More Punjabi Kahaniya  Posts
ਘੁੰਗਰੂ


ਲੇਖਕ- ਗੁਰਪ੍ਰੀਤ ਕੌਰ
#gurkaurpreet
ਮੈਂ ਕ‌ਈ ਮਹੀਨਿਆਂ ਮਗਰੋਂ ‌ਪੇਕੇ ਘਰ ਆਈ ਸੀ।ਘਰ ਵਿੱਚ ਅਜੀਬ ਜਿਹਾ ਮਾਹੌਲ ਸੀ, ਮੰਮੀ ਖਾਮੋਸ਼ ਸੀ ਤੇ ਪਾਪਾ ਦਾ ਗੁੱਸਾ ਸੱਤਵੇਂ ਆਸਮਾਨ ਤੇ ਸੀ। ਮੈਂ ਬੱਸ ਹੈਰਾਨ ਹੋਈ ਸਭ ਕੁਝ ਦੇਖ ਸੁਣ ਰਹੀ ਸੀ। ਪਾਪਾ ਗੁਣਵੀਰ ਨੂੰ ਉੱਚੀ ਉੱਚੀ ਡਾਂਟ ਰਹੇ ਸੀ, “ਤੂੰ ਮੁੰਡਾ ਜੰਮਿਆ ਅਸੀਂ… ਜੇ ਆਹੀ ਲੱਛਣ ਕਰਨੇ ਸੀ ਤਾਂ ਉਹ ਕੁੜੀਆਂ ਨਾ ਜੰਮ ਲੈਂਦੇ ਜੋ ਤੇਰੇ ਹੋਣ ਦੇ ਇੰਤਜ਼ਾਰ ਚ ਅਸੀਂ ਕਤਲ ਕਰਾਈਆਂ ਨੇ…”
ਪਾਪਾ ਨੇ ਮਾਂ ਵੱਲ ਦੇਖਿਆ ਤੇ ਫੇਰ ਕਿਹਾ, “ਕੀ ਜੰਮਿਆ ਇਹ… ਜਨਾਨੀ ਬਣਦਾ ਜਾਂਦਾ ਦਿਨ-ਬ-ਦਿਨ… ਰਿਪਨ ਤੋਂ ਬਾਅਦ ਐਨੇ ਸਾਲਾਂ ਬਾਅਦ ਮੁੰਡੇ ਦਾ ਮੂੰਹ ਦੇਖਿਆ ਸੀ ਤੇ ਉਹ ਇਹ ਨਿਕਲਿਆ…”
ਗੁਣਵੀਰ ਸ਼ਾਂਤ ਸੀ ਤੇ ਸਿਰਫ਼ ਐਨਾ ਕਹਿ ਸਕਿਆ, “ਪਾਪਾ ਮੈਨੂੰ ਡਾਂਸ ਪਸੰਦ ਹੈ…”
ਪਾਪਾ ਨੂੰ ਫੇਰ ਗੁੱਸਾ ਆ ਗਿਆ, ਉਹਨਾਂ ਚੀਕ ਕੇ ਕਿਹਾ, “ਫੇਰ ਕਰ ਡਾਂਸ… ਭੰਗੜਾ ਸਿੱਖ ਮੈਂ ਨਹੀਂ ਰੋਕਦਾ ਤੈਨੂੰ… ਪਰ ਆਹ ਪੈਰਾਂ ਚ ਘੁੰਗਰੂ ‌ਪਾ ਕੇ ‌ਜਨਾਨੀਆਂ ਆਲੇ ਕੱਪੜੇ ਪਾ ਕੇ ਨਾਚ ਮੈਂ ਨੀ ਕਰਨ ਦੇਣਾ.. ਮਰਦਾਂ ਵਾਲਾ ਕੰਮ ਕਰ ਕੋਈ… ਘੁੰਗਰੂ ਪਾ ਕੇ ਨੱਚਣ ਨੂੰ ਜ਼ਨਾਨੀਆਂ ਦੀ ਕਮੀਂ ਨੀ ਏਸ ਦੇਸ਼ ਚ ਜੋ ਤੂੰ ਵੀ ਉਸੇ ਕੈਟੇਗਰੀ ਚ ਸ਼ਾਮਲ ਹੋਣ ਲੱਗਿਆਂ….”
