ਵਧੀਆ ਗੱਲ ਸੰਤਾਲੀ ਵੇਲੇ ਤਾਰੇ ਵੱਡੇ ਮੁੱਲ ਦੀ ਗੱਲ ਹੋਣੀ ਸ਼ੁਰੂ ਹੋ ਗਈ..!
ਸਿਆਲਕੋਟ ਅਤੇ ਨਾਰੋਵਾਲ ਦਾ ਓਦੋਂ ਦਾ ਵਿਓਪਾਰੀ ਤਬਕਾ..ਆਪਣਾ ਸਾਰਾ ਕੁਝ ਪਹਿਲੋਂ ਹੀ ਏਧਰ ਘੱਲ ਦਿੱਤਾ..ਪਿੰਡਾਂ ਦੇ ਹਮਾਤੜਾਂ ਨੂੰ ਆਖੀ ਗਏ..ਇਥੇ ਟਿਕੇ ਰਹੋ ਕੁਝ ਨੀ ਹੁੰਦਾ..ਵਕਤੀ ਰੌਲੇ ਨੇ..ਠੰਡ-ਥੰਡੋਲਾ ਹੋ ਜਾਣਾ..ਅਵੇਸਲੇ ਹੋਇਆਂ ਨੂੰ ਓਦੋਂ ਪਤਾ ਲੱਗਾ ਜਦੋਂ ਧਾੜਵੀ ਆਣ ਪਏ!
ਨਾਨਕੇ ਕਰਤਾਰਪੁਰ ਤੋਂ ਅਤੇ ਦਾਦਕੇ ਨਾਰੋਵਾਲ ਕੋਲ ਡੁਮਾਲੇ..ਦਾਦੀ ਜੋਗਿੰਦਰ ਕੌਰ ਪੇਕਾ ਪਿੰਡ ਉੱਗੋਕੇ..ਸਿਆਲਕੋਟ ਤੋਂ ਐਨ ਬਾਹਰਵਾਰ ਵਗਦੀ ਨਹਿਰ ਕੰਢੇ ਵੱਸਿਆ..!
ਦਾਦਾ ਸ੍ਰ ਮੱਖਣ ਸਿੰਘ ਮਲਾਇਆ ਅੰਗਰੇਜਾਂ ਵੱਲੋਂ ਜੰਗ ਲੜ ਰਹੇ ਸਨ..ਦੱਸਦੇ ਉੱਜੜ ਕੇ ਏਧਰ ਆਏ ਤਾਂ ਸਿਆਲ ਆ ਗਿਆ..ਪਿਤਾ ਜੀ ਕਾਦੀਆਂ ਕਿਸੇ ਘਰੋਂ ਰਜਾਈ ਮੰਗਣ ਗਏ ਤਾਂ ਅੱਗਿਓਂ ਪਨਾਹੀ ਭੁੱਖੇ ਆਖ ਦੁਤਕਾਰ ਦਿੱਤਾ..ਲੱਖਾਂ ਵਿੱਚ ਖੇਡਦੇ ਕੱਖ ਪਤੀ ਬਣ ਗਏ..!
ਬੀਜੀ ਇੱਕ ਕਹਾਣੀ ਦਸਿਆ ਕਰਦੀ..ਉੱਗੋਕੇ ਰੌਲਾ ਪੈ ਗਿਆ..ਸੁਵੇਰੇ ਧਾੜਵੀਆਂ ਨੇ ਪੈਣਾ..ਇੱਕ ਜਿੰਮੀਦਾਰ ਨੇ ਆਪਣੀਆਂ ਤਿੰਨ ਧੀਆਂ ਵੱਢ ਦਿੱਤੀਆਂ..ਉੱਤੋਂ ਤ੍ਰਾਸਦੀ ਇਹ ਹੋਈ ਅਗਲੇ ਦਿਨ ਜਥਾ ਪਿਆ ਵੀ ਨਹੀਂ..ਲੋਥਾਂ ਕੋਲ ਬੈਠਾ ਸੁੰਨ ਹੋ ਗਿਆ..!
ਬਾਪੂ ਜੀ ਅਟਾਰੀ ਟੇਸ਼ਨ ਤੇ ਸਟੇਸ਼ਨ ਮਾਸਟਰ ਲੱਗੇ ਸਨ..ਵਾਹਗਿਓਂ ਪਾਕਿਸਤਾਨੀ ਡਰਾਈਵਰ ਆਉਂਦਾ..ਆਖਦਾ ਸਰਦਾਰਾ ਕੀ ਲਿਆਵਾਂ ਤੇਰੇ ਜੋਗਾ?
ਅੱਗੋਂ ਆਖਣਾ ਨਾਰੋਵਾਲ ਦੀ ਮਿੱਟੀ ਲਿਆ ਸਕਦਾ?
ਇੱਕ ਵੇਰ ਉਸਨੇ ਸੱਚੀ-ਮੁੱਚੀ ਹੀ ਲਿਆ ਦਿੱਤੀ..ਘਰੇ ਲਿਆ ਕੇ ਪੋਟਲੀ ਸਾਮਣੇ ਟੰਗ ਦਿੱਤੀ..ਨਾਲੇ ਰੋਈ ਜਾਵਣ ਤੇ ਨਾਲ ਭਾਪਾ ਜੀ ਨੂੰ ਯਾਦ ਕਰੀ ਜਾਵਣ!
