ਰੂਹਾਨੀ ਪਿਆਰ

6

ਮਸੀਂ ਪੰਜ-ਛੇ ਸਾਲਾਂ ਦਾ ਹੋਵਾਂਗਾ..
ਅਕਸਰ ਹੀ ਵੇਖਦਾ ਸਾਰੇ ਉਸਨੂੰ ਜਾਦੂਗਰਨੀ ਆਖਦੇ..
ਪਰ ਮੈਨੂੰ ਉਹ ਬੜੀ ਚੰਗੀ ਲਗਿਆ ਕਰਦੀ..ਮੈਨੂੰ ਕਿੰਨਾ ਕੁਝ ਖਾਣ ਨੂੰ ਦਿਆ ਕਰਦੀ..ਲਾਡ ਲਡਾਉਂਦੀ..ਢੇਰ ਸਾਰਾ ਮੋਹ ਕਰਦੀ..!

ਪਰ ਮੇਰੀ ਮਾਂ ਪਤਾ ਨੀ ਕਿਓਂ ਮੈਨੂੰ ਓਹਦੇ ਕੋਲ ਜਾਣ ਤੋਂ ਵਰਜਿਆ ਕਰਦੀ..ਇੱਕ ਦੋ ਵਾਰ ਉਹ ਉਸਦੇ ਨਾਲ ਲੜ ਵੀ ਪਈ..
ਉਹ ਅਗਿਓਂ ਚੁੱਪ ਰਹਿੰਦੀ..ਜਦੋਂ ਸਾਰੇ ਬੰਬੀ ਨੂੰ ਜਾਣ ਲੱਗਦੇ ਤਾਂ ਮੈਂ ਖਹਿੜਾ ਕਰਦਾ ਕੇ ਮੈਂ ਉਸਦੇ ਕੋਲ ਘਰੇ ਹੀ ਰਹਿਣਾ..
ਪਰ ਉਹ ਮੈਨੂੰ ਜਬਰਦਸਤੀ ਆਪਣੇ ਨਾਲ ਲੈ ਜਾਇਆ ਕਰਦੇ..!

ਮੇਰੀ ਮਾਂ ਨੂੰ ਫਿਕਰ ਹੋ ਜਾਂਦਾ..ਸ਼ਾਇਦ ਜਾਦੂ ਆਪਣਾ ਅਸਰ ਕਰ ਗਿਆ ਏ..
ਫੇਰ ਉਹ ਸਿਆਣੇ ਕੋਲੋਂ ਮੇਰੇ ਫਾਂਡਾ ਕਰਵਾਉਂਦੀ..ਫੇਰ ਤਾਕੀਦ ਕਰਦੀ ਹੁਣ ਉਸਦੇ ਕੋਲ ਨਹੀਂ ਜਾਣਾ..!

ਰਿਸ਼ਤੇ ਵਿਚ ਉਹ ਮੇਰੀ ਚਾਚੀ ਲੱਗਦੀ ਸੀ..ਹਮੇਸ਼ਾਂ ਹੱਸਦੀ ਹੋਈ..
ਪਰ ਪਤਾ ਨੀ ਕਿਓਂ ਚਾਚੇ ਕੋਲੋਂ ਕਾਫੀ ਗਾਹਲਾਂ ਖਾਂਦੀ ਸੀ..ਕਈ ਵਾਰ ਜਦੋਂ ਉਹ ਚਾਚੇ ਨੂੰ ਸ਼ਰਾਬ ਪੀਣੋਂ ਮੋੜਦੀ ਤਾਂ ਉਹ ਉਸਨੂੰ ਕੁੱਟ ਵੀ ਲਿਆ ਕਰਦਾ..!
ਨਾਲੇ ਉੱਚੀ ਸਾਰੀ ਆਖਦਾ ਨਿੱਕਲ ਜਾ ਮੇਰੇ ਘਰੋਂ..ਏਨੇ ਸਾਲ ਹੋ ਗਏ ਇੱਕ ਜਵਾਕ ਤੱਕ ਨੀ ਜੰਮ ਸਕੀ..!
ਉਹ ਪਿੱਛੋਂ ਬੜੇ ਗਰੀਬ ਘਰੋਂ ਸੀ..ਉਸਦੇ ਕਿੰਨੇ ਸਾਰੇ ਭੈਣ ਭਾਈ ਵੀ ਸਨ..ਉਸਦਾ ਕਮਜ਼ੋਰ ਜਿਹਾ ਬਾਪ ਜਦੋਂ ਵੀ ਉਸਨੂੰ ਇਥੇ ਛੱਡਣ ਆਉਂਦਾ ਤਾਂ ਕੋਈ ਵੀ ਉਸਨੂੰ ਸਿਧੇ ਮੂੰਹ ਨਾ ਬੁਲਾਇਆ ਕਰਦਾ..ਉਹ ਬੱਸ ਸਾਰਿਆਂ ਅੱਗੇ ਹੱਥ ਹੀ ਜੋੜਦਾ ਰਹਿੰਦਾ..!
ਚਾਚੀ ਨੂੰ ਹਰੇਕ ਅੱਗੇ ਹੱਥ ਜੋੜਦੇ ਆਪਣੇ ਬਾਪ ਤੇ ਕਾਫੀ ਤਰਸ ਆਉਂਦਾ ਪਰ ਉਹ ਰੋਣ ਤੋਂ ਸਿਵਾਏ ਕੁਝ ਨਾ ਕਰ ਸਕਦੀ..!

ਮੈਂ ਅਕਸਰ ਹੀ ਦੂਰ ਖਲੋਤਾ ਇਹ ਸਭ ਕੁਝ ਵੇਖਦਾ ਰਹਿੰਦਾ..
ਸਾਰੇ ਸਮਝਦੇ ਸਨ ਕੇ ਮੈਂ ਅੰਞਾਣਾ ਸਾਂ..ਇਸਨੂੰ ਕੁਝ ਸਮਝ ਨੀ ਆਉਂਦੀ..ਪਰ ਮੈਨੂੰ ਸਭ ਕੁਝ ਪਤਾ ਲੱਗ ਜਾਂਦਾ ਸੀ..
ਇਹ ਸਾਰਾ ਕੁਝ ਸ਼ਾਇਦ ਇਸ ਲਈ ਕੀਤਾ ਜਾਂਦਾ ਕਿਓੰਕੇ ਉਸਦੇ ਵਿਚ ਮਾਂ ਬਣਨ ਦੀ ਸਮਰੱਥਾ ਨਹੀਂ ਸੀ..
ਉਹ ਹਮੇਸ਼ਾਂ ਪਾਠ ਕਰਦੀ...

ਰਹਿੰਦੀ..ਸੁਖਾਂ ਸੁਖਦੀ ਰਹਿੰਦੀ..ਅਖੀਰ ਹਾਲਾਤਾਂ ਨੇ ਉਸਨੂੰ ਸਿਆਣਿਆਂ ਦੇ ਵੱਸ ਪਾ ਦਿੱਤਾ..ਫੇਰ ਲੋਕ ਉਸਨੂੰ ਜਾਦੂਗਰਨੀ ਸਮਝਣ ਲੱਗ ਪਏ..ਜੁਆਕ ਆਉਂਦੀ ਨੂੰ ਵੇਖ ਰਾਹੋਂ ਪਰੀ ਹੋ ਜਾਂਦੇ..!

ਫੇਰ ਇੱਕ ਦਿਨ ਪਤਾ ਲੱਗਾ ਉਹ ਨਾਲ ਲੱਗਦੀ ਨਹਿਰ ਵਿਚ ਡੁੱਬ ਗਈ..
ਪਿੰਡ ਦੇ ਕੁਝ ਲੋਕ ਦੱਬੀ ਅਵਾਜ ਵਿਚ ਇਹ ਵੀ ਆਖਦੇ ਕੇ ਉਸ ਨੂੰ ਡੋਬ ਦਿੱਤਾ ਗਿਆ ਸੀ..!
ਇਸਤੋਂ ਬਾਅਦ ਉਹ ਮੈਨੂੰ ਬੜਾ ਯਾਦ ਆਉਂਦੀ..
ਜਦੋਂ ਚੋਂਕੇ ਵਿਚ ਪਈ ਉਸਦੀ ਖਾਲੀ ਪੀੜੀ ਵੱਲ ਵੇਖਦਾ ਤਾਂ ਉਹ ਮੈਨੂੰ ਓਥੇ ਬੈਠੀ ਹੋਈ ਸੈਨਤ ਮਾਰ ਆਪਣੇ ਕੋਲ ਬੁਲਾਉਂਦੀ ਹੋਈ ਜਾਪਦੀ..!