ਮਾਂ ਨੇ ਵਿੱਚੇ ਹੀ ਪਾਪਾ ਨੂੰ ਕਿਹਾ, “ਪਰ ਜੀ ਤੁਸੀਂ ਐਨਾ ਗੁੱਸੇ ਨਾ ਹੋਵੋ ਆਪਾਂ ਪਿਆਰ ਨਾਲ ਸਮਝਾ ਲੈਂਦੇ ਹਾਂ…ਨਿਆਣਾ ਏ ਗਲਤੀ ਹੋ ਜਾਂਦੀ ਆ…”
ਪਾਪਾ ਨੂੰ ਮਾਂ ਦੀ ਕਹੀ ਗੱਲ ਤੇ ਵੀ ਗੁੱਸਾ ਆ ਗਿਆ, “ਹੋਰ ਕਿੰਨੇ ਕੁ ਪਿਆਰ ਨਾਲ ਸਮਝਾਵਾਂ ਇਹਨੂੰ… ਅਸੀਂ ਕੀ ਹਾਂ…ਸਾਡਾ ਕੀ ਇਤਿਹਾਸ ਹੈ ਉਹ ਦੱਸ ਇਹਨੂੰ… ਅਸੀਂ ਬਹਾਦਰ ਕੌਮ ਹਾਂ ਹੱਥ ਚ ਸ਼ਮਸ਼ੀਰ ਫੜਨ ਵਾਲੇ… ਵੈਰੀਆਂ ਦਾ ਗਲ ਲਾਹੁਣ ਵਾਲੇ… ਘੁੰਗਰੂ ਬੰਨ੍ਹ ਕੇ ਨੱਚਣ ਵਾਲੇ ਨੀ… ਸਿਰ ਤੇ ਕੇਸ ਜ਼ਨਾਨੀ ਬਣ ਕੇ ਨੱਚਣ ਲਈ ਨਹੀਂ ਮਿਲੇ…ਮਰਦ ਬਣਕੇ ਜੂਝਣ ਲਈ ਮਿਲੇ ਨੇ…ਸਮਝਾ ਲੈ ਆਪਣੇ ਪੁੱਤ ਨੂੰ ਮੈਂ ਦੁਬਾਰਾ ਨੀ ਕਹਿਣਾ…”
ਪਾਪਾ ਨੇ ਗੁਣਵੀਰ ਵੱਲ ਦੇਖਿਆ, ਉਸਦੇ ਹੱਥ ਚ ਫ਼ੜੇ ਘੁੰਗਰੂਆਂ ਦੇ ਜੋੜੇ ਵੱਲ ਦੇਖਿਆ ਤੇ ਉਸਦੇ ਕੋਲ ਜਾ ਕੇ ਉਸਦੇ ਹੱਥੋਂ ਘੁੰਗਰੂ ਖੋਹ ਕੇ ਐਨੀ ਜ਼ੋਰ ਨਾਲ ਵਗਾਹ ਕੇ ਸੁੱਟੇ ਕਿ ਘੁੰਗਰੂ ਬਿਖਰ ਕੇ ਪੂਰੇ ਕਮਰੇ ਚ ਫੈਲ ਗ‌ਏ। ਪਾਪਾ ਨੇ ਗੁਣਵੀਰ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ, “ਇਸ ਵਾਰ ਸਿਰਫ ਘੁੰਗਰੂ ਤੋੜੇ ਨੇ…ਤੇਰਾਂ ਇਹ ਕੱਥਕ‌ ਦਾ ਭੂਤ ਉਤਾਰਨ ਲਈ ਫੇਰ ਚਾਹੇ ਮੈਨੂੰ ਤੇਰੀਆਂ ਲੱਤਾਂ ਤੋੜ ਕੇ ਤੈਨੂੰ ਘਰ ਕਿਉਂ ਨਾ ਬਿਠਾਉਣਾ ਪਵੇ‌ ਉਹ ਵੀ ਕਰੂੰਗਾ… ਸਮਝ ਗਿਆ…”
ਦਰਵਾਜ਼ਿਆਂ ਨੂੰ ਭੰਨਦੇ ਹੋਏ ਪਾਪਾ ਉੱਥੋਂ ਚਲੇ ਗਏ। ਉਹਨਾਂ ਦੇ ਜਾਂਦਿਆਂ ਹੀ ਗੁਣਵੀਰ ਦੀਆਂ ਅੱਖਾਂ ਚ ਰੋਕਿਆ ਹੋਇਆ ਹੰਝੂਆਂ ਦਾ ਹੜ੍ਹ ਵਗਣ ਲੱਗ ਗਿਆ। ਬਾਰਵੀਂ ਚ ਪੜ੍ਹਦਾ ਮੁੰਡਾ ਆਪਣੇ ਟੁੱਟੇ ਹੋਏ ਘੁੰਗਰੂ ਸੀਨੇ ਨਾਲ ਲਾ ਕੇ ਬੱਚਿਆਂ ਵਾਂਗ ਰੋ ਰਿਹਾ ਸੀ। ਮੈਂ ਤੇ ਮਾਂ ਨੇ ਉਹਨੂੰ ਜਾ ਕੇ ਚੁੱਪ ਕਰਵਾਇਆ। ਉਹ ਰੋਂਦੇ ਹੋਏ ਮੈਨੂੰ ਕਹਿ ਰਿਹਾ ਸੀ, “ਦੀਦੀ ਮੈਂ ਸਭ ਕੁਝ ਛੱਡ ਸਕਦਾ ਹਾਂ…ਪਰ ਕੱਥਕ ਨਹੀਂ… ਪਾਪਾ ਨੂੰ ਕਹਿ ਦਿਉ ਮੈਨੂੰ ਮਾਰ ਦੇਣ…ਪਰ‌ ਮੈਂ ਕੱਥਕ ਨਹੀਂ ਛੱਡ ਸਕਦਾ…”
ਗੁਣਵੀਰ ਰੋਂਦਾ ਹੋਇਆ ਉੱਠ ਕੇ ਆਪਣੇ ਕਮਰੇ ਵਿੱਚ ਚਲਾ ਗਿਆ ਤੇ ਦਰਵਾਜ਼ਾ ਅੰਦਰੋਂ ਬੰਦ ਕਰ ਲਿਆ। ਮਾਂ ਦਰਵਾਜ਼ਾ ਖੜਕਾਉਂਦੀ ਰਹੀ, ਗੁਣਵੀਰ ਨੂੰ ਆਵਾਜ਼ਾਂ ਦਿੰਦੀ ਰਹੀ, ਅਖੀਰ ਥੱਕ ਹਾਰ ਕੇ ਉਹ ਵੀ ਬੈਠ ਗ‌ਈ। ਮਾਂ ਨੂੰ ਪਾਪਾ ਦਾ ਵੀ ਫ਼ਿਕਰ ਸੀ ਕਿਤੇ ਗੁੱਸੇ ਦੇ‌ ਮਾਰੇ ਬੀ.ਪੀ ਹਾਈ ਕਰਕੇ ਬੀਮਾਰ ਨਾ ਹੋ ਜਾਣ ਤੇ ਗੁਣਵੀਰ ਦਾ ਵੀ ਫ਼ਿਕਰ ਸੀ ਖੌਰੇ ਕੁਝ ਗਲਤ ਨਾ ਕਰ ਲਵੇ। ਤੇ ਮੈਂ, ਮੈਂ ਆਪਣੇ ਉਹਨਾਂ ਦਿਨਾਂ ਵਿੱਚ ਪਹੁੰਚ ਗ‌ਈ ਜਦੋਂ ਮੈਂ ਵੀ ਬਾਰਵੀਂ ਵਿੱਚ ਸੀ, ਤੇ ਮੈਂ ਸਕੂਲ ਵਿੱਚ ਕ੍ਰਿਕਟ ਦੀ ਚੰਗੀ ਖਿਡਾਰਨ ਸੀ। ਜਦੋਂ ਪਾਪਾ ਨੂੰ ਪਤਾ ਲੱਗਿਆ ਕਿ ਉਹਨਾਂ ਦੀ‌ ਧੀ ਰਿਪਨ ਕ੍ਰਿਕਟ ਖੇਡਣ ਲੱਗ ਗਈ ਤਾਂ ਘਰ ਚ ਅੱਜ ਵਰਗਾ ਹੀ ਮਾਹੌਲ ਸੀ। ਮੈਂ ਵੀ ਜਿੱਦ ਕੀਤੀ ਸੀ ਕਿ ਮੈਂ ਕ੍ਰਿਕਟ ਨਹੀਂ ਛੱਡ ਸਕਦੀ, ਪਰ ਪਾਪਾ ਨੇ ਸਾਫ ਮਨਾ ਕਰਤਾ ਸੀ ਤੇ ਅੱਗੇ ਪੜਾਈ ਜਾਰੀ ਕਰਵਾਉਣ ਲਈ ਸ਼ਰਤ ਰੱਖੀ ਸੀ ਕਿ‌ ਤਾਂ ਹੀ ਕਾਲਜ ਵਿੱਚ ਦਾਖਲਾ ਕਰਵਾਇਆ ਜਾਵੇਗਾ ਜੇ ਕ੍ਰਿਕਟ ਨਹੀਂ ਖੇਡਣੀ। ਅਖੀਰ ਮੈਨੂੰ ਹਾਰ ਮੰਨਣੀ ਪਈ, ਆਪਣੀ ‌ਜਰਸੀ ਨੂੰ ਮੈਂ ਆਪਣੇ ਹੱਥੀਂ ਅੱਗ ਲਾ ਕੇ ਸਵਾਹ ਕਰ ਦਿੱਤਾ ਸੀ। ਮੈਂ ਵੀ ਬਹੁਤ ਰੋਈ ਸੀ। ਕਿੰਨੇ ਦਿਨ ਕਮਰੇ ਚੋਂ ਬਾਹਰ ਨਹੀਂ ਨਿਕਲੀ ਸੀ। ਮੇਰਾ ਕੋਚ ਕਿਹਾ ਕਰਦਾ ਸੀ, ਲਿਪਟ ਤੇਰੇ ਚ ਉਹ ਪੋਟੈਂਸ਼ਿਅਲ ਹੈ ਕਿ ਤੂੰ ਨੈਸ਼ਨਲ ਟੀਮ ਚ ਆਪਣੀ ਜਗ੍ਹਾ ਬਣਾ ਸਕਦੀ ਏ। ਪਰ ਮੈਂ ਤਾਂ ਅੱਜ ਜ਼ਬਰਦਸਤੀ ਸੀ.ਏ ਬਣਕੇ ਬਹਿ ਗ‌ਈ ਹਾਂ।
ਗੱਲ ਇਹ ਨਹੀਂ ਕਿ‌ ਪਾਪਾ ਪੜ੍ਹੇ ਲਿਖੇ ਨਹੀਂ ਜਾਂ ਪੇਂਡੂ ਨੇ, ਬੱਸ ਸਮਾਜ ਤੋਂ ਡਰ ਡਰ ਕੇ ਜਿਉਣ ਦੀ ਆਦਤ ਪਾ ਲਈ ਏ। ਕੋਈ ਦੇਖੂਗਾ ਤਾਂ ਕੀ ਕਹੂਗਾ, ਇਸ ਡਰ ਨੇ ਪਾਪਾ ਤੋਂ ਉਹਨਾਂ ਦੇ ਸ਼ੌਕ ਵੀ ਖੋਹ ਲ‌ਏ। ਪਾਪਾ ਦਾ ਇੱਕ ਬਰੀਫਕੇਸ ਹੈ‌ ਜੋ ਅੱਜ ਵੀ ਸੰਭਾਲ ਕੇ ਰੱਖਿਆ ਹੋਇਆ ਹੈ, ਉਸ ਵਿੱਚ ਪਾਪਾ ਦੇ ਬਣਾਏ ਹੋਏ ਕੱਪੜਿਆਂ ਦੇ ਕਿੰਨੇ ਹੀ ਸਕੈੱਚ ਪ‌ਏ ਨੇ। ਜੇ ਪਾਪਾ ਨੇ ਉਸ ਸਮੇਂ ਸਮਾਜ ਦਾ ਡਰ ਦਿਲੋਂ ਕੱਢ ਕੇ ਹਿੰਮਤ ਕੀਤੀ ਹੁੰਦੀ ਤਾਂ ਅੱਜ ਆਪਣੇ ਸ਼ੌਕ ਨੂੰ ਰੱਜ ਕੇ ਮਾਣ ਰਹੇ ਹੁੰਦੇ।
ਰਾਤ ਨੂੰ ਪਾਪਾ ਘਰ ਤਾਂ ਆ ਗ‌ਏ, ਪਰ ਉਹਨਾਂ ਦਾ ਮਨ ਹਾਲੇ ਵੀ ਗੁੱਸੇ ਨਾਲ ਭਰਿਆ ਹੋਇਆ ਸੀ। ਮੈਂ ਪਾਪਾ ਨੂੰ ਕੁਝ ਦਿਖਾਉਣਾ ਚਾਹੁੰਦੀ ਸੀ ਪਰ ਮੈਨੂੰ ਸਮਝ ਨਹੀਂ ਸੀ ਆ ਰਿਹਾ ਕਿ ਕਿਵੇਂ ਦਿਖਾਵਾਂ, ਅਖੀਰ‌ ਮੈਨੂੰ ਇੱਕ ਤਰਕੀਬ ਸੁੱਝੀ ਤੇ ਮੈਂ ‌ਪਾਪਾ ਲਈ ਉਹਨਾਂ ਦੀ ਮਨਪਸੰਦ ਕੌਫ਼ੀ ਬਣਾ ਲਿਆਈ ਤੇ ਪਾਪਾ ਨੂੰ ਕਿਹਾ, “ਪਾਪਾ ਮੈਂ ਐਨੇ ਚਿਰ ਬਾਅਦ ਆਈ ਹਾਂ, ਆਪਣਾ ਗੁੱਸਾ ਇੱਕ ਪਾਸੇ ਕਰਕੇ ਮੇਰੇ ਨਾਲ ਛੱਤ ਤੇ ਬੈਠ ਕੇ ਕੌਫ਼ੀ ਹੀ ਪੀ ਲਵੋ…”...

