ਓਹਨਾ ਵੇਲਿਆਂ ਦੀ ਗੱਲ ਏ ਜਦੋਂ ਸੈੱਲ ਫੋਨ ਨਹੀਂ ਸਨ ਹੋਇਆ ਕਰਦੇ..ਭੈਣ ਨੇ ਚਿੱਠੀ ਲਿਖ ਪੱਕੀ ਕੀਤੀ ਕੇ ਇਸ ਵੇਰ ਮੇਰੀ ਪਹਿਲੀ ਲੋਹੜੀ ਏ ਜਰੂਰ ਅੱਪੜਨਾ..!
ਉਸ ਦਿਨ ਕੋਚਿੰਗ ਸੈਂਟਰ ਥੋੜਾ ਪਹਿਲਾਂ ਬੰਦ ਕਰ ਸਿੱਧਾ ਅੱਡੇ ਤੇ ਅੱਪੜ ਗਿਆ..ਦਸ ਵਜੇ ਦੀ ਆਖਰੀ ਬੱਸ ਸੀ..ਸੁਵੇਰੇ ਸਵਖਤੇ ਹੀ ਓਥੇ ਅੱਪੜ ਜਾਣਾ ਸੀ..!
ਕੜਾਕੇ ਦੀ ਠੰਡ..ਨਿੱਕਾ ਜਿਹਾ ਬੱਸ ਸਟੈਂਡ..ਟਾਵੇਂ ਟਾਵੇਂ ਲੋਕ ਹੀ..ਹਾਲਾਂਕਿ ਦੂਰ ਇੱਕ ਢਾਬੇ ਤੇ ਬੈਠੇ ਕੁਝ ਲੋਕ ਸ਼ਰਾਬ ਪੀ ਰਹੇ ਸਨ..ਮੈਂ ਕੋਲ ਡੱਠੇ ਟੁੱਟੇ ਜਿਹੇ ਬੇਂਚ ਤੇ ਉੱਤੇ ਲਈ ਲੋਈ ਵਿਚ ਹੀ ਇਕੱਠਾ ਜਿਹਾ ਹੋ ਗਿਆ..!
ਅਚਾਨਕ ਪਿਛਲੇ ਪਾਸੇ ਗੁਸਲਖ਼ਾਨੇ ਕੋਲੋਂ ਅਵਾਜ ਆਈ..ਨੌਂ ਦਸ ਸਾਲਾਂ ਦੀ ਇੱਕ ਕੁੜੀ ਸੀ..ਸ਼ਾਇਦ ਕਦੇ ਦੀ ਓਥੇ ਲੁਕ ਕੇ ਬੈਠੀ ਹੋਈ ਮੈਨੂੰ ਵੇਖ ਬਾਹਰ ਨਿੱਕਲ ਆਈ..!
ਹੁਣ ਤੱਕ ਰੋ ਰੋ ਕੇ ਗੱਲਾਂ ਤੇ ਹੰਜੂ ਵੀ ਸੁੱਕ ਗਏ ਸਨ..ਆਉਂਦਿਆਂ ਹੀ ਮੇਰੇ ਨਾਲ ਲੱਗ ਗਈ..ਸੀਮਤ ਜਿਹੇ ਕੱਪੜਿਆਂ ਵਿਚ ਪੂਰੀ ਤਰਾਂ ਠਰੀ ਅਤੇ ਕੰਬਦੀ ਹੋਈ..ਅਖ਼ੇ “ਮੇਰੀ ਮੰਮੀ ਕਿਧਰੇ ਗਵਾਚ ਗਈ ਏ..ਮੈਨੂੰ ਡਰ ਲੱਗੀ ਜਾਂਦਾ..ਕਿੰਨੇ ਲੋਕ ਮੈਨੂੰ ਆਪਣੇ ਨਾਲ ਲਿਜਾਣਾ ਚਾਹੁੰਦੇ ਨੇ..ਪਰ ਮੈਂ...
ਨਹੀਂ ਗਈ..”
ਬਾਕੀ ਦੀ ਗੱਲ ਮੈਂ ਸਮਝ ਗਿਆ..ਆਪਣੀ ਲੋਈ ਲਾਹ ਉਸ ਉੱਤੇ ਦੇ ਦਿੱਤੀ..ਹੁਣ ਕਿਸੇ ਨੂੰ ਵੀ ਪਤਾ ਨਹੀਂ ਸੀ ਲੱਗ ਸਕਦਾ ਕੇ ਉਹ ਮੁੰਡਾ ਏ ਕੇ ਕੁੜੀ..!
ਠਾਣੇ ਦਾ ਪਤਾ ਪੁੱਛ ਦੋਵੇਂ ਓਧਰ ਨੂੰ ਹੋ ਤੁਰੇ..ਘੜੀ ਕੂ ਮਗਰੋਂ ਪਿੱਛਿਓਂ ਆਈ ਦਸ ਵਜੇ ਵਾਲੀ ਬੱਸ ਸ਼ੂਕਦੀ ਹੋਈ ਕੋਲੋਂ ਦੀ ਲੰਘ ਗਈ..ਪਰ ਆਖਰੀ ਬੱਸ ਦੇ ਤੁਰ ਜਾਣ ਦਾ ਰੱਤੀ ਭਰ ਵੀ ਅਫਸੋਸ ਨਹੀਂ ਸੀ ਕਿਓੰਕੇ ਭੈਣ ਦੇ ਘਰ ਅੱਪੜਨ ਨਾਲੋਂ ਇੱਕ ਧੀ ਨੂੰ ਉਸਦੇ ਘਰ ਪਹੁੰਚਾਉਣਾ ਜਿਆਦਾ ਜਰੂਰੀ ਸੀ..ਉਹ ਵੀ ਹਨੇਰੀ ਰਾਤ ਦੇ ਉਸ ਪਹਿਰ ਵੇਲੇ ਜਦੋਂ ਨੋਚਣ ਤੋਂ ਪਹਿਲਾਂ ਭੇੜੀਏ ਸ਼ਿਕਾਰ ਦੀ ਉਮਰ ਨਹੀਂ ਵੇਖਦੇ..!
ਜਿੰਦਗੀ ਵਿਚ ਪਹਿਲੀ ਵੇਰ ਇੱਕ ਰਾਤ ਠਾਣੇ ਵਿਚ ਲੰਘਾਈ..ਆਪਣੇ ਵਜੂਦ ਨਾਲ ਲੱਗ ਗਏ ਮਾਸੂਮ ਜਿਹੇ ਇੱਕ ਵਿਸ਼ਵਾਸ ਨੂੰ ਜਿਉਂਦੇ ਰੱਖਣ ਦੀ ਖਾਤਿਰ..!
ਹਰਪ੍ਰੀਤ ਸਿੰਘ ਜਵੰਦਾ