ਅੱਜ ਸਵੇਰੇ ਕਣਕ ਦੇ ਡਰੰਮ ਭਰਨੇ ਸੀ ਤਾਂ ਅਸੀ ਘਰ ਦੋ ਦਿਹਾੜੀਦਾਰ ਲਗਾ ਗਏ, ਇੱਕ ਦਿਹਾੜੀਦਾਰ ਦੇ ਨਾਲ ਉਸਦਾ ਤੇਰਾਂ ਕੁ ਸਾਲ ਦਾ ਪੁੱਤ ਗੋਵਿੰਦ ਵੀ ਆਇਆ, ਉਹ ਵੀ ਨਾਲ ਕੰਮ ਕਰਨ ਦੀ ਜ਼ਿੱਦ ਕਰਨ ਲੱਗਾ ਪਰ ਮੈਂ ਤੇ ਮੇਰੀ ਪਤਨੀ ਨੇ ਬਹੁਤ ਜ਼ੋਰ ਲਾਇਆ ਕਿ ਨਾਲ ਕੰਮ ਨਹੀ ਕਰਨਾ ਕਿਉਕਿ ਧੁੱਪ ਬਹੁਤ ਜਿਆਦਾ ਸੀ, ਮੈਂ ਕਿਸੇ ਕੰਮ ਬਾਹਰ ਚਲਿਆ ਗਿਆ ਜਦ ਵਾਪਿਸ ਆਇਆ ਤਾਂ ਦੇਖਿਆ ਕਿ ਉਹ ਵੀ ਨਾਲ ਹੀ ਲੱਗਿਆ ਪਿਆ ਸੀ, ਮੈਂ ਦੁਬਾਰਾ ਉਸਨੂੰ ਹਟਣ ਲਈ ਨਾ ਆਖਿਆ ਤੇ ਸ਼ਾਮ ਹੋਈ ਤੇ ਉਹਨੂੰ ਵੀ ਦਿਹਾੜੀ ਦੇ ਦਿੱਤੀ, ਪੈਸੇ ਫੜ ਉਹਦੀਆਂ ਅੱਖਾਂ ‘ਚ ਡਾਢਾ ਨੂਰ ਸੀ,...
ਮੇਰੇ ਪੁੱਛੇ ਤੇ ਉਹਨੇ ਦੱਸਿਆ,” ਬਾਪੂ ਜੀ ! ਮੇਰੀ ਔਨਲਾਈਨ ਕਲਾਸ ਲੱਗਦੀ ਏ ਤੇ ਮੈਂ ਖੁਦ ਹੀ ਨੈੱਟ ਪੈਕ ਜੋਗੇ ਪੈਸੇ ਕਮਾ ਲੈਦਾ ਹਾ, ਲੌਕਡਾਊਨ ਕਾਰਨ ਮਾਂ-ਬਾਪ ਦਾ ਕੰਮ ਘੱਟ ਚੱਲਣ ਕਾਰਨ ਮੈਂ ਉਹਨਾਂ ਤੇ ਬੋਝ ਨਹੀ ਬਣਨਾ ਚਾਹੁੰਦਾ।”
ਇੰਨਾ ਸੁਣ ਅੱਖਾਂ ‘ਚ ਅਜੀਬ ਜਿਹੀ ਚਮਕ ਆ ਗਈ ਕਿ ਸੱਚੀ ਹੀ ਘਰ ਦੀ ਗਰੀਬੀ ਇਨਸਾਨ ਨੂੰ ਵਖ਼ਤੋ ਪਹਿਲਾ ਸਿਆਣਾ ਤੇ ਜਿੰਮੇਵਾਰ ਬਣਾ ਦਿੰਦੀ ਏ।
ਕਮਲ ਕੌਰ