ਰਿਸ਼ਤੇਦਾਰੀ ਚੋਂ ਇੱਕ ਦੂਰ ਦੀ ਮਾਸੀ..ਤਕੜੇ ਘਰ ਵਿਆਹੀ..ਕਰੀਬ ਡੇਢ ਦੋ ਮੁਰੱਬੇ ਸ਼ਹਿਰੀ ਜਮੀਨ ਅਤੇ ਹੋਰ ਬੇਸ਼ੁਮਾਰ ਦੌਲਤ ਦਾ ਮਾਲਕ ਸੀ!
ਪੈਦਲ ਤੁਰਨ ਵਾਲੇ ਜ਼ਮਾਨਿਆਂ ਵਿਚ ਕੋਲ ਵਧੀਆ ਘੋੜੀਆਂ ਹੁੰਦੀਆਂ..ਫੇਰ ਸਾਈਕਲਾਂ ਵਾਲੇ ਦੌਰ ਵਿਚ ਨਵੇਂ ਨਕੋਰ ਰਾਜਦੂਤ ਅਤੇ ਹੋਰ ਬੰਬੂ ਕਾਟਾਂ ਦੀ ਵੱਡੀ ਖੇਪ..ਮਗਰੋਂ ਕਾਰਾਂ ਦੇ ਜਮਾਨੇ ਆਏ ਤਾਂ ਵੱਧ ਕੀਮਤਾਂ ਵਾਲੀ ਦੌੜ ਲੱਗ ਗਈ!
ਦਰਮਿਆਨਾ ਤਬਕਾ ਤਾਂ ਮਸੀਂ ਡੂਢ ਲੱਖ ਵਾਲੀ ਵਿਚ ਆਇਆ ਕਰਦਾ ਪਰ ਇਹਨਾਂ ਦੇ ਡਰਾਈਵਰ ਦੀ ਵਰਦੀ ਵੀ ਚੰਗੀ ਤਰਾਂ ਪ੍ਰੈਸ ਹੋਇਆ ਕਰਦੀ!
ਵਿਆਹਵਾਂ ਠਾਕਿਆਂ ਤੇ ਉਚੇਚ ਨਾ ਮਿਲਦੀ ਤਾਂ ਮਸਲਾ ਖੜਾ ਹੋ ਜਾਂਦਾ..ਟਰੇਆਂ ਫੜ ਆਸ ਪਾਸ ਫਿਰਦੇ ਬਹਿਰੇ ਅਤੇ ਹੋਰ ਪ੍ਰਬੰਧਕ ਬੜਾ ਅਨੰਦ ਦਿੰਦੇ!
ਹਰ ਸ਼ਗਨ,ਮਰਗ,ਜੰਮਣੇ ਮਰਨੇ ਭੋਗ-ਇਕੱਠ ਤੇ ਬੱਸ ਹਰ ਪਾਸੇ ਮੁਰੱਬਿਆਂ ਵਾਲੇ ਮਾਸੀ ਮਾਸੜ ਦਾ ਜਿਕਰ ਅਤੇ ਆਮਦ ਜਰੂਰੀ ਬਣਾ ਦਿੱਤੀ ਗਈ!
ਇਹਨਾਂ ਵੱਲੋਂ ਕਿਸੇ ਨੂੰ ਕੱਢੀ ਗਈ ਗਾਲ ਵੀ ਮਜਾਕ ਦੇ ਤੌਰ ਤੇ ਲਈ ਜਾਂਦੀ ਤੇ ਓਹਨਾ ਨੂੰ ਕਿਸੇ ਹੋਰ ਵੱਲੋਂ ਵੱਲੋਂ ਕੀਤਾ ਹਲਕਾ ਫੁਲਕਾ ਮਜਾਕ ਵੀ ਕਈ ਵਾਰ ਗਾਹਲ ਬਣ ਕੇ ਅਗਲੇ ਦੇ ਪੇਸ਼ ਪੈ ਜਾਂਦਾ!
ਬਹੁਤੇ ਪਰਵਾਰਿਕ ਮਸਲਿਆਂ ਵਿਚ ਇਹਨਾਂ ਦਾ ਗੁਣਾ ਜਿਸ ਧਿਰ ਵੱਲ ਪੈ ਜਾਂਦਾ ਉਸਨੂੰ ਮੁਕੱਦਮਾਂ ਜਿੱਤਣ ਤੋਂ ਵੀ ਵੱਧ ਦਾ ਚਾ ਚੜ ਜਾਂਦਾ !
