ ਹੋ ਰਹੀ ਸੀ। ਤਾਰੀ ਨੇ ਉਸ ਦੀ ਸਾਈਕਲ ਤੇ ਜਾਣ ਦਾ ਫੈਸਲਾ ਕੀਤਾ ਤਾਂ ਜੋ ਭਿੱਜਣ ਤੋਂ ਪਹਿਲਾਂ ਟਿਊਸ਼ਨ ਤੇ ਪੰਹੁਚ ਜਾਵੇ। ਤਾਰੀ ਜਦੋਂ ਤੱਕ ਟਿਊਸ਼ਨ ਪੰਹੁਚਿਆ ਤਾਂ ਮੀਂਹ ਪੂਰੇ ਜ਼ੋਰ ਨਾਲ ਪੈਣ ਲੱਗ ਪਿਆ ਸੀ। ਤਾਰੀ ਕੱਪੜੇ ਝਾੜਦਾ ਕਲਾਸ ਰੂਮ ਵਿੱਚ ਪੰਹੁਚਿਆ ਤਾਂ ਉਸ ਦਿਨ ਕਲਾਸ ਰੂਮ ਵਿੱਚ ਸਿਰਫ ਚੰਨੀ ਅਤੇ...

ਉਸਦੀ ਸਹੇਲੀ ਸੀ। ਬਾਕੀ ਸਾਰੇ ਵਿਦਿਆਰਥੀ ਬਰਸਾਤ ਕਾਰਨ ਛੁੱਟੀ ਕਰ ਗਏ ਸਨ। ਮਾਸਟਰ ਜੀ ਆਏ ਤੇ ਉਨ੍ਹਾਂ ਦਾ ਵੀ ਉਸ ਦਿਨ ਪੜ੍ਹਾਉਣ ਦਾ ਮੂਡ ਨਹੀਂ ਸੀ। ਮਾਸਟਰ ਜੀ ਨੇ ਕਿਹਾ ਕਿ ਕੁਝ ਸਮਾਂ ਬੈਠ ਜਾਵੋ, ਮੀਂਹ ਹਟ ਜਾਵੇ ਤਾਂ ਘਰ ਚਲੇ ਜਾਣਾ। ਇੰਨਾ ਕਹਿ ਕੇ ਮਾਸਟਰ ਜੀ ਆਪਣੇ ਕਮਰੇ ਵਿਚ ਚਲੇ ਗਏ ਤੇ ਉਨ੍ਹਾਂ ਵਾਸਤੇ 3 ਕੱਪ ਚਾਹ ਭੇਜ ਦਿੱਤੀ।
ਮੀਂਹ ਹਟਣ ਦਾ ਨਾਮ ਨਹੀਂ ਲੈ ਰਿਹਾ ਸੀ ਤੇ ਟਾਈਮ ਵੀ ਬਹੁਤ ਬੀਤ ਚੁੱਕਾ ਸੀ। ਕਲਾਸ ਰੂਮ ਵਿੱਚ ਉਹ ਹੁਣ ਤਿੰਨੇ ਹੀ ਰਹਿ ਗਏ ਸਨ। ਬਰਸਾਤ ਹਟ ਚੁੱਕੀ ਸੀ ਅਤੇ ਤਿੰਨੇ ਹੀ ਘਰ ਜਾਣ ਦੀ ਤਿਆਰੀ ਕਰਣ ਲੱਗੇ। ਤਾਰੀ ਨੇ ਸੋਚਿਆ ਕਿ ਅੱਜ ਦਿਲ ਦੀ ਗੱਲ ਕਹਿ ਹੀ ਦੇਣੀ ਹੈ, ਅੱਜ ਨਹੀਂ ਤਾਂ ਫੇਰ ਕਦੇ ਨਹੀਂ। ਚੰਨੀ ਦੀ ਸਹੇਲੀ ਕਲਾਸਰੂਮ ਵਿਚੋਂ ਨਿਕਲ ਗਈ ਤੇ ਜਦੋਂ ਚੰਨੀ ਨਿਕਲਣ ਲੱਗੀ ਤਾਂ ਤਾਰੀ ਨੇ ਮਗਰ ਜਾ ਕੇ ਝੱਟ ਉਸਦਾ ਹੱਥ ਫੜ੍ਹ ਲਿਆ ਤੇ ਕਹਿਣ ਲੱਗਾ,” ਬਸ ਚੰਨੀਏ, ਮੇਰੇ ਕੋਲੋਂ ਰੋਜ਼ ਰੋਜ਼ ਮਰਿਆ ਨਹੀਂ ਜਾਂਦਾ, ਅੱਜ ਨਾਂਹ ਕਰਕੇ ਹੁਣੇ ਮਾਰਦੇ ਜਾਂ ਹਾਂ ਕਰਕੇ ਸਦਾ ਲਈ ਮੇਰੇ ਦਿਲ ਵਿੱਚ ਵਸਜਾ।” ਚੰਨੀ ਦਾ ਦਿਲ ਜੋਰ ਜੋਰ ਨਾਲ ਧੜਕਣ ਲੱਗਾ। ਚੰਨੀ ਕਹਿਣ ਲੱਗੀ ,” ਇਹ ਗੱਲ ਸੁਣਨ ਲਈ ਮੇਰੇ ਕੰਨ ਤਰਸ ਗਏ ਸੀ। ਏਨੀ ਛੋਟੀ ਗੱਲ ਲਈ ਏਨੀ ਦੇਰ? ਮੈਂ ਵੀ ਜਦੋਂ ਦਾ ਤੈਨੂੰ ਦੇਖਿਆ ਮੇਰੀ ਰਾਤਾਂ ਦੀ ਨੀਂਦ ਹਰਾਮ ਹੋਈ ਪਈਏ”।ਤਾਰੀ ਨੇ ਝੱਟ ਚੰਨੀ ਨੂੰ ਆਪਣੀਆਂ ਬਾਹਾਂ ਵਿੱਚ ਘੁੱਟ ਲਿਆ। ਕੁਝ ਸਮਾਂ ਉਹ ਇੰਜ ਹੀ ਇੱਕ ਦੂਜੇ ਦੀਆਂ ਬਾਹਾਂ ਵਿੱਚ ਰਹੇ।
“ਬਸ ਵੀ ਕਰੋ ਹੁਣ ਕਿ ਅੱਜ ਹੁਣ ਏਥੇ ਹੀ ਵਿਆਹ ਕਰਵਾ ਲੈਣਾ”, ਇਹ ਸ਼ਬਦ ਉਨ੍ਹਾਂ ਦੇ ਕੰਨਾਂ ਵਿਚ ਪੈਂਦਿਆਂ ਹੀ ਜਿਵੇਂ ਦੋਨਾਂ ਨੂੰ ਹੋਸ਼ ਆਇਆ ਹੋਵੇ। ਉਨ੍ਹਾਂ ਨੇ ਬਾਹਰ ਦਰਵਾਜੇ ਵੱਲ ਦੇਖਿਆ ਤਾਂ ਉਥੇ ਖੜ੍ਹੀ ਚੰਨੀ ਦੀ ਸਹੇਲੀ ਰਾਣੀ ਖੜ੍ਹੀ ਮੁਸ਼ਕੜੀਆਂ ਲੈ ਕੇ ਮਿੰਨੀ ਮਿੰਨੀ ਹੱਸ ਰਹੀ ਸੀ।
ਤਾਰੀ ਨੇ ਕਿਹਾ,” ਬਰਸਾਤ ਦਾ ਮੌਸਮ ਹੈ,ਜੇ ਕਹੇਂ ਤਾਂ ਮੈਂ ਤੈਨੂੰ ਤੇਰੇ ਘਰ ਛੱਡ ਦੇਵਾਂ, ਮੇਰੇ ਘਰ ਵਾਲੀ ਗਲੀ ਵਿਚ ਹੀ ਤੁਹਾਡਾ ਘਰ ਹੈ।” ਚੰਨੀ ਨੇ ਰਾਣੀ ਵੱਲ ਦੇਖਿਆ। ਰਾਣੀ ਸਮਝ ਗਈ ਸੀ ਕਿ ਚੰਨੀ ਉਸਤੋਂ ਇਜਾਜਤ ਮੰਗ ਰਹੀ ਸੀ। ਰਾਣੀ ਨੇ ਅੱਖਾਂ ਅੱਖਾਂ ਵਿੱਚ ਹੀ ਉਸਨੂੰ ਇਜਾਜਤ ਦੇ ਦਿੱਤੀ।
ਤਾਰੀ ਉਸ ਦਿਨ ਚੰਨੀ ਨੂੰ ਉਸਦੇ ਘਰ ਛੱਡ ਗਿਆ ਸੀ। ਚੰਨੀ ਦੇ ਘਰ ਦਿਆਂ ਨੇ ਵੀ ਇੱਕੋ ਕਲਾਸ ਵਿਚ ਪੜ੍ਹਦੇ ਹੋਣ ਕਾਰਣ ਬਹੁਤਾ ਇਤਰਾਜ ਨਹੀਂ ਕੀਤਾ। ਹਾਂ ਕਾਲਿਜ ਅਲੱਗ ਅਲੱਗ ਸਨ। ਚੰਨੀ ਅਤੇ ਤਾਰੀ ਨੇ ਹੁਣ ਇੱਕ ਦੂਜੇ ਦੇ ਘਰ ਵੀ ਆਉਣਾ ਜਾਣਾ ਸ਼ੁਰੂ ਕਰ ਦਿਤਾ ਸੀ। ਦੋਨਾਂ ਪਰਿਵਾਰਾਂ ਵਿੱਚ ਇੱਕ ਦੂਜੇ ਦੇ ਘਰ ਹੁੰਦੇ ਫ਼ੰਕਸ਼ਨਾਂ ਵਿੱਚ ਆਮ ਸੱਦਿਆ ਜਾਣ ਲੱਗਾ।
