More Punjabi Kahaniya  Posts
ਤਰਵੈਣੀ


ਵਿਕਰਮ ਮੱਧ ਵਰਗੀ ਪਰਿਵਾਰ ਦਾ ਲੜਕਾ ਸੀ। ਆਪਣੇ ਸੁਪਨਿਆਂ ਨੂੰ ਪੂਰਾ ਕਰਨ ਲਈ ਵਿਦੇਸ਼ ਚਲਾ ਗਿਆ। ਵਿਕਰਮ ਨੂੰ ਵਿਦੇਸ਼ ਰਹਿੰਦਿਆਂ ਦਸ ਸਾਲ ਤੋਂ ਜਿਆਦਾ ਸਮਾਂ ਹੋ ਚੁੱਕਿਆ ਸੀ। ਇਹਨਾਂ ਦਸ ਸਾਲਾਂ ਵਿੱਚ ਵਿਕਰਮ ਕਦੇ ਕਦਾਈਂ ਪੰਜਾਬ ਗੇੜਾ ਮਾਰ ਆਉਂਦਾ ਪਰ ਹੁਣ ਬੱਚਿਆਂ ਦੀ ਪੜ੍ਹਾਈ ਕਰਕੇ ਕਈ ਸਾਲ ਦਾ ਇੱਥੇ ਹੀ ਸੀ। ਮਾਂ ਹਰ ਰੋਜ਼ ਫੋਨ ‘ਤੇ ਇਹੋ ਆਖਦੀ ਕਿ ਪੁੱਤਰ ਤੈਨੂੰ ਮਿਲਣ ਨੂੰ ਬਹੁਤ ਦਿਲ ਕਰਦਾ ਕਦੇ ਪਿੰਡ ਵੀ ਗੇੜਾ ਮਾਰ ਜਾ ਹੁਣ ਤਾਂ ਉਮਰ ਵੀ ਬਹੁਤ ਹੋ ਗਈ ਕੀ ਪਤਾ ਕਦੋਂ ਰੱਬ ਦਾ ਸੱਦਾ ਆ ਜਾਵੇ ਚੰਗਾ ਹੋਊ ਜੇ ਉਸ ਤੋਂ ਪਹਿਲਾਂ ਇੱਕ ਵਾਰ ਤੈਨੂੰ ਮਿਲ ਲਈਏ। ਵਿਕਰਮ ਹਰ ਵਾਰ ਕੰਮ ਅਤੇ ਬੱਚਿਆਂ ਦੀ ਪੜ੍ਹਾਈ ਦਾ ਦੱਸ ਕੇ ਚੁੱਪ ਕਰ ਜਾਂਦਾ। ਇਸ ਵਾਰ ਗਰਮੀ ਦੀਆਂ ਛੁੱਟੀਆਂ ਵਿੱਚ ਬੱਚਿਆਂ ਨੇ ਵੀ ਪੰਜਾਬ ਜਾਣ ਦੀ ਜਿੱਦ ਕੀਤੀ। ਵਿਕਰਮ ਨੇ ਵੀ ਸਹਿਮਤੀ ਜਤਾਉਂਦੇ ਕਿਹਾ ਦਿਲ ਤਾਂ ਮੇਰਾ ਵੀ ਬਹੁਤ ਕਰਦਾ ਬੇਬੇ ਬਾਪੂ ਨੂੰ ਮਿਲਣ ਦਾ, ਆਪਣੇ ਪਿੰਡ ਦੀਆਂ ਗਲੀਆਂ ਦੇਖਣ ਦਾ ਜਿੱਥੇ ਖੇਡਦਿਆਂ ਮੇਰਾ ਬਚਪਨ ਬੀਤਿਆ ਸੀ। ਗਰਮੀ ਦੇ ਦਿਨਾਂ ਦੀਆਂ ਕਿੰਨੀਆਂ ਹੀ ਯਾਦਾਂ ਅੱਜ ਵੀ ਉਸ ਦੇ ਜਹਿਨ ਵਿਚ ਤਰੋ ਤਾਜ਼ਾ ਸਨ। ਅਖੀਰ ਸਭ ਕੁੱਝ ਫਾਈਨਲ ਹੋ ਗਿਆ। ਟਿਕਟਾਂ ਬੁੱਕ ਕਰਵਾ ਲਈਆਂ ਗਈਆਂ, ਬੱਚੇ ਪਹਿਲੀ ਵਾਰ ਪੰਜਾਬ ਜਾ ਰਹੇ ਸਨ ਜਿਸ ਕਰਕੇ ਉਹ ਕੁਝ ਜਿਆਦਾ ਹੀ ਉਤਸੁਕ ਸਨ। ਉਨ੍ਹਾਂ ਨੇ ਗਰਮੀ ਦੇ ਦਿਨਾਂ ਦੀਆਂ ਕਿੰਨੀਆਂ ਹੀ ਗੱਲਾਂ ਸੁਣੀਆਂ ਸਨ। ਸਾਰੀ ਤਿਆਰੀ ਹੋ ਚੁੱਕੀ ਸੀ ।ਏਧਰ ਵਿਕਰਮ ਦੇ ਮਾਂ ਪਿਉ ਨੇ ਵੀ ਆਪਣੇ ਬੱਚਿਆਂ ਦੇ ਸੁਆਗਤ ਦੀਆਂ ਸਾਰੀਆਂ ਤਿਆਰੀਆਂ ਕਰ ਲਈਆਂ, ਕਿੰਨੇ ਚਿਰ ਦੀ ਰੀਝ ਸੀ ਆਪਣੇ ਬੱਚਿਆਂ ਨੂੰ ਮਿਲਣ ਦੀ ਆਖਰ ਅੱਜ ਪੂਰੀ ਹੋ ਗਈ । ਵਿਕਰਮ ਆਪਣੇ ਪਰਿਵਾਰ ਸਮੇਤ ਆਪਣੇ ਪਿੰਡ ਘਰ ਆ ਕੇ ਬਹੁਤ ਖੁਸ਼ ਹੋਇਆ । ਸਾਰਾ ਪਰਿਵਾਰ ਇੱਕ ਦੂਜੇ ਨੂੰ ਮਿਲ ਕੇ ਖੁਸ਼ ਸੀ ਪਰ ਵਿਕਰਮ ਅੰਦਰ ਅਜੇ ਵੀ ਕੋਈ ਚਾਹਤ ਸੀ ਕਿਸੇ ਨੂੰ ਮਿਲਣ ਦੀ। ਬੱਚੇ ਸਾਰਾ ਦਿਨ ਆਪਣੇ ਦਾਦਾ ਜੀ ਨਾਲ ਮਿਲ ਕੇ ਮਸਤੀ ਕਰਦੇ ।ਕਦੇ ਖੇਤ ਚਲੇ ਜਾਂਦੇ, ਮੋਟਰ ਦਾ ਪਾਣੀ ਉਹਨਾਂ ਨੂੰ ਸਵੀਮਿੰਗ ਪੂਲ ਦੇ ਪਾਣੀ ਤੋਂ ਕਿਤੇ ਵਧੀਆ ਲੱਗਦਾ। ਇੱਕ ਦਿਨ ਸ਼ਾਮ ਨੂੰ ਸਾਰੇ ਇਕੱਠੇ ਬੈਠ ਕੇ ਖਾਣਾ ਖਾ ਰਹੇ ਸਨ ਤਾਂ ਬੱਚਿਆਂ ਨੇ ਆਪਣੇ ਦਾਦਾ ਜੀ ਨੂੰ ਕਿਹਾ, “ਦਾਦਾ ਜੀ ਕੱਲ੍ਹ ਨੂੰ ਅਸੀਂ ਨਹਿਰ ‘ਤੇ ਫਿਰ ਜਾਵਾਂਗੇ, ਅੱਜ ਬਹੁਤ ਮਜਾ ਆਇਆ। ” ਵਿਕਰਮ ਨੇ ਪੁੱਛਿਆ, ਕਿਹੜੀ ਨਹਿਰ? ” ਉਸ ਦੇ ਬਾਪੂ ਨੇ ਦੱਸਿਆ, ਨਹਿਰ ਨਹੀਂ ਪੁੱਤ, ਜੋ ਸਾਡੇ ਖੇਤਾਂ ਵੱਲ ਸੂਆ ਜਾਂਦਾ ਬੱਚੇ ਉਸ ਨੂੰ ਨਹਿਰ ਕਹਿ ਰਹੇ ਹਨ। ” ਵਿਕਰਮ ਦੀਆਂ ਅੱਖਾਂ ਅੱਗੇ ਕਿੰਨੀਆਂ ਹੀ ਯਾਦਾਂ ਇੱਕ ਫਿਲਮ ਦੀ ਤਰ੍ਹਾਂ ਚੱਲਣ ਲੱਗੀਆਂ, ਸੂਏ ਦਾ ਨਾਮ ਸੁਣਦੇ ਹੀ। ਉਸ ਰਾਤ ਵਿਕਰਮ ਸਾਰੀ ਰਾਤ ਸੌਂ ਨਾ ਸਕਿਆ। ਉਸ ਦੀਆਂ ਅੱਖਾਂ ਅੱਗੇ ਵਾਰ ਵਾਰ ਸੂਏ ਵਾਲੀ ਤਰਵੈਣੀ ਆ ਰਹੀ ਸੀ। ਸਵੇਰ ਹੁੰਦਿਆਂ ਹੀ ਵਿਕਰਮ ਸਵੇਰ ਦੀ ਸੈਰ ਜਾਣ ਲਈ ਤਿਆਰ ਹੋ ਰਿਹਾ ਸੀ ਤਾਂ ਉਸ ਦੇ ਮਨ ਵਿੱਚ ਆਇਆ ਕਿ ਕਿਉਂ ਨਾ ਅੱਜ ਸੂਏ ਵੱਲ ਹੀ ਜਾਇਆ ਜਾਵੇ। ਬੇਸ਼ੱਕ ਉਸ ਦਾ ਦਿਲ ਬਹੁਤ ਵਾਰ ਕੀਤਾ ਜਾਣ ਨੂੰ ਪਰ ਉਹ ਕਦੇ ਜਾਣ ਦੀ ਹਿੰਮਤ ਨਾ ਕਰ ਸਕਿਆ। ਵਿਕਰਮ ਆਪਣੇ ਲਾਗਲੇ ਪਿੰਡ ਦੇ ਸਕੂਲ ਵਿੱਚ ਪੜਦਾ ਸੀ ਜਦ ਉਸ ਦੀ ਦੋਸਤੀ ਹਰਜੀਤ ਨਾਲ ਹੋਈ । ਉਹ ਦੋਵੇਂ ਆਪਣੇ ਆਪਣੇ ਸਾਇਕਲ ‘ਤੇ ਸਕੂਲ ਜਾਇਆ ਕਰਦੇ ਸਨ। ਹਰਜੀਤ ਦਾ ਪਿੰਡ ਸੂਏ ਤੋਂ ਪਰਲੇ ਪਾਸੇ ਸੀ ।ਦੋਵੇਂ ਪਿੰਡਾਂ ਨੂੰ ਜਾਣ ਵਾਲਾ ਰਸਤਾ ਕੱਚਾ ਸੀ। ਸਾਇਕਲ ਵੀ ਕਿਸੇ ਕਿਸੇ ਘਰ ਹੁੰਦਾ ਸੀ। ਜਿਆਦਾਤਰ ਲੋਕ ਪੈਦਲ ਹੀ ਜਾਇਆ ਕਰਦੇ ਸਨ। ਦੋਵੇਂ ਪਿੰਡਾਂ ਨੂੰ ਜੋੜਨ ਲਈ ਸੂਏ ਉੱਪਰ ਇੱਕ ਪੁਲ ਬਣਾਇਆ ਹੋਇਆ ਸੀ। ਜਿਸ ਦੇ ਪੱਛਮ ਵਾਲੇ ਪਾਸੇ ‘ਤੇ ਇੱਕ ਤਰਵੈਣੀ ਸੀ। ਜਿਸ ਦੀ ਛਾਂ ਬਹੁਤ ਸੰਘਣੀ ਸੀ। ਬੇਸ਼ੱਕ ਇੱਥੇ ਹਰ ਤਰ੍ਹਾਂ ਦੇ ਦਰੱਖਤ ਲੱਗੇ ਹੋਏ ਸਨ ।ਪਰ ਇਹ ਜਗ੍ਹਾ ਸੂਏ ਵਾਲੀ ਤਰਵੈਣੀ...