ਕਈ ਕਦੀ ਕਈ ਜਾਗਦੀ ਜਮੀਰ ਵਾਲੇ ਓਹਨਾ ਨੂੰ ਮੂੰਹ ਤੇ ਗੱਲ ਆਖਣ ਦੀ ਜੁੱਰਤ ਵੀ ਰੱਖਦੇ ਸਨ ਪਰ ਪਰਿਵਾਰਿਕ ਰਾਜਨੀਤੀ ਦਾ ਮਾਹਿਰ ਮਾਸੜ ਆਪਣੇ ਇਸ ਤਰਾਂ ਦੇ ਵਿਰੋਧੀਆਂ ਨੂੰ ਦੂਜਿਆਂ ਨਾਲੋਂ ਤੋੜ -ਵਿਛੋੜ ਕੇ ਕੱਲਾ ਕਾਰਾ ਪਾ ਦਿੰਦਾ!
ਗੱਲ ਕੀ ਬੀ ਹਰ ਪਾਸੇ ਚੰਮ ਦੀਆਂ ਚੱਲਦੀਆਂ ਸਨ!
ਫੇਰ ਸਮੇ ਦਾ ਚੱਕਰ ਚੱਲਿਆ..ਦੁਪਹਿਰਾਂ ਢਲਣ ਲੱਗੀਆਂ..ਪਰਛਾਵੇਂ ਕਦ ਨਾਲੋਂ ਲੰਮੇਂ ਹੋਣ ਲੱਗੇ..ਤੇ ਮੁਰੱਬਿਆਂ ਵਾਲਾ ਮਾਸੜ ਉਦਾਸ ਰਹਿਣ ਲੱਗਾ!
ਡਿਪ੍ਰੈਸ਼ਨ ਦੀ ਮਾਰ ਹੇਠ ਆਇਆ ਘੜੀਆਂ ਕੱਢਣ ਤੇ ਆ ਗਿਆ..ਇੱਕ ਦਿਨ ਮਾਸੀ ਕੈਂਸਰ ਨਾਲ ਤੁਰ ਗਈ..ਨੂਹਾਂ ਨਾਲ ਘੱਟ ਹੀ ਬਣਿਆ ਕਰਦੀ..ਮੁੰਡਿਆਂ ਦਾ ਵੀ ਬੋਲਚਾਲ ਬੰਦ ਹੋ ਗਿਆ!
ਬਾਹਰਲੇ ਮੁਲਖ ਰਹਿੰਦੇ ਅਕਸਰ ਆਖ ਦਿੰਦੇ ਕੇ ਜੇ ਸਾਡੇ ਕੋਲ ਬਾਹਰ ਆਉਣਾ ਏ ਤਾਂ ਮੁਰੱਬਿਆਂ ਦੀ ਵੰਡ ਵਡਾਈ ਪਹਿਲੋਂ ਹੋਣੀ ਚਾਹੀਦੀ!
ਮਾਸੜ ਅੰਦਰੋਂ ਅੰਦਰ ਡਰਦਾ ਕੇ ਜੇ ਕਿਧਰੇ ਹਾਅ ਕੰਮ ਕਰ ਦਿੱਤਾ ਤਾਂ ਮਾੜੀ ਮੋਟੀ ਹੁੰਦੀ ਪੁੱਛਗਿੱਛ...
ਤੋਂ ਵੀ ਨਾ ਜਾਂਦਾ ਰਹਾਂ!
ਹੁਣ ਕਦੀ ਕਦਾਈਂ ਡੰਗੋਰੀ ਫੜ ਕੱਲਾ ਕਾਰਾ ਮੁਰੱਬਿਆਂ ਦਾ ਗੇੜਾ ਮਾਰ ਆਉਂਦਾ..ਪਰ ਮੁਰੱਬੇ ਵੀ ਇਹ ਕਹਿ ਕੇ ਪੱਲਾ ਝਾੜ ਦਿੰਦੇ ਕੇ ਭਾਈ ਜਿੱਦਾਂ ਜੂਆ ਕਿਸੀ ਕਾ ਨਾ ਹੂਆ..ਓਦਾਂ ਹੀ ਮੁਰੱਬਾ ਵੀ ਕਿਸੀ ਕਾ ਨਾ ਹੂਆ!
ਹੁਣ ਕਿਸੇ ਵੇਲੇ ਘਰੇ ਜੰਮੀਆਂ ਫੀਮ ਚਟਾ ਕੇ ਮੁਕਾ ਦਿੱਤੀਆਂ ਬੜੀਆਂ ਹੀ ਚੇਤੇ ਆਉਂਦੀਆਂ..ਸੋਚਦਾ ਜੇ ਇੱਕ ਅੱਧੀ ਬਚਾ ਲਈ ਹੁੰਦੀ ਤਾਂ ਓਦੇ ਨਾਲ ਹੀ ਦੁੱਖ ਸੁਖ ਫੋਲ ਲਿਆ ਕਰਦਾ..ਫੇਰ ਇੱਕ ਦਿਨ ਇੰਝ ਹੀ ਚਲਾ ਗਿਆ ਚੁੱਪ ਚੁਪੀਤੇ..ਦੁਨੀਆਂ ਉਂਝ ਦੀ ਉਂਝ ਹੀ ਸੀ..ਕਿੰਨੇ ਸਾਰੇ ਹੋਰ ਜੰਮ ਪਏ ਮੁਰੱਬਿਆਂ ਵਾਲੇ ਮਾਸੀ ਮਾਂਸੜਾਂ ਦਾ ਭਾਰ ਝੱਲਦੀ..ਸਦੀਆਂ ਤੋਂ ਚੱਲਦਾ ਓਹੀ ਵਰਤਾਰਾ!
