ਜੋ ਸੁਖ ਛੱਜੂ ਦੇ ਚੁਬਾਰੇ

3

ਬੇਟਾ ਰੇਲਵੇ ਪੁਲਸ ਵਿਚ ਨਵਾਂ-ਨਵਾਂ ਠਾਣੇ ਦਾਰ ਭਰਤੀ ਹੋਇਆ ਸੀ..!
ਅਕਸਰ ਆਖਿਆ ਕਰਦਾ ਪਾਪਾ ਜਦੋਂ ਕਦੇ ਏਧਰ-ਓਧਰ ਜਾਣਾ ਹੁੰਦਾ ਏ ਤਾਂ ਏਅਰ-ਕੰਡੀਸ਼ੰਡ ਡੱਬੇ ਵਿਚ ਸਫ਼ਰ ਕਰਿਆ ਕਰੋ..ਸਾਰੇ ਜਾਣਦੇ ਨੇ..ਬੱਸ ਮੇਰਾ ਨਾਮ ਲੈ ਦਿਆ ਕਰੋ..
ਪਰ ਮੈਨੂੰ ਵੀ.ਆਈ.ਪੀ ਡੱਬੇ ਦੇ ਮਾਹੌਲ ਤੋਂ ਬਾਹਲੀ ਜਿਆਦਾ ਐਲਰਜੀ ਹੋਇਆ ਕਰਦੀ ਸੀ!

ਉਸ ਦਿਨ ਅੰਬਾਲਿਓਂ ਅੰਮ੍ਰਿਤਸਰ ਆਉਣਾ ਸੀ..ਸ਼ਾਨੇ-ਪੰਜਾਬ ਮਸਾਂ ਭੱਜ ਕੇ ਫੜ ਹੋਈ..
ਏ.ਸੀ ਕੋਚ ਵਿਚ ਵੇਖਿਆ..
ਪੂਰਾ ਭਰਿਆ ਪਿਆ ਸੀ..ਕੋਈ ਵੀ ਸੀਟ ਖਾਲੀ ਨਹੀਂ ਸੀ..
ਪਰ ਤਾਂ ਵੀ ਚੁੱਪ ਜਿਹੀ ਪੱਸਰੀ ਹੋਈ ਸੀ..ਓਹੀ ਚੁੱਪ ਜਿਹੜੀ ਪਿੰਡ ਵਿਚ ਜੰਮੇ ਪਲੇ ਇਸ ਹਮਾਤੜ ਨੂੰ ਅਕਸਰ ਹੀ ਵੱਢ-ਵੱਢ ਖਾਂਦੀ ਸੀ..
ਨਿਆਣੇ ਸਿਆਣੇ ਸਬ ਆਪਣੇ ਮੋਬਾਈਲ ਫੋਨਾਂ ਨਾਲ ਰੁੱਝੇ ਹੋਏ ਸਨ..
ਲੋਕ ਹੌਲੀ ਜਿਹੀ ਆਪਣੀ ਸੀਟ ਤੋਂ ਉਠਦੇ..ਮੇਰੇ ਕੋਲੋਂ ਦੀ ਲੰਘਦੇ ਹੋਏ ਵਾਸ਼ ਰੂਮ ਜਾਂਦੇ ਫੇਰ ਮੇਰੇ ਸਧਾਰਨ ਜਿਹੇ ਕੁੜਤੇ ਪਜਾਮੇਂ ਵੱਲ ਵੇਖਦੇ ਹੋਏ ਇੰਝ ਦਾ ਪ੍ਰਭਾਵ ਦਿੰਦੇ ਜਿੱਦਾਂ ਕੋਈ ਜੰਗਲੀ ਜਾਨਵਰ ਕਿਸੇ ਸ਼ਹਿਰੀ ਇਲਾਕੇ ਵਿੱਚ ਆਣ ਵੜਿਆ ਹੋਵੇ..

ਟੀ.ਟੀ ਦੀ ਉਡੀਕ ਵਿਚ ਖਲੋਤੇ ਹੋਏ ਨੂੰ ਥੋੜੇ ਚਿਰ ਵਿੱਚ ਹੀ ਘੁਟਣ ਜਿਹੀ ਮਹਿਸੂਸ ਹੋਣ ਲੱਗੀ..ਅਖੀਰ ਨੂੰ ਉਹ ਆਇਆ ਤਾਂ ਮੈਂ ਆਪਣੀ ਪਛਾਣ ਲੁਕੋ ਲਈ..ਆਖਿਆ ਗਲਤੀ ਨਾਲ ਇਥੇ ਆਣ ਵੜਿਆ ਹਾਂ..!

ਸੁਬਾਹ ਦਾ ਚੰਗਾ ਸੀ..ਆਖਣ ਲੱਗਾ ਹੁਣੇ ਸੈਕੰਡ ਕਲਾਸ ਵਿਚ ਚਲੇ ਜਾਓ ਨਹੀਂ ਤੇ ਜੁਰਮਾਨਾ ਪੈ ਸਕਦਾ..!
ਰਾਜਪੁਰਾ ਲੰਘਦਿਆਂ ਹੀ ਉਸਨੇ ਮੈਨੂੰ ਨਾਲਦੇ ਜਨਰਲ...