ਦੇ ਨਾਮ ਨਾਲ ਮਸ਼ਹੂਰ ਸੀ। ਗਰਮੀਆਂ ਦੇ ਦਿਨਾਂ ਵਿੱਚ ਰਾਹਗੀਰ ਇੱਥੇ ਬੈਠ ਕੇ ਆਰਾਮ ਕਰਦੇ ਅਤੇ ਤਰਵੈਣੀ ਹੇਠ ਲੱਗੇ ਪੰਪ ਦਾ ਪਾਣੀ ਪੀ ਕੇ ਆਪਣੀ ਪਿਆਸ ਬੁਝਾਉੰਦੇ। ਦਰੱਖਤਾਂ ਉੱਪਰ ਬਹੁਤ ਸਾਰੇ ਪੰਛੀਆਂ ਨੇ ਆਪਣੇ ਆਲ੍ਹਣੇ ਬਣਾਏ ਹੋਏ ਸਨ। ਜੇਠ ਹਾੜ੍ਹ ਦੇ ਦੁਪਹਿਰੇ ਵਿੱਚ ਪੰਛੀਆਂ ਦੀ ਏਨੀ ਰੌਣਕ ਹੁੰਦੀ ਜਿਵੇਂ ਇਹ ਪੰਛੀਆਂ ਦੀ ਅਜਾਦ ਨਗਰੀ ਹੋਵੇ। ਵਿਕਰਮ ਅਤੇ ਹਰਜੀਤ ਲਈ ਇਹ ਜਗ੍ਹਾ ਬਹੁਤ ਖਾਸ ਸੀ, ਦੋਵੇਂ ਦੋਸਤ ਸਵੇਰ ਦੇ ਸਮੇਂ ਇੱਥੋਂ ਹੀ ਇੱਕਠੇ ਸਕੂਲ ਨੂੰ ਜਾਇਆ ਕਰਦੇ ਸਨ, ਜੇ ਇੱਕ ਪਹਿਲਾਂ ਆ ਜਾਂਦਾ ਤਾਂ ਉਹ ਉੱਥੇ ਬੈਠ ਕੇ ਦੂਜੇ ਦੀ ਉਡੀਕ ਕਰਨ ਲੱਗਦਾ। ਸਕੂਲੋਂ ਵਾਪਸ ਆਉਦੇ ਹੋਏ ਵੀ ਦੋਵੇਂ ਦੋਸਤ ਇੱਥੇ ਬੈਠ ਕੇ ਆਰਾਮ ਕਰਦੇ, ਖੇਡਦੇ ਅਤੇ ਫਿਰ ਆਪਣੇ ਆਪਣੇ ਘਰਾਂ ਨੂੰ ਚਲੇ ਜਾਂਦੇ। ਛੁੱਟੀ ਵਾਲੇ ਦਿਨ ਵੀ ਇੱਥੇ ਹੀ ਇਕੱਠੇ ਹੁੰਦੇ, ਜਾਮਣਾਂ ਤੋੜਦੇ, ਕਦੇ ਤੂਤੀਆਂ ਖਾਂਦੇ। ਸੂਏ ਵਿੱਚ ਨਹਾਉਂਦੇ। ਦੁਨੀਆਂ ਦੇ ਫਿਕਰਾਂ ਤੋਂ ਦੂਰ ਦੋਵਾਂ ਦੀ ਇਹੀ ਇੱਕ ਖਾਸ ਜਗ੍ਹਾ ਸੀ। ਬਾਰ੍ਹਵੀਂ ਦੇ ਪੇਪਰਾਂ ਵੇਲੇ ਛੋਟੀ ਜਿਹੀ ਗੱਲ ਨੂੰ ਲੈ ਕੇ ਦੋਵਾਂ ਦੀ ਲੜਾਈ ਹੋ ਗਈ। ਕਾਫੀ ਦਿਨ ਬੋਲਚਾਲ ਵੀ ਬੰਦ ਰਹੀ। ਪੇਪਰ ਖਤਮ ਹੋਣ ਤੋਂ ਬਾਅਦ ਥੋੜ੍ਹੇ ਦਿਨਾਂ ਵਿੱਚ ਹੀ ਵਿਕਰਮ ਵਿਦੇਸ਼ ਚਲਾ ਗਿਆ ਅਤੇ ਹਰਜੀਤ ਵੀ ਆਪਣੀ ਅਗਲੀ ਪੜ੍ਹਾਈ ਵਿੱਚ ਰੁੱਝ ਗਿਆ। ਵਿਕਰਮ ਹਰਜੀਤ ਨੂੰ ਯਾਦ ਤਾਂ ਬਹੁਤ ਕਰਦਾ ਪਰ ਉਹ ਕਦੇ ਉਸ ਨੂੰ ਮਿਲ ਨਾ ਸਕਿਆ ਨਾ ਹੀ ਉਨ੍ਹਾਂ ਦਿਨਾਂ ਵਿੱਚ ਮੋਬਾਈਲ ਵਗੈਰਾ ਹੁੰਦੇ ਸਨ। ਵਿਕਰਮ ਜਦ ਵੀ ਪਿੰਡ ਆਉਦਾ ਆਪਣੇ ਬਾਪੂ ਤੋਂ ਤਰਵੈਣੀ ਬਾਰੇ ਜਰੂਰ ਪੁੱਛਦਾ ਪਰ ਕਦੇ ਗਿਆ ਨਾ। ਅੱਜ ਪਤਾ ਨਹੀਂ ਕਿਵੇਂ ਉਸ ਦਾ ਦਿਲ ਕਰਿਆ ਇੱਥੇ ਆਉਣ ਨੂੰ। ਇਕੱਲਾ ਗੱਲਾਂ ਕਰਦਾ ਹੋਇਆ ਵਿਕਰਮ ਪਤਾ ਨਹੀਂ ਕਦੋਂ ਤਰਵੈਣੀ ਕੋਲ ਚਲਾ ਗਿਆ। ਵਿਕਰਮ ਬੈਠ ਗਿਆ। ਦੋਵੇਂ ਪਿੰਡਾਂ ਦੇ ਰਸਤੇ ਪੱਕੀ ਸੜਕ ਵਿੱਚ ਬਦਲ ਚੁੱਕੇ ਸਨ। ਆਵਾਜਾਈ ਦੇ ਸਾਧਨਾਂ ਦੇ ਵਿਕਸਤ ਹੋਣ ਕਾਰਨ ਰਸਤੇ ਛੋਟੇ ਹੋ ਗਏ। ਇੱਕਾ ਦੁੱਕਾ ਲੋਕ ਹੀ ਪੈਦਲ ਜਾ ਰਹੇ ਸਨ ਜੋ ਸ਼ਾਇਦ ਵਿਕਰਮ ਵਾਂਗ ਹੀ ਸੈਰ ਕਰਨ ਆਏ ਸਨ। ਸਮੇਂ ਦੇ ਨਾਲ ਨਾਲ ਇਨਸਾਨਾਂ ਲਈ ਤਰਵੈਣੀ ਦੀ ਅਹਿਮੀਅਤ ਘੱਟ ਗਈ ਸੀ ਪਰ ਪੰਛੀਆਂ ਲਈ ਅਜੇ ਵੀ ਇਹ ਦਰੱਖਤ ਰਹਿਣ ਵਸੇਰਾ ਹਨ। ਪੰਛੀ ਸੱਜਰੀ ਸਵੇਰ ਦੇ ਗੀਤ ਗਾ ਰਹੇ ਸਨ। ਦਰੱਖਤਾਂ ਦੇ ਪੱਤਿਆਂ ਦੀ ਆਵਾਜ਼ ਸੰਗੀਤ ਦੀ ਤਰ੍ਹਾਂ ਉਨ੍ਹਾਂ ਦਾ ਸਾਥ ਦੇ ਰਹੀ ਸੀ। ਸੂਰਜ ਦੀ ਲਾਲੀ ਵੀ ਬਹੁਤ ਖੂਬਸੂਰਤ ਲੱਗ ਰਹੀ ਸੀ। ਵਿਕਰਮ ਕਾਫੀ ਸਮਾਂ ਉੱਥੇ ਹੀ ਬੈਠਾ ਹਰਜੀਤ ਅਤੇ ਉਸ ਨਾਲ ਬਿਤਾਏ ਪਲ ਯਾਦ ਕਰਦਾ ਰਿਹਾ। ਆਵਾਜਾਈ ਦੀ ਆਵਾਜ਼ ਨੇ ਉਸ ਦੀ ਯਾਦਾਂ ਦੀ ਲੜੀ ਨੂੰ ਤੋੜਿਆ। ਵਿਕਰਮ ਹਰਜੀਤ ਨੂੰ ਯਾਦ ਕਰਦਾ ਉੱਥੋਂ ਤੁਰਨ ਲੱਗਿਆ ਹੀ ਸੀ ਕਿ ਉਸ ਨੂੰ ਇੰਜ ਮਹਿਸੂਸ ਹੋਇਆ ਜਿਵੇਂ ਕਿਸੇ ਨੇ ਉਸ ਨੂੰ ਆਵਾਜ਼ ਮਾਰੀ ਹੋਵੇ ।