ਜ਼ਿੰਦਗੀ ਰੂਬਰੂ।
ਸਕੂਟਰ ਦੀ ਅਦਲਾ ਬਦਲੀ ॥
16.05.2022 ਮੇਰੇ ਲਈ ਇਤਿਹਾਸਕ ਦਿਨ ਬਣ ਗਿਆ। ਇਹ ਤਰੀਕ ਨਾ ਭੁਲਾਈ ਜਾ ਸੱਕਦੀ ਹੈ ਨਾ ਰੌਲੀ।
ਕੁੱਝ ਕੁ ਨਕਦੀ ਕਢਵਾਉਣ ਲਈ ਸ਼ਹਿਰ ਦੇ ਅਰਨਾ ਬਰਨਾ ਚੌਕ ਵਿੱਚ ਸਥਿਤ ਸਟੇਟ ਬੈਂਕ ਆਫ ਇੰਡੀਆ ਦੇ ਸਵੈਚਾਲਿਤ ਮੁਦਰਾ ਗਣਿਕ ਯੰਤਰ ਦੇ ਖੋਖੇ ਵਿੱਚ ਪੈਸੇ ਕੱਢਣ ਦੀ ਕਾਰਵਾਈ ਕਰਕੇ ਨਕਦੀ ਖੀਸੇ ਵਿੱਚ ਪਾ ਮੈਂ ਬਾਹਰ ਸੜਕ ਉੱਤੇ ਆ ਸਕੂਟਰ ਤੇ ਬਹਿ ਗਿਆ। ਪਜਾਮੇ ਦੀ ਜੇਬ ਵਿੱਚੋਂ ਚਾਬੀ ਕੱਢ ਸਕੂਟਰ ਦੇ ਤਾਲੇ ਵਿੱਚ ਫਸਾਈ ਅਤੇ ਘੁਮਾਈ, ਜੰਦਰਾ ਖੁੱਲ੍ਹ ਗਿਆ।
ਜਿਉਂ ਹੀ ਸਵੈ ਪ੍ਰਾਰੰਭ ਲਈ ਸਕੂਟਰ ਦਾ ਬਟਨ ਨਪਣ ਲੱਗਾ ਇਕ ਭਾਰੀ ਜਿਹੀ ਔਰਤ ਦੋੜਦੀ ਦੋੜਦੀ ਦੋ ਪਹੀਆ ਵਾਹਨ ਦੇ ਸਾਹਮਣੇ ਬਿਫਰੀ ਸ਼ੇਰਨੀ ਵਾਂਗ ਖੜੵ ਗਈ। ਉੱਭੇ ਸਾਹੀਂ , ਹਰਲ ਹਰਲ ਕਰਦੀ ਲੱਗ ਗਈ ਧੱਮਚੜ ਪਾਉਣ,
” ਭਾਈ ਸਾਹਬ ਸਕੂਟਰ ਕਿੱਥੇ ਲੈ ਜਾ ਰਹਿਆ। ਮੇਰਾ ਸਕੂਟਰ ਹੈ। ਮੈਂ ਨਾ ਭੱਜਦੀ, ਤੂੰ ਤਾਂ ਲੈ ਗਿਆ ਸੀ ਇਸ ਨੂੰ “।
” ਬੀਬਾ ਮੈਂ ਦੇਖਿਆ ਨਹੀਂ। ਏ ਟੀ ਐਮ ਚ ਪੈਸੇ ਕਢਾ ਕੇ ਜਿਵੇਂ ਹੀ ਬਾਹਰ ਆਇਆ ਇਸ ਸਕੂਟਰ ਨੂੰ ਚਾਬੀ ਲਾਈ, ਇਸ ਦਾ ਤਾਲਾ ਖੁਲ੍ਹ ਗਿਆ ਤੇ ਮੈਂ ਸੀਟ ਤੇ ਬਹਿ ਗਿਆ। ਇਨੇਂ ਨੂੰ ਤੁਸੀ ਆ ਗਏ “।
” ਤੁਸੀਂ ਕੋਈ ਵੱਖਰਾ ਨਹੀਂ ਕੀਤਾ। ਸਾਰੇ ਹੀ ਕਢਾਉਂਦੇ ਹਨ। ਅਸਲ ਚ ਤੁਸੀ ਸਕੂਟਰ ਚੋਰੀ ਕਰਨ ਆਏ ਹੋ”। ਬੇਲਗਾਮ ਘੋੜੀ ਵਾਂਗ ਉਹ ਹਿਣਕੀ ਅਤੇ ਇਕ ਵਾਰ ਤਾਂ ਇਹਸਾਸ ਜਿਹਾ ਹੋਇਆ ਕਿ ਦੁਲੱਤੀ ਹੀ ਨਾ ਪੈ ਜਾਵੇ ਕਿਤੇ।