ਮੇਰੀ ਨਾਨੀ ਨਿੱਕੇ ਹੁੰਦੇ ਸਾਨੂੰ ਖੇਡਦਿਆਂ ਨੂੰ ਅਕਸਰ ਹੀ ਆਖਦੀ ਹੁੰਦੀ ਸੀ ਕੇ ਪੁੱਤ ਭੋਏਂ ਤੇ ਹੀ ਖੇਡਿਓ..ਚੁਬਾਰੇ ਤੇ ਨਾ ਜਾ ਚੜਿਓ!
ਜੇ ਓਥੋਂ ਡਿੱਗੇ ਤਾਂ ਸੱਟ-ਪੇਟ ਬੜੀ ਭੈੜੀ ਲੱਗੂ..ਹੁਣ ਅਮਝ ਆਈ ਕੇ ਬਿਲਕੁਲ ਸਹੀ ਹੀ ਆਖਿਆ ਕਰਦੀ ਸੀ..ਉਚਾਈ ਤੋਂ ਡਿੱਗਿਆਂ ਨੂੰ ਵਾਕਿਆ ਹੀ ਸੱਟ ਬੜੀ ਭੈੜੀ ਲੱਗਦੀ!
ਅਫ੍ਰੀਕਾ ਦੇ ਜੰਗਲਾਂ ਵਿਚ ਖਿੱਚੀ ਪੋਸਟ ਵਿਚਲੀ ਇਹ ਫੋਟੋ ਉਸ ਸ਼ੇਰ ਦੀ ਹੈ ਜਿਹੜਾ ਫੋਟੋਗ੍ਰਾਫਰ ਦੇ ਫੋਟੋ ਖਿੱਚਣ ਤੋਂ ਕੁਝ ਘੜੀਆਂ ਬਾਅਦ ਉਸਦੇ ਸਾਮਣੇ ਹੀ ਮੁੱਕ ਗਿਆ ਸੀ..ਭੁੱਖਾ-ਭਾਣਾ..ਲਾਚਾਰ..ਬੇਬਸ..ਤਰਸਯੋਗ ਹਾਲਤ ਵਿਚ!
ਦੋਸਤੋ ਇਨਸਾਨ ਦੀ ਕਹਾਣੀ ਵੀ ਨਿੱਰੀ ਪੂਰੀ ਏਦਾਂ ਦੀ ਹੀ ਹੈ..ਸਾਰੀ ਜਿੰਦਗੀ ਕੁਲ ਜਹਾਨ ਨੂੰ ਆਪਣੇ ਵੱਸ ਵਿਚ ਕਰਦਾ ਹੋਇਆ ਇੱਕ ਦਿਨ ਹਸਪਤਾਲ ਦੇ ਬੈਡ ਤੇ ਕੱਲਾ ਕਾਰਾ ਪਿਆ ਬੱਸ ਇਹੋ ਗਾਉਣ ਚੇਤੇ ਕਰਦਾ ਅਗਲੇ ਸਫ਼ਰ ਤੇ ਜਾ ਪੈਂਦਾ..”ਸਾਰੀ ਉਮਰ ਗਵਾ ਲਈ ਤੂੰ ਜਿੰਦੜੀਏ ਕੁਝ ਨਾ ਜਹਾਨ ਵਿਚੋਂ ਖੱਟਿਆ”
ਜੋ ਇਸ ਜਹਾਨੋਂ ਵਾਕਿਆ ਹੀ ਕੁਝ ਸਦੀਵੀਂ ਖੱਟ ਕੇ ਜਾਂਦੇ ਨੇ ਓਹਨਾ ਸਾਰੀ ਉਮਰ ਦੌਲਤਾਂ-ਮੁਰੱਬੇ ਨਹੀਂ ਸਗੋਂ ਸ਼ਹਾਦਤਾਂ ਕੁਰਬਾਨੀਆਂ ਦੀ ਦਾਤ ਮੁੱਲ ਲਈ ਹੁੰਦੀ ਏ..ਓਹੀ ਸ਼ਹਾਦਤਾਂ ਜਿਹਨਾਂ ਦੀ ਗੱਲ ਆਉਣ ਵਾਲੇ ਕੁਝ ਦਿਨਾਂ ਵਿਚ ਘਰ ਘਰ ਅਤੇ ਪਿੰਡ ਪਿੰਡ ਵਿਚ ਅਕਸਰ ਹੀ ਹੋ ਰਹੀ ਹੋਵੇਗੀ!
ਹਰਪ੍ਰੀਤ ਸਿੰਘ ਜਵੰਦਾ