ਵਿਕਰਮ ਨੇ ਪਿੱਛੇ ਮੁੜ ਕੇ ਦੇਖਿਆ ਕੋਈ ਨਹੀਂ ਸੀ। ਉਸ ਨੇ ਸੋਚਿਆ ਕਿ ਸ਼ਾਇਦ ਮੇਰਾ ਵਹਿਮ ਹੋਵੇ। ਏਨੇ ਨੂੰ ਕੋਈ ਵਿਅਕਤੀ ਉਸ ਦੇ ਪਿੱਛੇ ਖੜਾ ਸੀ ਇਹ ਵਿਅਕਤੀ ਕੋਈ ਹੋਰ ਨਹੀਂ ਬਲਕਿ ਹਰਜੀਤ ਸੀ। ਦੋਵੇਂ ਦੋਸਤਾਂ ਨੇ ਇੱਕ ਦੂਜੇ ਨੂੰ ਗਲ ਲਗਾ ਲਿਆ। ਕਿੰਨਾ ਚਿਰ ਬੈਠੇ ਗੱਲਾਂ ਕਰਦੇ ਰਹੇ ।ਹਰਜੀਤ ਨੇ ਦੱਸਿਆ ਕਿ ਉਹ ਸ਼ਹਿਰ ਵਿੱਚ ਰਹਿੰਦਾ ਹੈ ਪਰ ਜਦ ਵੀ ਪਿੰਡ ਗੇੜਾ ਮਾਰਦਾ ਤਾਂ ਇਸੇ ਆਸ ਵਿੱਚ ਇਸ ਜਗ੍ਹਾ ਜਰੂਰ ਆਉਂਦਾ ਕਿ ਕਦੇ ਤਾਂ ਮੇਰਾ ਦੋਸਤ ਮੈਨੂੰ ਇੱਥੇ ਮਿਲੇਗਾ। ਦੋਵੇਂ ਦੋਸਤ ਇੱਕ ਦੂਜੇ ਨੂੰ ਮਿਲ ਕੇ ਖੁਸ਼ ਹੋਏ। ਸਮੇਂ ਨੇ ਦੋਵਾਂ ਦੋਸਤਾਂ ਨੂੰ ਇੱਕ ਦੂਜੇ ਦੀ ਅਹਿਮੀਅਤ ਦਾ ਅਨੁਭਵ ਕਰਵਾ ਦਿੱਤਾ ਸੀ ।

“ਜਿੱਥੇ ਪਿਆਰ ਹੁੰਦਾ ਉੱਥੇ, ਗਿਲਾ ਸ਼ਿਕਵਾ ਵੀ ਜਰੂਰ ਹੁੰਦਾ।
ਰੂਹ ਦਾ ਰਿਸ਼ਤਾ ਕਿੰਨਾ ਵੀ ਦੂਰ ਹੋਵੇ, ਪਰ ਦਿਲ ਤੋਂ ਕਦੇ ਨਾ ਦੂਰ ਹੁੰਦਾ। ”

✍️Raman Cheema 🙏

...
...



Related Posts

Leave a Reply

Your email address will not be published. Required fields are marked *

One Comment on “ਤਰਵੈਣੀ”

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)