ਡੱਬੇ ਵਿੱਚ ਘੱਲ ਦਿੱਤਾ..
ਓਥੇ ਅੱਪੜ ਕੀ ਵੇਖਿਆ..ਰੌਣਕਾਂ ਵਾਲੀ ਅੱਤ ਹੋਈ ਪਈ ਸੀ..ਤਾਸ਼ ਦੀਆਂ ਬਾਜੀਆਂ ਜੋਬਨ ਤੇ ਸਨ..ਕਈਆਂ ਨੇ ਨਜਰਾਂ ਮਿਲਾਈਆਂ..ਸਤਿ ਸ੍ਰੀ ਅਕਾਲ ਬੁਲਾਈ..ਹਾਸਿਆਂ ਦਾ ਆਦਾਨ-ਪ੍ਰਦਾਨ ਹੋਇਆ..
ਕਈ ਚਿੰਤਾ ਜਿਤਾਉਂਦੇ ਪੁੱਛਣ ਲੱਗੇ ਲੱਗਦਾ ਗਲਤੀ ਨਾਲ ਏ.ਸੀ.ਡੱਬੇ ਵਿੱਚ ਜਾ ਵੜੇ ਸੋ..ਜੁਰਮਾਨਾ ਤੇ ਨੀ ਲੱਗਾ?

ਕਈਆਂ ਨੇ ਸੁੰਗੜਦਿਆਂ ਹੋਇਆਂ ਸੀਟ ਤੇ ਬੈਠਣ ਦੀ ਪੇਸ਼ਕਸ਼ ਕੀਤੀ..ਹੋਰ ਵੀ ਕਿੰਨੇ ਸਾਰੇ ਸਵਾਲ..ਕਿਥੇ ਜਾਣਾ..ਕਦੋਂ ਮੁੜਨਾ..ਕਿੰਨੇ ਬੱਚੇ..ਘਰ ਪਰਿਵਾਰ..ਪਿੰਡ ਦਾ ਨਾਮ..ਹੋਰ ਵੀ ਕਿੰਨਾ ਕੁਝ..!

ਅਪਣੱਤ ਅਤੇ ਹਾਸੇ ਮਜਾਕ ਵਾਲੇ ਇਸ ਖੁੱਲੇ ਡੁੱਲੇ ਮਾਹੌਲ ਵਿੱਚ ਵਾਪਿਸ ਪਰਤ ਇਹ ਇਹਸਾਸ ਹੋ ਗਿਆ ਕੇ ਖੁੱਲੇ ਡੁੱਲੇ ਕੁਦਰਤੀ ਮਾਹੌਲ ਦੇ ਆਦੀ ਹੋ ਚੁਕੇ ਜੰਗਲ ਦੇ ਇੱਕ ਭੋਲੇ-ਭਾਲੇ ਜਾਨਵਰ ਲਈ ਸੀਮੇਂਟ ਅਤੇ ਕੰਕਰੀਟ ਦੀ ਵਲਗਣ ਵਿੱਚ ਕੈਦ ਹੋ ਕੇ ਸਮਾਂ ਲੰਘਾਉਣਾ ਕਿੰਨਾ ਔਖਾ ਹੁੰਦਾ ਏ..!

ਤਾਂ ਹੀ ਸ਼ਾਇਦ ਪਹਿਲੀਆਂ ਵਿਚ ਇਹ ਗੱਲ ਸਹੀ ਆਖੀ ਜਾਂਦੀ ਸੀ ਕੇ “ਜੋ ਸੁਖ ਛੱਜੂ ਦੇ ਚੁਬਾਰੇ ਨਾ ਬਲਖ ਨਾ ਬੁਖਾਰੇ”..ਅਤੇ “ਸਾਡੇ ਪਿੰਡਾਂ ਵਿਚ ਰੱਬ ਵੱਸਦਾ..ਸਾਨੂੰ ਸੁਰਗਾਂ ਦੀ ਲੋੜ ਕੋਈ ਨਾ”

ਸੋ ਦੋਸਤੋ ਬਰਫ਼ਾਂ ਵਾਲੇ ਇਸ ਠੰਡੇ ਸ਼ੀਤ ਮੁਲਖ ਵਿੱਚ ਰਹਿੰਦਿਆਂ ਮਜਬੂਰੀ ਵੱਸ ਮੂਲ ਨਾਲੋਂ ਤੋੜ ਸਿੱਟੀਆਂ ਕਈ ਐਸੀਆਂ ਰੂਹਾਂ ਅਕਸਰ ਹੀ ਮਿਲ ਜਾਇਆ ਕਰਦੀਆਂ ਨੇ ਜਿਹਨਾਂ ਨਾਲ ਜਦੋਂ ਕਦੀ ਵੀ ਪਿੰਡਾਂ ਦੀ ਗੱਲ ਛੇੜ ਲਈਏ ਤਾਂ ਘੜੀਆਂ ਪਲਾਂ ਵਿਚ ਆਪ ਵੀ ਜਜਬਾਤੀ ਹੋ ਜਾਣਗੀਆਂ ਤੇ ਅਗਲੇ ਨੂੰ ਵੀ ਕਰ ਦੇਣਗੀਆਂ..!

ਹਰਪ੍ਰੀਤ ਸਿੰਘ ਜਵੰਦਾ

Leave A Comment!

(required)

(required)


Comment moderation is enabled. Your comment may take some time to appear.

Like us!