ਅੱਜ ਏਨੇ ਵਰ੍ਹਿਆਂ ਬਾਅਦ ਜਦੋਂ ਮੇਰੀ ਖੁਦ ਦੀ ਰਿਪੋਰਟ ਆਈ ਤਾਂ ਗੋਰੀ ਡਾਕਟਰ ਸਮਝਾਉਣ ਲੱਗੀ ਕੇ ਸ਼ੁਕਰਾਨੂੰ ਘੱਟ ਨੇ..ਸ਼ਾਇਦ ਸਾਰੀ ਉਮਰ ਔਲਾਦ ਦਾ ਸੁਖ ਨਾ ਭੋਗ ਸਕਾਂ..ਫੇਰ ਹੋਰ ਤਕਨੀਕਾਂ ਬਾਰੇ ਦੱਸਦੀ ਗਈ ਪਰ ਮੈਂ ਵੀਹ ਸਾਲ ਪਹਿਲਾਂ ਵਾਲੇ ਜਮਾਨੇ ਵਿਚ ਅੱਪੜ ਗਿਆ ਸਾਂ..

ਮੈਨੂੰ ਇੰਝ ਲੱਗਾ ਸ਼ਾਇਦ ਮੇਰਾ ਹਸ਼ਰ ਵੀ ਮੇਰੀ ਚਾਚੀ ਵਰਗਾ ਹੀ ਨਾ ਕਰ ਦਿੱਤਾ ਜਾਵੇ ਪਰ ਜਜਬਾਤੀ ਹੋ ਗਏ ਨੂੰ ਆਪਣੀ ਗਲਵੱਕੜੀ ਵਿਚ ਲੈਂਦੀ ਹੋਈ ਆਪਣੀ ਹਮਸਫਰ ਵੱਲ ਵੇਖ ਮੈਨੂੰ ਇੰਝ ਪ੍ਰਤੀਤ ਹੋਇਆ ਜਿੱਦਾਂ ਨਹਿਰ ਵਿਚ ਡੁੱਬ ਗਈ ਮੇਰੀ ਚਾਚੀ ਵਾਪਿਸ ਪਰਤ ਆਈ ਹੋਵੇ ਤੇ ਮੈਨੂੰ ਆਪਣੇ ਬੁੱਕਲ ਵਿਚ ਲੈ ਆਖ ਰਹੀ ਹੋਵੇ ਕੇ ਜੇ ਕੁਦਰਤ ਇਨਸਾਨ ਵਿਚ ਕੋਈ ਨੁਕਸ ਪਾ ਦੇਵੇ ਤਾਂ ਭਲਾ ਆਪਣਿਆਂ ਦਾ ਇੰਝ ਤਿਆਗ ਥੋੜਾ ਕਰ ਦਈਦਾ ਹੁੰਦਾ..
ਇਹ ਰੂਹਾਨੀ ਪਿਆਰ ਤਾਂ ਨ੍ਹਾ ਹੋਇਆ ਸਗੋਂ ਇਸਨੂੰ ਉਹ ਜਿਸਮਾਨੀ ਕਾਰੋਬਾਰ ਹੀ ਆਖਿਆ ਜਾ ਸਕਦਾ ਏ ਜਿਸ ਵਿਚ ਘਾਟਾ ਪੈ ਜਾਣ ਦੀ ਸੂਰਤ ਵਿਚ ਸਭ ਤੋਂ ਪਹਿਲਾਂ ਭਾਈਵਾਲੀ ਨੂੰ ਹੀ ਤੋੜ ਦਿੱਤਾ ਜਾਂਦਾ ਏ..!
ਦੋਸਤੋ ਅਸੀ ਅੱਜ ਵੀ ਓਸੇ ਦੌਰ ਵਿਚ ਹਾਂ ਜਿਥੇ ਜੇਕਰ ਛੁਰੀ ਖਰਬੂਜੇ ਤੇ ਡਿੱਗੇ ਤੇ ਜਾਂ ਫੇਰ ਖਰਬੂਜਾ ਛੁਰੀ ਤੇ..ਭਾਰੀ ਕੀਮਤ ਹਮੇਸ਼ਾਂ ਖਰਬੂਜੇ ਨੂੰ ਹੀ ਚੁਕਾਉਣੀ ਪੈਂਦੀ ਏ..!

ਹਰਪ੍ਰੀਤ ਸਿੰਘ ਜਵੰਦਾ

Leave A Comment!

(required)

(required)


Comment moderation is enabled. Your comment may take some time to appear.

Comments

4 Responses

 1. Preetkalyan

  Nice

 2. aman

  Ruhaani pyaar ik ajehi sogaat e..jisda na koi roop na koi jaat..nyc story

 3. Shamsher Bal Bal marzana

  kaafi vadia topic c tuhada
  vadia likhia parmatma tuhadi kalm nu hor vadia bnave

 4. Gurpreet Kaur

  bilkul sahi likhya tussi….kaffi dard ae es kahani ch♥️😊

Like us!