ਸਮਾਂ ਆਪਣੀ ਚਾਲ ਚਲਦਾ ਗਿਆ। ਸਮੇਂ ਦੇ ਨਾਲ ਚੰਨੀ ਤੇ ਤਾਰੀ ਦਾ ਪਿਆਰ ਪਰਵਾਨ ਚੜ੍ਹਦਾ ਰਿਹਾ। ਨਾਲ ਜੀਣ ਮਰਣ ਦੀਆਂ ਸੌਹਾਂ ਖਾ ਲਈਆਂ।ਕੌਲ ਕਰਾਰ ਕਰ ਲੀਤੇ ਗਏ ਕਿ ਵਿਆਹ ਕਰਵਾਉਣਗੇ ਤਾਂ ਇੱਕ ਦੂਜੇ ਨਾਲ, ਨਹੀਂ ਤਾਂ ਸਾਰੀ ਉਮਰ ਕੁਆਰੇ ਹੀ ਰਹਾਂਗੇ।
ਤਾਰੀ ਅਤੇ ਚੰਨੀ ਨੂੰ ਬਹੁਤ ਵਾਰ ਇਕੱਲੇ ਮਿਲਣ ਦਾ ਮੌਕਾ ਮਿਲਿਆ,ਪ੍ਰੰਤੂ ਉਨ੍ਹਾਂ ਨੇ ਕਦੇ ਵੀ ਆਪਣੀ ਹੱਦ ਨਹੀਂ ਟੱਪੀ ਅਤੇ ਨਾ ਹੀ ਟੱਪਣ ਦੀ ਕੋਸ਼ਿਸ਼ ਕੀਤੀ। ਹਮੇਸ਼ਾਂ ਆਪਣੀ ਮਰਿਆਦਾ ਵਿੱਚ ਰਹੇ। ਇੱਕ ਦਿਨ ਚੰਨੀ ਨੇ ਤਾਰੀ ਨੂੰ ਕਿਹਾ ਕਿ ਰੱਬ ਨਾ ਕਰੇ ਜੇਕਰ ਆਪਾਂ ਨੂੰ ਇੱਕ ਦੂਜੇ ਤੋਂ ਦੂਰ ਹੋਣਾ ਪਿਆ ਤਾਂ ਮੈਨੂੰ ਆਪਣੀ ਇੱਕ ਨਿਸ਼ਾਨੀ ਦੇ ਤਾਂ ਜੋ ਸਾਰੀ ਉਮਰ ਤੁਹਾਨੂੰ ਯਾਦ ਰੱਖ ਸਕਾਂ। ਅਗਲੇ ਦਿਨ ਤਾਰੀ ਨੇ ਆਪਣੇ ਜੇਭ ਖਰਚੇ ਵਿਚੋਂ ਬਚਾ ਕੇ ਰੱਖੇ ਹੋਏ 15 ਰੁਪਏ ਸੋਨੇ ਦੇ ਰੰਗ ਚੜ੍ਹੀ ਹੋਈ ਇੱਕ ਅੰਗੂਠੀ ਲਿਆ ਕਿ ਚੰਨੀ ਨੂੰ ਦਿੱਤੀ। ਸੋਨੇ ਦੀ ਖਰੀਦਣ ਦੀ ਉਸਦੀ ਹੈਸੀਅਤ ਨਹੀਂ ਸੀ।
ਲੋਕ ਕਹਿੰਦੇ ਹਨ ਕਿ ਇਸ਼ਕ ਅਤੇ ਮੁਸ਼ਕ ਛੁਪਾਇਆਂ ਨਹੀਂ ਛੁਪਦੇ। ਹੌਲੀ ਹੌਲੀ ਤਾਰੀ ਦੀ ਮਾਂ ਨੂੰ ਚੰਨੀ ਦਾ ਤਾਰੀ ਦੇ ਘਰ ਬਿਨਾਂ ਵਜ੍ਹਾ ਆਉਣਾ ਸ਼ੱਕੀ ਲੱਗਣ ਲੱਗਾ। ਤਾਰੀ ਦੀ ਮਾਂ ਸਮਝ ਗਈ ਕਿ ਦੋਨਾਂ ਵਿੱਚ ਕੁਝ ਨਾ ਕੁਝ ਤਾਂ ਚੱਲ ਰਿਹਾ। ਤਾਰੀ ਦੀ ਪਹਿਰੇਦਾਰੀ ਹੋਣ ਲੱਗੀ। ਤਾਰੀ ਦਾ ਉਸਦੀ ਮਾਂ ਨੇ ਚੰਨੀ ਦੇ ਘਰ ਜਾਣਾ ਮਨ੍ਹਾਂ ਕਰ ਦਿੱਤਾ ਅਤੇ ਸਖਤ ਸ਼ਬਦਾਂ ਵਿੱਚ ਕਹਿ ਦਿੱਤਾ ਕਿ ਰਿਸ਼ਤੇ ਸਿਰਫ ਆਪਣੀ ਬਿਰਾਦਰੀ ਵਿੱਚ ਹੀ ਹੁੰਦੇ ਹਨ। ਜਿਆਦਾ ਉਡੇਗਾਂ ਤਾਂ ਤੇਰੇ ਪਰ ਕੁਤਰ ਦਿਤੇ ਜਾਣਗੇ। ਤਾਰੀ ਦੀ ਮਾਂ ਨੇ ਕਰਮੇ ਨੂੰ ਕੋਈ ਬਹਾਨਾ ਲਗਾ ਕੇ ਤਾਰੀ ਦਾ ਟਿਊਸ਼ਨ ਤੇ ਜਾਣਾ ਬੰਦ ਕਰਵਾ ਦਿੱਤਾ। ਜਿਸ ਦਿਨ ਤਾਰੀ ਦੀ ਮਾਂ ਪਤਾ ਲਗਦਾ ਸੀ ਕਿ ਤਾਰੀ ਨੇ ਚੰਨੀ ਵੱਲ ਦੇਖਿਆ ਵੀ ਹੈ,ਥੱਪੜਾਂ ਨਾਲ ਕੁੱਟ ਕੁੱਟ ਕੇ ਉਸਦਾ ਮੂੰਹ ਲਾਲ ਕਰ ਦਿੰਦੀ ਸੀ। ਪ੍ਰੰਤੂ ਉਨ੍ਹਾਂ ਦਾ ਪਿਆਰ ਜਿਸਮਾਨੀ ਪਿਆਰ ਤੋਂ ਕਿਤੇ ਬਹੁਤ ਜਿਆਦਾ ਉੱਚਾ ਸੀ। ਰੂਹਾਂ ਦਾ ਆਪਸੀ ਮੇਲ ਸੀ।ਕਿਸੇ ਬਹਾਨੇ ਨਾਲ ਉਹ ਘਰ ਦੇ ਬਾਹਰ ਕਦੇ ਮਿਲਦੇ ਰਹੇ। ਤਾਰੀ ਦੇ ਵੀ ਹਰ ਦੂਜੇ ਜਾਂ ਤੀਜੇ ਦਿਨ ਥੱਪੜ ਪੈਂਦੇ ਰਹਿੰਦੇ ਸਨ। ਪਰ ਤਾਰੀ ਨੇ ਇਹ ਗੱਲ ਚੰਨੀ ਤੋਂ ਲੁਕੋਅ ਕੇ ਰੱਖੀ। ਚੰਨੀ ਵੀ ਹੁਣ ਕੁਝ ਕੁਝ ਸਮਝਣ ਲੱਗ ਪਈ ਸੀ ਕਿ ਤਾਰੀ ਤੇ ਪਾਬੰਦੀਆਂ ਲੱਗ ਗਈਆਂ ਹਨ। ਸ਼ਾਇਦ ਚੰਨੀ ਤੇ ਵੀ ਕੁਝ ਪਾਬੰਦੀਆਂ ਲੱਗੀਆਂ ਹਨ ਕਿਉਂਕਿ ਹੁਣ ਚੰਨੀ ਦੀ ਮਾਂ ਨੂੰ ਵੀ ਚੰਨੀ ਅਤੇ ਤਾਰੀ ਦੇ ਰਿਸ਼ਤੇ ਬਾਰੇ ਪਤਾ ਲੱਗ ਗਿਆ ਸੀ।
……….ਚਲਦਾ……..
(ਜਗਤਾਰ ਸਿੰਘ ਸਿੱਧੂ)

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)