ਪਰਸੋਂ ਦੇਸ਼ ਬੰਦ ਦੌਰਾਨ ਇੱਕ ਟਰਾਲੀ ਮੋਗੇ ਤੋਂ 13 ਕੁ ਕਿਲੋਮੀਟਰ ਬਰਨਾਲੇ ਵੱਲ ਲੱਗੇ ਜਾਮ ਕੋਲ ਆ ਕੇ ਰੁਕਦੀ ਹੈ। ਇਹ ਸ਼ਾਹਕੋਟ ਲਾਗਿਓਂ ਕਿਸੇ ਪਿੰਡੋਂ ਆਏ ਨੌਜਵਾਨ ਹਨ, ਜੋ ਦਿੱਲੀ ਮੋਰਚੇ ਉੱਤੇ ਜਾ ਰਹੇ ਹਨ। ਅੱਗੇ ਲੋਕ ਜਾਮ ਲਾਈ ਬੈਠੇ ਹਨ, ਜਿਹਨਾਂ ਵਿੱਚ ਵੱਡੀ ਗਿਣਤੀ ਨੌਜਵਾਨਾਂ ਦੀ ਹੈ। ਉਹ ਇਹਨਾਂ ਨੂੰ ਟਰੈਕਟਰ ਬੰਦ ਕਰਨ ਲਈ ਕਹਿੰਦੇ ਹਨ ਅਤੇ ਅੱਗੋਂ ਟਰੈਕਟਰ ‘ਤੇ ਬੈਠਿਆਂ ਦਾ ਜਵਾਬ ਆਉਂਦੈ; ‘ਇਹ ਬੰਦ ਨੀ ਹੋਣਾ, ..ਅਲਟੀਨੇਟਰ ਖ਼ਰਾਬ ਐ, ..ਫਿਰ ਧੱਕਾ ਲਾਉਣਾ ਪੈਣਾ।’
ਸੜਕ ‘ਤੇ ਖੜੇ ਨੌਜਵਾਨ ਕਹਿੰਦੇ; ‘ਬੰਦ ਕਰਲੋ, ਧੱਕਾ ਲਾ ਦਿਆਂਗੇ।’
… ਤੇ ਟਰੈਕਟਰ ਬੰਦ ਹੋ ਜਾਂਦੈ, ਟਰਾਲੀ ਵਿੱਚ ਬੈਠੇ ਹੋਏ ਦਿੱਲੀ ਜਾਣ ਇਰਾਦਿਆਂ ਵਾਲੇ ਨੌਜਵਾਨ ਲੱਗੇ ਜਾਮ ਨੂੰ ਦੇਖ ਰਹੇ ਹਨ। ਦਸ ਕੁ ਮਿੰਟ ਲੰਘੇ ਹਨ ਕਿ ਕੁੱਝ ਨੌਜਵਾਨ ਟਰੈਕਟਰ ਦੁਆਲੇ ਘੇਰਾ...
ਘੱਤਦੇ ਹਨ। ਟਰੈਕਟਰ ਉੱਤੇ ਬੈਠੇ ਹੈਰਾਨ ਹਨ ਕਿ ਉਹਨਾਂ ਦੇ ਟਰੈਕਟਰ ਦਾ ਅਲਟੀਨੇਟਰ ਖੋਲ੍ਹਿਆ ਜਾ ਰਿਹੈ….ਤੇ ਨਵਾਂ ਕਸਿਆ ਜਾ ਰਿਹੈ। ਉਹ ਪੁਰਾਣਾ ਅਲਟੀਨੇਟਰ ਲੈ ਕਿ ਪਾਸੇ ਹਟਦੇ ਹੋਏ ਕਹਿੰਦੇ ਹਨ; ‘ਮੁੜਦੇ ਹੋਏ ਇਹ ਵੀ ਲੈ ਜਾਇਓ, ਰਿਪੇਅਰ ਕਰਕੇ ਰੱਖਾਂਗੇ, ਐਹਨੂੰ ਵੀ ਮੋੜਨ ਦੀ ਲੋੜ ਨਹੀਂ।’
‘ਕੀ ਸੇਵਾ ਕਰੀਏ?’ ਟਰੈਕਟਰ ਵਾਲੇ ਪੁੱਛਦੇ ਹਨ।
‘ਬਸ ਦਿੱਲੀ ਵੱਲ ਵਧੋ, ਇਹੀ ਸੇਵਾ।’ ਜਾਮ ਵਾਲਿਆਂ ਚੋਂ ਇੱਕ ਕਹਿੰਦੈ। ਸੜਕ ਉੱਤੇ ਨਾਅਰੇ ਲੱਗਦੇ ਹਨ, ਤੇ ਟਰੈਕਟਰ ‘ਤੇ ਬੈਠਾ ਨੌਜਵਾਨ ਰਾਜਧਾਨੀ ਦੀ ਸੇਧ ਨੂੰ ਰੇਸ ਖਿੱਚ ਦਿੰਦਾ ਹੈ।
✍️ ਸੁਖਦੀਪ