ਦੋਸਤੋ ਜਿਸ ਦੇ ਦਿਲ ਤੇ ਆਰੀ ਚੱਲੀ ਹੋਵੇ..ਓਹੀ...
ਜਾਣ ਸਕਦਾ..ਕਿੱਡੇ ਡਾਹਢੇ ਦੁਖਾਂ ਦੇ ਪਹਾੜ ਸਨ..ਆਪਣੇ ਵਿਛੜੇ..ਵੱਡੇ ਟੁੱਕੇ..ਇੱਜਤਾਂ ਰੋਲੀਆਂ..ਹੈਵਾਨ ਬਣੇ..1
ਸਿਕੰਦਰ ਘੁੰਮਣ ਵਾਹਗਾ ਲਾਹੌਰ ਰੋਡ ਤੇ ਟਰੇਨਿੰਗ ਅਕੈਡਮੀ..ਇੱਕ ਵੇਰ ਅਮ੍ਰਿਤਸਰ ਆਇਆ..ਅਖ਼ੇ ਅੱਬਾ ਜਾਨ ਦੀ ਮਿੱਟੀ ਨਵੇਂ-ਸ਼ਹਿਰ ਕੋਲ ਪਿੰਡ ਵਿੱਚ ਦੱਬਣ ਆਇਆਂ..!
ਅਜੋਕਾ ਫਾਉਂਡੇਸ਼ਨ ਦੀ ਸਮੀਨਾ ਪੀਰਜ਼ਾਦਾ ਆਪਣੇ ਸ਼ੋਹਰ ਨਾਲ ਅਮ੍ਰਿਤਸਰ ਆਈ ਤਾਂ ਲਾਹੌਰ ਦੀਆਂ ਗੱਲਾਂ ਦੱਸੀ ਜਾਵੇ..ਪੰਜਾਬੀ ਵਿੱਚ..!
ਇੱਕ ਜੁਆਨ ਜੂਨ ਚੁਰਾਸੀ ਮਗਰੋਂ ਡੇਰੇ ਬਾਬੇ ਨਾਨਕ ਰਮਦਾਸ ਦਾ ਬਾਡਰ ਟੱਪ ਸਿੱਧਾ ਨਾਰੋਵਾਲ ਅੱਪੜ ਗਿਆ..ਅਖ਼ੇ ਸੰਤਾਂ ਦੇ ਦਰਸ਼ਨ ਕਰਨੇ..ਦਰਸ਼ਨ ਤੇ ਹੋਏ ਨਾ ਪਰ ਓਧਰੋਂ ਛੱਲੀਆਂ ਜਰੂਰ ਲੈ ਆਇਆ..ਅਖ਼ੇ ਬਾਪੂ ਤੇਰੇ ਪਿੰਡ ਦੀਆਂ ਨੇ..ਭੁਨਾਵੀਂ ਨਾ..ਇਸਦਾ ਬੀਜ ਆਪਣੇ ਖੇਤਾਂ ਵਿੱਚ ਬੀਜ ਦੇਵੀਂ..!
ਦੋਸਤੋ ਮਿੱਟੀ ਦੀ ਵੰਡ ਅਤੇ ਵਟਾਂਦਰੇ ਵਿੱਚ ਬਹੁਤ ਫਰਕ ਏ..ਵੰਡ ਅੰਦਰੋਂ ਮੁਕਾ ਦਿੰਦੀ ਏ ਅਤੇ ਮਿੱਟੀ ਦਾ ਵਟਾਂਦਰਾ ਸੁੱਕੇ ਬੂਟੇ ਹਰੇ ਕਰ ਦਿੰਦਾ..ਉਹ ਬੂਟੇ ਜਿਹਨਾਂ ਹੇਠ ਬੈਠ ਮੁੱਕ ਗਏ ਅਤੇ ਮੁੱਕਾ ਦਿੱਤਿਆਂ ਦੇ ਦਰਸ਼ਨ ਮੇਲੇ ਹੋ ਜਾਂਦੇ..!
ਜਾਂਦੇ ਜਾਂਦੇ ਇੱਕ ਹੋਰ ਕਹਿਰ ਦੀ ਗੱਲ..ਦੋਸਤੋ ਹੱਥੀਂ ਪਾਲੀ ਗਾਂ ਮਰੀ ਦਾ ਵੀ ਓਨਾ ਹੀ ਦੁੱਖ ਜਿੰਨਾ ਮਾਂ ਮਰੀ ਦਾ..ਕਿਓੰਕੇ ਦੋਹਾਂ ਦੇ ਥਣਾਂ ਵਿਚੋਂ ਇੱਕ ਮਿੱਠਾ ਨੀਰ ਨਿੱਕਲਦਾ..ਜਿਹੜਾ ਲਹੂ ਬਣ ਰਗਾਂ ਵਿੱਚ ਦੌੜਦਾ..ਚੋਵੀ ਘੰਟੇ..ਚਤੇ ਪਹਿਰ!
ਹਰਪ੍ਰੀਤ ਸਿੰਘ ਜਵੰਦਾ