ਪਾਪਾ ਮੇਰੇ ਨਾਲ ਆਉਣ ਨੂੰ ਤਿਆਰ ਹੋ ਗ‌ਏ ਤੇ ਮੈਂ ਉਹਨਾਂ ਨੂੰ ਆਪਣੇ ਨਾਲ ਛੱਤ ਤੇ ਬਣੇ ਹੋਏ ਕਮਰੇ ਵਿੱਚ ਲੈ ਗ‌ਈ। ਹਨੇਰਾ ਸੀ, ਬੱਲਬ ਜਗਾਇਆ ਤਾਂ ਪਾਪਾ ਇੱਕਦਮ ਹੈਰਾਨ ਜਿਹੇ ਹੋ‌ ਗ‌ਏ, ਇਸ ਤੋਂ ਪਹਿਲਾਂ ਉਹ ਕੁਝ ਬੋਲਦੇ ਮੈਂ ਬੋਲਣਾ ਸ਼ੁਰੂ ਕਰ ਦਿੱਤਾ, “ਪਾਪਾ ਪਲੀਜ਼ ਅੱਜ ਤੁਸੀਂ ਕੁਝ ਵੀ ਬੋਲਣਾ ਨਹੀਂ… ਮੈਨੂੰ ਪਤਾ ਮੇਰੀ ਗਲਤੀ ਏ ਮੈਂ ਤੁਹਾਨੂੰ ਬਿਨਾਂ ਪੁੱਛੇ ਤੁਹਾਡਾ ਬਰੀਫਕੇਸ ਖੋਲਿਆ ਤੇ ਇਹ ਸਕੈੱਚਸ ਕੱਢ ਲਿਆਈ…ਪਰ ਪਾਪਾ ਮੈਂ ਤੁਹਾਨੂੰ ਇੱਕ ਸਵਾਲ ਪੁੱਛਣਾ ਚਾਹੁੰਦੀ ਹਾਂ,,, ਇਹਨਾਂ ਨੂੰ ਦੇਖਕੇ ਤੁਹਾਨੂੰ ਇੰਝ ਨੀ ਮਹਿਸੂਸ ਹੁੰਦਾ ਕਿ ਤੁਹਾਡੀ ਰੂਹ ਨੂੰ ਸਕੂਨ ਮਿਲ ਗਿਆ ਹੋਵੇ…”
ਪਾਪਾ ਚੁੱਪ ਰਹੇ, ਮੈਂ ਫੇਰ ਤੋਂ ਕਿਹਾ, “ਕ‌ਈ ਸਾਲ ਪਹਿਲਾਂ ਤੁਸੀਂ ਆਪਣੇ ਸ਼ੌਕ ਨੂੰ ਇੱਕ ਬਰੀਫਕੇਸ ਵਿੱਚ ਦਫ਼ਨਾ ਕੇ ਅਤੇ ਸਮਾਜ ਦੇ ਅਨੁਸਾਰ ਜ਼ਿੰਦਗੀ ਜਿਊਣ ਲਈ ਇੱਕ ਬੈਂਕ ਕਰਮਚਾਰੀ ਬਣਨ ਦਾ ਰਾਸਤਾ ਆਪਣਾ ਕੇ ਤੁਸੀਂ ਸੋਚਿਆ ਇਹ ਸਭ ਤੋਂ ਬਹਾਦਰੀ ਵਾਲਾ ਕੰਮ ਹੈ… ਹਾਂ ਯਕੀਨਨ ਤੁਸੀਂ ਬੈਂਕ ਕਰਮਚਾਰੀ ਸੀ ਇਸੇ ਲਈ ਅਸੀਂ ਮਹਿੰਗੇ ਤੋਂ ਮਹਿਗੇ ਸਕੂਲਾਂ ਵਿੱਚ ਪੜ੍ਹਾਈ ਕਰ ਸਕੇ… ਕਾਰਾਂ ਚ ਘੁੰਮਦੇ ਰਹੇ ਆ ਅਸੀਂ ਤੇ ਹੁਣ ਵੀ ਘੁੰਮ ਰਹੇ ਹਾਂ ਸਿਰਫ ਤੁਹਾਡੇ ਕਰਕੇ…ਪਰ ਤੁਹਾਨੂੰ ਨੀ ਲੱਗਦਾ ਤੁਸੀਂ ਆਪਣੇ ਆਪ ਨਾਲ ਨਾਇਨਸਾਫੀ ਕੀਤੀ ‌ਏ… ਕਿੰਨੀ ਵਾਰ ਆਪਦਾ ਬਰੀਫਕੇਸ ਖੋਲਦੇ ਹੋ, ਇਹਨਾਂ ਨੂੰ ਦੇਖਦੇ ਹੋ ਤੇ ਫੇਰ ਹੌਂਕਾ ਲ਼ੈ ਕੇ ਬੰਦ ਕਰ ਦਿੰਦੇ ਹੋ…”
ਪਾਪਾ ਨੇ ਸਿਰਫ ਐਨਾ ਕਿਹਾ, “ਕੱਪੜੇ ਡਿਜ਼ਾਇਨ ਕਰਨਾ ਸਿਉਣਾ ਕੁੜੀਆਂ ਦਾ ਕੰਮ ਹੁੰਦਾ ਤੇ ਆਪਣੇ ਪੂਰੇ ਖਾਨਦਾਨ ਚ ਕਿਸੇ ਨੇ ਅਜਿਹਾ ਕੰਮ ਨੀ ਕੀਤਾ… ਤੇਰੇ ਦਾਦਾ ਜੀ ਵੀ ਸਰਕਾਰੀ ਨੌਕਰੀ ਚ ਸੀ, ਤੇਰੇ ਤਾਇਆ ਜੀ ਵੀ ਮੇਰੇ ਵਾਂਗ ਬੈਂਕ ਚ ਰਹੇ ਨੇ…ਫੇਰ ਮੈਂ ਖਾਨਦਾਨ ਦੀ ਰੀਤ ਦੇ ਵਿਰੁੱਧ ਕਿਵੇਂ ਚਲਿਆ ਜਾਂਦਾ…”
“ਪਰ ਪਾਪਾ…ਬੁਰਾਈ ਕੀ ਸੀ ਰੀਤ ਤੋੜਨ ਚ… ਮੈਂ ਕ੍ਰਿਕਟ ਖਿਡਾਰਨ ਵਜੋਂ ਹੀ ਅੱਗੇ ਵਧਣਾ ਚਾਹੁੰਦੀ ਸੀ.. ਪਰ ਤੁਸੀਂ ਵਧਣ ਨਹੀਂ ਦਿੱਤਾ… ਮੈਂ ਆਪਣੀ ਇੱਛਾ ਦੇ ਵਿਰੁੱਧ ਜਾ ਕੇ ਤੁਹਾਡੇ ਕਹਿਣ ਤੇ ਸੀ.ਏ ਦੀ ਪੜਾਈ ਕੀਤੀ… ਬੇਸ਼ੱਕ ਖੂਬ ਪੈਸੇ ਕਮਾ ਰਹੀ ਹਾਂ… ਪਰ ਰੂਹ ਨੂੰ ਸਕੂਨ ਤਾਂ ਉਦੋਂ ਹੀ ਮਿਲਦਾ ਜਦੋਂ ਮੇਰੇ ਹੱਥ ਚ ਬੱਲਾ ਹੁੰਦਾ ਹੈ ਤੇ ਨਜ਼ਰਾਂ ਬਾਲ ਤੇ ਟਿਕੀਆਂ ਹੁੰਦੀਆਂ ਨੇ…. ਹੁਣ ਇਹ ਸ਼ੌਕ ਮੈਂ ਤੁਹਾਡੀ ਦੋਹਤੀ ਨਾਲ ਪੂਰਾ ਕਰ ਰਹੀ ਹਾਂ…ਪਰ ਤੁਸੀਂ ਆਪਣਾ ਸ਼ੌਕ ਤਾਂ ਸਾਡੇ ਰਾਹੀਂ ਕਿੱਥੋਂ ਪੂਰਾ ਕਰਨਾ ਸੀ… ਸਗੋਂ ਸਾਡੇ ਸ਼ੌਂਕ ਵੀ ਮਾਰ ਦਿੱਤੇ…. ਜੋ ਤੁਸੀਂ ਖੁਦ ਨਾਲ ਕੀਤਾ… ਮੇਰੇ ਨਾਲ ਕੀਤਾ… ਹੁਣ ਉਹੀ ਕੁਝ ਗੁਣਵੀਰ ਨਾਲ ਕਰਨ ਜਾ ਰਹੇ ਹੋ…. ਮੈਨੂੰ ਕੁੜੀ ਬਣਾਉਣ ਤੇ ਲੱਗੇ ਰਹੇ ਤੇ ਉਹਨੂੰ ਮੁੰਡਾ ਬਣਾਉਣ ਤੇ ਲੱਗੇ ਹੋਏ ਹੋ… ਉਹ ਕਿਉਂ ਨੀ ਬਣਨ ਦੇ ਰਹੇ ਜੋ ਉਹ ਬਣਨਾ ਚਾਹ ਰਿਹਾ ਹੈ… ਫੇਰ ਤੁਸੀਂ ਸਾਡੇ ਤੋਂ ਕਿਹੜੇ ਪਿਆਰ ਦੀ ਉਮੀਦ ਕਰਦੇ ਹੋ….”