” ਬੀਬਾ ਬੇਧਿਆਨਾ ਹੋ ਗਿਆ। ਸਕੂਟਰ ਦੇਖਣਾ ਧਿਆਨ ਚ ਨਹੀਂ ਰਹਿਆ। ਹੋ ਜਾਂਦਾ ਇਸ ਉਮਰੇ। ਗਲਤੀ ਲਈ ਮੁਆਫ਼ੀ ਤੋਂ ਵੱਡਾ ਕੋਈ ਲਫ਼ਜ ਨਹੀਂ, ਮੈਂ ਮੰਨਦਾ”। ਆਪਣੇ ਮਨ ਦੇ ਡਰ ਨੂੰ ਕਿ ਸਾਹਮਣੇ ਔਰਤ ਹੈ ਸੀਮਿਤ ਕਰਦਾ ਮੈਂ ਸ਼ਪਸ਼ਟੀਕਰਨ ਦਿੱਤਾ।
ਪਰ ਉਸ ਔਰਤ ਦੇ ਕੰਨ ਤੇ ਮੇਰੀ ਬੇਨਤੀ ਦੀ ਜੂੰਅ ਵੀ ਨਹੀਂ ਰੇੰਗੀ।
ਮੇਰੇ ਦੋ ਦੋਸਤ ਵਿਉਪਾਰੀਆਂ ਦੀਆਂ ਨੇੜੇ ਦੁਕਾਨਾ ਹਨ। ਰੌਲਾ ਸੁਣ ਉਹ ਵੀ ਆ ਗਏ। ਮੈਂ ਸਾਰੀ ਗੱਲ ਤੇ ਚਾਨਣਾ ਪਾਇਆ।
ਮੇਰੇ ਦੋਸਤ ਨੇ ਉਸ ਔਰਤ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਪੁੱਠੇ ਭਾਂਡੇ ਤੇ ਜਿਵੇਂ ਪਾਣੀ ਦੀ ਤੁਪਕ ਨਹੀਂ ਟਿਕਦੀ ਠੀਕ ਉਂਵੇ ਹੀ ਉਸ ਦੇ ਮਨ ਤੇ ਕੋਈ ਅਸਰ ਨਾਂ ਹੋਈਆ।
” ਭੈਣ ਜੀ ਆਪਣੇ ਸਕੂਟਰ ਦੀ ਚਾਬੀ ਦਿਓ। ਮੈਂ ਦੇਖਦਾ ਪਾਲ ਦੇ ਸਕੂਟਰ ਨੂੰ ਲੱਗਦੀ ਹੈ”। ਦੋਸਤ ਬੋਲਿਆ ਤੇ ਚਾਬੀ ਫੜ ਲਈ। ਮੇਰੇ ਸਕੂਟਰ ਦਾ ਤਾਲਾ ਖੁਲ੍ਹ ਗਿਆ।
” ਭੈਣ ਚਾਬੀ ਤੁਹਾਡੀ...
ਵੀ ਇਨ੍ਹਾਂ ਦੇ ਸਕੂਟਰ ਨੂੰ ਲੱਗ ਗਈ। ਭੁਲੇਖਾ ਹੈ ਜੋ ਹੋ ਗਿਆ ਹੋਰ ਕੁੱਝ ਨਹੀਂ “। ਮੇਰਾ ਦੋਸਤ ਉਸ ਨੂੰ ਚਾਬੀ ਵਾਪਸ ਕਰਦਾ ਇਸ ਤੋਂ ਪਹਿਲਾਂ ਬੈਂਟਲ ਐਵੇਂ ਹੀ ਬੋਲ ਪਈ,
” ਤੁਸੀਂ ਵੀ ਇਨ੍ਹਾਂ ਨਾਲ ਰਲੇ ਲੱਗਦੇ ਹੈ। ਚੋਰ ਦਾ ਭਾਈ ਜੇਬ ਕਤਰਾ”।
ਮੈਨੂੰ ਵੀ ਅਤੇ ਦੋਸਤ ਨੂੰ ਅੰਤਾ ਦਾ ਤਾਅ ਚੜਨਾ ਸੁਭਾਵਿਕ ਸੀ। ਉਸ ਦੇ ਸਕੂਟਰ ਦੀ ਚਾਬੀ ਮੇਰੇ ਦੋਸਤ ਕੋਲ ਸੀ। ਦੋਸਤ ਉਸ ਸਕੂਟਰ ਤੇ ਬੈਠਿਆ ਤੇ ਬਟਨ ਦੱਬ ਕੇ ਸਕੂਟਰ ਚਾਲੂ ਕਰ ਲਿਆ।