“ਮੈਂ ਤੁਹਾਡੇ ਭਵਿੱਖ ਬਾਰੇ ਸੋਚ ਕੇ ਹੀ ਕਹਿ ਰਿਹਾ”…. ਇਹ ਲਫਜ਼ ਕਹਿੰਦੇ ਹੋਏ ਪਾਪਾ ਦੇ ਬੋਲਾਂ ਵਿੱਚ ਨਰਮੀ ਸੀ.. ਗੁੱਸਾ ਨਹੀਂ ਸੀ।
“ਪਾਪਾ ਤੁਸੀਂ ਸਾਡੇ ਬਾਰੇ ਨਹੀਂ… ਲੋਕਾਂ ਬਾਰੇ ਸੋਚ ਰਹੇ ਹੋ… ਕਿ ਲੋਕ ਕਿਸ ਕੰਮ ਲਈ ਵਾਹ ਵਾਹ ਕਹਿਣਗੇ ਤੇ ਕਿਸ ਕੰਮ ਲਈ ਮੰਦਾ ਆਖਣਗੇ… ਤੁਹਾਨੂੰ ਬੱਸ ਲੋਕਾਂ ਦੀ ਪਰਵਾਹ ਹੈ…”
“ਹੋ ਸਕਦਾ ਮੈਂ ਬਹੁਤ ਸਖ਼ਤ ਪਿਤਾ ਹੋਵਾਂ…ਪਰ ਪਿਆਰ ਚ ਮੈਂ ਕਦੇ ਕੋਈ ਕਮੀਂ ਨਹੀਂ ਆਉਣ ਦਿੱਤੀ… ਤੁਹਾਡੀ ਭਲਾਈ ਲਈ ਜੋ ਹੋ ਸਕਿਆ ਉਹ ਕੀਤਾ… ”
ਪਾਪਾ ਥੋੜ੍ਹੀ ਦੇਰ ਲਈ ਚੁੱਪ ਹੋ ਗਏ, ਫੇਰ ਉਹਨਾਂ ਨੇ ਭਰੇ ‌ਗਲੇ ਨਾਲ ਪੁੱਛਿਆ, “ਤੂੰ ਅੱਜ ਵੀ ਇਸ ਗੱਲ ਨੂੰ ਦਿਲ ਚ ਰੱਖ ਕੇ ਬੈਠੀਂ ਏ ਕਿ ਮੈਂ ਤੈਨੂੰ ਕ੍ਰਿਕਟ ਨਹੀਂ ਖੇਡਣ ਦਿੱਤੀ…”
ਮੈਂ ਇਸ ਗੱਲ ਦਾ ਕੋਈ ਜਵਾਬ ਨਾ ਦੇ ਕੇ ਅੱਗੇ ਕਿਹਾ, “ਮੇਰੀ ਇੱਕ ਦੋਸਤ ਹੈ… ਫੈਸ਼ਨ ‌ਡਿਜਾਈਨਰ… ਮੈਂ ਉਹਨੂੰ ਤੁਹਾਡੇ ਡਿਜ਼ਾਇਨਾਂ ਦੀਆਂ ਫੋਟੋਆਂ ਭੇਜੀਆਂ ਸੀ.. ਉਹਨੂੰ ਬਹੁਤ ਪਸੰਦ ਆਈਆਂ… ਖਾਸ ਕਰਕੇ ਫਿਉਜ਼ਨ… ਉਹ ਇਹਨਾਂ ਨੂੰ ਖਰੀਦਣਾ ਚਾਹੁੰਦੀ ਹੈ…ਬਾਕੀ ਤੁਹਾਡੀ ਮਰਜ਼ੀ… ਮੈਂ ਬੱਸ ਇਹੋ ਕਹਿਣਾ ਸੀ…”
ਪਾਪਾ ਨੇ ਕੌਫ਼ੀ ਵਾਲਾ ਕੱਪ ਚੱਕਿਆ ‌ਤੇ ਆਖਿਆ, “ਇਹ ਤਾਂ ਠੰਡੀ ਹੋ‌ ਗ‌ਈ…”
“ਮੈਂ ਗਰਮ ਕਰ ਦਿੰਦੀ ਹਾਂ…”
“ਨਹੀਂ ਪੁੱਤਰ…ਕ‌ਈ ਵਾਰ ਕੁਝ ਚੀਜ਼ਾਂ ਨਵੇਂ ਸਿਰੇ ਤੋਂ ਸ਼ੁਰੂ ਕਰਨੀਆਂ ਚਾਹੀਦੀਆਂ ਨੇ…”
ਪਾਪਾ ਕਮਰੇ ਤੋਂ ਬਾਹਰ ਚਲੇ ਗਏ।