” ਭੈਣ ਜੀ ਜਦੋਂ ਤੁਹਾਡਾ ਮਨ ਸਾਂਤ ਹੋ ਜਾਵੇ ਅਤੇ ਅਤੇ ਇਸ ਗੱਲ ਦੀ ਪੜਚੋਲ ਕਰ ਲਵੋਂ, ਤਾਂ ਸਕੂਟਰ ਮੇਰੀ ਦੁਕਾਨ ਤੋਂ ਲੈ ਜਾਣਾਂ। ਪਾਲ ਤੁਸੀਂ ਜਾਓ “।
“ਅੰਕਲ ਜੀ ਮੇਰਾ ਸਕੂਟਰ ਵਾਪਸ ਕਰਵਾਓ। ਮੇਰੇ ਤੋਂ ਤੁਹਾਨੂੰ ਗਲਤ ਬੋਲ ਹੋ ਗਿਆ ਛੋਟੀ ਹਾਂ ਮੁਆਫ਼ ਕਰ ਦਿਓ”। ਔਰਤ ਨੇ ਸਾਇਦ ਭਾਂਪ ਲਿਆ ਸੀ ਕਿ ਉਸ ਦੀ ਦਾਲ ਗਲਣੀ ਨਹੀਂ।
” ਸੁਨੀਲ ਯਾਰ ਸਕੂਟਰ ਦੇ ਦੇ। ਆਪਣੀ ਗਲਤੀ ਮੰਨ ਲਈ ਹੈ “।
” ਤੂੰ ਨਾ ਬਦਲਿਆ। ਕਿੰਨਾ ਕੁੱਝ ਕਹਿ ਰਹੀ ਸੀ ਤੈਨੂੰ। ਚਲ ਤੇਰੇ ਕਹਿਣ ਤੇ ਦੇ ਦੇਂਦਾ ਹਾਂ “।
ਗੱਲ ਮੁਕੀ। ਮੈਂ ਆਪਣਾ ਸਕੂਟਰ ਚੁੱਕਿਆ ਤੇ ਮੁੜਨ ਲੱਗਾ।
” ਤੁਸੀਂ ਦੋਵੇ ਚੋਰ ਹੋ। ਇਕਲੀ ਔਰਤ ਨੂੰ ਦਬਾ ਲਿਆ “। ਖੇੱਖਣ ਪਿਟਣੋਂ ਬਾਜ ਨਾ ਆਈ। ਬੇਤਹਾਸ਼ਾ ਜਿਹੀ ਹੋਈ ਉਸ ਨੇ ਸਕੂਟਰ ਨੂੰ ਰੇਸ਼ ਦਿੱਤੀ ਅਤੇ ਸਕੂਟਰ ਆ ਰਹੀ ਰਿਕਸ਼ਾ ਵਿੱਚ ਵਜ ਗਿਆ। ਆਪ ਵਾਲ ਵਾਲ ਬਚੀ।
ਆਦਤਾਂ ਕਿਥੇ ਪਿੱਛਾ ਛੱਡਦਿਆਂ। ਉਹ ਹੁਣ ਰਿਕਸ਼ੇਵਾਲੇ ਨਾਲ ੳੱਲਝ ਗਈ।
ਮੈਂ ਪਹਿਲਾ ਹੀ ਡਰਿਆ ਹੋਇਆ ਸੀ। ਗਨੀਮਤ ਜਾਣੀਓ ਮੇਰਾ ਹਾਲ ‘ਲੋਟ ਕੇ ਬੁੱਧੂ ਘਰ ਨੂੰ ਆਏ’, ਵਾਲਾ ਹੀ ਸੀ।
ਸਾਰਾ ਨਾਰੀ ਵਰਗ ਯਕੀਨਨ ਇਹੋ ਜਿਹਾ ਨਹੀਂ। ਪਰ ਬਦਕਿਸਮਤੀ ਨਾਲ ਉਪਰੋਕਤ ਛਵੀ ਨਾਲ ਮੇਲ ਹੋ ਜਾਵੇ ਤਾਂ ਪਾਸਾ ਵਟਣਾ ਹੀ ਸਹੀ ਫੈਸਲਾ ਹੈ।
16 . 05. 2022.
ਜ਼ਿੰਦਗੀ ਰੂਬਰੂ।