ਅਗਲੇ ਦਿਨ ਸ਼ਾਮ ਤੱਕ ਘਰ ਚ ਉਦਾਸੀ ਵਾਲਾ ਮਾਹੌਲ ਬਣਿਆ ਰਿਹਾ। ਪਰ ਸ਼ਾਮ ਨੂੰ ਕੁਝ ਖਾਸ ਸੀ। ਡਿਨਰ ਲਈ ਖਾਸ‌ ਪ੍ਰਬੰਧ ਕੀਤਾ ਗਿਆ ਸੀ, ਪਾਪਾ ਦੇ ਕੋਈ ਬਹੁਤ ਖਾਸ ਦੋਸਤ ਆਪਣੀ ਪਤਨੀ ਨਾਲ ਆ ਰਹੇ ਸੀ, ਉਹ ਸ਼ਾਇਦ ਯੂਨੀਵਰਸਿਟੀ ਵੇਲੇ ਦੇ ਦੋਸਤ ਸੀ ਤੇ ਰਾਤ ਨੂੰ ਜਦੋਂ ਉਹ ਆਏ ਤਾਂ ਗੁਣਵੀਰ ਦੀ ਖੁਸ਼ੀ ਦਾ ਕੋਈ ਟਿਕਾਣਾ ਨਾ ਰਿਹਾ। ਉਹ ਦੋਵੇਂ ਪਤੀ-ਪਤਨੀ ਸ਼ਾਸਤ੍ਰੀ ਨ੍ਰਿੱਤ ਗੁਰੂ ਸਨ ਤੇ ਹੁਣ ਤੱਕ ਦੇਸ਼ਾਂ ਵਿਦੇਸ਼ਾਂ ਚ ਸੈਂਕੜੇ ਵਾਰ ਪਰਫੌਰਮ ਕਰ ਚੁੱਕੇ ਸਨ। ਖਾਣਾ ਖਾਣ ਮਗਰੋਂ ਉਹਨਾਂ ਨੇ ਕਿਹਾ ਕਿ ਉਹ ਇੱਕ ਵਾਰ ਗੁਣਵੀਰ ਦੀ ਪਰਫੌਰਮੈਂਸ ਦੇਖਣਾ ਚਾਹੁਣਗੇ, ਪਾਪਾ ਨੇ ਖੁਦ ਉਹਨੂੰ ਘੁੰਗਰੂ ਦਿੱਤੇ। ਗੁਣਵੀਰ ਦੀ ਪਰਫੌਰਮੈਂਸ ਦੇਖਕੇ ਉਹਨਾਂ ਨੇ ਉਸਨੂੰ ਆਪਣੀ ਅਕੈਡਮੀ ਲ‌ਈ ਚੁਣ ਲਿਆ ਸੀ ਤੇ ਪਾਪਾ ਦੀਆਂ ਅੱਖਾਂ ਚ ਖੁਸ਼ੀ ਦੇ ਅੱਥਰੂ ਸੀ।
ਅਗਲੇ ਦਿਨ ਪਾਪਾ ਨੇ ‌ਮੈਨੂੰ ਕਿਹਾ, “ਮੈਂ ਆਪਣੇ ਡਿਜ਼ਾਇਨ ਵੇਚਣੇ ਨਹੀਂ… ਮੈਂ ਖੁਦ ਕੰਮ ਕਰਾਂਗਾ..
ਹੁਣ ਰਿਟਾਇਰਮੈਂਟ ਤੋਂ ਬਾਅਦ ਵਿਹਲਾ ਤਾਂ ਨਹੀਂ ਬੈਠਣ ਲੱਗਾ…”
ਜਿਸ ਦਿਨ ਮੈਂ ਵਾਪਸ ਜਾਣਾ ਸੀ, ਗੁਣਵੀਰ ਨੇ ਮੇਰੇ ਕੰਨ ਚ ਹੌਲੀ ਜਿਹੀ ਦੱਸਿਆ, “ਦੀਦੀ ਸਕੂਲ ਚ ਮੇਰੀ ਪ੍ਰਫੋਰਮੈਂਸ ਲਈ ਮੇਰੀ ਡਰੈੱਸ ਪਾਪਾ ਬਣਾ ਰਹੇ ਨੇ…”
ਸਭ ਦੇ ਚੇਹਰਿਆਂ ਤੇ ਖੁਸ਼ੀ ਅਤੇ ਸੰਤੁਸ਼ਟੀ ਦਾ ਭਾਵ ਸੀ‌।
ਸਮਾਪਤ।
ਲੇਖਕ- ਗੁਰਪ੍ਰੀਤ ਕੌਰ

...
...



Related Posts

Leave a Reply

Your email address will not be published. Required fields are marked *

One Comment on “ਘੁੰਗਰੂ”

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)